ਬਿਨਾਂ ਘੜੀਆਂ ਅਲਾਰਮਾਂ ਤੋਂ ਚੰਦ ਤਾਰਿਆਂ ਦੀ ਸਥਿਤੀ ਦਾ ਹਿਸਾਬ ਲਾ ਕੇ ਹੀ ਪਹਿਰ ਦੇ ਤੜਕੇ ਪਸ਼ੂਆਂ ਨੂੰ ਪੱਠਾ ਨੀਰਾ ਪਾ ਦਿੱਤਾ ਜਾਂਦਾ ਸੀ ਅਤੇ ਅੰਮ੍ਰਿਤ ਵੇਲੇ ਦੀ ਆਹਟ ਨਾਲ ਹਾਲੀਆਂ ਵੱਲੋਂ ਬਲਦਾਂ ਨੂੰ ਖੇਤਾਂ ਵੱਲ ਤੋਰ ਲਿਆ ਜਾਂਦਾ ਸੀ। ਪਿੰਡ ਦੇ ਗੁਰੂਘਰ ਤੋਂ ਗੁਰਬਾਣੀ ਦੀ ਰਸਭਿੰਨੀ ਆਵਾਜ਼ ਪਿੰਡ ਦੀਆਂ ਰੂਹਾਂ ਜੂਹਾਂ, ਹਵਾਵਾਂ ਫ਼ਿਜ਼ਾਵਾਂ ਨੂੰ ਧਾਰਮਿਕ ਰੰਗਾਂ ਵਿਚ ਰੰਗ ਦਿੰਦੀ ਸੀ।

ਆਪਣੇ ਪੰਜ-ਛੇ ਦਹਾਕੇ ਵਾਲੇ ਪਿਛੋਕੜ ਨੂੰ ਯਾਦ ਕਰ ਕੇ ਪਿੰਡ ਉਦਾਸ ਹੋ ਜਾਂਦਾ ਹੈ। ਉਸ ਸਮੇਂ ਦੇ ਘਰਾਂ ਨੂੰ ਘਰ , ਪਿੰਡ ਨੂੰ ਪਿੰਡ, ਆਪਣਿਆਂ ਨੂੰ ਆਪਣੇ ਸਮਝਣ ਵਾਲੇ ਭਲੇ ਲੋਕ ਇਸ ਜਹਾਨ ਤੋਂ ਦੂਰ ਚਲੇ ਗਏ ਹਨ। ਉਦੋਂ ਪਿੰਡ ਦੀ ਸੱਥ, ਧਰਮਸ਼ਾਲਾ, ਖੂਹ, ਛੱਪੜ, ਬੋਹੜ, ਪਿੱਪਲ, ਹੱਟੀਆਂ, ਭੱਠੀਆਂ ਸਭ ਦੇ ਰਲ-ਮਿਲ ਕੇ ਬੈਠਣ ਦੀਆਂ ਸਾਂਝੀਆਂ ਥਾਵਾਂ ਹੁੰਦੀਆਂ ਸਨ। ਉਦੋਂ ਫਸਲਵਾੜੀ ਦੇ ਝਾੜ ਘੱਟ ਹੁੰਦੇ ਸਨ, ਜ਼ਿੰਦਗੀ ਦੇ ਹਰ ਮੋੜ ’ਤੇ ਔਕੜਾਂ, ਮਜਬੂਰੀਆਂ, ਮੁਸ਼ਕਲਾਂ ਜ਼ਿਆਦਾ ਹੁੰਦੀਆਂ ਸਨ। ਸਫ਼ਰ ਦੇ ਸਾਧਨ-ਵਸੀਲੇ ਨਾਮਾਤਰ ਹੁੰਦੇ ਸਨ ਪਰ ਲੋਕਾਂ ਨੂੰ ਸਹਿਜਤਾ ਨਾਲ ਜ਼ਿੰਦਗੀ ਜਿਉਣ ਦਾ ਚੱਜ ਹੁੰਦਾ ਸੀ।
