ਵੱਡੀ ਗਿਣਤੀ ਵਿਚ ਬੱਚੇ ਵਿਦੇਸ਼ ਜਾ ਚੁੱਕੇ ਹਨ ਤੇ ਬਾਕੀ ਦੇਖੋ-ਦੇਖੀ ਬਾਹਰ ਜਾਣ ਦੀ ਤਿਆਰੀ ਕਰ ਰਹੇ ਹਨ ਜਿਸ ਨਾਲ ਹਰ ਤੀਜੇ ਘਰ ਦਾ ਚਿਰਾਗ਼ ਅੱਜ ਪਰਦੇਸਾਂ ਵਿਚ ਮਿਹਨਤ ਕਰ ਰਿਹਾ ਹੈ। ਇਹ ਨੌਜਵਾਨ ਉੱਥੇ ਹੱਡ-ਭੰਨਵੀਂ ਮਿਹਨਤ ਕਰ ਕੇ ਆਪਣਾ ਗੁਜ਼ਾਰਾ ਚਲਾ ਰਹੇ ਹਨ।

ਪੰਜਾਬ ਅੱਜ ਬੇਰੁਜ਼ਗਾਰੀ ਅਤੇ ਪਰਵਾਸ ਦੇ ਇਕ ਗੰਭੀਰ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਪੜ੍ਹੇ-ਲਿਖੇ ਨੌਜਵਾਨਾਂ ਕੋਲ ਆਪਣੀ ਧਰਤੀ ’ਤੇ ਰੁਜ਼ਗਾਰ ਦੇ ਮੌਕੇ ਨਾ ਹੋਣ ਕਾਰਨ ਉਹ ਡੂੰਘੀ ਨਿਰਾਸ਼ਾ ਵਿਚ ਹਨ ਜਿਸ ਕਾਰਨ ਪਿੰਡਾਂ ਵਿੱਚੋਂ ਵਿਦੇਸ਼ਾਂ ਵੱਲ ਪਲਾਇਨ ਲਗਾਤਾਰ ਜਾਰੀ ਹੈ। ਦੁੱਖ ਵਾਲੀ ਗੱਲ ਤਾਂ ਇਹ ਹੈ ਕਿ ਜੋ ਬੱਚੇ ਅਜੇ ਇੱਥੇ ਰਹਿ ਰਹੇ ਹਨ, ਉਹ ਬਹੁਤ ਹੀ ਘੱਟ ਤਨਖ਼ਾਹਾਂ ’ਤੇ ਗੁਜ਼ਾਰਾ ਕਰਨ ਲਈ ਮਜਬੂਰ ਹਨ।
ਆਪਣੇ ਘਰ ਦੇ ਨੇੜੇ ਕੋਈ ਯੋਗ ਕੰਮ ਨਾ ਮਿਲਣ ਕਾਰਨ ਇਨ੍ਹਾਂ ਨੌਜਵਾਨਾਂ ਨੂੰ ਮਾਮੂਲੀ ਪੈਸਿਆਂ ਬਦਲੇ ਆਪਣੇ ਘਰ-ਪਰਿਵਾਰ ਤੋਂ ਦੂਰ-ਦੁਰਾਡੇ ਦੇ ਸ਼ਹਿਰਾਂ ਵਿਚ ਜਾ ਕੇ ਨੌਕਰੀਆਂ ਕਰਨੀਆਂ ਪੈਂਦੀਆਂ ਹਨ ਜਿੱਥੇ ਰਹਿਣ-ਖਾਣ ਦਾ ਖ਼ਰਚਾ ਕੱਢ ਕੇ ਉਨ੍ਹਾਂ ਦੇ ਹੱਥ ਨਾਮਾਤਰ ਬੱਚਤ ਹੀ ਆਉਂਦੀ ਹੈ। ਪੰਜਾਬ ਦੇ ਮੁੱਖ ਧੰਦੇ ਖੇਤੀਬਾੜੀ ਵਿਚ ਵੀ ਅੱਜ ਨੌਜਵਾਨਾਂ ਦੀ ਦਿਲਚਸਪੀ ਘਟ ਰਹੀ ਹੈ। ਜੇਕਰ ਖੇਤੀ ਨੂੰ ਆਧੁਨਿਕ ਤਕਨੀਕਾਂ ਨਾਲ ਜੋੜ ਕੇ ਲਾਹੇਵੰਦ ਬਣਾਇਆ ਜਾਵੇ ਅਤੇ ਨੌਜਵਾਨ ਹੱਥੀਂ ਕੰਮ ਕਰਨ ਨੂੰ ਆਪਣਾ ਮਾਣ ਸਮਝਣ, ਤਾਂ ਖੇਤੀ ਅਤੇ ਸਹਾਇਕ ਧੰਦਿਆਂ ਰਾਹੀਂ ਪਿੰਡਾਂ ਵਿਚ ਹੀ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਜੇ ਮੈਂ ਆਪਣੇ ਪਿੰਡ ਭੁੱਚੋ ਖੁਰਦ ਦੀ ਗੱਲ ਕਰਾਂ ਤਾਂ ਉੱਥੇ ਵੀ ਹਾਲਾਤ ਚਿੰਤਾਜਨਕ ਹਨ।
