ਗਿਆਨਪੀਠ ਪੁਰਸਕਾਰ ਜੇਤੂ, ਪੰਜਾਬੀ ਦੇ ਉੱਘੇ ਨਾਵਲਕਾਰ ਗੁਰਦਿਆਲ ਸਿੰਘ ਦਾ ਜਨਮ 10 ਜਨਵਰੀ 1933 ਈ: ਨੂੰ ਪਿੰਡ ਡੇਲਿਆਂਵਾਲੀ, ਜੈਤੋ ਜ਼ਿਲ੍ਹਾ ਫਰੀਦਕੋਟ ਵਿਖੇ ਪਿਤਾ ਜਗਤ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖ ਤੋਂ ਹੋਇਆ ਸੀ। ਉਨ੍ਹਾਂ ਦੇ ਤਿੰਨ ਭਰਾ ਤੇ ਇਕ ਭੈਣ ਹਨ। ਘਰੇਲੂ ਕਾਰਨਾਂ ਕਰਕੇ ਬਚਪਨ ਵਿਚ ਸਕੂਲ ਛੱਡ ਕੇ ਅੱਠ ਸਾਲ ਤਰਖਾਣ ਦਾ ਕੰਮ ਕੀਤਾ। ਪਿਤਾ ਜਗਤ ਸਿੰਘ ਤਾਂ ਇਸ ਕਿੱਤੇ ਵਿਚ ਹੀ ਰੱਖਣਾ ਚਾਹੁੰਦੇ ਸਨ

-ਕਰਨੈਲ ਸਿੰਘ ਐੱਮਏ
ਗਿਆਨਪੀਠ ਪੁਰਸਕਾਰ ਜੇਤੂ, ਪੰਜਾਬੀ ਦੇ ਉੱਘੇ ਨਾਵਲਕਾਰ ਗੁਰਦਿਆਲ ਸਿੰਘ ਦਾ ਜਨਮ 10 ਜਨਵਰੀ 1933 ਈ: ਨੂੰ ਪਿੰਡ ਡੇਲਿਆਂਵਾਲੀ, ਜੈਤੋ ਜ਼ਿਲ੍ਹਾ ਫਰੀਦਕੋਟ ਵਿਖੇ ਪਿਤਾ ਜਗਤ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖ ਤੋਂ ਹੋਇਆ ਸੀ। ਉਨ੍ਹਾਂ ਦੇ ਤਿੰਨ ਭਰਾ ਤੇ ਇਕ ਭੈਣ ਹਨ। ਘਰੇਲੂ ਕਾਰਨਾਂ ਕਰਕੇ ਬਚਪਨ ਵਿਚ ਸਕੂਲ ਛੱਡ ਕੇ ਅੱਠ ਸਾਲ ਤਰਖਾਣ ਦਾ ਕੰਮ ਕੀਤਾ। ਪਿਤਾ ਜਗਤ ਸਿੰਘ ਤਾਂ ਇਸ ਕਿੱਤੇ ਵਿਚ ਹੀ ਰੱਖਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ। ਉਨ੍ਹਾਂ ਨੇ ਚਿੱਤਰਕਾਰੀ (ਪੇਂਟਿੰਗ) ’ਤੇ ਵੀ ਹੱਥ ਰੱਖਿਆ, ਗਾਇਕੀ ਵੀ ਸ਼ੁਰੂ ਕੀਤੀ ਅਤੇ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਕੀਰਤਨ ਵੀ ਕਰਦੇ ਰਹੇ ਪਰ ਮਨ ਨੂੰ ਸੰਤੁਸ਼ਟੀ ਨਾ ਮਿਲੀ। ਹੈੱਡਮਾਸਟਰ ਮਦਨ ਮੋਹਨ ਸ਼ਰਮਾ ਨੇ ਗੁਰਦਿਆਲ ਸਿੰਘ ਦੀ ਜ਼ਿੰਦਗੀ ਨੂੰ ਨਵੀਂ ਸੇਧ ਦਿੱਤੀ।