ਬਿਨਾਂ ਘੜੀਆਂ ਅਲਾਰਮਾਂ ਤੋਂ ਚੰਦ ਤਾਰਿਆਂ ਦੀ ਸਥਿਤੀ ਦਾ ਹਿਸਾਬ ਲਾ ਕੇ ਹੀ ਪਹਿਰ ਦੇ ਤੜਕੇ ਪਸ਼ੂਆਂ ਨੂੰ ਪੱਠਾ ਨੀਰਾ ਪਾ ਦਿੱਤਾ ਜਾਂਦਾ ਸੀ ਅਤੇ ਅੰਮ੍ਰਿਤ ਵੇਲੇ ਦੀ ਆਹਟ ਨਾਲ ਹਾਲੀਆਂ ਵੱਲੋਂ ਬਲਦਾਂ ਨੂੰ ਖੇਤਾਂ ਵੱਲ ਤੋਰ ਲਿਆ ਜਾਂਦਾ ਸੀ। ਪਿੰਡ ਦੇ ਗੁਰੂਘਰ ਤੋਂ ਗੁਰਬਾਣੀ ਦੀ ਰਸਭਿੰਨੀ ਆਵਾਜ਼ ਪਿੰਡ ਦੀਆਂ ਰੂਹਾਂ ਜੂਹਾਂ, ਹਵਾਵਾਂ ਫ਼ਿਜ਼ਾਵਾਂ ਨੂੰ ਧਾਰਮਿਕ ਰੰਗਾਂ ਵਿਚ ਰੰਗ ਦਿੰਦੀ ਸੀ। ਪਿੰਡ ਦੇ ਖੂਹ ਲੋਕਾਂ ਦੀ ਜੀਵਨ-ਧਾਰਾ ਹੁੰਦੇ ਸਨ ਅਤੇ ਖੂਹਾਂ ’ਤੇ ਕੁੜੀਆਂ-ਬੁੜੀਆਂ ਦੀ ਪਾਣੀ ਭਰਨ ਦੀ ਲੱਗੀ ਰੌਣਕ ਪੇਂਡੂ ਸੱਭਿਆਚਾਰ ਦੇ ਰੰਗਲੇ ਨਜ਼ਾਰੇ ਦੀ ਤਸਵੀਰ ਹੁੰਦੀ ਸੀ। ਖੇਤਾਂ ਵਿਚ ਬਲਦਾਂ ਤੇ ਊਠਾਂ ਦੇ ਗਲ ਖੜਕਦੀਆਂ ਟੱਲੀਆਂ ਅਤੇ ਹਾਲੀਆਂ ਦੇ ਸੰਗੀਤਕ ਲੈਅ ਵਿਚ ਬੋਲੇ ਬੋਲ ਇਕਮਿਕ ਹੋ ਕੇ ਆਪ-ਮੁਹਾਰੇ ਹੀ ਸੋਹਣੇ ਜਿਹੇ ਲੋਕ ਗੀਤ ਬਣ ਜਾਂਦੇ ਸਨ। ਹੱਥੀਂ ਕੰਮ ਕਰਨ ਦੀ ਕੀਤੀ ਮਿਹਨਤ ਦੀ ਅਵੱਲੀ ਖ਼ੁਸ਼ੀ ਹਾਲੀਆਂ-ਪਾਲੀਆਂ ਦੇ ਅੰਤਰਮਨ ਨੂੰ ਨਸ਼ਿਆ ਦਿੰਦੀ ਸੀ।
ਦਿਨ ਚੜ੍ਹਦੇ ਸਾਰ ਘਰਾਂ ਦੇ ਵੱਡੇ ਬਜ਼ੁਰਗ ਚਾਹ-ਪਾਣੀ ਪੀ ਕੇ ਖੇਤਾਂ ਵੱਲ ਗੇੜਾ ਮਾਰ ਆਉਂਦੇ ਸਨ ਅਤੇ ਬਾਅਦ ਵਿਚ ਸੱਥ ਵਿਚ ਜਾਂ ਕਿਸੇ ਸਾਂਝੀ ਥਾਂ ’ਤੇ ਇਕੱਠੇ ਬੈਠਣ ਦਾ ਰਝਾਨ ਹੁੰਦਾ ਸੀ। ਉਦੋਂ ਪੰਜ ਬੰਦਿਆਂ ਦੀ ਪੰਚਾਇਤ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਸੀ। ਹੁਣ ਵੋਟਾਂ ਨਾਲ ਬਣਦੀਆਂ ਪੰਚਾਇਤਾਂ ਸਰਕਾਰੀ ਹੋ ਗਈਆਂ ਹਨ। ਪਹਿਲਾਂ ਸੱਥ ਵਿਚ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਿਹਾ ਜਾਂਦਾ ਸੀ। ਸਾਊ ਬੰਦੇ ਨੂੰ ਸਲਾਹਿਆ ਅਤੇ ਮਾੜੇ ਨੂੰ ਘੂਰਿਆ ਜਾਂਦਾ ਸੀ।
ਹੁਣ ਸਿਆਸੀ ਪੈਂਤੜੇਬਾਜ਼ੀਆਂ ਮੁਤਾਬਕ ਨਫ਼ੇ-ਨੁਕਸਾਨ ਵੇਖ ਕੇ ਬੋਲਿਆ ਜਾਂਦਾ ਹੈ। ਪਹਿਲਾਂ ਪੰਚਾਇਤਾਂ ਸਹੀ ਫ਼ੈਸਲੇ ਲੈਣ ਵਿਚ ਆਪਣੀ ਸ਼ਾਨ ਸਮਝਦੀਆਂ ਸਨ। ਆਮ ਘਰ ਕੱਚੇ ਹੀ ਹੁੰਦੇ ਸਨ, ਕੋਈ ਵਿਰਲਾ ਘਰ ਹੀ ਥੋੜ੍ਹਾ ਪੱਕਾ ਹੁੰਦਾ ਸੀ। ਥੋੜ੍ਹੇ ਜਿਹੇ ਤਕੜੇ ਘਰ ਦਰਵਾਜ਼ਾ ਬੈਠਕ ਪਾ ਲੈਂਦੇ ਸਨ ਅਤੇ ਪੂਰੇ ਸਰਦੇ ਘਰ ਪੱਕੇ ਚੁਬਾਰੇ ਵੀ ਪਾ ਲੈਂਦੇ ਸਨ। ਘਰ ਦੀ ਹੈਸੀਅਤ ਮੁਤਾਬਕ ਬਾਰ ਵਿਚ ਥੜ੍ਹੇ ਵੀ ਬਣਾ ਲਏ ਜਾਂਦੇ ਸਨ। ਆਮ ਘਰਾਂ ਦੇ ਬਾਹਰ ਕੱਚੀ ਥੜ੍ਹੀ ਜਾਂ ਖੁੰਢ ਰੱਖ ਕੇ ਹੀ ਬੈਠਣ ਲਈ ਜਗ੍ਹਾ ਬਣਾ ਲਈ ਜਾਂਦੀ ਸੀ। ਹਰ ਅਮੀਰ-ਗ਼ਰੀਬ, ਵੱਡਾ-ਛੋਟਾ ਸਾਂਝੀ ਥਾਂ ’ਤੇ ਬੈਠ ਕੇ ਇਕ-ਦੂਜੇ ਨਾਲ ਸੁੱਖ-ਦੁੱਖ, ਹਾਸੇ-ਠੱਠੇ ਵਾਲੀਆਂ ਗੱਲਾਂ-ਬਾਤਾਂ ਕਰਨ ਲਈ ਤਾਂਘਦਾ ਹੁੰਦਾ ਸੀ। ਪਿੰਡ ਦੀਆਂ ਹੱਟੀਆਂ ’ਤੇ ਸਾਰਾ ਦਿਨ ਰੌਣਕ ਲੱਗੀ ਰਹਿੰਦੀ ਸੀ। ਉੱਥੇ ਪੰਜ-ਸੱਤ ਬੰਦੇ ਬੈਠੇ ਹੀ ਰਹਿੰਦੇ ਸਨ। ਲੋੜਾਂ ਥੋੜ੍ਹੀਆਂ ਤੇ ਸੰਕੋਚਵੀਆਂ ਹੁੰਦੀਆਂ ਸਨ।
ਆਮ ਘਰਾਂ ਦੀਆਂ ਜ਼ਰੂਰਤਾਂ ਪਿੰਡ ਦੀਆਂ ਹੱਟੀਆਂ ਤੋਂ ਹੀ ਪੂਰੀਆਂ ਹੋ ਜਾਂਦੀਆਂ ਸਨ। ਘਰ ਦੇ ਮੁਖੀ ਆਦਮੀ ਜਾਂ ਔਰਤ ਵੱਲੋਂ ਕਦੇ-ਕਦੇ ਹੀ ਖ਼ਾਸ ਤੌਰ ’ਤੇ ਵਿਆਹ ਸ਼ਾਦੀਆਂ ਮੌਕੇ ਲੀੜਾ-ਲੱਤਾ ਜਾਂ ਹੋਰ ਜ਼ਰੂਰੀ ਸਾਮਾਨ ਲਈ ਮੰਡੀ ਜਾਇਆ ਜਾਂਦਾ ਸੀ। ਭੱਠੀਆਂ ’ਤੇ ਵੀ ਪੂਰੀ ਰੌਣਕ ਹੁੰਦੀ ਸੀ। ਗਰਮੀਆਂ ਦੇ ਦਿਨਾਂ ਵਿਚ ਪਿੰਡ ਦੇ ਬੋਹੜਾਂ, ਪਿੱਪਲਾਂ ਹੇਠ ਰੌਣਕਾਂ ਹੁੰਦੀਆਂ ਸਨ। ਵੱਡੇ ਬਜ਼ੁਰਗ ਬੋਹੜਾਂ ਥੱਲੇ ਮੰਜੇ ਲੈ ਜਾਂਦੇ ਸਨ ਅਤੇ ਸਾਰਾ ਦੁਪਹਿਰਾ ਉੱਥੇ ਬਿਤਾਇਆ ਜਾਂਦਾ ਸੀ, ਤਾਸ਼ ਦੀਆਂ ਢਾਣੀਆਂ ਵੀ ਜੁੜਦੀਆਂ ਸਨ। ਲੰਘਦੇ-ਟੱਪਦੇ ਰਾਹੀ ਵੀ ਉੱਥੇ ਆਰਾਮ ਕਰਨ ਲਈ ਰੁਕ ਜਾਂਦੇ ਸਨ।
ਛੱਪੜਾਂ ਨੂੰ ਸਾਫ਼-ਸੁਥਰੇ ਪਾਣੀ ਨਾਲ ਭਰਿਆ ਜਾਂਦਾ ਸੀ। ਬੱਚੇ ਅਤੇ ਗੱਭਰੂ ਸਾਰਾ ਦਿਨ ਛੱਪੜਾਂ ਵਿਚ ਤਾਰੀਆਂ ਲਾਉਂਦੇ ਰਹਿੰਦੇ ਸਨ, ਘਰਾਂ ਦੀਆਂ ਔਰਤਾਂ ਲੀੜੇ-ਕੱਪੜੇ ਛੱਪੜਾਂ ’ਤੇ ਹੀ ਧੋਂਦੀਆਂ ਸਨ। ਘਰਾਂ ਵਿਚ ਮੱਝਾਂ, ਗਊਆਂ, ਬਲਦ ਰੱਖਣ ਦੀ ਲੋੜ ਅਤੇ ਰਿਵਾਜ ਹੁੰਦਾ ਸੀ ਅਤੇ ਘਰ ਦੇ ਦੁੱਧ-ਘਿਓ ਨੂੰ ਘਰ ਦੀ ਬਰਕਤ ਸਮਝਿਆ ਜਾਂਦਾ ਸੀ। ਧੀਆਂ-ਧਿਆਣੀਆਂ ਦੇ ਵਿਆਹ ਤੇ ਆਨੰਦ ਕਾਰਜ ਘਰਾਂ ਵਿਚ ਕੀਤੇ ਜਾਂਦੇ ਸਨ। ਮੁੰਡਿਆਂ ਦੀ ਬਰਾਤ ਵੀ ਘਰਾਂ ਤੋਂ ਤੁਰਦੀ ਸੀ। ਵਿਆਹ ਤੋਂ ਪਹਿਲਾਂ ਕੱਚੇ ਘਰ ਲਿੱਪੇ-ਪੋਚੇ ਜਾਂਦੇ ਸਨ ਅਤੇ ਝੰਡੀਆਂ ਨਾਲ ਸ਼ਿੰਗਾਰੇ ਘਰ ਸੋਹਣੇ ਲੱਗਦੇ ਸਨ।
ਘਰਾਂ ਵਿਚ ਹੀ ਹਲਵਾਈ ਬਿਠਾ ਕੇ ਲੱਡੂ-ਜਲੇਬੀਆਂ ਪਕਾਏ ਜਾਂਦੇ ਸਨ। ਵਿਆਹ ਵਾਲੇ ਦਿਨਾਂ ਵਿਚ ਘਰਾਂ ਵਿਚ ਪੈਂਦਾ ਗਿੱਧਾ ਤੇ ਕੋਠੇ ’ਤੇ ਮੰਜੇ ਜੋੜ ਕੇ ਲਾਇਆ ਸਪੀਕਰ ਸਾਰੇ ਪਿੰਡ ਨੂੰ ਸੰਗੀਤਕ ਰੰਗਾਂ ਵਿਚ ਰੰਗ ਦਿੰਦਾ ਸੀ। ਵਿਆਹ-ਸ਼ਾਦੀਆਂ ਵਿਚ ਸ਼ਰੀਕੇ ਵਾਲੇ ਜਾਂ ਰਿਸ਼ਤੇਦਾਰ ਹੀ ਸੱਦੇ ਜਾਂਦੇ ਸਨ ਜੋ ਕਈ-ਕਈ ਦਿਨ ਘਰ ਰਹਿ ਕੇ ਵਿਆਹ ਦੀਆਂ ਖ਼ੁਸ਼ੀਆਂ ਨੂੰ ਦੁੱਗਣਾ-ਚੌਗਣਾ ਕਰਦੇ ਸਨ। ਸ਼ਰੀਕੇ-ਕਬੀਲੇ ਵਿਚ ਮਾੜੇ-ਮੋਟੇ ਗੁੱਸੇ-ਗਿਲੇ ਵਾਲੇ ਨੂੰ ਵੀ ਵਿਆਹ ਵੇਲੇ ਮਨਾ ਲਿਆ ਜਾਂਦਾ ਸੀ। ਲੋਹੜੀ, ਦੀਵਾਲੀ ਤੇ ਦੂਜੇ ਸਾਰੇ ਤਿੱਥ-ਤਿਉਹਾਰ ਰਲ-ਮਿਲ ਕੇ ਅਤੇ ਖ਼ੁਸ਼ੀਆਂ ਭਰੇ ਰੌਂ ਵਿਚ ਮਨਾਏ ਜਾਂਦੇ ਸਨ। ਉਦੋਂ ਰਿਸ਼ਤੇਦਾਰਾਂ ਨੂੰ ਸਾਂਝੇ ਰਿਸ਼ਤੇਦਾਰ ਸਮਝਿਆ ਜਾਂਦਾ ਸੀ। ਹਰ ਕੋਈ ਤੁਰਿਆ ਜਾਂਦਾ ਫਤਿਹ ਬੁਲਾ ਕੇ ਲੰਘਦਾ ਸੀ।
ਹੁਣ ਦੇ ਰਿਸ਼ਤੇਦਾਰ ਬੰਦ-ਸ਼ੀਸ਼ਿਆਂ ਵਾਲੀਆਂ ਗੱਡੀਆਂ ਵਿਚ ਸੱਥ ਵਿਚ ਬੈਠਿਆਂ ’ਤੇ ਧੂੜ ਪਾ ਕੇ ਆਪਣੇ ਖ਼ਾਸ ਰਿਸ਼ਤੇਦਾਰਾਂ ਦੇ ਘਰ ਚਲੇ ਜਾਂਦੇ ਹਨ। ਉਦੋਂ ਲੋਕ ਪੜ੍ਹੇ-ਲਿਖੇ ਘੱਟ ਹੁੰਦੇ ਸਨ ਪਰ ਹਿਸਾਬ-ਕਿਤਾਬ, ਵਰਤ-ਵਿਹਾਰ ਦੇ ਸਾਫ਼-ਸੁਥਰੇ ਤੇ ਸੱਚੇ ਹੁੰਦੇ ਸਨ। ਪਿੰਡ ਦੇ ਹਰ ਜੀਅ ਨੂੰ ਆਪਣਾ ਜੀਅ ਤੇ ਧੀਆਂ-ਭੈਣਾਂ ਨੂੰ ਸਾਂਝੀਆਂ ਸਮਝਿਆ ਜਾਂਦਾ ਸੀ। ਆਮਦਨ ਦੇ ਸਾਧਨ-ਵਸੀਲੇ ਘੱਟ ਹੋਣ ’ਤੇ ਵੀ ਲੋਕ ਸੁੱਖ ਦੀ ਰੋਟੀ ਖਾਂਦੇ ਸਨ। ਸਹਿਜਤਾ ਸਾਫ਼ਗੋਈ ਅਤੇ ਸੰਤੁਸ਼ਟੀ ਵਾਲਾ ਜੀਵਨ ਜਿਉਂਦੇ ਸਨ। ਹੁਣ ਗੱਡੀਆਂ-ਮੋਟਰਾਂ ਹੋਣ ’ਤੇ ਵੀ ਭੱਜ-ਨੱਠ ਕੇ ਸਫ਼ਰ ਮੁਕਾਇਆ ਜਾਂਦਾ ਹੈ।
