ਮਾਨਸਾ ’ਚ ਬਲਾਕ ਸੰਮਤੀ ਲਈ ਅਕਾਲੀ ਉਮੀਦਵਾਰ ਪ੍ਰੀਤਮ ਕੌਰ ਦੇ ਹਿੱਸੇ ਜਿੱਤ ਆਈ ਹੈ। ਤਲਵੰਡੀ ਸਾਬੋ ਦੀਆਂ ਬਲਾਕ ਸੰਮਤੀ ਚੋਣਾਂ ’ਚ ਕਾਂਗਰਸ, ਸ਼੍ਰੋਮਣੀ ਆਕਾਲੀ ਦਲ ਤੇ ਕਾਂਗਰਸ ਦੇ ਉਮੀਦਵਾਰਾਂ ਦੀ ਝੰਡੀ ਰਹੀ। ਵੋਟਾਂ ਦੀ ਗਿਣਤੀ ਵਾਲੇ ਦਿਨ ਕਈ ਥਾਵਾਂ ਤੋਂ ਗੜਬੜ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਮੋਗਾ ’ਚ ਕਿਸੇ ਸ਼ਰਾਰਤੀ ਨੇ ਬੈਲਟ ਪੇਪਰ ਪਾੜ ਦਿੱਤੇ। ਲੁਧਿਆਣਾ ਦੇ ਪਿੰਡ ਜਹਾਂਗੀਰਪੁਰ ਦੀ ਪੰਚਾਇਤ ਸੰਮਤੀ ਦੇ ਨਤੀਜਿਆਂ ਵੇਲੇ ਹੰਗਾਮਾ ਹੋਇਆ।

ਪੰਜਾਬ ਪਿੰਡਾਂ ’ਚ ਵਸਦਾ ਹੈ ਅਤੇ ਹੁਣ ਤੱਕ ਸੂਬੇ ਨੂੰ ਜਿੰਨੇ ਵੀ ਮੁੱਖ ਮੰਤਰੀ ਨਸੀਬ ਹੋਏ ਹਨ, ਉਨ੍ਹਾਂ ਦਾ ਪਿਛੋਕੜ ਵੀ ਪਿੰਡਾਂ ਨਾਲ ਹੀ ਸਬੰਧਤ ਰਿਹਾ ਹੈ। ਪੰਚਾਇਤਾਂ, ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਮਹੱਤਵ ਜ਼ਮੀਨੀ ਪੱਧਰ ’ਤੇ ਸਮੁੱਚੇ ਵਿਕਾਸ ਨਾਲ ਜੁੜਿਆ ਹੋਇਆ ਹੈ। ਇਤਿਹਾਸ ਗਵਾਹ ਹੈ ਕਿ ਇਨ੍ਹਾਂ ਚੋਣਾਂ ’ਚ ਬਹੁਤੇ ਸੱਤਾ ਧਿਰ ਦੇ ਉਮੀਦਵਾਰ ਹੀ ਜਿੱਤਦੇ ਰਹੇ ਹਨ। ਰਵਾਇਤ ਅਨੁਸਾਰ ਮੌਜੂਦਾ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ’ਚ ਵੀ ਸੱਤਾਧਾਰੀ ਧਿਰ ਨੂੰ ਸ਼ਾਨਦਾਰ ਜਿੱਤ ਹਾਸਲ ਹੋਈ ਹੈ।
ਇਨ੍ਹਾਂ ਚੋਣਾਂ ’ਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਸੀ। ਕਈ ਆਜ਼ਾਦ ਉਮੀਦਵਾਰਾਂ ਨੇ ਵੀ ਸਫਲਤਾ ਹਾਸਲ ਕੀਤੀ ਹੈ। ਪੇਂਡੂ ਖੇਤਰਾਂ ’ਚ ਲਗਾਤਾਰ ਆਪਣੀ ਸਿਆਸੀ ਜ਼ਮੀਨ ਲੱਭ ਰਹੀ ਭਾਜਪਾ ਫ਼ਿਲਹਾਲ ਅਸਫਲ ਨਜ਼ਰ ਆਈ ਹੈ। ਸਾਲ 2022 ਦੀਆਂ ਅਸੈਂਬਲੀ ਚੋਣਾਂ ਦੇ ਨਤੀਜਿਆਂ ’ਚ ‘ਆਪ’ ਨੂੰ 92, ਕਾਂਗਰਸ ਨੂੰ 18 ਅਤੇ ਅਕਾਲੀ ਦਲ ਨੂੰ 3 ਸੀਟਾਂ ਹਾਸਲ ਹੋਈਆਂ ਸਨ। ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ’ਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ‘ਸੰਜੀਵਨੀ’ ਜ਼ਰੂਰ ਮਿਲਦੀ ਨਜ਼ਰ ਆਈ ਹੈ। ਮੌਜੂਦਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੇ ਚੋਣ ਨਤੀਜਿਆਂ ’ਚ ਆਪ ਦੇ ਕੋਟਕਪੂਰਾ ਹਲਕੇ ਤੋਂ ਵਿਧਾਇਕ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਜੱਦੀ ਪਿੰਡ ਸੰਧਵਾਂ ’ਚ ਪਾਰਟੀ ਦੇ ਉਮੀਦਵਾਰ ਹਾਰੇ ਹਨ।
ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਜਿੱਤ ਹਾਸਲ ਹੋਈ ਹੈ। ‘ਆਪ’ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਪਿੰਡ ਕੁਰਦ ’ਚ ਵੀ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ’ਚ ‘ਆਪ’ ਦੀ ਝੰਡੀ ਰਹੀ ਹੈ। ਬਠਿੰਡਾ ’ਚ 15 ਬਲਾਕ ਸੰਮਤੀਆਂ ’ਚੋਂ 13 ’ਤੇ ਅਕਾਲੀ ਦਲ ਜਿੱਤਿਆ ਹੈ। ਜ਼ਿਲ੍ਹਾ ਪ੍ਰੀਸ਼ਦ ’ਚ ਵੀ 2 ਸੀਟਾਂ ’ਤੇ ਅਕਾਲੀ ਦਲ ਨੂੰ ਜਿੱਤ ਮਿਲੀ ਹੈ। ਫਰੀਦਕੋਟ ’ਚ ਬਲਾਕ ਸਮਿਤੀ ਲਈ ਅਕਾਲੀ ਦਲ ਦੀ ਉਮੀਦਵਾਰ ਸਤਿੰਦਰ ਕੌਰ ਨੇ ‘ਆਪ’ ਦੇ ਉਮੀਦਵਾਰ ਨੂੰ ਹਰਾਇਆ ਹੈ। ਹਾਲਾਂਕਿ ਬਰਨਾਲਾ ’ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ‘ਆਪ’ ਨੂੰ ਜਿੱਤ ਮਿਲੀ ਹੈ। ਹਲਕਾ ਸਨੌਰ ’ਚ ਬਲਾਕ ਸੰਮਤੀ ਲਈ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਧੜੇ ਦੇ ਆਜ਼ਾਦ ਉਮੀਦਵਾਰ ਬੀਬੀ ਜਸਵਿੰਦਰ ਕੌਰ ਜੇਤੂ ਰਹੇ ਹਨ।
ਮਾਨਸਾ ’ਚ ਬਲਾਕ ਸੰਮਤੀ ਲਈ ਅਕਾਲੀ ਉਮੀਦਵਾਰ ਪ੍ਰੀਤਮ ਕੌਰ ਦੇ ਹਿੱਸੇ ਜਿੱਤ ਆਈ ਹੈ। ਤਲਵੰਡੀ ਸਾਬੋ ਦੀਆਂ ਬਲਾਕ ਸੰਮਤੀ ਚੋਣਾਂ ’ਚ ਕਾਂਗਰਸ, ਸ਼੍ਰੋਮਣੀ ਆਕਾਲੀ ਦਲ ਤੇ ਕਾਂਗਰਸ ਦੇ ਉਮੀਦਵਾਰਾਂ ਦੀ ਝੰਡੀ ਰਹੀ। ਵੋਟਾਂ ਦੀ ਗਿਣਤੀ ਵਾਲੇ ਦਿਨ ਕਈ ਥਾਵਾਂ ਤੋਂ ਗੜਬੜ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਮੋਗਾ ’ਚ ਕਿਸੇ ਸ਼ਰਾਰਤੀ ਨੇ ਬੈਲਟ ਪੇਪਰ ਪਾੜ ਦਿੱਤੇ। ਲੁਧਿਆਣਾ ਦੇ ਪਿੰਡ ਜਹਾਂਗੀਰਪੁਰ ਦੀ ਪੰਚਾਇਤ ਸੰਮਤੀ ਦੇ ਨਤੀਜਿਆਂ ਵੇਲੇ ਹੰਗਾਮਾ ਹੋਇਆ।
ਪਟਿਆਲਾ ਦੇ ਨਾਭਾ ਰੋਡ ’ਤੇ ਅਕਾਲੀ ਵਰਕਰਾਂ ਨੇ ਕਾਊਂਟਿੰਗ ਸੈਂਟਰ ’ਚ ਏਜੰਟ ਨਾ ਜਾਣ ਦੇਣ ’ਤੇ ਆਪਣਾ ਗੁੱਸਾ ਕੱਢਿਆ। ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਅਕਾਲੀ ਦਲ ਅਤੇ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਗਿਣਤੀ ’ਚ ਹੇਰਾਫੇਰੀ ਦੇ ਇਲਜ਼ਾਮ ਲਗਾਏ ਹਨ। ਇਹ ਚੋਣ ਨਤੀਜੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਲਈ ਅਹਿਮ ਹਨ।
ਲੋਕਾਂ ਵੱਲੋਂ ਦਿੱਤੇ ਗਏ ਫ਼ਤਵੇ ਤੋਂ ਸਾਰੀਆਂ ਹੀ ਸਿਆਸੀ ਧਿਰਾਂ ਨੂੰ ਸਬਕ ਲੈਣ ਦੀ ਵੀ ਲੋੜ ਹੈ ਅਤੇ ਅਵਾਮ ਦੇ ਸਿਆਸਤਦਾਨਾਂ ’ਤੇ ਘਟਦੇ ਭਰੋਸੇ ਨੂੰ ਬਹਾਲ ਕਰਨ ਦੀ ਜ਼ਰੂਰਤ ਹੈ। ਜ਼ਮੀਨੀ ਪੱਧਰ ’ਤੇ ਲੋਕਾਂ ਦੇ ਮੁੱਦਿਆਂ ਅਤੇ ਸਮੱਸਿਆਵਾਂ ਦਾ ਪੱਕਾ ਹੱਲ ਕਰਨ ਨਾਲ ਹੀ ਨੇਤਾਵਾਂ ਦਾ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਬੇੜਾ ਬੰਨੇ ਲੱਗੇਗਾ।