ਉਨ੍ਹਾਂ ਦੀ ਅਗਵਾਈ ਤੇ ਦੀਵੇ ਦੀ ਲੋਅ ’ਚ ਦਿਨ-ਰਾਤ ਸਖ਼ਤ ਮਿਹਨਤ ਨਾਲ ਪੜ੍ਹਦਿਆਂ ਗੁਰਦਿਆਲ ਸਿੰਘ ਨੇ ਦਸਵੀਂ ਪਾਸ ਕੀਤੀ। ਫਿਰ ਗਿਆਨੀ ਤੇ ਜੇਬੀਟੀ ਕਰਨ ਉਪਰੰਤ ਅਧਿਆਪਕ ਲੱਗ ਗਏ। ਉਨ੍ਹਾਂ ਦਾ ਵਿਆਹ ਬਲਵੰਤ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਇਕ ਲੜਕੇ ਦੇ ਦੋ ਲੜਕੀਆਂ ਨੇ ਜਨਮ ਲਿਆ। ਉਨ੍ਹਾਂ ਨੇ ਆਪਣੀ ਛੋਟੀ ਕਹਾਣੀ ‘ਭਾਗਾਂ ਵਾਲੇ’ ਤੋਂ ਇਕ ਕਹਾਣੀਕਾਰ ਦੇ ਤੌਰ ’ਤੇ ਸ਼ੁਰੂਆਤ ਕੀਤੀ ਜੋ 1957 ਵਿਚ ਪ੍ਰੋਫੈਸਰ ਮੋਹਨ ਸਿੰਘ ਦੇ ਰਸਾਲੇ ‘ਪੰਜ ਦਰਿਆ’ ਵਿਚ ਛਪੀ ਸੀ।
ਆਪਣੇ ਪਹਿਲੇ ਕਹਾਣੀ ਸੰਗ੍ਰਿਹ ‘ਸੱਗੀ ਫੁੱਲ’ ਨਾਲ ਉਹ ਕਹਾਣੀਕਾਰ ਤੇ ਸੱਗੀ ਫੁੱਲ ਵਾਲੇ ਗੁਰਦਿਆਲ ਸਿੰਘ ਬਣੇ। ਉਨ੍ਹਾਂ ਨੇ ਉਚੇਰੀ ਵਿੱਦਿਆ ਬੀਏ, ਐੱਮਏ ਕਰ ਕੇ ਸਰਕਾਰੀ ਨੌਕਰੀ (ਲੈਕਚਰਾਰ) ਹਾਸਲ ਕੀਤੀ। ਸੰਨ 1964 ’ਚ ਉਨ੍ਹਾਂ ਦਾ ਪਹਿਲਾ ਨਾਵਲ ‘ਮੜ੍ਹੀ ਦਾ ਦੀਵਾ’ ਪ੍ਰਕਾਸ਼ਿਤ ਹੋਇਆ। ਉਨ੍ਹਾਂ ਦੇ ਨਾਵਲ ‘ਅੱਧ ਚਾਨਣੀ ਰਾਤ’ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਨਾਵਲ ‘ਅੱਧ ਚਾਨਣੀ ਰਾਤ’ ਅਤੇ ‘ਮੜ੍ਹੀ ਦਾ ਦੀਵਾ’ ਦਾ ਸਾਰੀਆਂ ਭਾਰਤੀ ਭਾਸ਼ਾਵਾਂ ਹਿੰਦੀ, ਅੰਗਰੇਜ਼ੀ ਤੇ ਰੂਸੀ ਵਿਚ ਤਰਜਮਾ ਹੋਇਆ।