ਉਦੋਂ ਕੱਚੇ ਰਾਹਾਂ ਦੀਆਂ ਵਾਟਾਂ ਨੂੰ ਵੀ ਆਨੰਦਮਈ ਸਫ਼ਰ ਦੇ ਤੌਰ ’ਤੇ ਮਾਣਿਆ ਜਾਂਦਾ ਸੀ। ਹੁਣ ਸੱਥਾਂ ਜਾਂ ਸਾਂਝੀਆਂ ਥਾਵਾਂ ’ਤੇ ਬੈਠਣ ਨਾਲੋਂ ਬੰਦ ਕਮਰਿਆਂ ਵਿਚ ਮੋਬਾਈਲ ਜਾਂ ਟੀਵੀ ਵੇਖਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਵੋਟ ਰਾਜ ਨੇ ਘਰਾਂ-ਪਰਿਵਾਰਾਂ ਤੱਕ ਵੰਡੀਆਂ ਪਾ ਦਿੱਤੀਆਂ ਹਨ।
ਆਪਣੇ ਹੀ ਹਉਮੈ-ਹੰਕਾਰ ਵਿਚ ਇਕੱਲਤਾ ਹੰਢਾਉਣਾ ਹਰ ਪਿੰਡ ਵਾਸੀ ਦੀ ਜੀਵਨ ਜਾਚ ਦਾ ਹਿੱਸਾ ਬਣ ਗਿਆ ਹੈ। ਵਸਦੇ-ਰਸਦੇ ਪਿੰਡਾਂ ਦੀਆਂ ਸੱਥਾਂ, ਹੱਟੀਆਂ, ਭੱਠੀਆਂ, ਪਿੱਪਲ, ਬੋਹੜ, ਗਲੀਆਂ ਤੇ ਮੋੜ ਵੀ ਉਦਾਸ ਮਈ ਅਤੇ ਬੇਰੌਣਕੇ ਜਾਪਦੇ ਹਨ। ਪਿੰਡ ਦੇ ਖੂਹ ਆਪਣਾ ਵੇਲਾ ਵਿਹਾਅ ਕੇ ਬੀਤੇ ਦੀ ਕਹਾਣੀ ਬਣ ਗਏ ਹਨ। ਮੋਹ-ਮੁਹੱਬਤਾਂ ਮਰ-ਮਿਟ ਗਈਆਂ ਹਨ। ਸਮਾਜਿਕ ਵਰਤਾਰੇ ਵਿੱਚੋਂ ਇਨਸਾਨੀਅਤ ਤੇ ਨੈਤਿਕ ਕਦਰਾਂ-ਕੀਮਤਾਂ ਮਨਫ਼ੀ ਹੋ ਗਈਆਂ ਹਨ। ਬਸ ਇਕੱਲੇ ਬੁੱਤ ਕਿਸੇ ਅਪਹੁੰਚ ਅਤੇ ਅਣਕਿਆਸੀ ਮੰਜ਼ਿਲ ਵੱਲ ਦੌੜਦੇ ਦਿਸ ਰਹੇ ਹਨ। ਵਸਦਾ-ਰਸਦਾ ਦਿਸਣ ਵਾਲਾ ਪਿੰਡ ਅੰਦਰੋਂ ਉਦਾਸ ਹੈ, ਗਮਗੀਨ ਹੈ।
-ਨਿਰਮਲ ਸਿੰਘ ਦਿਓਲ
-ਮੋਬਾਈਲ : 94171-04961