ਵੱਡੀ ਗਿਣਤੀ ਵਿਚ ਬੱਚੇ ਵਿਦੇਸ਼ ਜਾ ਚੁੱਕੇ ਹਨ ਤੇ ਬਾਕੀ ਦੇਖੋ-ਦੇਖੀ ਬਾਹਰ ਜਾਣ ਦੀ ਤਿਆਰੀ ਕਰ ਰਹੇ ਹਨ ਜਿਸ ਨਾਲ ਹਰ ਤੀਜੇ ਘਰ ਦਾ ਚਿਰਾਗ਼ ਅੱਜ ਪਰਦੇਸਾਂ ਵਿਚ ਮਿਹਨਤ ਕਰ ਰਿਹਾ ਹੈ। ਇਹ ਨੌਜਵਾਨ ਉੱਥੇ ਹੱਡ-ਭੰਨਵੀਂ ਮਿਹਨਤ ਕਰ ਕੇ ਆਪਣਾ ਗੁਜ਼ਾਰਾ ਚਲਾ ਰਹੇ ਹਨ। ਉਹ ਹੁਣ ਸ਼ਾਇਦ ਹੀ ਪਰਤਣ ਕਿਉਂਕਿ ਉਨ੍ਹਾਂ ਨੂੰ ਉੱਥੇ ਬਿਹਤਰ ਸਹੂਲਤਾਂ ਅਤੇ ਇਕ ਅਜਿਹਾ ਮਜ਼ਬੂਤ ਸਿਸਟਮ ਮਿਲ ਗਿਆ ਹੈ ਜਿਸ ਦੀ ਸਾਡੇ ਸੂਬੇ ਅਤੇ ਦੇਸ਼ ਵਿਚ ਭਾਰੀ ਘਾਟ ਹੈ।
ਵਿਦੇਸ਼ਾਂ ਵਿਚ ਵਸਦੇ ਲੋਕਾਂ ਨੂੰ ਵੀ ਬੇਨਤੀ ਕਰਨੀ ਬਣਦੀ ਹੈ ਕਿ ਉਹ ਉੱਥੇ ਕੀਤੇ ਜਾਣ ਵਾਲੇ ਔਖੇ ਕੰਮਾਂ ਅਤੇ ਮਿਲਦੇ ਮਿਹਨਤਾਨੇ ਦੀ ਅਸਲ ਤਸਵੀਰ ਪੇਸ਼ ਕਰਨ। ਅਕਸਰ ਸੋਸ਼ਲ ਮੀਡੀਆ ਰਾਹੀਂ ਸਿਰਫ਼ ਬਾਹਰਲੀ ਚਮਕ-ਦਮਕ ਹੀ ਦਿਖਾਈ ਜਾਂਦੀ ਹੈ ਜਿਸ ਤੋਂ ਪ੍ਰਭਾਵਿਤ ਹੋ ਕੇ ਆਉਣ ਵਾਲੀਆਂ ਪੀੜ੍ਹੀਆਂ ਬਿਨਾਂ ਸੋਚੇ-ਸਮਝੇ ਉਸੇ ਪਾਸੇ ਦੌੜ ਰਹੀਆਂ ਹਨ।
ਜ਼ਰੂਰੀ ਹੈ ਕਿ ਨੌਜਵਾਨਾਂ ਨੂੰ ਉੱਥੋਂ ਦੇ ਸਖ਼ਤ ਸੰਘਰਸ਼ ਬਾਰੇ ਵੀ ਸੱਚਾਈ ਪਤਾ ਹੋਵੇ ਤਾਂ ਜੋ ਉਹ ਸਹੀ ਫ਼ੈਸਲਾ ਲੈ ਸਕਣ। ਨੌਜਵਾਨਾਂ ਨੂੰ ਬਾਹਰ ਜਾਣ ਤੋ ਰੋਕਣ ਲਈ ਇੱਥੇ ਹੀ ਰੁਜ਼ਗਾਰ ਦੇ ਸਾਧਨ ਉਪਲਬਧ ਕਰਵਾਏ ਜਾਣ ਦੀ ਲੋੜ ਹੈ। ਜੇਕਰ ਪੰਜਾਬ ਵਿਚ ਵੱਡੀਆਂ ਸਨਅਤਾਂ ਦੀ ਆਮਦ ਹੋਵੇ ਤਾਂ ਪਰਵਾਸ ਨੂੰ ਰੋਕਿਆ ਜਾ ਸਕਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉਦਯੋਗਾਂ ਨੂੰ ਉਤਸ਼ਾਹਤ ਕਰਨ ਦੇ ਨਾਲ-ਨਾਲ ਮਿਹਨਤਾਨੇ ਸਬੰਧੀ ਸਖ਼ਤ ਕਾਨੂੰਨ ਵੀ ਬਣਾਵੇ ਤਾਂ ਜੋ ਕਿਸੇ ਵੀ ਬੱਚੇ ਦਾ ਆਰਥਿਕ ਸ਼ੋਸ਼ਣ ਨਾ ਹੋਵੇ ਅਤੇ ਉਸ ਨੂੰ ਮਿਹਨਤ ਦਾ ਪੂਰਾ ਮੁੱਲ ਮਿਲੇ।
ਜਤਿੰਦਰ ਸ਼ਰਮਾ
ਪਿੰਡ : ਭੁੱਚੋ ਖੁਰਦ (ਬਠਿੰਡਾ)। -(95014-75400)