‘ਮੜ੍ਹੀ ਦਾ ਦੀਵਾ’ ਨਾਵਲ ਦੀਆਂ ਰੂਸੀ ਭਾਸ਼ਾ ਵਿਚ ਪੰਜ ਲੱਖ ਤੋਂ ਵੱਧ ਕਾਪੀਆਂ ਛਪ ਚੁੱਕੀਆਂ ਹਨ। ਇਸ ਨਾਵਲ ’ਤੇ ਜਲੰਧਰ ਦੂਰਦਰਸ਼ਨ ਤੋਂ ਲੜੀਵਾਰ ਵੀ ਦਿਖਾਇਆ ਗਿਆ। ‘ਮੜ੍ਹੀ ਦਾ ਦੀਵਾ’ (1964), ‘ਅਣਹੋਏ’ (1966), ‘ਕੁਵੇਲਾ’(1968), ‘ਅੱਧ ਚਾਨਣੀ ਰਾਤ’ (1972), ‘ਅੰਨ੍ਹੇ ਘੋੜੇ ਦੇ ਦਾਨ’ (1976), ‘ਪਰਸਾ’ (1991), ‘ਆਹਟ’ (2008), ‘ਰੇਤੇ ਦੀ ਇਕ ਮੁੱਠੀ’, ‘ਪਹੁ ਫੁਟਾਲੇ ਤੋਂ ਪਹਿਲਾਂ’ ਆਦਿ ਉਨ੍ਹਾਂ ਦੀਆਂ ਮਸ਼ਹੂਰ ਪੁਸਤਕਾਂ ਹਨ। ਇਸ ਤੋਂ ਇਲਾਵਾ ‘ਸੱਗੀ ਫੁੱਲ’, ‘ਕੁੱਤਾ ਤੇ ਆਦਮੀ’, ‘ਮਸਤੀ ਬੋਤਾ’, ‘ਚੰਦ ਦਾ ਬੂਟਾ’, ‘ਰੁੱਖੇ ਮਿਸੇ ਬੰਦੇ’, ‘ਬੇਗਾਨਾ ਪਿੰਡ’, ‘ਓਪਰਾ ਘਰ’, ‘ਕਰੀਰ ਦੀ ਢਿੰਗਰੀ’, ‘ਪੱਕਾ ਟਿਕਾਣਾ’, ‘ਮੇਲਾ ਮਣੇਸੀਆਂ’ ਤੇ ਹੋਰ ਅਨੇਕਾਂ ਕਹਾਣੀਆਂ ਪ੍ਰਮੁੱਖ ਰਸਾਲਿਆਂ ਵਿਚ ਛਪੀਆਂ। ਉਨ੍ਹਾਂ ਨੂੰ 2012 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਸੈਨੇਟ ਮੈਂਬਰ ਨਾਮਜ਼ਦ ਕੀਤਾ ਗਿਆ ਸੀ ਅਤੇ 2014 ਵਿਚ ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਡੀ.ਲਿਟ ਦੀ ਡਿਗਰੀ ਪ੍ਰਦਾਨ ਕੀਤੀ ਗਈ।
ਪ੍ਰੋ. ਗੁਰਦਿਆਲ ਸਿੰਘ ਨੇ ‘ਫਰੀਦਾ ਰਾਤੀ ਵੱਡੀਆਂ’, ‘ਨਿੱਕੀ ਮੋਟੀ ਗੱਲ’, ‘ਨਿਆਣ ਮੱਤੀਆ’ (ਆਤਮ ਕਥਾ-1), ‘ਦੂਜੀ ਦੇਹੀ’ (ਆਤਮ ਕਥਾ-2), ‘ਵਿਦਾਇਗੀ ਤੋਂ ਪਿੱਛੋਂ’, ‘ਪੰਜਾਬ ਦੇ ਮੇਲੇ ’ਤੇ’, ‘ਦੁਖੀਆ ਦਾਸ ਕਬੀਰ ਹੈ’, ‘ਸਤਜੁਗ ਦੇ ਆਉਣ’, ‘ਡਗਮਗ ਛਾਡ ਰੇ ਮਨ ਬਉਰਾ’ ਤੇ ਹੋਰ ਕਈ ਨਾਟਕ ਲਿਖੇ। ਉਨ੍ਹਾਂ ਬੱਚਿਆਂ ਲਈ ‘ਟੁੱਕ ਖੋਹ ਲਏ’, ‘ਬਾਬਾ ਖੇਮਾ’, ‘ਗੱਪੀਆਂ ਦਾ ਪਿਉ’, ‘ਮਹਾਭਾਰਤ’, ‘ਧਰਤ ਸੁਹਾਵੀ’, ‘ਤਿੰਨ ਕਦਮ’, ‘ਧਰਤੀ’, ਖੱਟੇ-ਮਿੱਠੇ ਲੋਕ, ‘ਜੀਵਨ ਦਾਸੀ’, ‘ਗੰਗਾ ਕਾਲੂ’, ‘ਕੱਤਕੀ’, ‘ਢਾਈ ਕਦਮ’ ਆਦਿ ਰਚਨਾਵਾਂ ਲਿਖੀਆਂ। ਉਨ੍ਹਾਂ ‘ਮੇਰਾ ਬਚਪਨ’ (ਗੋਰਕੀ), ‘ਭੁੱਲੇ ਵਿਸਰੇ’ (ਭਗਵਤੀਚਰਨ ਵਰਮਾ), ‘ਮ੍ਰਿਗਨੇਨੀ’ (ਵਿੰਦ੍ਰਦਾਵਨ ਲਾਲ ਵਰਮਾ), ‘ਜ਼ਿੰਦਗੀ ਨਾਮਾ’ (ਕ੍ਰਿਸ਼ਨ ਸੋਬਤੀ), ‘ਬਿਰਾਜ ਬਹੂ’ (ਸ਼ਰਤ ਚੰਦਰ) ਪੁਸਤਕਾਂ ਦਾ ਅਨੁਵਾਦ ਕੀਤਾ।
‘ਮੜ੍ਹੀ ਦਾ ਦੀਵਾ’ ਅਤੇ 'ਅੰਨ੍ਹੇ ਘੋੜੇ ਦਾ ਦਾਨ’ ਕਹਾਣੀਆਂ ’ਤੇ ਫਿਲਮਾਂ ਵੀ ਬਣ ਚੁੱਕੀਆਂ ਹਨ। ‘ਮੜ੍ਹੀ ਦਾ ਦੀਵਾ’ ਉੱਤੇ ਬਣੀ ਫਿਲਮ ਨੇ ਬੈਸਟ ਰਿਜਨਲ ਫਿਲਮ ਐਵਾਰਡ 1989 ਹਾਸਲ ਕੀਤਾ ਸੀ। ‘ਅੰਨ੍ਹੇ ਘੋੜੇ ਦਾ ਦਾਨ’ ਪਹਿਲੀ ਪੰਜਾਬੀ ਫਿਲਮ ਹੈ ਜੋ 68 ਸਾਲਾਂ ਬਾਅਦ ਵੀ ਇਟਲੀ ਦੇ ਅੰਤਰਰਾਸ਼ਟਰੀ ਮੇਲੇ ਵਿਚ ਦਿਖਾਈ ਗਈ। ਇਹ ਹੋਰ ਵੀ ਕਈ ਦੇਸ਼ਾਂ ਵਿਚ ਦਿਖਾਈ ਜਾ ਚੁੱਕੀ ਹੈ। ਉਨ੍ਹਾਂ ਨੇ ਪੰਜਾਬੀ ਵਿਚ 12 ਨਾਵਲ, 10 ਕਹਾਣੀ ਸੰਗ੍ਰਹਿ, 8 ਨਾਟਕ, ਦਰਜਨ ਦੇ ਕਰੀਬ ਬਾਲ ਸਾਹਿਤ ਦੀਆਂ ਪੁਸਤਕਾਂ, ਤਿੰਨ ਵਾਰਤਕ ਪੁਸਤਕਾਂ ਅਤੇ ਚਾਰ ਰਲੀਆਂ-ਮਿਲੀਆਂ ਕਿਰਤਾਂ ਦੀ ਰਚਨਾ ਕੀਤੀ। ਉਨ੍ਹਾਂ ਦੀਆਂ 10 ਪੁਸਤਕਾਂ ਹਿੰਦੀ ਅਤੇ 3 ਨਾਵਲ ਅੰਗਰੇਜ਼ੀ ਵਿਚ ਵੀ ਪ੍ਰਕਾਸ਼ਿਤ ਹੋਏ ਸਨ। ਇਸ ਤੋਂ ਇਲਾਵਾ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਵਿਚ 40 ਤੋਂ ਵੱਧ ਪੁਸਤਕਾਂ ਅਨੁਵਾਦ ਕਰ ਚੁੱਕੇ ਸਨ। ਉਨ੍ਹਾਂ ਦੀਆਂ ਸਾਹਿਤਕ ਰਚਨਾਵਾਂ ਵਿੱਚੋਂ ਪੰਜਾਬੀ ਸੱਭਿਆਚਾਰ ਦੇ ਹਰ ਪੱਖ ਦੀਆਂ ਝਲਕਾਂ ਮਿਲਦੀਆਂ ਹਨ। ਉਨ੍ਹਾਂ ਦੀਆਂ ਸਾਹਿਤਕ ਰਚਨਾਵਾਂ ਨਵੀਂ ਪੀੜ੍ਹੀ ਦੇ ਸਾਹਿਤਕਾਰਾਂ ਲਈ ਮਾਰਗਦਰਸ਼ਨ ਬਣਨਗੀਆਂ।
ਉਨ੍ਹਾਂ ਨੂੰ 1966, 1967, 1968 ਅਤੇ 1972 ਵਿਚ ਭਾਸ਼ਾ ਵਿਭਾਗ ਵੱਲੋਂ ਸਰਬੋਤਮ ਪੁਰਸਕਾਰ, 1975 ਵਿਚ ਨਾਨਕ ਸਿੰਘ ਨਾਵਲ ਪੁਰਸਕਾਰ, 1979 ਵਿਚ ਪੰਜਾਬੀ ਅਕਾਦਮੀ ਪੁਰਸਕਾਰ, 1986 ਵਿਚ ਸੋਵੀਅਤ ਨਹਿਰੂ ਪੁਰਸਕਾਰ, 1989 ਵਿਚ ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ, 1992 ਵਿਚ ਸ਼੍ਰੋਮਣੀ ਸਾਹਿਤਕਾਰ ਦਾ ਇਨਾਮ, 1992 ਵਿਚ ਹੀ ਭਾਈ ਵੀਰ ਸਿੰਘ ਗਲਪ ਪੁਰਸਕਾਰ (ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ), 1995 ਵਿਚ ਪਾਸ਼ ਪੁਰਸਕਾਰ, 1997 ਵਿਚ ਉੱਤਰ ਪ੍ਰਦੇਸ਼ ਹਿੰਦੀ ਸਾਹਿਤਕ ਸੰਮੇਲਨ ਸਨਮਾਨ, 1998 ਵਿਚ ਭਾਰਤ ਦੇ ਰਾਸ਼ਟਰਪਤੀ ਵੱਲੋਂ ‘ਪਦਮਸ੍ਰੀ’ ਪੁਰਸਕਾਰ, 1999 ਵਿਚ ਉਨ੍ਹਾਂ ਨੂੰ ਨਾਵਲ ‘ਪਰਸਾ’ ਲਈ ਗਿਆਨਪੀਠ ਪੁਰਸਕਾਰ ਦਿੱਤਾ ਗਿਆ। ਇਹੀ ਨਹੀਂ, ਇਸ ਸਾਹਿਤਕਾਰ ਨੂੰ ਉਨ੍ਹਾਂ ਦੀ ਸਾਹਿਤਕ ਖੇਤਰ ਵਿਚ ਸਖ਼ਤ ਘਾਲਣਾ ਕਾਰਨ ਸੰਨ 2004 ਵਿਚ ਪੰਜਾਬੀ ਸਾਹਿਤ ਸ਼੍ਰੋਮਣੀ ਐਵਾਰਡ ਵੀ ਮਿਲ ਚੁੱਕਾ ਹੈ।
ਇਨ੍ਹਾਂ ਤੋਂ ਇਲਾਵਾ ਸਕੂਲਾਂ-ਕਾਲਜਾਂ, ਸਮਾਜ-ਸੇਵੀ ਸੰਸਥਾਵਾਂ, ਸਾਹਿਤਕ ਸਭਾਵਾਂ ਵੱਲੋਂ ਵੀ ਅਨੇਕ ਮਾਣ-ਸਨਮਾਨ ਮਿਲੇ ਸਨ। ਉਹ ਅਕਾਦਮੀ ਭਾਰਤ ਦੀ ਸਾਹਿਤਕ ਜਨਰਲ ਕੌਂਸਲ ਅਤੇ ਸਲਾਹਕਾਰ ਬੋਰਡ ਦੇ ਮੈਂਬਰ ਵੀ ਰਹੇ।
ਉਨ੍ਹਾਂ ਦਾ ਨਾਂ 2015 ਵਿਚ ‘ਲਿਮਕਾ ਬੁੱਕ ਆਫ ਰਿਕਾਰਡਜ਼’ ਵਿਚ ਦਰਜ ਕੀਤਾ ਗਿਆ। ਉਨ੍ਹਾਂ ਦੇ ਪੰਜਾਬੀ ਦੇ ਕਈ ਅਖ਼ਬਾਰਾਂ ’ਚ ਅਨੇਕ ਲੇਖ ਛਪੇ। ਉਨ੍ਹਾਂ ਨੇ ਪੰਜਾਬੀ ਭਾਸ਼ਾ ਤੇ ਸਾਹਿਤ ਲਈ ਹਰ ਸਮਾਗਮ ਵਿਚ ਅਨੇਕ ਵਾਰ ਪ੍ਰਧਾਨਗੀ ਕੀਤੀ ਤੇ ਪਰਚੇ ਪੜ੍ਹੇ। ਪ੍ਰੋ. ਗੁਰਦਿਆਲ ਸਿੰਘ ਦੇ ਨਾਵਲ ‘ਪਹੁ ਫੁਟਾਲੇ ਤੋਂ ਪਹਿਲਾਂ’, ‘ਮੜ੍ਹੀ ਦਾ ਦੀਵਾ’ ਬੋਰਡ ਤੇ ਯੂਨੀਵਰਸਿਟੀਆਂ ਦੀਆਂ ਕਲਾਸਾਂ ਵਿਚ ਵੀ ਪੜ੍ਹਾਏ ਜਾ ਰਹੇ ਹਨ। ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਵੱਲੋਂ ਉਨ੍ਹਾਂ ਨੂੰ ਲਾਈਫ ਫੈਲੋਸ਼ਿਪ ਦਿੱਤੀ ਜਾ ਰਹੀ ਸੀ। ਪੰਜਾਬੀ ਸਾਹਿਤ ਦਾ ਇਹ ਅਨਮੋਲ ਹੀਰਾ 16 ਅਗਸਤ 2016 ਨੂੰ ਬਠਿੰਡਾ ਦੇ ਇਕ ਹਸਪਤਾਲ ’ਚ 83 ਸਾਲਾਂ ਦੀ ਉਮਰ ਬਤੀਤ ਕਰ ਕੇ ਅਕਾਲ ਚਲਾਣਾ ਕਰ ਗਿਆ।
-ਈਮੇਲ : karnailsinghma@gmail.com