ਸੰਨ ਉੱਨੀ ਸੌ ਸੱਠ ’ਚ ਮੇਰੇ ਪਿਤਾ ਨੇ ਗਾਂ ਲਈ ਤਾਂ ਜੋ ਦੁੱਧ ਦੀ ਲੋੜ ਪੂਰੀ ਹੋ ਸਕੇ। ਗਾਂ ਖਾਲਿਸ ਹਿਸਾਰੀ ਨਸਲ ਦੀ ਸੀ ਚਿੱਟਾ ਰੰਗ, ਗੋਲ ਤੁੰਦ, ਲੰਬੀ ਪੂੰਛ, ਨਿੱਕੇ-ਨਿੱਕੇ ਕਾਲੇ ਸਿੰਙ। ਬੜੀ ਸੋਹਣੀ-ਸੁਨੱਖੀ ਗਾਂ ਸੀ। ਉਸ ਦੀਆਂ ਕਜਰਾਰੀਆਂ ਅੱਖਾਂ ਏਦਾਂ ਲੱਗਦੀਆਂ ਸਨ, ਜਿਵੇਂ ਕਿਸੇ ਬਿਊਟੀ ਪਾਰਲਰ ਵਿੱਚੋਂ ਸੁਆਰ ਕੇ ਲਿਆਂਦੀਆਂ ਹੋਣ।

ਸੰਨ ਉੱਨੀ ਸੌ ਸੱਠ ’ਚ ਮੇਰੇ ਪਿਤਾ ਨੇ ਗਾਂ ਲਈ ਤਾਂ ਜੋ ਦੁੱਧ ਦੀ ਲੋੜ ਪੂਰੀ ਹੋ ਸਕੇ। ਗਾਂ ਖਾਲਿਸ ਹਿਸਾਰੀ ਨਸਲ ਦੀ ਸੀ ਚਿੱਟਾ ਰੰਗ, ਗੋਲ ਤੁੰਦ, ਲੰਬੀ ਪੂੰਛ, ਨਿੱਕੇ-ਨਿੱਕੇ ਕਾਲੇ ਸਿੰਙ। ਬੜੀ ਸੋਹਣੀ-ਸੁਨੱਖੀ ਗਾਂ ਸੀ। ਉਸ ਦੀਆਂ ਕਜਰਾਰੀਆਂ ਅੱਖਾਂ ਏਦਾਂ ਲੱਗਦੀਆਂ ਸਨ, ਜਿਵੇਂ ਕਿਸੇ ਬਿਊਟੀ ਪਾਰਲਰ ਵਿੱਚੋਂ ਸੁਆਰ ਕੇ ਲਿਆਂਦੀਆਂ ਹੋਣ। ਲੱਗਦਾ ਸੀ, ਜਿਵੇਂ ਕ੍ਰਿਸ਼ਨ ਜੀ ਇਸੇ ਗਾਂ ਦੇ ਮੂਹਰੇ ਬਾਂਸੁਰੀ ਵਜਾਉਂਦੇ ਹੋਣ। ਉਸ ਦੇ ਨਾਲ ਸੋਹਣੀ-ਸੁਨੱਖੀ ਵੱਛੀ ਵੀ ਸੀ, ਬਿਲਕੁਲ ਉਹਦੇ ਵਰਗੀ। ਗਾਂ ਸੱਤ ਸੇਰ ਅੰਮ੍ਰਿਤ ਵਰਗਾ ਦੁੱਧ ਦਿੰਦੀ ਸੀ। ਛੇਤੀ ਹੀ ਉਹ ਸਾਡੇ ਨਾਲ ਘੁਲ-ਮਿਲ ਗਈ ਤੇ ਘਰ ਦਾ ਹਿੱਸਾ ਬਣ ਗਈ।
