ਲੰਡਨ ਵਿਚ ਰਹਿ ਰਿਹਾ ਉਸ ਦਾ ਬੇਟਾ ਤਾਰਿਕ ਅਨਵਰ ਬੀਐੱਨਪੀ ਦੀ ਅਗਵਾਈ ਕਰਨ ਲਈ ਬੰਗਲਾਦੇਸ਼ ਪਰਤ ਸਕਦਾ ਹੈ ਪਰ ਉਹ ਸਮਾਜਿਕ ਵਿਕਾਸ ਯੋਜਨਾਵਾਂ ਦੇ ਆਧਾਰ ’ਤੇ ਚੋਣ ਲੜਨਾ ਚਾਹੁੰਦਾ ਹੈ, ਨਾ ਕਿ ਭਾਰਤ ਦੇ ਵਿਰੋਧ ਅਤੇ ਕੱਟੜਪੰਥ ਦੇ ਨਾਂ ’ਤੇ। ਅਜਿਹਾ ਕੱਟੜਪੰਥੀ ਤਨਜ਼ੀਮਾਂ ਨੂੰ ਕਿਸੇ ਵੀ ਕੀਮਤ ’ਤੇ ਮਨਜ਼ੂਰ ਨਹੀਂ ਹੈ।

ਬੰਗਲਾਦੇਸ਼ ਵਿਚ ਹਾਲਾਤ ਸੁਧਰਨ ਦੀ ਜਗ੍ਹਾ ਵਿਗੜਨ ਵੱਲ ਵਧ ਰਹੇ ਹਨ। ਪਹਿਲਾਂ ਸਮਝਿਆ ਗਿਆ ਸੀ ਕਿ ਚੋਣਾਂ ਦੇ ਐਲਾਨ ਦੇ ਨਾਲ ਹੀ ਇਹ ਦੇਸ਼ ਸਥਿਰਤਾ ਵੱਲ ਵਧੇਗਾ ਪਰ ਚੋਣਾਂ ਦੇ ਐਲਾਨ ਦੇ ਕੁਝ ਘੰਟਿਆਂ ਦੇ ਅੰਦਰ ਹੀ ਕੱਟੜ ਇਸਲਾਮਿਕ ਵਿਚਾਰਧਾਰਾ ਨਾਲ ਜੁੜੇ ਵਿਦਿਆਰਥੀ ਨੇਤਾ ਸ਼ਰੀਫ ਉਸਮਾਨ ਹਾਦੀ ’ਤੇ ਢਾਕਾ ਵਿਚ ਅਣਪਛਾਤੇ ਬੰਦੂਕਧਾਰੀਆਂ ਦੁਆਰਾ ਹਮਲਾ ਕਰ ਦਿੱਤਾ ਗਿਆ।
ਹਾਦੀ ਨੇ ਸਿੰਗਾਪੁਰ ਦੇ ਇਕ ਹਸਪਤਾਲ ਵਿਚ ਦਮ ਤੋੜ ਦਿੱਤਾ। ਉਸ ’ਤੇ ਹਮਲੇ ਤੋਂ ਬਾਅਦ ਤੋਂ ਹੀ ਬੰਗਲਾਦੇਸ਼ ਵਿਚ ਭਾਰਤ ਅਤੇ ਅਵਾਮੀ ਲੀਗ ਵਿਰੁੱਧ ਰੋਸ ਮੁਜ਼ਾਹਰੇ ਸ਼ੁਰੂ ਹੋ ਗਏ। ਹਾਦੀ ਦੀ ਸਿੱਖਿਆ ਇਕ ਮਦਰੱਸੇ ਵਿਚ ਹੋਈ ਸੀ। ਉਹ ਇਕ ਕੱਟੜਪੰਥੀ ਮੌਲਾਨਾ ਦਾ ਬੇਟਾ ਸੀ। ਅੱਤਵਾਦੀ ਜੇਹਾਦੀ ਵਿਚਾਰਧਾਰਾ ਦੇ ਚੱਲਦੇ ਹੀ ਉਸ ਨੇ ਕੁਝ ਦਿਨ ਪਹਿਲਾਂ ਭਾਰਤ ਦੇ ਉੱਤਰ-ਪੂਰਬੀ ਸੂਬਿਆਂ ’ਤੇ ਕਬਜ਼ਾ ਕਰਨ ਦੇ ਬਿਆਨ ਦਿੱਤੇ ਸਨ।
