ਅੱਜ-ਕੱਲ੍ਹ ਇਸ ਗੱਲ ਦੀ ਖ਼ੂਬ ਚਰਚਾ ਹੈ ਕਿ ਸੀਮਾ ਹੈਦਰ ਦੇ ਸੋਸ਼ਲ ਮੀਡੀਆ ’ਤੇ ਫਾਲੋਅਰ ਬਹੁਤ ਤੇਜ਼ੀ ਨਾਲ ਵਧ ਰਹੇ ਹਨ, ਇੱਥੋਂ ਤੱਕ ਕਿ ਉਸ ਨੂੰ ਫਿਲਮਾਂ ਵਿਚ ਕੰਮ ਕਰਨ ਦੀਆਂ ਪੇਸ਼ਕਸ਼ਾਂ ਵੀ ਆਉਣ ਦੀਆਂ ਖ਼ਬਰਾਂ ਫੈਲ ਰਹੀਆਂ ਹਨ। ਇਸ ਤਰ੍ਹਾਂ ਦੀਆਂ ਖ਼ਬਰਾਂ ਤੋਂ ਨੌਜਵਾਨਾਂ ਅੰਦਰ ਗ਼ਲਤ ਕੰਮ ਕਰਨ ਦੇ ਹੌਸਲੇ ਵਧਦੇ ਹਨ।

ਅੱਜ-ਕੱਲ੍ਹ ਪੂਰੇ ਦੇਸ਼ ਭਰ ਵਿਚ ਘਰ-ਘਰ ਸੋਸ਼ਲ ਮੀਡੀਆ, ਅਖ਼ਬਾਰਾਂ, ਰਸਾਲਿਆਂ ਤੇ ਇਲੈਕਟ੍ਰਾਨਿਕ ਮੀਡੀਆ ’ਚ ਸਰਬਜੀਤ ਨਾਂ ਦੀ ਔਰਤ ਛਾਈ ਹੋਈ ਹੈ ਜੋ ਪਾਕਿਸਤਾਨ ਵਿਚ ਜਾ ਕੇ ਨਾਸਿਰ ਹੁਸੈਨ ਨਾਂ ਦੇ ਵਿਅਕਤੀ ਨਾਲ ਨਿਕਾਹ ਕਰਵਾ ਕੇ ਨੂਰ ਹੁਸੈਨ ਬਣ ਗਈ ਹੈ। ਉਸ ਨੇ ਧਰਮ ਬਦਲ ਕੇ ਧਰਮ ਅਤੇ ਪੰਜਾਬੀਅਤ ਨੂੰ ਸ਼ਰਮਸਾਰ ਕੀਤਾ ਹੈ। ਇਹੋ ਜਿਹੇ ਲੋਕਾਂ ਨੂੰ ਨਾ ਆਪਣੇ ਅਗਲਿਆਂ-ਪਿਛਲਿਆਂ ਦੀ ਕੋਈ ਪਰਵਾਹ ਹੁੰਦੀ ਹੈ ਤੇ ਨਾ ਹੀ ਉਨ੍ਹਾਂ ਧਾਰਮਿਕ ਸੰਸਥਾਵਾਂ ਦੀ ਜਿਨ੍ਹਾਂ ਦਾ ਸਹਾਰਾ ਲੈ ਕੇ ਆਪਣਾ ਸਵਾਰਥ ਸਿੱਧ ਕਰਦੇ ਹਨ। ਇਹੋ ਜਿਹੇ ਲੋਕਾਂ ਦੀ ਝੋਲੀ ਸਰਕਾਰਾਂ ਵੱਲੋਂ ਕੋਈ ਰਹਿਮ ਦੀ ਖ਼ੈਰ ਨਹੀਂ ਪਾਉਣੀ ਚਾਹੀਦੀ। ਇਸ ਤੋਂ ਪਹਿਲਾਂ ਵੀ ਇਹੋ ਜਿਹੀਆਂ ਘਟਨਾਵਾਂ ਵਿਚ ਸੋਸ਼ਲ ਮੀਡੀਆ ਦਾ ਵੱਡਾ ਯੋਗਦਾਨ ਰਿਹਾ ਹੈ। ਇੱਥੋਂ ਤੱਕ ਕਿ ਇਸ ਰਾਹੀਂ ਹੀ ਪਾਕਿਸਤਾਨੀ ਉੱਚ ਅਧਿਕਾਰੀਆਂ ਦੇ ਸੰਪਰਕ ਵਿਚ ਆਈ ਆਮ ਜਿਹੇ ਘਰ ਦੀ ਲੜਕੀ ਜੋਤੀ ਵੀ ਹੈ ਜੋ ਅੱਜ-ਕੱਲ੍ਹ ਜਾਸੂਸੀ ਦੇ ਕੇਸ ਤਹਿਤ ਸਲਾਖ਼ਾਂ ਪਿੱਛੇ ਹੈ।
