ਜੋੜੇ ਨੇ ਖ਼ਦਸ਼ਾ ਜ਼ਾਹਰ ਕੀਤਾ ਸੀ ਕਿ ਉਨ੍ਹਾਂ ਨੂੰ ਪਰਿਵਾਰਕ ਮੈਂਬਰ ਮਾਰ ਸਕਦੇ ਹਨ। ਜਦੋਂ ਉਨ੍ਹਾਂ ਦੇ ਕਾਗਜ਼ਾਂ ਦੀ ਪੜਤਾਲ ਕੀਤੀ ਗਈ ਤਾਂ ਮਾਮਲਾ ‘ਨਾਬਾਲਗ ਜੋੜੇ’ ਦਾ ਨਿਕਲਿਆ। ਇਸ ਮਾਮਲੇ ’ਤੇ ਹਾਈ ਕੋਰਟ ਦੀ ਪ੍ਰਤੀਕਿਰਿਆ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਪਿਛਲੇ ਕੁਝ ਸਾਲਾਂ ’ਚ ਅਜਿਹੇ ਰਿਸ਼ਤਿਆਂ ਕਾਰਨ ਸਮਾਜਿਕ ਤਾਣਾ-ਬਾਣਾ ਉਲਝਿਆ ਹੈ।

ਰਿਸ਼ਤਿਆਂ ਦੀ ਮਰਿਆਦਾ ਲਿਵ-ਇਨ-ਰਿਸ਼ਤਿਆਂ ਦਾ ਚਲਨ ਪਿਛਲੇ ਕੁਝ ਸਮੇਂ ਤੋਂ ਵਧ ਰਿਹਾ ਹੈ। ਦੇਸ਼ ਦੀਆਂ ਅਦਾਲਤਾਂ ਇਨ੍ਹਾਂ ’ਚ ਬੱਝੇ ਹੋਏ ਜੋੜਿਆਂ ਨੂੰ ਸਮਾਜਿਕ ਨੈਤਿਕਤਾ ਦੇ ਲਿਹਾਜ਼ ਨਾਲ ਕੋਈ ਸੁਰੱਖਿਆ ਦੇਣਾ ਜ਼ਰੂਰੀ ਨਹੀਂ ਸਮਝਦੀਆਂ। ਹਾਲਾਂਕਿ ਜਦੋਂ ਜੋੜਿਆਂ ਵਿਚਾਲੇ ਕੋਈ ਅਪਰਾਧਕ ਘਟਨਾ ਵਾਪਰਦੀ ਹੈ ਤਾਂ ਉਹ ਕੋਰਟ ਦਾ ਦਰਵਾਜ਼ਾ ਹੀ ਖੜਕਾਉਂਦੇ ਹਨ। ਬੀਤੇ ਦਿਨੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਨਾਬਾਲਗ ਲੜਕੀ ਨਾਲ ਲਿਵ-ਇਨ ਰਿਸ਼ਤੇ ’ਚ ਰਹਿਣ ਵਾਲੇ ਨੌਜਵਾਨ ਨੂੰ ਸੁਰੱਖਿਆ ਦੇਣ ਤੋਂ ਨਾਂਹ ਕਰ ਦਿੱਤੀ।
ਇਸ ਮਾਮਲੇ ’ਤੇ ਉੱਚ ਅਦਾਲਤ ਨੇ ਟਿੱਪਣੀ ਕੀਤੀ ਹੈ ਕਿ ਇਹ ਰਿਸ਼ਤੇ ਅਨੈਤਿਕ ਤੇ ਗੈ਼ਰ-ਕਾਨੂੰਨੀ ਹਨ। ਅਜਿਹੇ ਰਿਸ਼ਤਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਸੰਵਿਧਾਨਕ ਸੁਰੱਖਿਆ ਨਹੀਂ ਦਿੱਤੀ ਜਾ ਸਕਦੀ। ਅਦਾਲਤ ਦਾ ਕਹਿਣਾ ਹੈ ਕਿ ਜੇ ਇਹ ਰਿਸ਼ਤੇ ਕਾਨੂੰਨੀ ਸੁਰੱਖਿਆ ਦੇ ਦਾਇਰੇ ’ਚ ਬੱਝਦੇ ਹਨ ਤਾਂ ਫਿਰ ਬਾਲ ਸੁਰੱਖਿਆ ਕਾਨੂੰਨ ਦੇ ਉਦੇਸ਼ ਖ਼ਤਮ ਹੋ ਜਾਣਗੇ। ਮਾਮਲਾ ਯਮੁਨਾਨਗਰ ਦੀ ਇਕ 17 ਸਾਲਾ ਲੜਕੀ ਤੇ 27 ਸਾਲਾ ਨੌਜਵਾਨ ਵੱਲੋਂ ਹਾਈ ਕੋਰਟ ’ਚ ਦਾਖ਼ਲ ਪਟੀਸ਼ਨ ’ਤੇ ਸੁਣਵਾਈ ਮਗਰੋਂ ਸਾਹਮਣੇ ਆਇਆ।