ਦਿਨ ਬੀਤਦੇ ਗਏ ਤੇ ਉਸ ਗਾਂ ਨੇ ਬਹੁਤ ਸੋਹਣੇ ਵੱਛੇ ਨੂੰ ਜਨਮ ਦਿੱਤਾ। ਬੜਾ ਹੀ ਪਿਆਰਾ ਸੀ ਉਹ ਬੱਚਾ ਪਰ ਇਕ ਦਿਨ ਠੰਢ ਲੱਗਣ ਕਾਰਨ ਉਹ ਕੰਬਦਾ ਹੋਇਆ ਮਰ ਗਿਆ। ਉਸ ਦਿਨ ਤੋਂ ਗਾਂ ਦੇ ਮਾੜੇ ਦਿਨ ਸ਼ੁਰੂ ਹੋ ਗਏ। ਸਾਡੇ ਲਈ ਉਸ ਨੂੰ ਰੱਖਣਾ ਔਖਾ ਹੋ ਗਿਆ। ਆਖ਼ਰਕਾਰ ਅਸੀਂ ਉਹ ਕਿਸੇ ਗ਼ਰੀਬ ਨੂੰ ਬਿਨਾਂ ਕੋਈ ਪੈਸਾ ਲਏ ਦੇ ਦਿੱਤੀ ਪਰ ਉਸ ਦੀ ਵੱਛੀ ਆਪਣੇ ਕੋਲ ਰੱਖ ਲਈ। ਉਹ ਵੱਛੀ ਵੀ ਮਾਂ ਵਰਗੀ ਹੀ ਸੋਹਣੀ-ਸੁਨੱਖੀ ਸੀ। ਉਸ ਦਾ ਨਾਂ ਅਸੀਂ ‘ਪੱਪੋ’ ਰੱਖਿਆ। ਉਹ ਸਾਡੇ ਕੋਲ ਹੀ ਪਲਦੀ ਰਹੀ। ਹੌਲੀ-ਹੌਲੀ ਵੱਡੀ ਹੋਈ। ਕੁਝ ਸਮੇਂ ਬਾਅਦ ਉਸ ਨੇ ਵੀ ਖ਼ੂਬਸੂਰਤ ਬੱਚੇ ਨੂੰ ਜਨਮ ਦਿੱਤਾ। ਉਹ ਸ਼ਨਿਚਰਵਾਰ ਵਾਲੇ ਦਿਨ ਪੈਦਾ ਹੋਇਆ ਸੀ, ਇਸ ਲਈ ਅਸੀਂ ਉਸ ਨੂੰ ਬਾਰੂ ਕਹਿਣ ਲੱਗੇ। ਬਾਰੂ ਵੀ ਰੱਜ ਕੇ ਸੋਹਣਾ, ਪਿਆਰਾ ਪਰ ਸ਼ਰਾਰਤੀ ਬਹੁਤ ਸੀ। ਉਹ ਛਾਲਾਂ ਮਾਰਦਾ ਇੱਧਰ-ਉੱਧਰ ਭੱਜਦਾ ਤੇ ਹਰ ਵੇਲੇ ਕਲੋਲਾਂ ਕਰਦਾ ਰਹਿੰਦਾ। ਮੇਰੇ ਨਾਲ ਉਸ ਦਾ ਖ਼ਾਸ ਲਗਾਓ ਸੀ। ਉਹ ਹਰ ਵੇਲੇ ਮੇਰੇ ਆਲੇ-ਦੁਆਲੇ ਹੀ ਰਹਿੰਦਾ। ਮੈਨੂੰ ਚੱਟਦਾ, ਸੁੰਘਦਾ ਤੇ ਜੋ ਕੁਝ ਮੈਂ ਖਾਂਦਾ, ਉਸ ਵਿੱਚੋਂ ਆਪਣਾ ਹਿੱਸਾ ਵੀ ਮੰਗਦਾ। ਕੇਲਾ, ਸੇਬ, ਅੰਬ, ਖਰਬੂਜ਼ਾ, ਮੂੰਗਫਲੀ, ਰਿਓੜੀ, ਗੱਚਕ, ਬਰਫ਼ੀ ਆਦਿ ਸਭ ਕੁਝ ਮੇਰੇ ਨਾਲ ਖਾਂਦਾ। ਰਸਗੁੱਲਾ ਤੇ ਬਰਫ਼ੀ ਤਾਂ ਉਸ ਦੀਆਂ ਸਭ ਤੋਂ ਮਨਪਸੰਦ ਮਠਿਆਈਆਂ ਸਨ।
ਗਰਮੀਆਂ ’ਚ ਅਸੀਂ ਵਿਹੜੇ ਵਿਚ ਸੌਂਦੇ ਸੀ। ਉਹ ਮੇਰੇ ਮੰਜੇ ਨਾਲ ਹੀ ਲੇਟਦਾ। ਸਵੇਰ ਹੋਣ ’ਤੇ ਮੇਰੀ ਬਾਂਹ ਜਾਂ ਚਾਦਰ ਖਿੱਚ ਕੇ ਮੈਨੂੰ ਜਗਾਉਂਦਾ। ਫਿਰ ਉਸ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਸ਼ਰਾਰਤਾਂ, ਕਲੋਲਾਂ ਤੇ ਭੱਜ-ਦੌੜ ਨਾਲ ਸ਼ੁਰੂ ਹੋ ਜਾਂਦੀ। ਉਹ ਸਾਰਾ ਦਿਨ ਛਾਲਾਂ ਮਾਰਦਾ ਫਿਰਦਾ ਰਹਿੰਦਾ।
ਮੇਰੀ ਗ਼ੈਰ-ਹਾਜ਼ਰੀ ’ਚ ਚੁੱਪਚਾਪ ਬੈਠਾ ਰਹਿੰਦਾ। ਜਦੋਂ ਮੈਂ ਐੱਨਸੀਸੀ ਕੈਂਪ ਜਾਂ ਕਿਸੇ ਹੋਰ ਕੰਮ ਲਈ ਬਾਹਰ ਜਾਂਦਾ ਤਾਂ ਉਸ ਦਾ ਬੁਰਾ ਹਾਲ ਹੋ ਜਾਂਦਾ। ਜਦੋਂ ਮੈਂ ਐੱਨਸੀਸੀ ਕੈਂਪ ’ਤੇ ਜਾਂਦਾ, ਉਹ ਉਦਾਸ ਹੀ ਰਹਿੰਦਾ। ਕਦੇ ਕੁਝ ਖਾਂਦਾ, ਕਦੇ ਨਹੀਂ ਪਰ ਜਦੋਂ ਮੈਂ ਕੈਂਪ ਤੋਂ ਵਾਪਸ ਮੁੜਦਾ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਠਿਕਾਣਾ ਨਾ ਰਹਿੰਦਾ। ਪਹਿਲਾਂ ਮੈਨੂੰ ਵੇਖ ਕੇ ਨਾਰਾਜ਼ ਹੁੰਦਾ, ਮੈਨੂੰ ਠੁੱਡ ਮਾਰਦਾ ਜਿਵੇਂ ਗਿਲ਼ਾ ਕਰ ਰਿਹਾ ਹੋਵੇ ਕਿ ਮੈਂ ਇੰਨੇ ਦਿਨਾਂ ਲਈ ਉਸ ਨੂੰ ਛੱਡ ਕੇ ਕਿਉਂ ਚਲਾ ਗਿਆ ਸੀ। ਫਿਰ ਆਪਣੇ ਅਗਲੇ ਪੈਰ ਮੇਰੀ ਛਾਤੀ ’ਤੇ ਰੱਖ ਕੇ ਮੈਨੂੰ ਜੱਫੀ ਪਾ ਲੈਂਦਾ। ਉਹ ਪਲ਼ ਬਿਲਕੁਲ ਇਨਸਾਨੀ ਪਿਆਰ ਵਰਗੇ ਲੱਗਦੇ ਸਨ। ਦਿਨ ਬੀਤਦੇ ਗਏ, ਅਸੀਂ ਅਰਨੇ-ਬਰਨੇ ਮਕਾਨ ਲੈ ਲਿਆ। ਜਦੋਂ ਮੈਂ ਘਰੋਂ ਬਾਹਰ ਜਾਂਦਾ, ਉਹ ਮੈਨੂੰ ਚੌਕ ਤੱਕ ਛੱਡਣ ਜਾਂਦਾ ਤੇ ਫਿਰ ਵਾਪਸ ਆ ਜਾਂਦਾ। ਸਮੇਂ ਨਾਲ ਉਹ ਵੀ ਵੱਡਾ ਹੋਣ ਲੱਗ ਪਿਆ ਸੀ। ਉਸ ਦੇ ਛੋਟੇ-ਛੋਟੇ ਸਿੰਙ ਨਿਕਲਣ ਲੱਗ ਪਏ ਸਨ। ਤੁੰਦ ਵੀ ਭਰਨ ਲੱਗ ਪਈ ਸੀ। ਜਦੋਂ ਉਹ ਬਾਹਰ ਜਾਂਦਾ ਸੀ ਤਾਂ ਸਾਨੂੰ ਡਰ ਰਹਿੰਦਾ ਕਿ ਕਿਤੇ ਉਹ ਕਿਸੇ ਨੂੰ ਮਾਰ ਨਾ ਦੇਵੇ ਜਾਂ ਲੋਕ ਉਸ ਪਿੱਛੇ ਕੁੱਤੇ ਨਾ ਛੱਡ ਦੇਣ ਪਰ ਉਹ ਕੁੱਤਿਆਂ ਦੀ ਕੋਈ ਪਰਵਾਹ ਨਹੀਂ ਕਰਦਾ ਸੀ। ਨਿਡਰ ਹੋ ਕੇ ਉਨ੍ਹਾਂ ਵਿੱਚੋਂ ਲੰਘ ਜਾਂਦਾ ਤੇ ਮਸਤੀ ਨਾਲ ਆਪਣਾ ਦਿਨ ਬਿਤਾਉਂਦਾ। ਉਹ ਤੇਜ਼ੀ ਨਾਲ ਵੱਡਾ ਹੋ ਰਿਹਾ ਸੀ। ਉਸ ਦੀ ਖ਼ੁਰਾਕ ਵੀ ਬਹੁਤ ਵਧੀਆ ਸੀ। ਲੱਗਦਾ ਸੀ ਕਿ ਛੇਤੀ ਹੀ ਉਹ ਸੋਹਣਾ ਬਲਦ ਬਣ ਜਾਵੇਗਾ।
ਇਕ ਦਿਨ ਕਿਸੇ ਨੇ ਝੂਠੀ ਸ਼ਿਕਾਇਤ ਲਾ ਦਿੱਤੀ, ‘ਬਾਊ ਜੀ, ਤੁਹਾਡਾ ਬਾਰੂ ਮੈਨੂੰ ਮਾਰਨ ਲੱਗ ਪਿਆ ਸੀ, ਮੈਂ ਤਾਂ ਮਸਾਂ ਬਚਿਆ ਹਾਂ।’ ਇਹ ਸੁਣ ਕੇ ਮਨ ਬਹੁਤ ਦੁਖੀ ਹੋਇਆ। ਇਕ ਵਾਰ ਪਤਾ ਨਹੀਂ ਕਿਸ ਨੇ ਉਸ ਨੂੰ ਕੁੱਟ ਵੀ ਦਿੱਤਾ ਸੀ। ਇਹ ਸੋਚ ਕੇ ਦਿਲ ਹੋਰ ਵੀ ਦੁਖਦਾ ਸੀ ਕਿ ਇਕ ਬੇਜ਼ੁਬਾਨ ਜਾਨਵਰ ਨੂੰ ਕਿਸੇ ਨੇ ਕਿਉਂ ਮਾਰਿਆ ਹੋਵੇਗਾ। ਫਿਰ ਇਕ ਦਿਨ ਪਿਤਾ ਜੀ ਨੇ ਅਚਾਨਕ ਕਿਹਾ, ‘ਹੁਣ ਬਾਰੂ ਨੂੰ ਜ਼ਿਆਦਾ ਦਿਨ ਰੱਖਣਾ ਸੰਭਵ ਨਹੀਂ। ਇਹ ਵੱਡਾ ਹੋ ਰਿਹਾ ਹੈ। ਇਸ ਦਾ ਕੋਈ ਹੀਲਾ ਕਰਨਾ ਪਵੇਗਾ। ਸਾਂਡ ਜਾਂ ਬਲਦ ਘਰ ’ਚ ਥੋੜ੍ਹੇ ਹੀ ਰੱਖੇ ਜਾਂਦੇ ਹਨ।’ ਇਹ ਸੁਣ ਕੇ ਮੈਨੂੰ ਹੌਕਾ ਲੱਗ ਗਿਆ। ਇਸ ਤਰ੍ਹਾਂ ਮਹਿਸੂਸ ਹੋਇਆ, ਜਿਵੇਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੋਵੇ। ਮਤਲਬ ਹੁਣ ਬਾਰੂ ਤੋਂ ਵਿਛੋੜਾ ਹੋਣਾ ਸੀ। ਜੇ ਉਹ ਕੋਈ ਕੁੱਤਾ ਹੁੰਦਾ ਤਾਂ ਸ਼ਾਇਦ ਕੋਈ ਸਮੱਸਿਆ ਨਾ ਹੁੰਦੀ ਪਰ ਵੱਡੇ ਹੋ ਰਹੇ ਬਲਦ ਜਾਂ ਸਾਂਡ ਨੂੰ ਬਿਨਾਂ ਕਿਸੇ ਮਕਸਦ ਦੇ ਕੌਣ ਰੱਖ ਸਕਦਾ ਸੀ? ਨਾ ਚਾਹੁੰਦਿਆਂ ਵੀ ਮੈਨੂੰ ਇਹ ਗੱਲ ਮੰਨਣੀ ਪਈ।
ਮੇਰੀ ਨੀਂਦ ਹਰਾਮ ਹੋ ਗਈ। ਪਤਾ ਨਹੀਂ ਕਿਵੇਂ ਬਾਰੂ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ। ਉਹ ਵੀ ਅਚਾਨਕ ਚੁੱਪਚਾਪ ਰਹਿਣ ਲੱਗ ਪਿਆ। ਪਹਿਲਾਂ ਵਾਂਗ ਸ਼ਰਾਰਤਾਂ, ਕਲੋਲਾਂ ਤੇ ਛਾਲਾਂ ਮਾਰਨੀਆਂ ਕਿਤੇ ਗੁੰਮ ਹੋ ਗਈਆਂ ਸਨ। ਮੇਰੇ ਦੋਸਤ ਸੁਖਵੰਤ ਸਿੱਧੂ ਦਾ ਥੇੜੀ ’ਚ ਫਾਰਮ ਸੀ। ਮੈਂ ਉਸ ਨਾਲ ਬਾਰੂ ਬਾਰੇ ਗੱਲ ਕੀਤੀ। ਪਹਿਲਾਂ ਤਾਂ ਉਹ ਇਹੀ ਸਮਝਿਆ ਕਿ ਅਸੀਂ ਵੇਚਣਾ ਚਾਹੁੰਦੇ ਹਾਂ। ਉਸ ਨੇ ਕਿਹਾ ਕਿ ਉਹ ਇਸ ਦੇ ਬਦਲੇ ਸਾਨੂੰ ਚੰਗੇ ਪੈਸੇ ਦੇ ਸਕਦਾ ਹੈ ਪਰ ਜਦੋਂ ਅਸੀਂ ਇਹ ਕਿਹਾ ਕਿ ਅਸੀਂ ਬਾਰੂ ਨੂੰ ਵੇਚਣਾ ਨਹੀਂ ਚਾਹੁੰਦੇ, ਸਾਨੂੰ ਆਪਣੇ ਬੱਚੇ ਦੇ ਬਦਲੇ ਕੋਈ ਪੈਸੇ ਨਹੀਂ ਚਾਹੀਦੇ, ਇਹ ਤਾਂ ਸਾਡਾ ਪਿਆਰ ਹੈ ਤਾਂ ਉਹ ਹੈਰਾਨ ਰਹਿ ਗਿਆ। ਅਸੀਂ ਸੋਚਿਆ ਕਿ ਇਕੱਲੇ ਬਾਰੂ ਨੂੰ ਦੇਣਾ ਉਸ ਨਾਲ ਬੇਇਨਸਾਫ਼ੀ ਹੋਵੇਗੀ। ਇਕ ਤਾਂ ਉਹ ਸਾਡੇ ਤੋਂ ਵਿਛੜੇਗਾ, ਦੂਜਾ ਆਪਣੀ ਮਾਂ ਤੋਂ ਵੀ। ਇਸ ਲਈ ਅਸੀਂ ਫ਼ੈਸਲਾ ਕੀਤਾ ਕਿ ਬਾਰੂ ਨਾਲ ਉਸ ਦੀ ਮਾਂ ਪੱਪੋ ਨੂੰ ਵੀ ਸੁਖਵੰਤ ਦੇ ਹਵਾਲੇ ਕਰ ਦਿੱਤਾ ਜਾਵੇ, ਤਾਂ ਜੋ ਮਾਂ-ਪੁੱਤ ਦਾ ਵਿਛੋੜਾ ਨਾ ਪਵੇ।
ਇਕ ਸਵੇਰ ਸੁਖਵੰਤ ਤੇ ਉਸ ਦਾ ਵੱਡਾ ਭਰਾ ਮਾਂ-ਪੁੱਤ ਨੂੰ ਲੈਣ ਆ ਗਏ। ਮੇਰੇ ਉੱਤੇ ਜਿਵੇਂ ਪਹਾੜ ਡਿੱਗ ਪਿਆ ਹੋਵੇ। ਗਾਂ ਤਾਂ ਚਲੇ ਗਈ ਪਰ ਬਾਰੂ ਨਹੀਂ ਸੀ ਜਾਣਾ ਚਾਹੁੰਦਾ। ਉਹ ਜ਼ਬਰਦਸਤੀ ਲੈ ਕੇ ਗਏ। ਦੂਜੇ ਦਿਨ ਸਵੇਰੇ ਹੀ ਪਿਤਾ ਜੀ ਨੇ ਮੈਨੂੰ ਜਗਾ ਕੇ ਕਿਹਾ, ‘ਉੱਠ! ਬਾਰੂ ਬਾਹਰ ਖੜ੍ਹਾ ਹੈ।’ ਉਹ ਥੇੜੀ ਤੋਂ ਇਕੱਲਾ ਹੀ ਪਤਾ ਨਹੀਂ ਕਿਵੇਂ ਸਾਰੇ ਰਸਤੇ, ਗਲੀਆਂ ਤੇ ਕੁੱਤਿਆਂ ਤੋਂ ਬਚਦਾ ਹੋਇਆ ਆਪਣੇ ਘਰ ਵਾਪਸ ਆ ਗਿਆ ਸੀ। ਮੈਂ ਸਪ੍ਰਿੰਗ ਵਾਂਗ ਉੱਠ ਕੇ ਬਾਹਰ ਭੱਜਿਆ। ਉਸ ਨੇ ਮੈਨੂੰ ਵੇਖਿਆ ਤੇ ਖ਼ੁਸ਼ੀ ਨਾਲ ਆਪਣੀਆਂ ਅਗਲੀਆਂ ਲੱਤਾਂ ਚੁੱਕ ਲਈਆਂ। ਸ਼ਾਇਦ ਮੇਰੇ ਉੱਤੇ ਝਪਟ ਕੇ ਪਿਆਰ ਕਰਨਾ ਚਾਹੁੰਦਾ ਸੀ ਪਰ ਉਹ ਹੁਣ ਕਾਫ਼ੀ ਭਾਰਾ ਹੋ ਗਿਆ ਸੀ, ਇਸ ਲਈ ਮੈਂ ਡਰ ਕੇ ਪਿੱਛੇ ਹਟ ਗਿਆ। ਫਿਰ ਉਹ ਮੈਨੂੰ ਆਪਣੇ ਮੂੰਹ ਨਾਲ ਸੁੰਘਦਾ ਰਿਹਾ, ਮੇਰੇ ਨਾਲ ਰਗੜਾਂ ਖਾਂਦਾ ਰਿਹਾ। ਜਿੰਨੀ ਦੇਰ ਅਸੀਂ ਉਹਦੇ ਕੋਲ ਖੜ੍ਹੇ ਰਹੇ, ਉਹ ਸ਼ਾਂਤ ਰਿਹਾ। ਫਿਰ ਉਹ ਆਪਣੀ ਉਸੇ ਜਗ੍ਹਾ ’ਤੇ ਜਾ ਕੇ ਬੈਠ ਗਿਆ, ਜਿੱਥੇ ਉਹ ਹਮੇਸ਼ਾ ਬੈਠਦਾ ਸੀ, ਜਿਵੇਂ ਕਹਿ ਰਿਹਾ ਹੋਵੇ, ‘ਮੈਂ ਤਾਂ ਇੱਥੇ ਹੀ ਰਹਿਣਾ ਹੈ।’
ਕੁਝ ਦੇਰ ਬਾਅਦ ਸੁਖਵੰਤ ਫਿਰ ਆ ਗਿਆ। ਇਸ ਵਾਰ ਉਹ ਗੱਡਾ ਲੈ ਕੇ ਆਇਆ ਸੀ। ਮੇਰਾ ਕਲੇਜਾ ਜਿਵੇਂ ਬਾਹਰ ਨਿਕਲ ਗਿਆ ਹੋਵੇ ਪਰ ਇਹ ਤਾਂ ਹੋਣਾ ਹੀ ਸੀ। ਉਸ ਨੇ ਬਾਰੂ ਨੂੰ ਨੂੜ ਕੇ ਗੱਡੇ ਨਾਲ ਬੰਨ੍ਹ ਦਿੱਤਾ ਤੇ ਗੱਡਾ ਹੱਕ ਲਿਆ। ਬਾਰੂ ਦੀ ਉਹ ਆਖ਼ਰੀ ਨਜ਼ਰ, ਅੱਜ ਪੈਂਹਠ ਸਾਲਾਂ ਬਾਅਦ ਵੀ ਮੇਰੇ ਕਾਲਜੇ ਨੂੰ ਚੀਰਦੀ ਹੈ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਚੀਕ ਕੇ ਪੁੱਛ ਰਿਹਾ ਹੋਵੇ, ‘ਤੂੰ ਮੇਰੇ ਨਾਲ ਇਹ ਧੋਖਾ ਕਿਉਂ ਕੀਤਾ? ਇਹੋ ਜਿਹੀ ਸੀ ਤੇਰੀ ਦੋਸਤੀ, ਇਹੋ ਜਿਹਾ ਸੀ ਤੇਰਾ ਪਿਆਰ’? ਮੈਂ ਆਪਣੇ ਪੈਰ ਦੇ ਅੰਗੂਠੇ ਨੂੰ ਜ਼ੋਰ ਨਾਲ ਧਰਤੀ ’ਚ ਦਬਾਇਆ ਤਾਂ ਜੋ ਮੇਰੀ ਚੀਕ ਬਾਹਰ ਨਾ ਨਿਕਲੇ ਅਤੇ ਬਾਰੂ ਉੱਥੋਂ ਸਦਾ ਲਈ ਚਲਾ ਗਿਆ। ਉਸ ਤੋਂ ਬਾਅਦ ਮੈਂ ਜਿਵੇਂ ਪੱਥਰ ਬਣ ਗਿਆ ਸੀ। ਕੁਝ ਮਹੀਨਿਆਂ ਬਾਅਦ ਮੈਂ ਬਾਰੂ ਤੇ ਪੱਪੋ ਦਾ ਹਾਲ ਜਾਣਨ ਲਈ ਥੇੜੀ ਗਿਆ। ਗਾਂ ਤਾਂ ਠੀਕ ਸੀ ਪਰ ਬਾਰੂ ਨੂੰ ਵੇਖ ਕੇ ਯਕੀਨ ਹੀ ਨਹੀਂ ਆਇਆ ਕਿ ਇਹ ਉਹੀ ਬਾਰੂ ਹੈ। ਉਸ ਦਾ ਚਿੱਟਾ ਰੰਗ ਮਟਮੈਲਾ ਹੋ ਗਿਆ ਸੀ। ਉਸ ਦੀਆਂ ਸੋਹਣੀਆਂ ਅੱਖਾਂ ਉਦਾਸੀ ਨਾਲ ਭਰ ਗਈਆਂ ਸਨ। ਪਹਿਲਾਂ ਉਸ ਨੇ ਮੇਰੇ ਵੱਲ ਵੇਖਿਆ, ਫਿਰ ਮੂੰਹ ਦੂਜੇ ਪਾਸੇ ਮੋੜ ਲਿਆ, ‘ਜਿਵੇਂ ਮੇਰੇ ਤੋਂ ਅੱਕ ਗਿਆ ਹੋਵੇ।’ ਮੈਂ ਉਸ ਨੂੰ ਬਰਫ਼ੀ ਦੀ ਡਲੀ ਖਵਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਰੋਸ ਵਜੋਂ ਉਹ ਵੀ ਨਾ ਖਾਧੀ। ਮੈਂ ਟੁੱਟੇ ਦਿਲ ਨਾਲ ਵਾਪਸ ਆ ਗਿਆ। ਸਾਲ ਕੁ ਬਾਅਦ ਮੈਨੂੰ ਸੁਖਵੰਤ ਮਿਲਿਆ। ਉਸ ਨੇ ਜਿਵੇਂ ਮੇਰੇ ਕਾਲਜੇ ’ਚ ਛੁਰਾ ਮਾਰ ਦਿੱਤਾ ਹੋਵੇ। ਉਹ ਕਹਿੰਦਾ, ‘ਯਾਰ ਤੇਰਾ ਬਾਰੂ ਤਾਂ ਮਰ ਗਿਆ।’ ਉਸ ਵੇਲੇ ਮੇਰੇ ਅੰਦਰੋਂ ਨਿਕਲੀ ਚੀਕ ਪਤਾ ਨਹੀਂ ਕਿਸ ਨੇ ਸੁਣੀ ਤੇ ਕਿਸ ਨੇ ਨਹੀਂ। ਮੈਂ ਬੇਵੱਸ ਹੋ ਗਿਆ। ਕੁਝ ਸੋਚਣ-ਸਮਝਣ ਦੀ ਹਾਲਤ ’ਚ ਨਹੀਂ ਸੀ। ਇਉਂ ਲੱਗਿਆ, ਜਿਵੇਂ ਮੇਰਾ ਕੋਈ ਆਪਣਾ ਬਹੁਤ ਪਿਆਰਾ ਮਰ ਗਿਆ ਹੋਵੇ। ਅੱਜ ਵੀ ਉਸ ਦੀਆਂ ਗੁੱਸੇ ਤੇ ਗਿਲ਼ੇ ਨਾਲ ਭਰੀਆਂ ਅੱਖਾਂ ਮੇਰੇ ਦਿਮਾਗ਼ ’ਚ ਵਸੀਆਂ ਹੋਈਆਂ ਹਨ।
- ਅਵਿਨਾਸ਼ ਚੰਦਰ