ਪਾਕਿਸਤਾਨ ਤੋਂ ਆਪਣੇ ਪਿਆਰ ਲਈ ਭਾਰਤ ਆਈ ਚਾਰ ਬੱਚਿਆਂ ਦੀ ਮਾਂ ਸੀਮਾ ਹੈਦਰ ਤੇ ਉਸ ਦੇ ਪ੍ਰੇਮੀ ਸਚਿਨ, ਦੋਵਾਂ ਦੀਆਂ ਰੋਮਾਂਟਿਕ ਵੀਡੀਓਜ਼ ਸੋਸ਼ਲ ਮੀਡੀਆ ’ਤੇ ਘੁੰਮਦੀਆਂ ਰਹੀਆਂ ਹਨ। ਸੀਮਾ ਹੈਦਰ ਦੀ ਲੋਕਪ੍ਰਿਅਤਾ ਦਿਨ-ਬ-ਦਿਨ ਵਧਦੀ ਗਈ। ਉਸ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਫਾਲੋਅਰਜ਼ ਤੇਜ਼ੀ ਨਾਲ ਵਧਣ ਲੱਗੇ। ਸੀਮਾ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਸਚਿਨ ਨਾਲ ਬਣਾਈਆਂ ਰੋਮਾਂਟਿਕ ਵੀਡੀਓ ਕਾਫ਼ੀ ਵਾਇਰਲ ਹੋਣ ਲੱਗੀਆਂ। ਇਹ ਘਟਨਾ ਜ਼ੋਰਾਂ-ਸ਼ੋਰਾਂ ਨਾਲ ਸੋਸ਼ਲ ਮੀਡੀਆ ਉੱਤੇ ਮਨੋਰੰਜਨ ਦੇ ਸਾਧਨ ਵਜੋਂ ਅਜੇ ਖ਼ੂਬ ਚਰਚਾ ਵਿਚ ਹੀ ਸੀ ਕਿ ਇਕ ਹੋਰ ਨੇ ਚੰਨ ਚਾੜ੍ਹ ਦਿੱਤਾ। ਉਸ ਤੋਂ ਬਾਅਦ ਵਿਆਹੁਤਾ ਭਾਰਤੀ ਔਰਤ ਅੰਜੂ ਨੇ ਪਾਕਿਸਤਾਨ ਵਿਚ ਫੇਸਬੁੱਕ ਦੋਸਤ ਨਾਲ ਵਿਆਹ ਕਰਵਾਇਆ। ਇਹ ਮਾਮਲਾ ਸੀਮਾ ਹੈਦਰ ਤੋਂ ਵੀ ਦਿਲਚਸਪ ਹੈ। ਰਾਜਸਥਾਨ ਦੇ ਭਿਵਾੜੀ ’ਚ ਆਪਣੇ ਪਤੀ ਅਤੇ ਦੋ ਬੱਚਿਆਂ ਨੂੰ ਛੱਡ ਕੇ ਅੰਜੂ ਫੇਸਬੁੱਕ ’ਤੇ ਆਪਣੇ ਪ੍ਰੇਮੀ ਨਸਰੁੱਲਾ ਨੂੰ ਮਿਲਣ ਪਾਕਿਸਤਾਨ ਪਹੁੰਚ ਗਈ ਅਤੇ ਵਿਆਹ ਕਰਵਾ ਲਿਆ। ਇੰਨਾ ਹੀ ਨਹੀਂ, ਇਸਲਾਮ ਧਰਮ ਅਪਣਾਉਣ ਤੋਂ ਬਾਅਦ ਉਸ ਨੇ ਆਪਣਾ ਨਾਂ ਫਾਤਿਮਾ ਰੱਖਿਆ ਹੈ। ਉਸ ਤੋਂ ਬਾਅਦ ਨਸਰੁੱਲਾ ਅਤੇ ਅੰਜੂ, ਦੋਵੇਂ ਸਖ਼ਤ ਸੁਰੱਖਿਆ ਵਿਚਕਾਰ ਸੈਰ ਲਈ ਨਿਕਲੇ ਸਨ। ਉਨ੍ਹਾਂ ਦੀਆਂ ਘੁੰਮਦਿਆਂ-ਫਿਰਦਿਆਂ ਦੀਆਂ ਫੋਟੋਆਂ ਅਤੇ ਵੀਡੀਓਜ਼ ਹਰ ਤਰ੍ਹਾਂ ਦੇ ਮੀਡੀਆ ਵਿਚ ਖ਼ੂਬ ਘੁੰਮਣ ਲੱਗੀਆਂ। ਏਧਰ ਕਦੇ ਉਸ ਦੇ ਪਤੀ, ਕਦੇ ਭਰਾ ਤੇ ਕਦੇ ਪਿਉ ਕੋਲ ਮੀਡੀਆ ਦਾ ਮਾਈਕ ਫੜ ਕੇ ਪਹੁੰਚਣ ਤੇ ਉਨ੍ਹਾਂ ਦੇ ਬਿਆਨਾਂ ਨੂੰ ਦੁਨੀਆ ਸਾਹਮਣੇ ਪੇਸ਼ ਕਰਨ ਦਾ ਸਿਲਸਿਲਾ ਜ਼ੋਰ ਫੜ ਗਿਆ।
ਸੋਸ਼ਲ ਮੀਡੀਆ ’ਤੇ ਜ਼ੋਰਾਂ-ਸ਼ੋਰਾਂ ਨਾਲ ਮਸਾਲੇ ਲਾ-ਲਾ ਕੇ ਕੋਈ ਮਸਲਾ ਪੇਸ਼ ਕਰਨਾ ਤੇ ਉਸ ਥੱਲੇ ਪਬਲਿਕ ਵੱਲੋਂ ਗੰਦੇ-ਮੰਦੇ ਕੁਮੈਂਟਾਂ ਰਾਹੀਂ ਭੜਾਸ ਕੱਢਣਾ ਆਮ ਜਿਹੀ ਗੱਲ ਹੋ ਗਈ ਹੈ। ਇਸ ਤੋਂ ਪਹਿਲਾਂ ਅਪ੍ਰੈਲ 2018 ਵਿਚ ਸਿੱਖ ਜਥੇ ਨਾਲ ਪਾਕਿਸਤਾਨ ਵਿਚ ਜਾ ਕੇ ਕਿਰਨ ਬਾਲਾ ਆਪਣੇ ਪਾਕਿਸਤਾਨੀ ਪ੍ਰੇਮੀ ਮੁਹੰਮਦ ਆਜ਼ਮ ਕੋਲ ਭੱਜ ਗਈ ਸੀ ਤੇ ਇਸਲਾਮ ਕਬੂਲ ਕਰ ਕੇ ਕਿਰਨ ਤੋਂ ਐਮੀਨਾ ਬਣ ਗਈ। ਉਸ ਦੀ ਇਸ ਕਰਤੂਤ ਨੇ ਵੀ ਇਕ-ਦੋ ਮਹੀਨੇ ਦੁਨੀਆ ਭਰ ਦੇ ਲੋਕਾਂ ਦਾ ਖ਼ੂਬ ਮਨੋਰੰਜਨ ਕੀਤਾ ਸੀ। ਪਰ ਅੱਜ ਉਹ ਕਿਸ ਹਾਲ ਵਿਚ ਜ਼ਿੰਦਗੀ ਬਸਰ ਕਰ ਰਹੀ ਹੈ, ਜਿਹੜੇ ਪਿਉ ਬਾਹਰੇ ਬੱਚਿਆਂ ਨੂੰ ਉਹ ਛੱਡ ਕੇ ਭੱਜ ਗਈ ਸੀ, ਉਹ ਕਿਨ੍ਹਾਂ ਹਾਲਾਤ ਵਿਚ ਪਲ਼ ਰਹੇ ਹਨ, ਇਸ ਨਾਲ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਹੈ।
