ਸੁਪਰੀਮ ਕੋਰਟ ਨੇ ਅਵਾਰਾ ਕੁੱਤਿਆਂ ’ਤੇ ਕਾਬੂ ਪਾਉਣ ਲਈ ਦਿੱਤੀਆਂ ਹਦਾਇਤਾਂ ’ਤੇ ਸੂਬਾ ਸਰਕਾਰਾਂ ਵੱਲੋਂ ਵਰਤੀ ਜਾ ਰਹੀ ਢਿੱਲ ’ਤੇ ਚਿੰਤਾ ਪ੍ਰਗਟ ਕਰਦਿਆਂ ਕੁੱਤਿਆਂ ਦੇ ਵੱਢਣ ’ਤੇ ਹੋਣ ਵਾਲੀ ਹਰ ਮੌਤ ਅਤੇ ਜ਼ਖ਼ਮੀ ਨੂੰ ਭਾਰੀ ਮੁਆਵਜ਼ਾ ਦੇਣ ਲਈ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਤਹਿ ਕੀਤੀ ਹੈ।
ਸੁਪਰੀਮ ਕੋਰਟ ਨੇ ਅਵਾਰਾ ਕੁੱਤਿਆਂ ’ਤੇ ਕਾਬੂ ਪਾਉਣ ਲਈ ਦਿੱਤੀਆਂ ਹਦਾਇਤਾਂ ’ਤੇ ਸੂਬਾ ਸਰਕਾਰਾਂ ਵੱਲੋਂ ਵਰਤੀ ਜਾ ਰਹੀ ਢਿੱਲ ’ਤੇ ਚਿੰਤਾ ਪ੍ਰਗਟ ਕਰਦਿਆਂ ਕੁੱਤਿਆਂ ਦੇ ਵੱਢਣ ’ਤੇ ਹੋਣ ਵਾਲੀ ਹਰ ਮੌਤ ਅਤੇ ਜ਼ਖ਼ਮੀ ਨੂੰ ਭਾਰੀ ਮੁਆਵਜ਼ਾ ਦੇਣ ਲਈ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਤਹਿ ਕੀਤੀ ਹੈ। ਕਾਲੋਨੀਆਂ, ਗਲੀਆਂ, ਸੜਕਾਂ ਅਤੇ ਜਨਤਕ ਥਾਵਾਂ ’ਤੇ ਇਹ ਇਕ ਅਜਿਹਾ ਸੰਕਟ ਹੈ, ਜੋ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਦੀ ਗੂੰਜ ਹੁਣ ਸਰਕਾਰੀ ਅੰਕੜਿਆਂ ਵਿਚ ਵੀ ਸਾਫ਼ ਦਿਖਾਈ ਦੇਣ ਲੱਗੀ ਹੈ। ਦੇਸ਼ ਵਿਚ ਰੋਜ਼ਾਨਾ ਔਸਤ 10 ਹਜ਼ਾਰ ਤੋਂ ਵੱਧ ਲੋਕ ਕੁੱਤਿਆਂ ਦੇ ਸ਼ਿਕਾਰ ਹੋ ਰਹੇ ਹਨ। ਇਕ ਸਰਵੇਖਣ ਅਨੁਸਾਰ 2022 ’ਚ ਕੁੱਤਿਆਂ ਦੇ ਵੱਢਣ ਦੇ ਮਾਮਲੇ 21.89 ਲੱਖ ਸਨ ਅਤੇ ਸਾਲ 2024 ਵਿਚ ਇਹ ਅੰਕੜਾ ਵਧ ਕੇ 37.15 ਲੱਖ ’ਤੇ ਪੁੱਜ ਗਿਆ ਸੀ ਅਤੇ ਹੁਣ ਹੋਰ ਵਧ ਚੁੱਕਾ ਹੈ ਜੋ ਹਰ ਭਾਰਤੀ ਲਈ ਚਿੰਤਾ ਦਾ ਵਿਸ਼ਾ ਹੈ।
ਇੰਨੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਸੂਬਾ ਸਰਕਾਰਾਂ, ਪ੍ਰਸ਼ਾਸਨਿਕ ਅਧਿਕਾਰੀ, ਨਗਰ ਨਿਗਮ, ਨਗਰ ਪ੍ਰੀਸ਼ਦਾਂ ਅਤੇ ਪੰਚਾਇਤਾਂ ਇਨ੍ਹਾਂ ਨੂੰ ਟਿੱਚ ਸਮਝਦੀਆਂ ਹਨ ਅਤੇ ਕੁੰਭਕਰਨੀ ਨੀਂਦ ਸੁੱਤੀਆਂ ਪਈਆਂ ਹਨ। ਦਸੰਬਰ ਅਤੇ ਜਨਵਰੀ ਮਹੀਨੇ ਵਿਚ ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ ਘਟਣ ਦੀ ਬਜਾਏ ਵਧ ਗਈਆਂ ਹਨ। ਪਿੱਛੇ ਜਿਹੇ ਮੁੱਲਾਂਪੁਰ ਦਾਖਾ ਦੇ ਪਿੰਡ ਜਾਂਗਪੁਰ ਵਿਚ ਖੇਤਾਂ ’ਚੋਂ ਪਤੰਗ ਚੁੱਕਣ ਗਏ 8 ਸਾਲਾ ਬੱਚੇ ਹੈਪੀ ਨੂੰ ਅਵਾਰਾ ਕੁੱਤਿਆਂ ਨੇ ਸ਼ਿਕਾਰ ਬਣਾ ਲਿਆ। ਉਸ ਦੇ ਸਿਰ, ਚਿਹਰੇ ਅਤੇ ਅੱਖਾਂ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ ਅਤੇ ਉਸ ਦੀ ਖੱਬੀ ਅੱਖ ਮਾਰੀ ਗਈ। ਹਾਲਤ ਨਾਜ਼ੁਕ ਵੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਲੁਧਿਆਣਾ ਸ਼ਹਿਰ ਦੇ ਮਾਡਲ ਗ੍ਰਾਮ ਇਲਾਕੇ ਵਿਚ ਇਕ ਕੁੱਤੀ ਨੇ 15 ਲੋਕਾਂ ਨੂੰ ਵੱਢਿਆ। ਕੁਝ ਦਿਨ ਪਹਿਲਾਂ ਇਸ ਕੁੱਤੀ ਨੇ 4 ਕਤੂਰਿਆਂ ਨੂੰ ਜਨਮ ਦਿੱਤਾ ਸੀ। ਰਾਤ ਨੂੰ ਕੋਈ ਚਾਰਾਂ ਕਤੂਰਿਆਂ ਨੂੰ ਚੋਰੀ ਕਰ ਕੇ ਲੈ ਗਿਆ। ਇਸ ਤੋਂ ਖ਼ਫ਼ਾ ਹੋਈ ਕੁੱਤੀ ਨੇ ਲੋਕਾਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ।
ਅਵਾਰਾ ਕੁੱਤਿਆਂ ਦਾ ਕਹਿਰ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ। ਸੰਗਰੂਰ ਸ਼ਹਿਰ ਦੀ ਸੁੰਦਰ ਬਸਤੀ ਵਿਚ ਇਕ ਬਹੁਤ ਹੀ ਦਿਲ ਕੰਬਾਊ ਘਟਨਾ ਵਾਪਰੀ। ਘਰ ਦੇ ਨੇੜੇ ਮੰਦਰ ਦੇ ਬਾਹਰ ਖੇਡ ਰਹੇ 5 ਸਾਲਾ ਬੱਚੇ ’ਤੇ 4-5 ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ ਅਤੇ ਉਸ ਦੇ ਸਿਰ, ਛਾਤੀ, ਚਿਹਰੇ, ਪੇਟ, ਪੱਟ ਅਤੇ ਲੱਤਾਂ ਨੂੰ ਬੁਰੀ ਤਰ੍ਹਾਂ ਨੋਚਿਆ। ਇਸ ਕਾਰਨ ਬੱਚੇ ਦੇ ਪੱਟ ਦੀ ਹੱਡੀ ਵੀ ਟੁੱਟ ਗਈ। ਉਸ ਦੀਆਂ ਚੀਕਾਂ ਸੁਣ ਕੇ ਲੋਕਾਂ ਨੇ ਉਸ ਨੂੰ ਛੁਡਵਾਇਆ।
ਬੀਤੇ ਦਿਨੀਂ ਗੁਰਦਾਸਪੁਰ ਵਿਚ ਖੂੰਖਾਰ ਕੁੱਤਿਆਂ ਦੇ ਝੁੰਡ ਨੇ ਇਕ ਪਰਵਾਸੀ ਔਰਤ ਨੂੰ ਨੋਚ-ਨੋਚ ਕੇ ਖਾਧਾ। ਗੁਰੂ ਹਰਸਹਾਏ ਦੇ ਪਿੰਡ ਸੋਮੀਆਂ ਦੇ 21 ਸਾਲਾ ਕੁਲਬੀਰ ਸਿੰਘ ਪੁੱਤਰ ਦਾਰਾ ਸਿੰਘ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਖਾਧਾ ਜੋ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਸਵਰਗਵਾਸ ਹੋ ਗਿਆ। ਉਹ ਰਾਤ 12 ਵਜੇ ਲੋਹੜੀ ਦੇ ਸਮਾਗਮ ਤੋਂ ਘਰ ਵਾਪਸ ਆ ਰਿਹਾ ਸੀ। ਉਸ ਦੀ ਲਾਸ਼ ਸਵੇਰੇ ਖੇਤਾਂ ਵਿੱਚੋਂ ਮਿਲੀ।
ਇਸੇ ਤਰ੍ਹਾਂ ਬਟਾਲਾ ਦੇ ਨਜ਼ਦੀਕੀ ਪਿੰਡ ਬਸਰਾਵਾਂ ’ਚ ਅਵਾਰਾ ਕੁੱਤਿਆਂ ਨੇ ਭੱਠੇ ’ਤੇ ਕੰਮ ਕਰਦੇ ਪਰਵਾਸੀ ਮਜ਼ਦੂਰ ਦੀ 5 ਸਾਲਾ ਬੱਚੀ ਨੂੰ ਬੁਰੀ ਤਰ੍ਹਾਂ ਨੋਚਿਆ। ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਉਸ ਨੂੰ ਪੀਜੀਆਈ ਚੰਡੀਗੜ੍ਹ ਭੇਜਿਆ ਗਿਆ। ਇਸੇ ਤਰ੍ਹਾਂ ਪਿੰਡ ਠੱਕਰਵਾਲ ਦੇ ਓਮੈਕਸ ਫਲੈਟਾਂ ਦੇ ਨੇੜੇ 7 ਸਾਲਾ ਬੱਚੇ ਅਰਪਿਤ ਨੂੰ ਕੁੱਤਿਆਂ ਨੇ ਸਿਰ ਤੋਂ ਵੱਢ ਖਾਧਾ। ਉਹ ਪਤੰਗ ਫੜਨ ਲਈ ਗਲੀ ਵਿਚ ਭੱਜਿਆ ਜਾ ਰਿਹਾ ਸੀ ਕਿ ਕੁੱਤਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਰਾਹਗੀਰਾਂ ਨੇ ਬੱਚੇ ਨੂੰ ਕੁੱਤਿਆਂ ਤੋਂ ਮੁਸ਼ਕਲ ਨਾਲ ਛੁਡਾਇਆ। ਬੱਚੇ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਉਕਤ ਤੋਂ ਇਲਾਵਾ ਹੋਰ ਵੀ ਬੱਚਿਆਂ, ਬਜ਼ੁਰਗਾਂ, ਨੌਜਵਾਨਾਂ ਅਤੇ ਔਰਤਾਂ ਨੂੰ ਅਵਾਰਾ ਕੁੱਤਿਆਂ ਵੱਲੋਂ ਵੱਢਣ ਅਤੇ ਮਾਰ ਦੇਣ ਦੀਆਂ ਵਾਰਦਾਤਾਂ ਵਾਪਰਦੀਆਂ ਹੀ ਰਹਿੰਦੀਆਂ ਹਨ ਜੋ ਸਾਹਮਣੇ ਨਹੀਂ ਆਉਂਦੀਆਂ। ਖੂੰਖਾਰ ਕੁੱਤਿਆਂ ਨੂੰ ਖ਼ਤਮ ਕਰਨ ਲਈ ਸਰਕਾਰ ਵੱਲੋਂ ਜੰਗੀ ਪੱਧਰ ’ਤੇ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ। ਇਹੀ ਨਹੀਂ, ਹੱਡਾਰੋੜੀਆਂ ਪਿੰਡਾਂ ਦੀਆਂ ਰਿਹਾਇਸ਼ਾਂ ਅਤੇ ਸੜਕਾਂ ਤੋਂ ਦੂਰ ਹੋਣੀਆਂ ਚਾਹੀਦੀਆਂ ਹਨ। ਇਕ ਹੋਰ ਸੁਝਾਅ ਇਹ ਹੈ ਕਿ ਜਿਵੇਂ ਮੋਰਚਿਆਂ, ਭਿਆਨਕ ਹਾਦਸਿਆਂ ਨੌਕਰੀ ਦੌਰਾਨ ਮਰਨ ਵਾਲੇ ਕਰਮਚਾਰੀਆਂ, ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਆਦਿ ਦੀ ਸਰਕਾਰ ਮਾਲੀ ਸਹਾਇਤਾ ਕਰਦੀ ਹੈ, ਉਸੇ ਤਰ੍ਹਾਂ ਅਵਾਰਾ ਕੁੱਤਿਆਂ ਕਾਰਨ ਮਰੇ ਜਾਂ ਜ਼ਖ਼ਮੀ ਹੋਏ ਲੋਕਾਂ ਦੀ ਸਰਕਾਰ ਵੱਲੋਂ ਮਾਲੀ ਮਦਦ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਕਈ ਗੰਭੀਰ ਜ਼ਖ਼ਮੀਆਂ ਨੂੰ ਪੀਜੀਆਈ ਚੰਡੀਗੜ੍ਹ ਜਾ ਕੇ ਇਲਾਜ ਕਰਵਾਉਣਾ ਪੈਂਦਾ ਹੈ ਜਿਸ ’ਤੇ ਕਾਫ਼ੀ ਖ਼ਰਚਾ ਆਉਂਦਾ ਹੈ। ਸਰਕਾਰਾਂ ਵੱਲੋਂ ਇਸ ਮੁੱਦੇ ਵੱਲ ਵਿਸ਼ੇਸ਼ ਧਿਆਨ ਨਾ ਦੇਣ ਕਰਕੇ ਅਵਾਰਾ ਕੁੱਤੇ ਲੋਕਾਂ ਲਈ ਜਾਨ ਦਾ ਖੌਅ ਬਣ ਚੁੱਕੇ ਹਨ। ਸਬੰਧਤ ਵਿਭਾਗ ਝੂਠੀਆਂ ਅਤੇ ਪੁਰਾਣੀਆਂ ਰਿਪੋਰਟਾਂ ਬਣਾ ਕੇ ਹੀ ਖਾਨਾਪੂਰਤੀ ਕਰੀ ਜਾ ਰਹੇ ਹਨ।
-ਜਤਿੰਦਰ ਸਿੰਘ ਪਮਾਲ
(ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ)।-ਮੋਬਾਈਲ : 98156-73477