ਅਮਰੀਕਾ ਦੇ ਈਰਾਨ ’ਤੇ ਹਮਲੇ ਦੀਆਂ ਕਿਆਸਅਰਾਈਆਂ ਦਰਮਿਆਨ ਲੱਗਦਾ ਹੈ ਕਿ ਟਰੰਪ ਨੇ ਹਮਲੇ ਦਾ ਮਨ ਬਦਲ ਲਿਆ ਹੈ। ਇਸ ਦੇ ਕੁਝ ਕਾਰਨ ਸਮਝ ਆ ਰਹੇ ਹਨ। ਵੈਨੇਜ਼ੁਏਲਾ ’ਚ ਅਮਰੀਕੀ ਹਮਲੇ ਤੋਂ ਬਾਅਦ ਟਰੰਪ ਦਾ ਆਪਣੇ ਦੇਸ਼ ਵਿਚ ਹੀ ਬਹੁਤ ਵਿਰੋਧ ਹੋਇਆ ਸੀ।

ਈਰਾਨ ਦੀ ਰਾਜਧਾਨੀ ਤਹਿਰਾਨ ਸਮੇਤ ਸਮੁੱਚੇ ਦੇਸ਼ ਨੂੰ ਸਭ ਤੋਂ ਵੱਡੀ ਉਥਲ-ਪੁਥਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਭਰ ਦੇ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਨੇ ਵੱਡੇ ਪੈਮਾਨੇ ’ਤੇ ਮੁਜ਼ਾਹਰੇ ਕੀਤੇ ਹਨ ਤੇ ਇਨ੍ਹਾਂ ਮੁਜ਼ਾਹਰਿਆਂ ਖ਼ਿਲਾਫ਼ ਸੁਰੱਖਿਆ ਬਲਾਂ ਦੀ ਕਾਰਵਾਈ ਵਿਚ ਹੁਣ ਤੱਕ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਭਾਵੇਂ ਘੱਟ ਹੋਵੇ ਪਰ ਈਰਾਨ ਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਇਹ ਗਿਣਤੀ 18 ਹਜ਼ਾਰ ਦੱਸ ਰਹੀਆਂ ਹਨ। ਇਨ੍ਹਾਂ ਵਿਚ ਦੇਸ਼ ਦੇ ਸੁਰੱਖਿਆ ਬਲਾਂ ਦੇ ਜਵਾਨ ਵੀ ਸ਼ਾਮਲ ਹਨ।
ਈਰਾਨ ਵਿਚ ਅਸਾਧਾਰਨ ਹਿੰਸਾ ਫੈਲੀ ਪਰ ‘ਸਰਬਉੱਚ ਨੇਤਾ’ ਅਯਾਤੁੱਲਾ ਅਲੀ ਖ਼ੋਮੇਨੀ ਇਨ੍ਹਾਂ ਮੁਜ਼ਾਹਰਿਆਂ ਅੱਗੇ ਝੁਕਣ ਨੂੰ ਤਿਆਰ ਨਹੀਂ ਬਲਕਿ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ‘ਅਮਰੀਕਾ ਵੱਲੋਂ ਲਾਈ ਗਈ ਇਸ ਅੱਗ ਦੀ ਚਾਲ ਨੂੰ ਲੋਕ ਸਮਝਣ’ ਪਰ ਮਹਿੰਗਾਈ, ਭ੍ਰਿਸ਼ਟਾਚਾਰ, ਆਰਥਿਕ ਮੰਦਹਾਲੀ ਅਤੇ ਔਰਤਾਂ ’ਤੇ ਕਥਿਤ ਜ਼ੁਲਮ ਦੀ ਮਾਰ ਸਹਿ ਰਹੇ ਲੋਕ ਮੈਦਾਨ ’ਚੋਂ ਨਹੀਂ ਹਟੇ। ਅਸਲ ਵਿਚ 1979 ਦੀ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਹੀ ਈਰਾਨ ਵਿਚ ਅੰਦਰੂਨੀ ਉਥਲ-ਪੁਥਲ ਦਾ ਦੌਰ ਸ਼ੁਰੂ ਹੋ ਗਿਆ ਸੀ।
ਇਸ ਮਗਰੋਂ ਉੱਥੇ 2009, 2017, 2019 ਤੇ 2022 ਵਿਚ ਵੀ ਵੱਡੇ ਪੱਧਰ ’ਤੇ ਅੰਦੋਲਨ ਹੋਏ ਤੇ ਹਰ ਵਾਰ ਸ਼ਾਸਨ ਵਿਚ ਬਦਲਾਅ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਰਹੀਆਂ ਪਰ ਵਿਵਸਥਾ ਵਿਚ ਕੋਈ ਤਬਦੀਲੀ ਨਾ ਹੋਈ। ਲੋਕਾਂ ਦੇ ਮਨਾਂ ਅੰਦਰ ਅੱਗ ਸੁਲਗਦੀ ਰਹੀ ਪਰ ਇਸ ਵਾਰ ਇਹ ਭਾਂਬੜ ਬਣ ਗਿਆ ਹੈ। ਅਮਰੀਕਾ ਇਨ੍ਹਾਂ ਮੁਜ਼ਾਹਰਿਆਂ ਨੂੰ ਸ਼ਹਿ ਦੇ ਰਿਹਾ ਹੈ ਅਤੇ ਉਸ ਨੇ ਈਰਾਨ ਨੂੰ ਧਮਕੀ ਦਿੱਤੀ ਹੈ ਕਿ ਜੇ ਮੁਜ਼ਾਹਰਾਕਾਰੀਆਂ ’ਤੇ ਦਮਨ ਬੰਦ ਨਾ ਕੀਤਾ ਜਾਂ ਕਿਸੇ ਵੀ ਮੁਜ਼ਾਹਰਾਕਾਰੀ ਨੂੰ ਮੌਤ ਦੀ ਸਜ਼ਾ ਦਿੱਤੀ ਤਾਂ ਉਹ ਈਰਾਨ ਵਿਰੁੱਧ ਸਖ਼ਤ ਕਾਰਵਾਈ ਕਰੇਗਾ।
ਅਮਰੀਕਾ ਈਰਾਨ ਦੇ ਇਸਲਾਮੀ ਗਣਰਾਜ ਦਾ ਤਖ਼ਤਾ ਪਲਟ ਕੇ ਈਰਾਨੀ ਸਰਕਾਰ ਦੇ ਸਭ ਤੋਂ ਵੱਡੇ ਵਿਰੋਧੀ ਤੇ ਈਰਾਨ ਦੇ ਸਾਬਕਾ ਸ਼ਾਸਕ ਮੁਹੰਮਦ ਰਜ਼ਾ ਪਹਿਲਵੀ ਦੇ ਸਭ ਤੋਂ ਵੱਡੇ ਪੁੱਤਰ ਰਜ਼ਾ ਪਹਿਲਵੀ ਨੂੰ ਈਰਾਨ ਦੇ ਸੁਪਰੀਮ ਨੇਤਾ ਖ਼ੋਮੇਨੀ ਦਾ ਜਾਨਸ਼ੀਨ ਨਿਯੁਕਤ ਕਰਨ ਦਾ ਖ਼ਾਹਿਸ਼ਮੰਦ ਹੈ। ਜਲਾਵਤਨ ਰਜ਼ਾ ਪਹਿਲਵੀ ਈਰਾਨ ਲਈ ਮੁਸ਼ਕਲਾਂ ਪੈਦਾ ਕਰ ਰਿਹਾ ਹੈ। ਉਸ ਨੇ ਅਮਰੀਕਾ ਨੂੰ ਉਕਸਾਉਂਦੇ ਹੋਏ ਈਰਾਨ ਦੇ ਫ਼ੌਜੀ ਟਿਕਾਣਿਆਂ ’ਤੇ ਹਮਲੇ ਕਰਨ ਅਤੇ ਹੋਰ ਆਰਥਿਕ ਪਾਬੰਦੀਆਂ ਲਾਉਣ ਲਈ ਕਿਹਾ ਹੈ। ਉਹ ਈਰਾਨ ਵਿਚ ਆ ਕੇ ਸੱਤਾ ਦਾ ਸਵਾਦ ਲੈਣ ਲਈ ਤਰਲੋਮੱਛੀ ਹੋ ਰਿਹਾ ਹੈ। ਅਮਰੀਕਾ ਨੇ ਉਸ ਨਾਲ ਗੁਪਤ ਮੀਟਿੰਗਾਂ ਵੀ ਕੀਤੀਆਂ ਹਨ।
ਅਮਰੀਕਾ ਨੇ ਈਰਾਨ ਦੇ ਅੰਦੋਲਨਕਾਰੀਆਂ ਨੂੰ ਸ਼ਹਿ ਦੇਣ ਦੇ ਨਾਲ-ਨਾਲ ਇਕ ਹੋਰ ਵੱਡੀ ਮੰਗ ਰੱਖੀ ਹੈ ਕਿ ਜਾਰੀ ਅੰਦੋਲਨ ਦੌਰਾਨ ਜਿਨ੍ਹਾਂ ਅੱਠ ਪ੍ਰਮੁੱਖ ਨੇਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਨ੍ਹਾਂ ਨੂੰ ਫੌਰੀ ਤੌਰ ’ਤੇ ਰਿਹਾਅ ਕੀਤਾ ਜਾਵੇ। ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਅਮਰੀਕਾ ਕਿਸੇ ਵੇਲੇ ਵੀ ਈਰਾਨ ’ਤੇ ਹਮਲਾ ਕਰ ਸਕਦਾ ਹੈ। ਅਜਿਹੇ ਡਰੋਂ ਭਾਰਤ, ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਈਰਾਨ ਛੱਡਣ ਲਈ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ। ਈਰਾਨ ਵਿਚ ਲਗਪਗ 9 ਹਜ਼ਾਰ ਭਾਰਤੀ ਰਹਿ ਰਹੇ ਹਨ।
ਉਹ ਸਮਝ ਗਿਆ ਹੈ ਕਿ ਅਮਰੀਕਾ ਕਿਸੇ ਵੇਲੇ ਵੀ ਹਮਲਾ ਕਰ ਸਕਦਾ ਹੈ ਪਰ ਇਸ ਹਮਲੇ ਤੋਂ ਪਹਿਲਾਂ ਈਰਾਨ ਨੇ ਅਮਰੀਕਾ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੇ ਹਮਲਾ ਕੀਤਾ ਤਾਂ ਉਹ ਸਾਊਦੀ ਅਰਬ ਤੇ ਤੁਰਕੀ ਸਮੇਤ ਖਿੱਤੇ ਵਿਚ ਉਸ ਦੇ ਫ਼ੌਜੀ ਟਿਕਾਣਿਆਂ ’ਤੇ ਹਮਲੇ ਕਰੇਗਾ। ਇਕ ਅਨੁਮਾਨ ਅਨੁਸਾਰ ਮਿਡਲ-ਈਸਟ ਵਿਚ ਅਮਰੀਕਾ ਲਗਪਗ 19 ਸੈਨਿਕ ਟਿਕਾਣੇ ਹਨ ਜਿੱਥੇ ਹਜ਼ਾਰਾਂ ਅਮਰੀਕੀ ਸੈਨਿਕ ਮੌਜੂਦ ਰਹਿੰਦੇ ਹਨ। ਸੰਭਾਵੀ ਹਮਲੇ ਨੂੰ ਵੇਖਦੇ ਹੋਏ ਈਰਾਨ ਨੇ ਆਪਣਾ ਡਿਫੈਂਸ ਸਿਸਟਮ ਤਿਆਰ-ਬਰ-ਤਿਆਰ ਰੱਖਿਆ ਹੋਇਆ ਹੈ। ਈਰਾਨ ਮੁਸਲਿਮ ਦੇਸ਼ਾਂ ਵਿਚ ਵੱਡੀ ਤਾਕਤ ਵਜੋਂ ਜਾਣਿਆ ਜਾਂਦਾ ਹੈ। ਅਮਰੀਕਾ ਉਸ ਨੂੰ ਘੱਟ ਤਾਕਤਵਰ ਨਾ ਜਾਣੇ। ਕੁਝ ਦਿਨਾਂ ਤੋਂ ਈਰਾਨ ਵਿਚ ਭਾਵੇਂ ਪ੍ਰਸ਼ਾਸਨ ਦੀ ਸਖ਼ਤੀ ਕਾਰਨ ਮੁਜ਼ਾਹਰੇ ਘਟੇ ਹਨ ਪਰ ਲੋਕਾਂ ਦਾ ਰੋਹ ਅਜੇ ਦੱਬਿਆ ਨਹੀਂ।
ਮੁਸਲਿਮ ਦੇਸ਼ਾਂ ’ਤੇ ਹਮਲਿਆਂ ਦੇ ਮੱਦੇਨਜ਼ਰ ਇਕ ਹੋਰ ਰੁਝਾਨ ਵੀ ਸਾਹਮਣੇ ਆ ਰਿਹਾ ਹੈ। ਮੁਸਲਿਮ ਦੇਸ਼ ਆਪਣਾ ਵੱਖਰਾ ‘ਨਾਟੋ’ ਜਿਹਾ ਸੰਗਠਨ ਬਣਾਉਣ ਦੀ ਤਿਆਰੀ ਵਿਚ ਹਨ ਤਾਂ ਕਿ ਕਿਸੇ ਵੀ ਮੁਸਲਿਮ ਦੇਸ਼ ’ਤੇ ਹਮਲੇ ਦੀ ਸੂਰਤ ਵਿਚ ਇਸ ਸੰਗਠਨ ਦੇ ਸਾਰੇ ਮੈਂਬਰ ਦੇਸ਼ ਹਮਲਾਵਰ ਦੇਸ਼ ਦਾ ਇਕੱਠੇ ਹੋ ਕੇ ਟਾਕਰਾ ਕਰ ਸਕਣ। ਡੋਨਾਲਡ ਟਰੰਪ ਦੀ ਹੈਂਕੜਬਾਜ਼ੀ ਤੇ ਅਮਰੀਕਾ ਦੀ ‘ਸੁਪਰਮੇਸੀ’ ਕਾਇਮ ਰੱਖਣ ਦੀ ਹੋੜ ਨੇ ਖਿੱਤੇ ਵਿਚ ਕਸ਼ੀਦਗੀ ਪੈਦਾ ਕਰ ਦਿੱਤੀ ਹੈ। ਵੈਨੇਜ਼ੁਏਲਾ ’ਤੇ ਅਸਿੱਧੇ ਤੌਰ ’ਤੇ ਕਬਜ਼ੇ ਤੋਂ ਬਾਅਦ ਅਮਰੀਕਾ ਦੀ ਨਜ਼ਰ ਹੁਣ ਗ੍ਰੀਨਲੈਂਡ ’ਤੇ ਕਬਜ਼ੇ ਦੀ ਹੈ।
ਗ੍ਰੀਨਲੈਂਡ, ਡੈਨਮਾਰਕ ਦਾ ਖ਼ੁਦਮੁਖਤਾਰ ਖੇਤਰ ਹੈ ਪਰ ਉਸ ਦੀ ਰੱਖਿਆ ਦੀ ਜ਼ਿੰਮੇਵਾਰੀ ਡੈਨਮਾਰਕ ਦੀ ਹੈ। ਟਰੰਪ ਦਾ ਕਹਿਣਾ ਹੈ ਕਿ ਰੂਸ ਤੇ ਚੀਨ ਤੋਂ ਬਚਾਅ ਲਈ ਗ੍ਰੀਨਲੈਂਡ ’ਤੇ ਕਬਜ਼ਾ ਜ਼ਰੂਰੀ ਹੈ। ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਜੇਨਜ਼ ਫ੍ਰੈਡਰਿਕ ਨੀਲਸਨ ਨੇ ਟਰੰਪ ਨੂੰ ਅੱਖਾਂ ਵਿਖਾ ਦਿੱਤੀਆਂ ਹਨ ਤੇ ਡੈਨਮਾਰਕ ਨਾਲ ਨਾਤਾ ਬਣਾਈ ਰੱਖਣ ਦਾ ਅਹਿਦ ਕੀਤਾ ਹੈ। ਨੀਲਸਨ ਨੇ ਇਹ ਐਲਾਨ ਉਸ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਜਿਸ ਵਿਚ ਡੈਨਮਾਰਕ ਦੇ ਮੁਖੀ ਮੇਟੇ ਫ੍ਰੈਡਰਿਕਸਨ ਵੀ ਮੌਜੂਦ ਸਨ। ਨੀਲਸਨ ਦੇ ਬਿਆਨ ਮਗਰੋਂ ਟਰੰਪ ਭੜਕ ਉੱਠਿਆ ਹੈ ਅਤੇ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਗ੍ਰੀਨਲੈਂਡ ਦਾ ਇਹ ਫ਼ੈਸਲਾ ਉਸ ਲਈ ਮੁਸੀਬਤ ਬਣ ਸਕਦਾ ਹੈ। ਗ੍ਰੀਨਲੈਂਡ ਜਾਂ ਡੈਨਮਾਰਕ ’ਤੇ ਅਮਰੀਕੀ ਹਮਲੇ ਦੀ ਸੂਰਤ ਵਿਚ ‘ਨਾਟੋ’ਵਿਚਾਲੇ ਦਰਾੜ ਵੀ ਪੈਦਾ ਹੋ ਸਕਦੀ ਹੈ ਕਿਉਂਕਿ ਡੈਨਮਾਰਕ ‘ਨਾਟੋ’ ਦਾ ਹਿੱਸਾ ਹੈ। ਉਹ ਇਸ ਹਮਲੇ ਨੂੰ ਕਿਵੇਂ ਬਰਦਾਸ਼ਤ ਕਰੇਗਾ।
ਅਮਰੀਕਾ ਦੇ ਈਰਾਨ ’ਤੇ ਹਮਲੇ ਦੀਆਂ ਕਿਆਸਅਰਾਈਆਂ ਦਰਮਿਆਨ ਲੱਗਦਾ ਹੈ ਕਿ ਟਰੰਪ ਨੇ ਹਮਲੇ ਦਾ ਮਨ ਬਦਲ ਲਿਆ ਹੈ। ਇਸ ਦੇ ਕੁਝ ਕਾਰਨ ਸਮਝ ਆ ਰਹੇ ਹਨ। ਵੈਨੇਜ਼ੁਏਲਾ ’ਚ ਅਮਰੀਕੀ ਹਮਲੇ ਤੋਂ ਬਾਅਦ ਟਰੰਪ ਦਾ ਆਪਣੇ ਦੇਸ਼ ਵਿਚ ਹੀ ਬਹੁਤ ਵਿਰੋਧ ਹੋਇਆ ਸੀ। ਸੰਯੁਕਤ ਰਾਸ਼ਟਰ ਵਿਚ ਵੀ ਕਈ ਦੇਸ਼ਾਂ ਨੇ ਇਸ ਹਾਮਲੇ ਦੀ ਵਿਰੋਧਤਾ ਦਰਜ ਕਰਵਾਈ ਸੀ। ਯੂਕਰੇਨ ਦੇ ਮਾਮਲੇ ਵਾਂਗ ਅਮਰੀਕਾ ਚਾਹੁੰਦਾ ਹੈ ਕਿ ਉਹ ਸਿੱਧੇ ਤੌਰ ’ਤੇ ਹਮਲੇ ਦਾ ਪੰਗਾ ਨਾ ਲਵੇ ਸਗੋਂ ਕਿਸੇ ਦੇ ਮੋਢੇ ’ਤੇ ਰੱਖ ਕੇ ਬੰਦੂਕ ਚਲਾਵੇ ਤੇ ਉਸ ਨੂੰ ਹੱਲਾਸ਼ੇਰੀ ਦੇਵੇ ਕਿ ਮੈਂ ਤੇਰੇ ਪਿੱਛੇ ਹਾਂ।