ਆਮ ਜਨਤਾ ਵੀ ਸਿਨੇਮਾ ਘਰਾਂ ਵਿਚਲੀ ਦੋ-ਤਿੰਨ ਘੰਟੇ ਦੀ ਫਿਲਮ ਦੇਖਣ ਤੋਂ ਬਾਅਦ ਜਿਵੇਂ ਅਗਲੀ ਫਿਲਮ ਦੇਖਣ ਲਈ ਤਿਆਰ ਹੋ ਜਾਂਦੀ ਹੈ ਬਿਲਕੁਲ ਉਸੇ ਤਰ੍ਹਾਂ ਹੀ ਇਹ ਖ਼ਬਰਾਂ ਉਸ ਲਈ ਫਿਲਮਾਂ ਵਾਂਗ ਹੀ ਹਨ।
ਪੱਛਮੀ ਦੇਸ਼ਾਂ ਤੋਂ ਅੰਗਰੇਜ਼ ਔਰਤਾਂ ਵੱਲੋਂ ਭਾਰਤ ਵਿਚ ਆ ਕੇ ਆਪਣੇ ਪ੍ਰੇਮੀਆਂ ਨਾਲ ਵਿਆਹ ਕਰਵਾਉਣ ਦੀਆਂ ਅਨੇਕ ਘਟਨਾਵਾਂ ਸਮੇਂ-ਸਮੇਂ ’ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਉਹ ਵੀ ਨਿਰੇ ਬੇਮੇਲ ਤੇ ਬੇਜੋੜ ਹੀ ਹੁੰਦੇ ਹਨ ਜਿਵੇਂ ਪੰਜਾਹ-ਸੱਠ ਸਾਲ ਦੀ ਔਰਤ ਦਾ ਵੀਹ-ਬਾਈ ਸਾਲ ਦੇ ਨੌਜਵਾਨ ਨਾਲ ਵਿਆਹ ਕਰਵਾਉਣਾ ਆਦਿ। ਇਸ ਦਾ ਮੁੱਖ ਕਾਰਨ ਕਿਸੇ ਵੀ ਤਰੀਕੇ ਨਾਲ ਬਹੁਤਾ ਕਰਕੇ ਨੌਜਵਾਨਾਂ ਦਾ ਮਕਸਦ ਵਿਦੇਸ਼ਾਂ ਵਿਚ ਜਾ ਕੇ ਸੈੱਟ ਹੋਣਾ ਹੀ ਹੁੰਦਾ ਹੈ। ਇਹੋ ਜਿਹੇ ਵਿਆਹ ਵੀ ਮੀਡੀਆ ਵਿਚ ਬਹੁ-ਚਰਚਿਤ ਰਹਿ ਕੇ ਸਮੇਂ-ਸਮੇਂ ’ਤੇ ਲੋਕਾਂ ਦਾ ਖ਼ੂਬ ਮਨੋਰੰਜਨ ਕਰਦੇ ਰਹੇ ਹਨ। ਅੱਜ-ਕੱਲ੍ਹ ਪੱਛਮੀ ਦੇਸ਼ਾਂ ਵਾਲੇ ਕਿੱਸਿਆਂ ਵਿਚ ਕੁਝ ਕਮੀ ਆਈ ਹੈ।
ਗੱਲ ਮੁੱਖ ਮੁੱਦੇ ਦੀ ਕਰੀਏ ਕਿ ਕਿਰਨ ਬਾਲਾ ਉਰਫ਼ ਐਮੀਨਾ ਜਾਂ ਅੰਜੂ ਉਰਫ਼ ਫਾਤਿਮਾ ਨਾਲੋਂ ਸੀਮਾ ਹੈਦਰ ਨੇ ਸਮਝਦਾਰੀ ਵਰਤਦਿਆਂ ਆਪਣੀ ਮਮਤਾ ਨੂੰ ਕਲੰਕਿਤ ਨਹੀਂ ਕੀਤਾ ਤੇ ਉਸ ਨੂੰ ਕਾਇਮ ਰੱਖਿਆ। ਉਹ ਆਪਣੇ ਚਾਰ ਬੱਚਿਆਂ ਨੂੰ ਨਾਲ ਲੈ ਤੁਰੀ। ਐਮੀਨਾ ਨੇ ਆਪਣੇ ਤਿੰਨ ਬੱਚਿਆਂ ਤੇ ਫਾਤਿਮਾ ਨੇ ਆਪਣੇ ਦੋ ਬੱਚਿਆਂ ਨੂੰ ਜਨਮ ਦੇ ਕੇ ਉਨ੍ਹਾਂ ਪ੍ਰਤੀ ਆਪਣੀ ਮਮਤਾ ਦਾ ਰੱਜ ਕੇ ਘਾਣ ਕੀਤਾ ਹੈ। ਉਨ੍ਹਾਂ ਨੂੰ ਸਾਰੀ ਉਮਰ ਲਈ ਲੋਕਾਂ ਲਈ ਮਜ਼ਾਕ ਦੇ ਪਾਤਰ ਬਣ ਕੇ ਜਾਂ ਦੁਨੀਆ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੁਣ-ਸੁਣ ਕੇ ਨਮੋਸ਼ੀ ਭਰਿਆ ਜੀਵਨ ਬਤੀਤ ਕਰਨ ਲਈ ਛੱਡ ਗਈਆਂ। ਜਿਹੜੀ ਉਮਰ ਵਿਚ ਬੱਚਿਆਂ ਨੂੰ ਆਪਣੀ ਮਾਂ ਦੀ ਇਕ ਦੋਸਤ ਜਾਂ ਗਾਈਡ ਜਾਂ ਪ੍ਰੇਰਨਾ ਸਰੋਤ ਵਜੋਂ ਨਾਲ ਖੜ੍ਹਨ ਦੀ ਬੇਹੱਦ ਲੋੜ ਹੁੰਦੀ ਹੈ, ਉਸ ਉਮਰ ਵਿਚ ਉਨ੍ਹਾਂ ਦੀ ਮਾਂ ਵੱਲੋਂ ਪੂਰੀ ਦੁਨੀਆ ’ਚ ਇਕ ਚਰਿੱਤਰਹੀਣ ਪਾਤਰ ਵਜੋਂ ਉੱਭਰ ਕੇ ਸਾਹਮਣੇ ਆਉਣਾ, ਇਹ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਹੀ ਪਤਾ ਹੋਵੇਗਾ ਕਿ ਉਨ੍ਹਾਂ ਉੱਪਰ ਕੀ ਬੀਤ ਰਹੀ ਹੋਵੇਗੀ।
ਅੱਜ-ਕੱਲ੍ਹ ਇਸ ਗੱਲ ਦੀ ਖ਼ੂਬ ਚਰਚਾ ਹੈ ਕਿ ਸੀਮਾ ਹੈਦਰ ਦੇ ਸੋਸ਼ਲ ਮੀਡੀਆ ’ਤੇ ਫਾਲੋਅਰ ਬਹੁਤ ਤੇਜ਼ੀ ਨਾਲ ਵਧ ਰਹੇ ਹਨ, ਇੱਥੋਂ ਤੱਕ ਕਿ ਉਸ ਨੂੰ ਫਿਲਮਾਂ ਵਿਚ ਕੰਮ ਕਰਨ ਦੀਆਂ ਪੇਸ਼ਕਸ਼ਾਂ ਵੀ ਆਉਣ ਦੀਆਂ ਖ਼ਬਰਾਂ ਫੈਲ ਰਹੀਆਂ ਹਨ। ਇਸ ਤਰ੍ਹਾਂ ਦੀਆਂ ਖ਼ਬਰਾਂ ਤੋਂ ਨੌਜਵਾਨਾਂ ਅੰਦਰ ਗ਼ਲਤ ਕੰਮ ਕਰਨ ਦੇ ਹੌਸਲੇ ਵਧਦੇ ਹਨ। ਇੰਜ ਸੋਸ਼ਲ ਮੀਡੀਆ ਇਸ ਤਰ੍ਹਾਂ ਦੇ ਪ੍ਰੇਮ ਪ੍ਰਸੰਗਾਂ ਨੂੰ ਜਨਮ ਦੇ ਕੇ ਜਿੱਥੇ ਘਰਾਂ ਦੇ ਘਰ ਉਜਾੜ ਰਿਹਾ ਹੈ ਉੱਥੇ ਹੀ ਕਿੰਨੇ ਹੀ ਬੱਚਿਆਂ ਦੇ ਮਾਪਿਆਂ ਨੂੰ ਤੋੜ ਕੇ ਉਨ੍ਹਾਂ ਦਾ ਭਵਿੱਖ ਧੁੰਦਲਾ ਕਰ ਰਿਹਾ ਹੈ।
