ਸਦਾ ਲਈ ਤੁਰ ਗਿਆ ਪੰਜਾਬ ਦਾ ਲਾਲ
ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰ ਉਸ ਦੇ ਸੁਭਾਅ ਤੇ ਅਦਾਕਾਰੀ ਤੋਂ ਪ੍ਰੇਰਨਾ ਲੈਂਦੇ ਸਨ। ਪੰਜਾਬ ’ਚ ਧਰਮਿੰਦਰ ਦੇ ਅਜਿਹੇ ਪ੍ਰਸ਼ੰਸਕ ਵੀ ਹਨ ਜੋ ਉਨ੍ਹਾਂ ਨੂੰ ਭਗਵਾਨ ਵਾਂਗ ਪੂਜਦੇ ਹਨ। ਇਕ ਪ੍ਰਸ਼ੰਸਕ ਨੇ ਉਨ੍ਹਾਂ ਦਾ ਮੰਦਰ ਬਣਾਇਆ ਹੋਇਆ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਲੋਕ ਕਿਸ ਹੱਦ ਤੱਕ ਮੁਹੱਬਤ ਕਰਦੇ ਸਨ।
Publish Date: Mon, 24 Nov 2025 11:37 PM (IST)
Updated Date: Tue, 25 Nov 2025 07:48 AM (IST)

-ਪੰਜਾਬ ਨੇ ਬਾਲੀਵੁੱਡ ਦੀ ਝੋਲੀ ’ਚ ਇਕ ਤੋਂ ਵਧ ਕੇ ਇਕ ਦਿੱਗਜ ਕਲਾਕਾਰ ਪਾਏ ਹਨ। ਧਰਮਿੰਦਰ ਸਿਨੇਮਾ ਦੇ ਸੁਨਹਿਰੀ ਦੌਰ ਦੇ ਗਵਾਹ ਸਨ। ਉਨ੍ਹਾਂ ਨੇ ਜਿੰਨੀ ਲੰਬੀ ਉਮਰ ਭੋਗੀ, ਉਸੇ ਤਰ੍ਹਾਂ ਆਪਣੀ ਅਦਾਕਾਰੀ ਦੇ ਰੁਤਬੇ ਦਾ ਵੀ ਖ਼ੂਬ ਆਨੰਦ ਮਾਣਿਆ। ਕਈ ਦਿਨਾਂ ਤੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਇਸ ਗੱਲ ਦਾ ਧੁੜਕੂ ਲੱਗਾ ਹੋਇਆ ਸੀ ਕਿ ਕਿਤੇ ਕੋਈ ਅਣਹੋਣੀ ਖ਼ਬਰ ਨਾ ਆ ਜਾਵੇ। ਸਾਹ ਲੈਣ ’ਚ ਤਕਲੀਫ਼ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ ਪਰ ਦੋ ਕੁ ਦਿਨਾਂ ਬਾਅਦ 12 ਨਵੰਬਰ ਨੂੰ ਹਾਲਤ ਸਥਿਰ ਹੋਣ ਕਾਰਨ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਇਹ ਉਹ ਦਿਨ ਸਨ ਜਦੋਂ ਉਨ੍ਹਾਂ ਦੇ ਦੇਹਾਂਤ ਦੀਆਂ ਅਫ਼ਵਾਹਾਂ ਵੀ ਉੱਡੀਆਂ ਸਨ।