ਇਸ ਵਾਸਤੇ ਅਮਰੀਕਾ ਨੇ ਈਰਾਨ ਦੇ ਦੁਸ਼ਮਣ ਇਜ਼ਰਾਈਲ ਦੇ ਮੁਖੀ ਨੇਤਨਯਾਹੂ ਨਾਲ ਗੱਲਬਾਤ ਕੀਤੀ ਹੋਵੇਗੀ ਪਰ ਈਰਾਨ ਵੱਲੋਂ ਅਤੀਤ 'ਚ ਹੋਏ ਭਾਰੀ ਨੁਕਸਾਨ ਕਾਰਨ ਨੇਤਨਯਾਹੂ ਦਾ ਟਰੰਪ ਨੂੰ ਕੋਰਾ ਜਵਾਬ ਮਿਲ ਗਿਆ ਹੋਵੇ। ਹੋ ਸਕਦਾ ਹੈ ਕਿ ਟਰੰਪ ਅਮਰੀਕਾ ਦੇ ਪਿਛਲੱਗ ਤੇ ਕੁਝ ਖਾੜੀ ਦੇਸ਼ਾਂ ਨੂੰ ਇਸ ਹਮਲੇ ਲਈ ਅੱਗੇ ਕਰਨਾ ਚਾਹੁੰਦਾ ਹੋਵੇ ਪਰ ਉਹ ਈਰਾਨ ਦੀ ਵਧ ਰਹੀ ਤਾਕਤ ਨੂੰ ਪਛਾਣਦਿਆਂ ਪਿੱਛੇ ਹਟ ਗਏ ਹੋਣ।
ਇਸ ਤੋਂ ਇਲਾਵਾ ਤੇਲ ਨਿਰਯਾਤ ਕਰਨ ਵਾਲੇ ਦੇਸ਼, ਜਿੱਥੇ ਅਮਰੀਕਾ ਦੇ ਫ਼ੌਜੀ ਟਿਕਾਣੇ ਵੀ ਹਨ, ਉਹ ਵੀ ਪਿੱਛੇ ਹਟ ਗਏ ਹੋਣ ਕਿਉਂਕਿ ਇਨ੍ਹਾਂ ਦੇਸ਼ਾਂ ਦਾ ਏਸ਼ੀਆ ਲਈ 80 ਫ਼ੀਸਦ ਤੇਲ ਈਰਾਨ ਦੇ ਰਸਤੇ ਪਹੁੰਚਦਾ ਹੈ। ਈਰਾਨ ਇਸ ਤੇਲ ਦੀ ਆਵਾਜਾਈ ’ਤੇ ਜੇ ਰੋਕ ਲਾਉਂਦਾ ਹੈ ਤਾਂ ਇਨ੍ਹਾਂ ਦੇਸ਼ਾਂ ਦਾ ਬਹੁਤ ਵੱਡਾ ਆਰਥਿਕ ਨੁਕਸਾਨ ਹੋਵੇਗਾ। ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਪਰ ਕੌਣ ਸਮਝਾਵੇ ਨਿੱਤ ਨਵੇਂ ਪੰਗੇ ਲੈਣ ਵਾਲੇ ਟਰੰਪ ਨੂੰ। ਭਾਵੇਂ ਕਿਹਾ ਜਾਂਦਾ ਹੈ ਕਿ ‘ਹੈਂਕੜਬਾਜ਼ ਤੇ ਤਾਨਾਸ਼ਾਹ’ ਟਰੰਪ ਜੋ ਸੋਚ ਲੈਂਦਾ ਹੈ, ਉਹ ਕਰ ਵਿਖਾਉਂਦਾ ਹੈ ਪਰ ਹੁਣ ਤੱਕ ਜੇ ਉਹ ਈਰਾਨ ’ਤੇ ਹਮਲੇ ਦਾ ਹੀਆ ਨਹੀਂ ਕਰ ਸਕਿਆ ਤਾਂ ਇਸ ਦੇ ਪਿੱਛੇ ਠੋਸ ਕਾਰਨ ਹੋ ਸਕਦੇ ਹਨ।
-ਪਰਮਜੀਤ ਸਿੰਘ ਪਰਵਾਨਾ
-ਮੋਬਾਈਲ : 98722-09399