ਉਸ ’ਤੇ ਗੋਲ਼ੀ ਚਲਾਉਣ ਵਾਲੇ ਜਾਣਦੇ ਸਨ ਕਿ ਹਮਲੇ ਦਾ ਦੋਸ਼ ਭਾਰਤ ’ਤੇ ਲੱਗੇਗਾ ਤੇ ਇਹੀ ਹੋਇਆ ਵੀ। ਹਾਦੀ ’ਤੇ ਹਮਲੇ ਦਾ ਮਕਸਦ ਫਰਵਰੀ ਵਿਚ ਚੋਣਾਂ ਨਾ ਹੋਣ ਦੇਣਾ ਹੋ ਸਕਦਾ ਹੈ ਕਿਉਂਕਿ ਚੋਣਾਂ ਹੋਣ ’ਤੇ ਅਮਰੀਕੀ ਪਿੱਠੂ ਮੰਨੇ ਜਾਣ ਵਾਲੇ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਨੂੰ ਜਾਣਾ ਪੈਂਦਾ। ਹਾਲਾਂਕਿ ਖਾਲਿਦਾ ਜ਼ਿਆ ਦੀ ਅਗਵਾਈ ਵਾਲੀ ਬੀਐੱਨਪੀ ਚੋਣ ਜਿੱਤਣ ਦੀ ਹਾਲਤ ਵਿਚ ਹੈ ਪਰ ਅਮਰੀਕੀ ਅਤੇ ਪਾਕਿਸਤਾਨੀ ਖ਼ੁਫ਼ੀਆ ਏਜੰਸੀਆਂ ਦੁਆਰਾ ਪੁਨਰ-ਜੀਵਿਤ ਇਸਲਾਮਿਕ ਕੱਟੜਪੰਥੀ ਸ਼ਕਤੀਆਂ ਨੂੰ ਹੁਣ ਖਾਲਿਦਾ ਬੁੱਢੀ ਅਤੇ ਕਮਜ਼ੋਰ ਲੱਗਦੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਭਾਰਤ ਵਿਰੁੱਧ ਇਕ ਹੱਦ ਤੋਂ ਅੱਗੇ ਨਹੀਂ ਜਾ ਸਕਦੀ। ਉਹ ਬਹੁਤ ਬਿਮਾਰ ਹੈ ਅਤੇ ਹਸਪਤਾਲ ਵਿਚ ਭਰਤੀ ਹੈ।
ਲੰਡਨ ਵਿਚ ਰਹਿ ਰਿਹਾ ਉਸ ਦਾ ਬੇਟਾ ਤਾਰਿਕ ਅਨਵਰ ਬੀਐੱਨਪੀ ਦੀ ਅਗਵਾਈ ਕਰਨ ਲਈ ਬੰਗਲਾਦੇਸ਼ ਪਰਤ ਸਕਦਾ ਹੈ ਪਰ ਉਹ ਸਮਾਜਿਕ ਵਿਕਾਸ ਯੋਜਨਾਵਾਂ ਦੇ ਆਧਾਰ ’ਤੇ ਚੋਣ ਲੜਨਾ ਚਾਹੁੰਦਾ ਹੈ, ਨਾ ਕਿ ਭਾਰਤ ਦੇ ਵਿਰੋਧ ਅਤੇ ਕੱਟੜਪੰਥ ਦੇ ਨਾਂ ’ਤੇ। ਅਜਿਹਾ ਕੱਟੜਪੰਥੀ ਤਨਜ਼ੀਮਾਂ ਨੂੰ ਕਿਸੇ ਵੀ ਕੀਮਤ ’ਤੇ ਮਨਜ਼ੂਰ ਨਹੀਂ ਹੈ।