ਉਂਜ ਤਾਂ ਪਿਆਰ ਦੇ ਪੁਜਾਰੀ ਕਹਿੰਦੇ ਹਨ ਕਿ ਪਿਆਰ ਤਾਂ ਕਿਸੇ ਵੀ ਉਮਰ ਵਿਚ ਕਿਸੇ ਵੀ ਧਰਮ ਅਤੇ ਜਾਤ ਦੇ ਵਿਅਕਤੀ ਨਾਲ ਹੋ ਸਕਦਾ ਹੈ ਪਰ ਆਪਣੀ ਸ਼ਖ਼ਸੀਅਤ, ਘਰ-ਬਾਰ, ਧਰਮ, ਸਮਾਜ ਦੀ ਇੱਜ਼ਤ ਨੂੰ ਛਿੱਕੇ ਟੰਗਣ ਵਾਲੀ ਅਧਖੜ ਔਰਤ ਸਰਬਜੀਤ ਕੌਰ ਉਰਫ਼ ਨੂਰ ਹੁਸੈਨ ਦੇ ਇਸ਼ਕ ਬਾਰੇ ਕੀ ਵਿਸ਼ਲੇਸ਼ਣ ਕੀਤਾ ਜਾਵੇ। ਆਪਣੇ ਸਮਾਜ ਦੀ ਖੁੱਲ੍ਹ ਦਾ ਫ਼ਾਇਦਾ ਉਠਾ ਕੇ ਗਈਆਂ ਇਹੋ ਜਿਹੀਆਂ ਔਰਤਾਂ ਜੋ ਗਲ ਵਿਚ ਚੁੰਨੀ ਪਾਉਣ ਨੂੰ ਵੀ ਬੰਦਿਸ਼ ਸਮਝਦੀਆਂ ਹਨ, ਉੱਥੋਂ ਉਨ੍ਹਾਂ ਦੀਆਂ ਤਸਵੀਰਾਂ ਜਦ ਨਸ਼ਰ ਹੁੰਦੀਆਂ ਹਨ ਤਾਂ ਸਾਲੂ ਲਪੇਟ ਕੇ ਸਿਰ-ਮੂੰਹ ਢਕ ਕੇ ਬੈਠੀਆਂ ਨਜ਼ਰ ਆਉਂਦੀਆਂ ਹਨ। ਬਾਅਦ ਵਿਚ ਉੱਥੇ ਉਨ੍ਹਾਂ ਦਾ ਕੀ ਹਸ਼ਰ ਹੁੰਦਾ ਹੈ, ਇਹ ਵੀ ਸਾਰੀ ਦੁਨੀਆ ਸਾਹਮਣੇ ਲਿਆਉਣਾ ਚਾਹੀਦਾ ਹੈ ਤਾਂ ਜੋ ਉਸ ਤੋਂ ਵੀ ਲੋਕਾਂ ਕੁਝ ਸਿੱਖਣ ਨੂੰ ਮਿਲੇ। ਉੱਥੇ ਜਾ ਕੇ ਇਹ ਔਰਤਾਂ ਗੁਮਨਾਮ ਜ਼ਿੰਦਗੀ ਜਿਊਣ ਲੱਗਦੀਆਂ ਹਨ। ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਅਤੇ ਸਰਕਾਰ ਨੂੰ ਧੋਖਾ ਦੇ ਕੇ ਜਾਣ ਵਾਲੇ ਇਹੋ ਜਿਹੇ ਲੋਕਾਂ ਨੂੰ ਵਾਪਸ ਲਿਆਉਣ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਇੱਥੋਂ ਦੇ ਕਾਨੂੰਨ ਅਨੁਸਾਰ ਉਨ੍ਹਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾ ਸਕੇ।
-ਬਰਜਿੰਦਰ ਕੌਰ ਬਿਸਰਾਓ
-ਮੋਬਾਈਲ : 99889-01324