ਖ਼ਬਰ ਮੀਡੀਆ ’ਚ ਫੈਲੀ ਤਾਂ ਪਰਿਵਾਰਕ ਮੈਂਬਰਾਂ ਨੇ ਸਖ਼ਤ ਇਤਰਾਜ਼ ਜਤਾਇਆ। ਖ਼ਾਸ ਕਰਕੇ ਉਨ੍ਹਾਂ ਦੇ ਵੱਡੇ ਪੁੱਤਰ ਸੰਨੀ ਦਿਓਲ ਖ਼ੁਦ ਮੀਡੀਆ ਸਾਹਮਣੇ ਤਲਖ਼ ਹੁੰਦੇ ਦਿਸੇ। ਹਾਲਾਂਕਿ ਪਰਿਵਾਰ ਦਾ ਇਹ ਤਲਖ਼ੀ ਵਾਲਾ ਇਤਰਾਜ਼ ਜਾਇਜ਼ ਵੀ ਸੀ ਕਿਉਂਕਿ ਬਿਨਾਂ ਕਿਸੇ ਪੁਸ਼ਟੀ ਦੇ ਅਜਿਹੀਆਂ ਬੇਸਿਰ-ਪੈਰ ਗੱਲਾਂ ਨਸ਼ਰ ਹੋਣੀਆਂ ਕਿਸੇ ਵੀ ਪਰਿਵਾਰ ਦੀ ਔਖੀ ਘੜੀ ’ਚ ਤੰਗ-ਪਰੇਸ਼•ਾਨ ਕਰਨ ਵਾਲੀ ਸਥਿਤੀ ਬਣ ਸਕਦੀਆਂ ਹਨ।
ਧਰਮਿੰਦਰ ਦੇ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦੀ ਸਿਹਤਯਾਬੀ ਲਈ ਦੁਆਵਾਂ ਮੰਗ ਰਹੇ ਸਨ ਪਰ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਆਪਣੇ ਪਰਿਵਾਰਕ ਜੀਆਂ ’ਚ ਪਹੁੰਚ ਕੇ ਧਰਮਿੰਦਰ ਨੇ 89 ਸਾਲ ਦੀ ਉਮਰ ’ਚ ਆਖ਼ਰੀ ਸਾਹ ਲਿਆ। ਪੰਜਾਬ ਦੇ ਲਿਹਾਜ਼ ਨਾਲ ਧਰਮਿੰਦਰ ਦਾ ਅਕਾਲ ਚਲਾਣਾ ਜ਼ਿਆਦਾ ਤਕਲੀਫ਼ਦੇਹ ਇਸ ਲਈ ਵੀ ਹੈ ਕਿਉਂਕਿ ਉਨ੍ਹਾਂ ਦੀਆਂ ਜੜ੍ਹਾਂ ਮਾਲਵੇ ਦੀ ਉਦਯੋਗਿਕ ਨਗਰੀ ਲੁਧਿਆਣਾ ਲਾਗੇ ਨਿੱਕੇ ਜਿਹੇ ਪਿੰਡ ਨਾਲ ਜੁੜੀਆਂ ਹੋਈਆਂ ਹਨ। ਅਦਾਕਾਰੀ ’ਚ ਕਿਸਮਤ ਅਜਮਾਉਣ ਦੀਆਂ ਕੋਸ਼ਿਸ਼ਾਂ ’ਚ ਲੱਗੇ ਮੁੰਡੇ-ਕੁੜੀਆਂ ਲਈ ਧਰਮਿੰਦਰ ਰੋਲ ਮਾਡਲ ਵਾਂਗ ਸੀ।
ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰ ਉਸ ਦੇ ਸੁਭਾਅ ਤੇ ਅਦਾਕਾਰੀ ਤੋਂ ਪ੍ਰੇਰਨਾ ਲੈਂਦੇ ਸਨ। ਪੰਜਾਬ ’ਚ ਧਰਮਿੰਦਰ ਦੇ ਅਜਿਹੇ ਪ੍ਰਸ਼ੰਸਕ ਵੀ ਹਨ ਜੋ ਉਨ੍ਹਾਂ ਨੂੰ ਭਗਵਾਨ ਵਾਂਗ ਪੂਜਦੇ ਹਨ। ਇਕ ਪ੍ਰਸ਼ੰਸਕ ਨੇ ਉਨ੍ਹਾਂ ਦਾ ਮੰਦਰ ਬਣਾਇਆ ਹੋਇਆ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਲੋਕ ਕਿਸ ਹੱਦ ਤੱਕ ਮੁਹੱਬਤ ਕਰਦੇ ਸਨ। ਉਨ੍ਹਾਂ ਦੇ ਡਾਇਲਾਗ ਨਿਆਣਿਆਂ ਨੇ ਵੀ ਰਟੇ ਹੋਏ ਸਨ। ‘ਸ਼ੋਅਲੇ’ ਵਿਚ ਜੋ ਧਰਮਿੰਦਰ ਨੇ ਅਦਾਕਾਰੀ ਦਾ ਮੀਲ ਪੱਥਰ ਗੱਡਿਆ, ਉਸ ਨੂੰ ਸ਼ਾਇਦ ਹੀ ਕੋਈ ਪੁੱਟ ਸਕੇਗਾ। ਪੰਜਾਬ ਦਾ ਇਹ ਸੋਹਣਾ-ਸੁਨੱਖਾ ਗੱਭਰੂ ਅਦਾਕਾਰ ਬਾਲੀਵੁੱਡ ਦੇ ਸੁਨਹਿਰੇ ਸਫ਼ਰ ਨੂੰ ਹੋਰ ਚਮਕਾ ਦੇਵੇਗਾ, ਇਹ ਵੀ ਉਸ ਵੇਲੇ ਕਿਸੇ ਦੇ ਚਿੱਤ-ਚੇਤੇ ਨਹੀਂ ਸੀ।
ਐਕਸ਼ਨ, ਕਾਮੇਡੀ, ਸੀਰੀਅਸ ਤੇ ਸ਼ਾਇਰੀ ਮਿਜ਼ਾਜ ਵਾਲੇ ਇਸ ਹੀਰੋ ’ਤੇ ਹਰ ਤਰ੍ਹਾਂ ਦੇ ਰੋਲ ਜਚਦੇ ਸਨ। ਉਸ ਨੂੰ ‘ਜੱਟ ਯਮਲਾ’ ਤੇ ‘ਹੀ-ਮੈਨ’ ਵਰਗੇ ਨਾਵਾਂ ਨਾਲ ਪੁਕਾਰਿਆ ਜਾਣਾ ਵੀ ਕਿਸੇ ਸਨਮਾਨ ਤੋਂ ਘੱਟ ਨਹੀਂ ਹੈ। ਆਮ ਜ਼ਿੰਦਗੀ ’ਚ ਉਹ ਇਕ ਸ਼ਾਇਰ, ਪ੍ਰੇਮੀ, ਬੇਹੱਦ ਪਿਆਰ ਕਰਨ ਵਾਲਾ ਪਿਤਾ, ਸੋਹਣੇ ਮਰਦਾਂ ’ਚ ਸ਼ੁਮਾਰ ਤੇ ਰਾਜਨੀਤੀ ਦਾ ਵਨ-ਟਾਈਮ ਸਿਆਸਤਦਾਨ ਰਿਹਾ। ਇਕੱਲਾ ਭਾਰਤ ਹੀ ਨਹੀਂ, ਗੁਆਂਢੀ ਮੁਲਕ ਪਾਕਿਸਤਾਨ ਵੀ ਉਸ ਦੀ ਅਦਾਕਾਰੀ ’ਤੇ ਤਾੜੀਆਂ ਮਾਰਦਾ ਸੀ। ਇਹੀ ਵਜ੍ਹਾ ਸੀ ਕਿ ਪਾਕਿ ਦੇ ਸਾਬਕਾ ਵਜ਼ੀਰ-ਏ-ਆਜ਼ਮ ਨਵਾਜ਼ ਸ਼ਰੀਫ਼ ਵੀ ਉਸ ਦੇ ਪ੍ਰਸ਼ੰਸਕਾਂ ਦੀ ਸੂਚੀ ’ਚ ਹਨ। ਇਕ ਇੰਟਰਵਿਊ ਦੌਰਾਨ ਕਿੱਸਾ ਸਾਂਝਾ ਕਰਦਿਆਂ ਧਰਮਿੰਦਰ ਨੇ ਕਿਹਾ ਸੀ ਕਿ ਜਦੋਂ ਨਵਾਜ਼ ਸ਼ਰੀਫ਼ ਭਾਰਤ ਦੌਰੇ ’ਤੇ ਆਏ ਸਨ ਤਾਂ ਉਸ ਦੀ ਉਨ੍ਹਾਂ ਨਾਲ ਮੁਲਾਕਾਤ ਹੋਈ ਸੀ।
ਨਵਾਜ਼ ਸ਼ਰੀਫ਼ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਪਰਿਵਾਰ ਕਾਰ ਰਾਹੀਂ ਜਾ ਰਿਹਾ ਸੀ ਅਤੇ ਉਨ੍ਹਾਂ ਦੇ ਘਰ ਸਾਹਮਣੇ ਕਾਰ ਰੁਕਵਾਈ ਗਈ। ਉਨ੍ਹਾਂ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਦੱਸਿਆ ਕਿ ਇਹ ਘਰ ਧਰਮਿੰਦਰ ਦਾ ਹੈ। ਇਸ ਦਾ ਕਾਰਨ ਇਹ ਸੀ ਕਿ ਧਰਮਿੰਦਰ ਨੇ ਆਪਣੀ ਅਦਾਕਾਰੀ ਤੇ ਉਦਾਰਤਾ ਨਾਲ ਹੋਰ ਮੁਲਕਾਂ ਦੇ ਲੋਕਾਂ ਦਾ ਵੀ ਮਨ ਮੋਹਿਆ ਸੀ। ਧਰਮਿੰਦਰ ਸਬੰਧੀ ਬਾਲੀਵੁੱਡ ਦੇ ਦਿੱਗਜ ਕਲਾਕਾਰਾਂ ਕੋਲ ਬੇਸ਼ੁਮਾਰ ਯਾਦਾਂ ਹਨ। ਬਿਮਲ ਰਾਏ ਧਰਮਿੰਦਰ ਨੂੰ ਧਰਮਿੰਦਰੂ ਕਹਿ ਕੇ ਬੁਲਾਉਂਦੇ ਸਨ। ਉਨ੍ਹਾਂ ਨੇ ਫਿਲਮ ‘ਬੰਦਿਨੀ’ਵਿਚ ਪਹਿਲਾ ਰੋਲ ਦਿੱਤਾ ਸੀ।
ਹਾਲਾਂਕਿ ਇਹ ਫਿਲਮ ਬਣਨ ’ਚ ਸਮਾਂ ਲੱਗਾ ਤੇ ਅਰਜੁਨ ਹਿੰਗੋਰਾਨੀ ਨੇ ਧਰਮਿੰਦਰ ਨੂੰ ਆਪਣੀ ਫਿਲਮ ‘ਦਿਲ ਭੀ ਤੇਰਾ ਹਮ ਭੀ ਤੇਰੇ’ ਲਈ ਸਾਈਨ ਕਰ ਲਿਆ ਸੀ। ਸੱਤਰਵੇਂ ਦਹਾਕੇ ’ਚ ਧਰਮਿੰਦਰ ਦੀ ਅਦਾਕਾਰੀ ਨੇ ਫਿਲਮੀ ਪਰਦੇ ਨੂੰ ਨਵੀਂ ਤਾਜ਼ਗੀ ਨਾਲ ਭਰ ਦਿੱਤਾ। ਇਸ ਦੌਰ ’ਚ ਐਕਸ਼ਨ, ਰੋਮਾਂਸ, ਕਾਮੇਡੀ ਅਤੇ ਕਮਰਸ਼ੀਅਲ ਸਿਨੇਮਾ, ਸਾਰਾ ਕੁਝ ਹੀ ਵਧ-ਫੁੱਲ ਰਿਹਾ ਸੀ। ਧਰਮਿੰਦਰ ਦੀਆਂ ਤਕਰੀਬਨ ਸਾਰੀਆਂ ਫਿਲਮਾਂ ਹੀ ਇਕ ਤੋਂ ਵਧ ਕੇ ਇਕ ਹਨ ਪਰ ‘ਸ਼ੋਅਲੇ’ ਦੇ ਇਕ ਦ੍ਰਿਸ਼ ’ਚ ਟੈਂਕੀ ’ਤੇ ਸ਼ਰਾਬੀ ਹਾਲਤ ’ਚ ਚੜ੍ਹਿਆ ‘ਵੀਰੂ’ ਸ਼ਾਇਦ ਹੀ ਲੋਕਾਂ ਨੂੰ ਭੁੱਲੇਗਾ।
ਇਸ ਸੀਨ ਨੇ ਪੂਰੀ ਫਿਲਮ ਨੂੰ ਚਾਰ ਚੰਨ ਲਾਏ ਸਨ। ਫਿਲਮ ਦੇ ਇਸ ਕਾਮੇਡੀ ਸੀਨ ’ਚ ਬੋਲੇ ਗਏ ਡਾਇਲਾਗ ਉਸ ਦੌਰ ਦੇ ਨਵੇਂ ਕਲਾਕਾਰ ਬੋਲ-ਬੋਲ ਕੇ ਰਿਹਰਸਲਾਂ ਕਰਦੇ ਸਨ। ਧਰਮਿੰਦਰ ਦੇ ਹੈਂਡਸਮ ਹੋਣ ਦੇ ਚਰਚੇ ਉਸ ਦੇ ਸਾਥੀ ਕਲਾਕਾਰ ਵੀ ਕਰਦੇ ਸਨ ਪਰ ਉਹ ਇਸ ਗੱਲ ’ਤੇ ਟਿੱਪਣੀ ਕਰਦਿਆਂ ਕਹਿੰਦੇ ਸਨ ਕਿ ਹੋ ਸਕਦਾ ਹੈ ਕਿ ਲੋਕ ਜਿਵੇਂ ਆਖ ਰਹੇ ਹਨ, ਉਹੀ ਹੋਵੇ ਪਰ ਮੈਂ ਉਹ ਖ਼ੂਬੀਆਂ ਆਪਣੇ ’ਚੋਂ ਲੱਭਦਾ ਹਾਂ, ਜਿਹੜੀਆਂ ਲੋਕ ਮੇਰੇ ’ਚੋਂ ਦੇਖਦੇ ਹਨ। ਕਿਤੇ ਇਹ ਨਾ ਹੋਵੇ ਕਿ ਮੈਂ ਪ੍ਰਸ਼ੰਸਕਾਂ ਵੱਲੋਂ ਦਿੱਤੇ ਪਿਆਰ ਸਤਿਕਾਰ ਨੂੰ ਗੁਆ ਬੈਠਾਂ।