ਕੱਟੜਪੰਥੀ ਜਮਾਤ-ਏ-ਇਸਲਾਮੀ ਅਤੇ ਖਾਲਿਦਾ ਜ਼ਿਆ ਦੀ ਬੀਐੱਨਪੀ ਦਹਾਕਿਆਂ ਤੋਂ ਗੱਠਜੋੜ ਵਿਚ ਰਹੀਆਂ ਹਨ ਪਰ ਹੁਣ ਉਹ ਟੁੱਟ ਚੁੱਕਾ ਹੈ। ਜਮਾਤ ਦੇ ਪਾਕਿਸਤਾਨ ਪ੍ਰਸਤ ਕੱਟੜਪੰਥੀਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਕੋਲ ਸੱਤਾ ਹਾਸਲ ਕਰਨ ਦਾ ਮੌਕਾ ਹੈ। ਬੀਐੱਨਪੀ ਇਸਲਾਮਿਕ ਕੱਟੜਪੰਥੀਆਂ ਪ੍ਰਤੀ ਨਰਮ ਰਵੱਈਆ ਰੱਖਣ ਦੇ ਬਾਵਜੂਦ 1971 ਦੇ ਮੁਕਤੀ ਸੰਗਰਾਮ ਨੂੰ ਪਵਿੱਤਰ ਮੰਨਦੀ ਹੈ।
ਓਥੇ ਹੀ ਜਮਾਤ ਬੰਗਲਾਦੇਸ਼ ਬਣਨ ਨੂੰ ਇਸਲਾਮਿਕ ਏਜੰਡੇ ਦੇ ਨਾਲ ਧੋਖਾ ਮੰਨਦੀ ਹੈ। ਉਸ ਦੇ ਨੇਤਾ ਪਾਕਿਸਤਾਨ ਨਾਲ ਏਕੀਕਰਨ ਚਾਹੁੰਦੇ ਹਨ। ਸੰਨ 1971 ਵਿਚ ਤਾਂ ਉਸ ਦੇ ਨੇਤਾ ਪਾਕਿਸਤਾਨ ਦੀ ਫ਼ੌਜ ਨਾਲ ਮਿਲ ਕੇ ਮੁਕਤੀ ਵਾਹਿਨੀ ਅਤੇ ਭਾਰਤੀ ਫ਼ੌਜ ਨਾਲ ਵੀ ਲੜੇ ਸਨ। ਹੁਣ ਉਹ ਬੀਐੱਨਪੀ ਦੀ ਜਗ੍ਹਾ ਸ਼ੇਖ ਹਸੀਨਾ ਵਿਰੁੱਧ ਵਿਦਰੋਹ ਤੋਂ ਉਪਜੀਆਂ ਹੋਈਆਂ ਨਵੀਆਂ ਪਾਰਟੀਆਂ ਜਿਵੇਂ ਹਾਦੀ ਦੇ ਇਨਕਲਾਬ ਮੰਚ ਦੇ ਨਾਲ ਬੰਗਲਾਦੇਸ਼ ’ਤੇ ਹਕੂਮਤ ਕਰਨ ਦਾ ਸੁਪਨਾ ਦੇਖ ਰਹੀਆਂ ਹਨ।
ਹਾਦੀ ਨੇ ਬੀਤੇ ਦਿਨੀਂ ਬੀਐੱਨਪੀ ਨੂੰ ਵੀ ਧਮਕੀ ਦਿੱਤੀ ਸੀ ਕਿ ਜੇ ਭਾਰਤ ਪ੍ਰਤੀ ਜ਼ਰਾ ਜਿਹਾ ਵੀ ਨਰਮ ਵਤੀਰਾ ਦਿਖਾਇਆ ਤਾਂ ਉਸ ਦੀ ਸਰਕਾਰ ਉਵੇਂ ਹੀ ਪਲਟ ਦਿੱਤੀ ਜਾਵੇਗੀ ਜਿਵੇਂ ਅਵਾਮੀ ਲੀਗ ਦੀ ਪਲਟੀ ਗਈ ਸੀ। ਹਾਦੀ ਅਤੇ ਜਮਾਤੀ ਅਮਰੀਕਾ ਪ੍ਰਸਤ ਨਵੀਂ ਰਾਜਨੀਤਕ ਸ਼ਕਤੀ ਨੈਸ਼ਨਲ ਸਿਟੀਜ਼ਨ ਪਾਰਟੀ ਐੱਨਸੀਪੀ ਨੂੰ ਵੀ ਅੱਖਾਂ ਦਿਖਾ ਰਹੇ ਸਨ। ਐੱਨਸੀਪੀ ਵਿਚ ਉਹੀ ਵਿਦਿਆਰਥੀ ਨੇਤਾ ਹਨ ਜਿਨ੍ਹਾਂ ਨੇ ਸ਼ੇਖ ਹਸੀਨਾ ਸਰਕਾਰ ਵਿਰੁੱਧ ਅੰਦੋਲਨ ਛੇੜਿਆ ਸੀ। ਸਾਫ਼ ਹੈ ਕਿ ਬੰਗਲਾਦੇਸ਼ ਦੇ ਅੰਦਰ ਹੀ ਬਹੁਤ ਸਾਰੀਆਂ ਸ਼ਕਤੀਆਂ ਕੋਲ ਹਾਦੀ ਦੀ ਹੱਤਿਆ ਕਰਵਾਉਣ ਦੇ ਕਾਰਨ ਸਨ ਪਰ ਮੁਹੰਮਦ ਯੂਨਸ ਸਰਕਾਰ ਨੇ ਇਹ ਪ੍ਰਾਪੇਗੰਡਾ ਚੱਲਣ ਦਿੱਤਾ ਕਿ ਹਾਦੀ ਦੀ ਹੱਤਿਆ ਭਾਰਤ ਨੇ ਕਰਵਾਈ ਹੈ ਅਤੇ ਉਸ ਦੇ ਕਾਤਲ ਭਾਰਤ ਵਿਚ ਜਾ ਕੇ ਲੁਕ ਗਏ ਹਨ। ਇਸ ਤੋਂ ਬਾਅਦ ਤੋਂ ਭਾਰਤੀ ਹਾਈ ਕਮਿਸ਼ਨ ਦੇ ਟਿਕਾਣਿਆਂ ’ਤੇ ਹਮਲੇ ਸ਼ੁਰੂ ਹੋ ਗਏ।
ਕੱਟੜਪੰਥੀਆਂ ਦੀ ਭੀੜ ਨੇ ਬੰਗਲਾਦੇਸ਼ ਦੀਆਂ ਦੋ ਸਭ ਤੋਂ ਵੱਡੀਆਂ ਅਖ਼ਬਾਰਾਂ ‘ਦਿ ਡੇਲੀ ਸਟਾਰ’ ਅਤੇ ‘ਪ੍ਰੋਥੋਮ ਆਲੋ’ ਨੂੰ ਭਾਰਤ ਦੀਆਂ ਏਜੰਟ ਦੱਸਦੇ ਹੋਏ ਉਨ੍ਹਾਂ ਦੇ ਦਫ਼ਤਰਾਂ ਨੂੰ ਫੂਕ ਦਿੱਤਾ। ਬੰਗਲਾਦੇਸ਼ ਦੀ ਫ਼ੌਜ ਇਹ ਸਭ ਦੇਖਦੀ ਰਹੀ। ਉਸ ਨੇ ਕੱਟੜਪੰਥੀਆਂ ਦੀ ਭੀੜ ’ਤੇ ਕਾਰਵਾਈ ਨਹੀਂ ਕੀਤੀ। ਹਜ਼ੂਮ ਨੇ ਇਕ ਹਿੰਦੂ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਉਸ ਦੀ ਲਾਸ਼ ਨੂੰ ਚੌਰਾਹੇ ’ਤੇ ਲਟਕਾ ਕੇ ਸਾੜ ਦਿੱਤਾ।
ਭਾਰਤ ਨੂੰ ਬੰਗਲਾਦੇਸ਼ ਦੇ ਹਾਲਾਤ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ ਹੈ ਕਿਉਂਕਿ ਉੱਥੇ ਵਸਦੇ ਹਿੰਦੂ ਮਹਿਫ਼ੂਜ਼ ਨਹੀਂ ਹਨ। ਇਹੀ ਨਹੀਂ, ਭਾਰਤ ਦੀ ਕੌਮੀ ਸੁਰੱਖਿਆ ਲਈ ਵੀ ਬੰਗਲਾਦੇਸ਼ ਦੇ ਹਾਲਾਤ ਵੱਡੀ ਚੁਣੌਤੀ ਪੇਸ਼ ਕਰ ਰਹੇ ਹਨ। ਉਸ ਨੂੰ ਆਪਣੇ ਖ਼ਿਲਾਫ਼ ਘੜੀਆਂ ਜਾ ਰਹੀਆਂ ਸਾਜ਼ਿਸ਼ਾਂ ਨੂੰ ਹਰ ਹਾਲਾਤ ਵਿਚ ਨਾਕਾਮ ਕਰਨ ਲਈ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ।
ਹੁਣ ਜੇ ਬੰਗਲਾਦੇਸ਼ ਵਿਚ ਇਹ ਅਸਥਿਰਤਾ ਅੱਗੇ ਵਧਦੀ ਹੈ ਤਾਂ ਯੂਨਸ ਕੋਲ ਫਰਵਰੀ ਦੀਆਂ ਚੋਣਾਂ ਟਾਲਣ ਦਾ ਇਕ ਬਹਾਨਾ ਹੋਵੇਗਾ। ਜੇ ਅਜਿਹਾ ਨਹੀਂ ਵੀ ਹੋਇਆ ਤਾਂ ਇਸਲਾਮਿਕ ਕੱਟੜਪੰਥੀ ਪਾਰਟੀਆਂ ਨੂੰ ਹਮਦਰਦੀ ਮਿਲੇਗੀ ਅਤੇ ਉਨ੍ਹਾਂ ਦੀਆਂ ਸੀਟਾਂ ਵਧ ਜਾਣਗੀਆਂ ਜਿਸ ਕਾਰਨ ਚੋਣਾਂ ਤੋਂ ਬਾਅਦ ਬੀਐੱਨਪੀ ਦੇ ਕਿਸੇ ਵੀ ਗੱਠਜੋੜ ਵਿਚ ਦੋਇਮ ਦਰਜੇ ਦੀ ਭਾਈਵਾਲ ਰਹਿ ਜਾਣ ਦੀ ਸੰਭਾਵਨਾ ਵਧਦੀ ਹੈ।
ਭਾਰਤ ਦੀ ਸਮੱਸਿਆ ਬਸ ਇੰਨੀ ਹੀ ਨਹੀਂ ਹੈ ਕਿ ਬੰਗਲਾਦੇਸ਼ ਵਿਚ ਅਮਰੀਕਾ ਪ੍ਰਸਤ ਐੱਨਸੀਪੀ ਅਤੇ ਪਾਕਿਸਤਾਨ ਪੱਖੀ ਜਮਾਤੀ ਭਾਵੀ ਸਰਕਾਰ ਦੀ ਅਗਵਾਈ ਕਰਦੇ ਦਿਸ ਸਕਦੇ ਹਨ। ਜਦ ਸ਼ੇਖ ਹਸੀਨਾ ਦਾ ਤਖ਼ਤਾਪਲਟ ਹੋਇਆ ਸੀ ਤਾਂ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਬੰਗਲਾਦੇਸ਼ ਦੇ ਫ਼ੌਜ ਮੁਖੀ ਵਕਾਰੂਜ਼ਮਾਂ ਨੇ ਉਨ੍ਹਾਂ ਨੂੰ ਸੁਰੱਖਿਅਤ ਨਿਕਲਣ ਦਾ ਰਾਹ ਦਿੱਤਾ ਸੀ। ਇਸ ਤੋਂ ਭਾਰਤ ਨੇ ਇਹ ਸੋਚ ਕੇ ਰਾਹਤ ਦਾ ਸਾਹ ਲਿਆ ਸੀ ਕਿ ਘੱਟੋ-ਘੱਟ ਸੈਨਾ ਤਾਂ ਸਹੀ ਹੱਥਾਂ ਵਿਚ ਹੈ ਪਰ ਉਸ ਤੋਂ ਬਾਅਦ ਤੋਂ ਬੰਗਲਾਦੇਸ਼ ਦੀ ਫ਼ੌਜੀ ਲੀਡਰਸ਼ਿਪ ਨੇ ਨਿਰਾਸ਼ ਹੀ ਕੀਤਾ ਹੈ।
ਸ਼ੇਖ ਹਸੀਨਾ ਦੇ ਦੇਸ਼ ਛੱਡਣ ਤੋਂ ਬਾਅਦ ਵੀ ਸੈਨਾ ਨੇ ਕੱਟੜਪੰਥੀ ਭੀੜ ਨੂੰ ਪ੍ਰਧਾਨ ਮੰਤਰੀ ਆਵਾਸ ਵਿਚ ਵੜਨ ਦਿੱਤਾ, ਜਿਸ ਨੇ ਉੱਥੇ ਉਨਵਾਂ ਦੇ ਅੰਡਰਵੀਅਰ ਤੱਕ ਕੈਮਰਿਆਂ ਦੇ ਸਾਹਮਣੇ ਲਹਿਰਾਏ। ਇਸ ਤੋਂ ਬਾਅਦ ਜਦ ਯੂਨਸ ਨੇ ਬੰਗਲਾਦੇਸ਼ ਦੇ ਬਾਨੀ ਸ਼ੇਖ ਮੁਜੀਬ-ਉਰ-ਰਹਿਮਾਨ ਦਾ ਜਨਮ ਦਿਨ ਮਨਾਉਣ ’ਤੇ ਪਾਬੰਦੀ ਲਗਾਈ ਅਤੇ ਜਮਾਤੀਆਂ ਨੇ ਉਨ੍ਹਾਂ ਦੀ ਮਜ਼ਾਰ ’ਤੇ ਜਾਣ ਵਾਲਿਆਂ ਨੂੰ ਕੁੱਟਿਆ ਤਾਂ ਵੀ ਵਕਾਰੂਜ਼ਮਾਂ ਨੇ ਕੁਝ ਨਹੀਂ ਕੀਤਾ। ਕੀ ਬੰਗਲਾਦੇਸ਼ੀ ਸੈਨਿਕਾਂ ਦਾ ਇਕ ਵੱਡਾ ਧੜਾ ਜਮਾਤ ਦੇ ਪ੍ਰਭਾਵ ਹੇਠ ਹੈ ਅਤੇ ਵਕਾਰੂਜ਼ਮਾਂ ਇਸ ਕੱਟੜਪੰਥੀ ਵਿਚਾਰਧਾਰਾ ਦੇ ਸਾਹਮਣੇ ਮਜਬੂਰ ਹਨ? ਸਵਾਲ ਇਹ ਵੀ ਹੈ ਕਿ ਕੀ ਬੰਗਲਾਦੇਸ਼ ਨੂੰ ਭਾਰਤ ਦੀ ਸਰਹੱਦ ’ਤੇ ਸੀਰੀਆ ਵਰਗੀ ਇਸਲਾਮਿਕ ਖ਼ਾਨਾਜੰਗੀ ਤੋਂ ਗ੍ਰਸਤ ਖੇਤਰ ਦੇ ਰੂਪ ਵਿਚ ਵਿਕਸਤ ਕੀਤਾ ਜਾ ਰਿਹਾ ਹੈ, ਜਿੱਥੇ ਭਾਂਤ-ਭਾਂਤ ਦੇ ਇਸਲਾਮੀ ਕੱਟੜਪੰਥੀ ਸੰਗਠਨ ਪਨਪ ਸਕਣ?
