ਪੰਜਾਬ ’ਚ ਬਸੰਤ ਪੰਚਮੀ ਮੌਕੇ ਮੌਸਮ ਵੱਲੋਂ ਬਦਲੀ ਗਈ ਅਚਾਨਕ ਕਰਵਟ ਨੇ ਇਕ ਵਾਰ ਮੁੜ ਸਰਦੀ ਵਧਾ ਦਿੱਤੀ ਹੈ। ਹਲਕੇ ਤੋਂ ਦਰਮਿਆਨੇ ਮੀਂਹ ਨੇ ਜਿੱਥੇ ਜਨਜੀਵਨ ਪ੍ਰਭਾਵਿਤ ਕੀਤਾ, ਓਥੇ ਹੀ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਲਿਆ ਦਿੱਤੀ । ਇਹੀ ਨਹੀਂ, ਲੋਕਾਂ ਨੂੰ ਪ੍ਰਦੂਸ਼ਣ ਅਤੇ ਸੁੱਕੀ ਠੰਢ ਤੋਂ ਵੀ ਰਾਹਤ ਮਿਲੀ ਹੈ। ਬੀਤੇ ਕੁਝ ਦਿਨਾਂ ਤੋਂ ਮੌਸਮ ਸਾਫ਼ ਹੋਣ ਕਾਰਨ ਠੰਢ ਘਟ ਗਈ ਸੀ ਅਤੇ ‘ਆਈ ਬਸੰਤ ਪਾਲਾ ਉਡੰਤ’ ਮੁਤਾਬਕ ਠੰਢ ਦੀ ਸਮਾਪਤੀ ਦੀ ਉਮੀਦ ਸੀ ਪਰ ਅਜਿਹਾ ਨਾ ਹੋਇਆ।

ਪੰਜਾਬ ’ਚ ਬਸੰਤ ਪੰਚਮੀ ਮੌਕੇ ਮੌਸਮ ਵੱਲੋਂ ਬਦਲੀ ਗਈ ਅਚਾਨਕ ਕਰਵਟ ਨੇ ਇਕ ਵਾਰ ਮੁੜ ਸਰਦੀ ਵਧਾ ਦਿੱਤੀ ਹੈ। ਹਲਕੇ ਤੋਂ ਦਰਮਿਆਨੇ ਮੀਂਹ ਨੇ ਜਿੱਥੇ ਜਨਜੀਵਨ ਪ੍ਰਭਾਵਿਤ ਕੀਤਾ, ਓਥੇ ਹੀ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਲਿਆ ਦਿੱਤੀ । ਇਹੀ ਨਹੀਂ, ਲੋਕਾਂ ਨੂੰ ਪ੍ਰਦੂਸ਼ਣ ਅਤੇ ਸੁੱਕੀ ਠੰਢ ਤੋਂ ਵੀ ਰਾਹਤ ਮਿਲੀ ਹੈ। ਬੀਤੇ ਕੁਝ ਦਿਨਾਂ ਤੋਂ ਮੌਸਮ ਸਾਫ਼ ਹੋਣ ਕਾਰਨ ਠੰਢ ਘਟ ਗਈ ਸੀ ਅਤੇ ‘ਆਈ ਬਸੰਤ ਪਾਲਾ ਉਡੰਤ’ ਮੁਤਾਬਕ ਠੰਢ ਦੀ ਸਮਾਪਤੀ ਦੀ ਉਮੀਦ ਸੀ ਪਰ ਅਜਿਹਾ ਨਾ ਹੋਇਆ। ਹਿਮਾਚਲ ਦੇ ਕਈ ਉੱਚ ਪਹਾੜੀ ਇਲਾਕਿਆਂ ਵਿਚ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਣ ਕਾਰਨ ਮੈਦਾਨੀ ਇਲਾਕਿਆਂ ਵਿਚ ਸਰਦ ਹਵਾਵਾਂ ਦਾ ਦੌਰ ਚੱਲ ਪਿਆ ਹੈ। ਜੰਮੂ-ਕਸ਼ਮੀਰ ਦੇ ਕਈ ਖੇਤਰਾਂ ਵਿਚ ਵੀ ਬਰਫ਼ਬਾਰੀ ਹੋ ਰਹੀ ਹੈ। ਇਸ ਨਾਲ ਪਹਾੜੀ ਇਲਾਕਿਆਂ ਦੇ ਬਾਗ਼ਬਾਨਾਂ ਦੇ ਚਿਹਰੇ ਖਿੜ ਗਏ ਹਨ। ਹੋਟਲ ਕਾਰੋਬਾਰੀ ਤੇ ਛੋਟੇ-ਵੱਡੇ ਦੁਕਾਨਦਾਰ ਵੀ ਖ਼ੁਸ਼ ਹਨ ਕਿਉਂਕਿ ਸੈਲਾਨੀਆਂ ਦੀ ਤਾਦਾਦ ਵਿਚ ਵਾਧੇ ਕਾਰਨ ਉਨ੍ਹਾਂ ਦੀ ਕਮਾਈ ਵਿਚ ਇਜ਼ਾਫ਼ਾ ਹੋ ਰਿਹਾ ਹੈ। ਪੰਜਾਬ ਵਿਚ ਠੰਢ ਅਚਾਨਕ ਵਧ ਜਾਣ ਨੂੰ ਪਿਆਜ਼ ਕਾਸ਼ਤਕਾਰ ਨੁਕਸਾਨਦੇਹ ਦੱਸ ਰਹੇ ਹਨ ਹਾਲਾਂਕਿ ਆਲੂਆਂ ਲਈ ਅਜਿਹਾ ਮੌਸਮ ਫ਼ਾਇਦੇਮੰਦ ਹੈ। ਪਿਛਲੇ ਸਮਿਆਂ ਦੀ ਗੱਲ ਕਰੀਏ ਤਾਂ ਬਸੰਤ ਪੰਚਮੀ ਵਾਲੇ ਦਿਨ ਅਕਸਰ ਮੌਸਮ ਸਾਫ਼ ਰਹਿੰਦਾ ਰਿਹਾ ਹੈ ਤੇ ਇਸ ਦਿਨ ਜਿੱਥੇ ਦੇਸ਼ ਵਿਚ ਬਹੁਤੀ ਥਾਈਂ ਮਾਤਾ ਸਰਸਵਤੀ ਦੀ ਪੂਜਾ ਨਾਲ ਸਬੰਧਤ ਸਮਾਗਮ ਕੀਤੇ ਜਾਂਦੇ ਹਨ, ਓਥੇ ਹੀ ਪਤੰਗਬਾਜ਼ੀ ਦੇ ਸ਼ੌਕੀਨ ਵੀ ਬੜੇ ਚਾਅ ਨਾਲ ਪਤੰਗਬਾਜ਼ੀ ਕਰਦੇ ਹਨ। ਇਸ ਵਾਰ ਬਸੰਤ ਪੰਚਮੀ ਦੇ ਜਸ਼ਨਾਂ ਵਿਚ ਮੀਂਹ ਨੇ ਵੱਡੇ ਪੱਧਰ ’ਤੇ ਵਿਘਨ ਪਾਇਆ ਤੇ ਪਤੰਗਬਾਜ਼ੀ ਦੇ ਸ਼ੌਕੀਨਾਂ ਨੂੰ ਵੀ ਨਿਰਾਸ਼ ਕੀਤਾ ਹੈ। ਦਰਅਸਲ, ਬਸੰਤ ਵਾਲੇ ਦਿਨ ਨੂੰ ਮੁੱਖ ਰੱਖ ਕੇ ਲੋਕ ਪਤੰਗਬਾਜ਼ੀ ਦੇ ਆਪਣੇ ਅਰਮਾਨ ਪੂਰੇ ਕਰਨ ਲਈ ਅਗਾਊਂ ਇੰਤਜ਼ਾਮ ਕਰ ਕੇ ਰੱਖਦੇ ਹਨ ਪਰ ਇਸ ਵਾਰ ਸਾਰੇ ਚਾਅ ਮੌਸਮੀ ਤਬਦੀਲੀ ਦੀ ਭੇਟ ਚੜ੍ਹ ਗਏ। ਮੌਸਮੀ ਚੱਕਰ ਵਿਚ ਆ ਰਹੇ ਅਣਕਿਆਸੇ ਬਦਲਾਅ ਪਿੱਛੇ ਅਨੇਕ ਕਾਰਨ ਜ਼ਿੰਮੇਵਾਰ ਹਨ।
ਵਿਕਾਸ ਪ੍ਰਾਜੈਕਟਾਂ ਦੇ ਨਾਂ ’ਤੇ ਇੱਕੋ ਹੱਲੇ ਅਣਗਿਣਤ ਦਰਖ਼ਤਾਂ ਨੂੰ ਵੱਢ ਦਿੱਤਾ ਜਾਂਦਾ ਹੈ, ਧਰਤੀ ਵਿੱਚੋਂ ਪਾਣੀ ਤੇ ਖਣਿਜਾਂ ਦੀ ਵੱਡੇ ਪੱਧਰ ’ਤੇ ਨਿਕਾਸੀ ਕੀਤੀ ਜਾ ਰਹੀ ਹੈ। ਗ੍ਰੀਨ ਹਾਊਸ ਗੈਸਾਂ ਵੱਡੇ ਪੱਧਰ ’ਤੇ ਚੌਗਿਰਦੇ ਵਿਚ ਜਾ ਰਹੀਆਂ ਹਨ, ਕਾਰਖ਼ਾਨਿਆਂ ਵਿੱਚੋਂ ਵੱਡੇ ਪੱਧਰ ’ਤੇ ਕਾਰਬਨ ਭਰੂਪਰ ਗੈਸਾਂ ਦੀ ਨਿਕਾਸੀ ਹੁੰਦੀ ਹੈ ਜਿਸ ਕਾਰਨ ਵਾਤਾਵਰਨ ਦਾ ਸੰਤੁਲਨ ਵਿਗੜ ਗਿਆ ਹੈ। ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ, ਆਲਮੀ ਤਪਸ਼ ਵਿਚ ਵਾਧਾ ਹੋ ਰਿਹਾ ਹੈ ਜੋ ਮਨੁੱਖਤਾ ਲਈ ਵੱਡੇ ਖ਼ਤਰੇ ਸਿੱਧ ਹੋ ਰਹੇ ਹਨ। ਰੁੱਤਾਂ ਦੇ ਚੱਕਰ ਵਿਚ ਗੜਬੜੀ ਹੋਣ ਕਾਰਨ ਅਣਕਿਆਸੀ ਗਰਮੀ, ਸਰਦੀ ਤੇ ਬਰਸਾਤ ਹੁੰਦੀ ਹੈ ਜਿਸ ਕਾਰਨ ਸੋਕੇ ਤੇ ਹੜ੍ਹਾਂ ਦੀਆਂ ਤ੍ਰਾਸਦੀਆਂ ਮਨੁੱਖਤਾ ਨੂੰ ਸਹਾਰਨੀਆਂ ਪੈਂਦੀਆਂ ਹਨ। ਜ਼ਾਹਰ ਹੈ ਕਿ ਜਦੋਂ ਰੁੱਤਾਂ ਦੀ ਤਬਦੀਲੀ ਅਤੇ ਮੀਂਹ ਪੈਣ ਦੇ ਅਰਸੇ ਵਿਚ ਅਣਕਿਆਸੇ ਫ਼ਰਕ ਪੈਣਗੇ ਤਾਂ ਸਭ ਤੋਂ ਵੱਡਾ ਨੁਕਸਾਨ ਖੇਤੀਬਾੜੀ ਖੇਤਰ ਨੂੰ ਹੋਵੇਗਾ।
ਖੇਤੀ ਖੇਤਰ ਨਾਲ ਸਾਡੇ ਦੇਸ਼ ਦੀ 70 ਫ਼ੀਸਦ ਤੋਂ ਵੱਧ ਵਸੋਂ ਸਿੱਧੇ ਜਾਂ ਅਸਿੱਧੇ ਤੌਰ ’ਤੇ ਜੁੜੀ ਹੋਈ ਹੈ। ਇਸ ਲਈ ਖੇਤੀ ’ਤੇ ਕੁਦਰਤੀ ਮਾਰ ਜਿੱਥੇ ਮੁਲਕ ਦੀ ਜੀਡੀਪੀ ਨੂੰ ਭਾਰੀ ਨੁਕਸਾਨ ਪਹੁੰਚਾਉਂਦੀ ਹੈ, ਓਥੇ ਹੀ ਵਸੋਂ ਦੇ ਇਕ ਵੱਡੇ ਹਿੱਸੇ ਦੀ ਰੋਜ਼ੀ-ਰੋਟੀ ’ਤੇ ਵੀ ਬਹੁਤ ਬੁਰਾ ਅਸਰ ਪਾਉਂਦੀ ਹੈ। ਅਜਿਹੇ ’ਚ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਕੁਦਰਤ ਨਾਲ ਗ਼ੈਰ-ਜ਼ਰੂਰੀ ਛੇੜਛਾੜ ਰੋਕਣ ਲਈ ਸੰਜੀਦਾ ਤੇ ਠੋਸ ਕਦਮ ਚੁੱਕਣੇ ਚਾਹੀਦੇ ਹਨ। ਵਿਡੰਬਣਾ ਇਹ ਹੈ ਕਿ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਵਾਤਾਵਰਨ ਦੀ ਸਾਂਭ-ਸੰਭਾਲ ਨੂੰ ਉਹੋ ਜਿਹੀ ਤਰਜੀਹ ਨਹੀਂ ਦਿੱਤੀ ਜਾ ਰਹੀ, ਜਿਹੋ ਜਿਹੀ ਦੇਣੀ ਚਾਹੀਦੀ ਹੈ।