ਡਾਂਸ ਦੇ ਮਾਮਲੇ ’ਚ ਧਰਮਿੰਦਰ ਦਾ ਹੱਥ ਤੰਗ ਸੀ। ਹਾਲਾਂਕਿ ‘ਜੱਟ ਪਗਲਾ ਯਮਲਾ ਦੀਵਾਨਾ’ ਵਰਗੇ ਗਾਣੇ ਨੇ ਉਨ੍ਹਾਂ ਨਾਲ ਜੁੜੀ ਇਸ ਮਿੱਥ ਨੂੰ ਵੀ ਤੋੜ ਦਿੱਤਾ। ਇਕ ਵਾਰ ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਐਕਟਿੰਗ ਮੇਰੇ ਲਈ ਮਹਿਬੂਬਾ ਵਾਂਗ ਹੈ। ਜਿਵੇਂ ਆਸ਼ਕ ਅਤੇ ਮਾਸ਼ੂਕ ’ਚ ਲੜਾਈ ਹੋ ਜਾਂਦੀ ਹੈ, ਇਸੇ ਤਰ੍ਹਾਂ ਕਦੇ ਇਹ ਰੁੱਸ ਜਾਂਦੀ ਹੈ ਤੇ ਕਦੇ ਮੈਂ। ਫਿਰ ਅਸੀਂ ਦੋਵੇਂ ਇਕ-ਦੂਜੇ ਨੂੰ ਮਨਾ ਲੈਂਦੇ ਹਾਂ ਪਰ ਸਾਥ ਕਦੇ ਨਹੀਂ ਛੱਡਦੇ।
ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀਆਂ ਕਈ ਵੀਡੀਓਜ਼ ਹਨ ਜਿਨ੍ਹਾਂ ’ਚ ਉਹ ਜ਼ਿੰਦਾਦਿਲੀ ਨਾਲ ਜਿਉਣ ਵਾਲੀ ਸ਼ਾਇਰੀ ਬੋਲਦੇ ਹੋਏ ਨਜ਼ਰ ਆਉਂਦੇ ਸਨ। ਕਦੇ ਆਪਣੇ ਫਾਰਮ ਹਾਊਸ ’ਚ ਉਗਾਈਆਂ ਤਾਜ਼ੀਆਂ ਸਬਜ਼ੀਆਂ ਤੋੜਦੇ ਉਨ੍ਹਾਂ ਦੇ ਸਿਹਤ ਨੂੰ ਲਾਭ ਗਿਣਾਉਂਦੇ ਸਨ।
ਧਰਮਿੰਦਰ ਨੇ ਅਦਾਕਾਰੀ ’ਚ ਜੋ ਪਿਰਤਾਂ ਪਾਈਆਂ, ਉਹ ਚਿਰ-ਸਥਾਈ ਰਹਿਣ ਵਾਲੀਆਂ ਹਨ। ਅਦਾਕਾਰੀ ’ਚ ਵੱਡੀਆਂ ਪੁਲਾਂਘਾ ਪੁੱਟਣ ਵਾਲਿਆਂ ਲਈ ਧਰਮਿੰਦਰ ਪ੍ਰੇਰਨਾ ਦਾ ਸਰੋਤ ਰਹਿਣਗੇ। ਉਨ੍ਹਾਂ ਦੇ ਤੁਰ ਜਾਣ ਨਾਲ ਪੰਜਾਬ ਤੋਂ ਲੈ ਕੇ ਮੁੰਬਈ ਤੱਕ ਦੀਆਂ ਉਹ ਸੜਕਾਂ ਵੀ ਉਦਾਸ ਹਨ ਜਿਨ੍ਹਾਂ ’ਤੇ ਉਨ੍ਹਾਂ ਨੇ ਸ਼ੋਹਰਤ ਹਾਸਲ ਕਰਨ ਲਈ ਲੰਬਾ ਸਫ਼ਰ ਕੀਤਾ ਸੀ। ‘ਪੰਜਾਬ ਦੇ ਪੁੱਤਰ’ ਅਤੇ ਇਸ ਹਮੇਸ਼ਾ ਚਮਕਣ ਵਾਲੇ ਸਿਤਾਰੇ ਦੀਆਂ ਯਾਦਾਂ ਨੂੰ ਸੰਜੋਅ ਕੇ ਰੱਖਣ ਦੀ ਲੋੜ ਹੈ ਤਾਂ ਜੋ ਇਹ ਅਦਾਕਾਰੀ ਦੇ ਸਿਖਾਂਦਰੂਆਂ ਲਈ ਚਾਨਣ ਮੁਨਾਰਾ ਬਣ ਸਕਣ।