ਬੰਗਲਾਦੇਸ਼ ਵਿਚ ਇਸ ਸਮੇਂ ਜਮਾਤੀ ਅਤੇ ਯੂਨਸ ਸਰਕਾਰ ਦੇ ਸਹਿਯੋਗੀ ਗ੍ਰੇਟਰ ਬੰਗਲਾਦੇਸ਼ ਦਾ ਸੁਪਨਾ ਦੇਖ ਰਹੇ ਹਨਜਿਸ ਵਿਚ ਮਿਆਂਮਾਰਦਾ ਰਖਾਇਨ ਪ੍ਰਾਂਤ, ਉੱਤਰ-ਪੂਰਬੀ ਭਾਰਤ ਦੇ ਸੂਬੇ, ਪੱਛਮੀ ਬੰਗਾਲ, ਓਡੀਸ਼ਾ ਅਤੇ ਬਿਹਾਰ ਤੱਕ ਦੇ ਹਿੱਸਿਆਂ ’ਤੇ ਕਬਜ਼ਾ ਕਰ ਕੇ ਸਿਰਾਜੁਦੌਲਾ ਦੀ ਬੰਗਾਲ ਸਲਤਨਤ ਦੀ ਸਥਾਪਨਾ ਹੋਵੇਗੀ। ਹਾਦੀ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਖ਼ੁਦ ਇਸ ਮਕਸਦ ਵਾਲੀਆਂ ਪੋਸਟਾਂ ਕੀਤੀਆਂ ਸਨ।
ਸੁਣਨ ਵਿਚ ਇਹ ਸਭ ਹਾਸੋਹੀਣਾ ਲੱਗ ਸਕਦਾ ਹੈ ਪਰ ਇਸ ਪਾਗਲਪਣ ਵਿਚ ਕਰੋੜਾਂ ਦੀ ਗਿਣਤੀ ਵਿਚ ਬੰਗਲਾਦੇਸ਼ੀ ਵਿਸ਼ਵਾਸ ਰੱਖਦੇ ਹਨ ਅਤੇ ਇਹ ਸਥਿਤੀ ਬੰਗਲਾਦੇਸ਼ ਨੂੰ ਜੇਹਾਦ ਦਾ ਨਵਾਂ ਮੰਚ ਬਣਾ ਦੇਣ ਲਈ ਕਾਫ਼ੀ ਹੈ। ਇਸ ਦਾ ਅਰਥ ਹੋਵੇਗਾ ਭਾਰਤੀ ਦੀ ਪੂਰਬੀ ਸਰਹੱਦ ’ਤੇ ਵੀ ਪਾਕਿਸਤਾਨ ਦੀ ਹੀ ਤਰ੍ਹਾਂ ਇਕ ਅੱਤਵਾਦੀ ਦੇਸ਼ ਦਾ ਸਿਰ ਚੁੱਕਣਾ ਅਤੇ ਉੱਥੇ ਰਹਿ ਰਹੇ 1.30 ਕਰੋੜ ਹਿੰਦੂਆਂ ਲਈ ਆਪਣੀ ਜਾਨ ਬਚਾਉਣਾ ਬੇਹੱਦ ਮੁਸ਼ਕਲ ਕੰਮ ਹੋਣ ਵਾਲਾ ਹੈ ਜੋ ਭਾਰਤ ਲਈ ਚਿੰਤਾ ਦਾ ਸਬੱਬ ਹੈ।
-ਦਿੱਵਿਆ ਕੁਮਾਰ ਸੋਤੀ
-(ਲੇਖਕ ਕੌਂਸਲ ਆਫ ਸਟ੍ਰੈਟੇਜਿਕ ਅਫੇਅਰਜ਼ ਨਾਲ ਸਬੰਧਤ ਟਿੱਪਣੀਕਾਰ ਹੈ)।