ਜੋੜੇ ਨੇ ਖ਼ਦਸ਼ਾ ਜ਼ਾਹਰ ਕੀਤਾ ਸੀ ਕਿ ਉਨ੍ਹਾਂ ਨੂੰ ਪਰਿਵਾਰਕ ਮੈਂਬਰ ਮਾਰ ਸਕਦੇ ਹਨ। ਜਦੋਂ ਉਨ੍ਹਾਂ ਦੇ ਕਾਗਜ਼ਾਂ ਦੀ ਪੜਤਾਲ ਕੀਤੀ ਗਈ ਤਾਂ ਮਾਮਲਾ ‘ਨਾਬਾਲਗ ਜੋੜੇ’ ਦਾ ਨਿਕਲਿਆ। ਇਸ ਮਾਮਲੇ ’ਤੇ ਹਾਈ ਕੋਰਟ ਦੀ ਪ੍ਰਤੀਕਿਰਿਆ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਪਿਛਲੇ ਕੁਝ ਸਾਲਾਂ ’ਚ ਅਜਿਹੇ ਰਿਸ਼ਤਿਆਂ ਕਾਰਨ ਸਮਾਜਿਕ ਤਾਣਾ-ਬਾਣਾ ਉਲਝਿਆ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਜਾਣਕਾਰੀ ਮੁਤਾਬਕ ਹਾਲੀਆ ਸਾਲਾਂ ’ਚ ਲਿਵ-ਇਨ ਰਿਸ਼ਤਿਆਂ ਨਾਲ ਜੁੜੀਆਂ ਸ਼ਿਕਾਇਤਾਂ ਵੱਡੀ ਗਿਣਤੀ ’ਚ ਆ ਰਹੀਆਂ ਹਨ।
ਇਹ ਜ਼ਿਆਦਾਤਰ ਔਰਤਾਂ ਵੱਲੋਂ ਦਰਜ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਥੀ ਵੱਲੋਂ ਦਬਾਅ ’ਚ ਰੱਖਣ ਅਤੇ ਸ਼ੋਸ਼ਣ ਕਰਨ ਦੇ ਮਕਸਦ ਤਹਿਤ ਆਪਣੇ ਨਾਲ ਰੱਖਿਆ ਜਾ ਰਿਹਾ ਹੈ। ਕੁਝ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿਨ੍ਹਾਂ ’ਚ ਲਿਵ-ਇਨ ਰਿਲੇਸ਼ਨਸ਼ਿਪ ’ਚ 4-5 ਸਾਲਾਂ ਤੋਂ ਰਹਿਣ ਵਾਲੇ ਮਰਦ ਸਾਥੀ ਨੇ ਵਿਆਹ ਕਰਵਾਉਣ ਤੋਂ ਇਨਕਾਰ ਕੀਤਾ ਹੈ। ਇੱਥੋਂ ਤੱਕ ਕਿ ਉਨ੍ਹਾਂ ਵੱਲੋਂ ਪਾਰਟਨਰ ਦੀਆਂ ਨਿੱਜੀ ਤਸਵੀਰਾਂ ਜਾਂ ਵੀਡੀਓਗ੍ਰਾਫੀ ਨੂੰ ਜਨਤਕ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ।
ਕੁਝ ਧਮਕੀਆਂ ਬਾਅਦ ’ਚ ਵੱਡੇ ਅਪਰਾਧਾਂ ਦਾ ਰੂਪ ਵੀ ਧਾਰਨ ਕਰ ਗਈਆਂ ਹਨ। ਲੁਧਿਆਣਾ ’ਚ ਇਸੇ ਸਾਲ ਇਕ 20 ਸਾਲਾ ਨੌਜਵਾਨ ਨੂੰ ਆਪਣੀ ਸਾਥਣ ਦੇ ਕਤਲ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ। ਔਰਤ ਦੀ ਬਹੁਤ ਹੀ ਖ਼ੌਫ਼ਨਾਕ ਤਰੀਕੇ ਨਾਲ ਹੱਤਿਆ ਕੀਤੀ ਗਈ ਸੀ। ਮਾਰਚ 2024 ’ਚ ਬੁਢਲਾਡਾ ’ਚ ਲਿਵ-ਇਨ ਰਿਸ਼ਤੇ ’ਚ ਰਹਿਣ ਵਾਲੇ ਜੋੜੇ ਦਾ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਕਤਲ ਕਰ ਦਿੱਤਾ ਸੀ ਅਤੇ ਲਾਸ਼ਾਂ ਨੂੰ ਭਾਖੜਾ ਨਹਿਰ ’ਚ ਸੁੱਟ ਦਿੱਤਾ ਸੀ। ਫਰੀਦਾਬਾਦ ’ਚ ਇਸੇ ਸਾਲ ਅਪ੍ਰੈਲ ਮਹੀਨੇ ਲਿਵ-ਇਨ ’ਚ ਰਹਿਣ ਵਾਲੀ ਔਰਤ ਨੂੰ ਮਾਰ ਕੇ ਉਸ ਦੀ ਲਾਸ਼ ਬੈੱਡ ’ਚ ਬੰਦ ਕਰ ਦਿੱਤੀ ਗਈ ਸੀ। ਇਹ ਜੋੜਾ ਬਿਨਾਂ ਵਿਆਹ ਤੋਂ 10 ਸਾਲਾਂ ਤੋਂ ਇਕ ਕਮਰੇ ’ਚ ਰਹਿ ਰਿਹਾ ਸੀ।
ਅੰਕੜੇ ਕੁਝ ਵੀ ਕਹਿੰਦੇ ਹੋਣ ਤੇ ਇਨ੍ਹਾਂ ਰਿਸ਼ਤਿਆਂ ਦਾ ਅੰਤ ਕਿਸੇ ਵੀ ਤਰੀਕੇ ਦਾ ਹੋਵੇ, ਸੱਭਿਅਕ ਸਮਾਜ ਅਜਿਹੇ ਰਿਸ਼ਤਿਆਂ ਨੂੰ ਆਪਣੀ ਮਾਨਤਾ ਨਹੀਂ ਦਿੰਦਾ। ਸਦੀਆਂ ਤੋਂ ਇਕ ਲੀਹ ’ਤੇ ਚੱਲਿਆ ਆ ਰਿਹਾ ਵਿਆਹਾਂ ਦਾ ਪ੍ਰਬੰਧ ਸਮਾਜਿਕ ਤਾਣੇ-ਬਾਣੇ ਅਤੇ ਰਿਸ਼ਤਿਆਂ ਦੀ ਮਰਿਆਦਾ ਨੂੰ ਇਕ ਵੱਖਰੀ ਨਜ਼ਰ ਨਾਲ ਦੇਖਦਾ ਹੈ। ਨਵੀਂ ਸੋਚ ਦੇ ਧਾਰਨੀ ਕੁਝ ਲੋਕ ਸਮਾਜ ਤੋਂ ਵੱਖਰੇ ਹੋ ਕੇ ਤੁਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ ਜਿਸ ਦੇ ਭਿਆਨਕ ਨਤੀਜੇ ਲਿਵ-ਇਨ ਰਿਲੇਸ਼ਨਸ਼ਿਪ ਕਾਰਨ ਹੋਣ ਵਾਲੇ ਅਪਰਾਧਾਂ ਦੇ ਰੂਪ ’ਚ ਸਾਹਮਣੇ ਆਉਂਦੇ ਹਨ। ਨੌਜਵਾਨ ਪੀੜ੍ਹੀ ਨੂੰ ਨੈਤਿਕਤਾ ਦਾ ਪਾਠ ਉਸ ਦੀ ਉਮਰ ਮੁਤਾਬਕ ਪੜ੍ਹਾਉਣ ਤੇ ਸਮਝਾਉਣ ਦੀ ਲੋੜ ਹੈ।
ਜਗਜੀਵਨ ਮੀਤ, ਜਲੰਧਰ।
-ਮੋਬਾਈਲ : 91157-10139