ਬਾਇਲੀ ਮਾਨਸਿਕਤਾ ਨੇ ਸਮਾਜ ਦੀ ਮਾਨਸਿਕਤਾ ਨੂੰ ਜ਼ਖਮੀ ਕੀਤਾ ਸੀ। ਜਿਨ੍ਹਾਂ ਕੌਮਾਂ ਨੇ ਔਰਤ ਨੂੰ ਬੋਝ ਦੀ ਬਜਾਏ ਬਰਕਤ ਸਮਝਿਆ, ਉਨ੍ਹਾਂ ਨੇ ਹਰ ਮੁਸ਼ਕਲ ਮੰਜ਼ਿਲ ਨੂੰ ਸਰ ਕੀਤਾ। ਮਾਵਾਂ ਠੰਢੀਆਂ ਛਾਵਾਂ ਮੰਨੀਆਂ ਗਈਆਂ ਤਾਂ ਉਨ੍ਹਾਂ ਘਰਾਂ ਨੂੰ ਭਾਗ ਲੱਗ ਗਏ। ਜਿਸ ਘਰ ’ਚ ਧੀਆਂ ਦੇ ਚਿਹਰਿਆਂ ’ਤੇ ਖੇੜਾ ਹੋਵੇ, ਓਥੇ ਮਹਿਕਾਂ ਦਾ ਡੇਰਾ ਜ਼ਰੂਰ ਹੁੰਦਾ ਹੈ।

ਦੁਆਬੇ ਦਾ ਦਿਲ ਮੰਨੇ ਜਾਂਦੇ ਜਲੰਧਰ ਸ਼ਹਿਰ ਦੇ ਘੁੱਗ ਵਸਦੇ ਇਕ ਮੁਹੱਲੇ ਵਿਚ ਤੇਰਾਂ ਸਾਲ ਦੀ ਬੱਚੀ ਦੇ ਵਹਿਸ਼ੀਆਨਾ ਕਤਲ ਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ। ਅਫ਼ਸੋਸ! ਇਹ ਕਾਲੀ ਕਰਤੂਤ ਉਸ ਰਾਕਸ਼ਸ਼ ਨੇ ਕੀਤੀ ਜਿਸ ਦੀ ਧੀ ਨਾਲ ਬੱਚੀ ਖੇਡਣ ਲਈ ਘਰੋਂ ਨਿਕਲੀ ਸੀ। ਮੰਦੜੇ ਭਾਗੀਂ ਦਰਿੰਦਾ ਘਰ ਵਿਚ ਇਕੱਲਾ ਸੀ ਜਿਸ ਨੇ ਪੀੜਤ ਨੂੰ ਆਪਣਾ ਸ਼ਿਕਾਰ ਬਣਾ ਲਿਆ। ਇਨਸਾਨ ਦੇ ਭੇਸ ਵਿਚ ਇਸ ਨੇ ਡੈਣ ਵਾਂਗ ਸੱਤ ਘਰ ਵੀ ਨਾ ਛੱਡੇ। ਫ਼ਾਰਸੀ ਜੜ੍ਹਾਂ ਨਾਲ ਜੁੜੇ ਸ਼ਬਦ ‘ਦਰਿੰਦਾ’ ਦਾ ਅਰਥ ਚੀਰਨਾ/ਫਾੜਨਾ ਜਾਂ ਨਿਰਦਈ ਮਨੁੱਖ ਹੈ।
ਭਾਵ, ਦਰਿੰਦਾ ਉਹ ਮਾਸਾਹਾਰੀ ਜਨੌਰ ਹੁੰਦਾ ਹੈ ਜਿਸ ਦੇ ਮੂੰਹ ਨੂੰ ਖ਼ੂਨ ਲੱਗਾ ਹੁੰਦਾ ਹੈ। ਅਜਿਹੇ ਜਾਂਗਲੀ, ਜੰਗਲ ਵਿਚ ਨਹੀਂ ਰਹਿੰਦੇ ਬਲਕਿ ਜੰਗਲ ਇਨ੍ਹਾਂ ਦੇ ਦਿਲੋ-ਦਿਮਾਗ ਵਿਚ ਹੁੰਦਾ ਹੈ। ਅਜਿਹਾ ਕਾਂਡ ਮਨੁੱਖਤਾ ਵਿਚ ਵਿਸ਼ਵਾਸ ਰੱਖਣ ਵਾਲੇ ਹਰੇਕ ਸੰਵੇਦਨਸ਼ੀਲ ਵਿਅਕਤੀ ਨੂੰ ਝੰਜੋੜ ਕੇ ਰੱਖ ਦਿੰਦਾ ਹੈ। ਇਹ ਬਹਿਰੂਪੀਆ ਕੇਵਲ ਮਨੁੱਖਤਾ ਦਾ ਹੀ ਨਹੀਂ ਬਲਕਿ ਦੀਨ ਦਾ ਵੀ ਦੋਸ਼ੀ ਹੈ ਜਿਸ ਨੇ ਪੰਜ ਕਕਾਰਾਂ ਦੀ ਬੇਅਦਬੀ ਕਰਦਿਆਂ ਕੁਕਰਮ ਕੀਤਾ ਸੀ। ਸਿੱਖੀ ਸਰੂਪ ਧਾਰਨ ਕਰਨ ਤੋਂ ਪਹਿਲਾਂ ਉਹ ਹੋਰ ਧਰਮਾਂ ਦਾ ਪੈਰੋਕਾਰ ਵੀ ਸੀ। ਭੇਖ ਉਸ ਦੀ ਜੀਵਨ-ਸ਼ੈਲੀ ਸੀ।
ਸਿੱਖੀ ਸਰੂਪ ਵਿਚ ਆ ਕੇ ਵੀ ਉਹ ਸ਼ਰੇਆਮ ਸ਼ਰਾਬ ਤੇ ਕਬਾਬ ਦਾ ਸੇਵਨ ਕਰਦਾ ਸੀ। ਘਰ ਵਿਚ ਕਲ੍ਹਾ-ਕਲੇਸ਼ ਆਮ ਵਰਤਾਰਾ ਸੀ। ਕੁਕਰਮ ਤੋਂ ਬਾਅਦ ਜਦੋਂ ਇਸ ਭੇਖੀ ਦੀ ਗਿੱਦੜ-ਕੁੱਟ ਹੋਈ ਤਾਂ ਇਸ ਕਾਰੇ ਨੇ ਸਮੁੱਚੀ ਕੌਮ ਨੂੰ ਸ਼ਰਮਸਾਰ ਕਰ ਦਿੱਤਾ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਸਰਬਰਾਹ, ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਇਲਾਵਾ ਅਕਾਲੀ ਦਲ ਤੇ ਹੋਰ ਸਿਆਸੀ ਜਮਾਤਾਂ ਦੇ ਲੀਡਰਾਂ ਨੇ ਪੀੜਤ ਪਰਿਵਾਰ ਨਾਲ ਉਨ੍ਹਾਂ ਦੇ ਘਰ ਪੁੱਜ ਕੇ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਦੋਸ਼ੀ ਨੂੰ ਮਿਸਾਲੀ ਸਜ਼ਾ ਦਿਵਾਉਣ ਦੀ ਮੰਗ ਕੀਤੀ।
ਪੀੜਤ ਬੱਚੀ ਦੇ ਘਰ ਤੋਂ ਕੁਝ ਕਦਮਾਂ ’ਤੇ ਦੋਸ਼ੀ ਦਾ ਘਰ ਹੈ। ਸੀਸੀਟੀਵੀ ਕੈਮਰੇ ਨਾ ਹੁੰਦੇ ਤਾਂ ਦੋਸ਼ੀ ਨੇ ਲਾਸ਼ ਨੂੰ ਖੁਰਦ-ਬੁਰਦ ਕਰ ਦੇਣਾ ਸੀ। ਸੀਸੀਟੀਵੀ ਕੈਮਰੇ ਵਿਚ ਬੱਚੀ ਚਾਈਂ-ਚਾਈਂ ਆਪਣੀ ਸਹੇਲੀ ਦੇ ਘਰ ਵੱਲ ਨੂੰ ਦੌੜੀ ਜਾਂਦੀ ਦਿਖਾਈ ਦਿੰਦੀ ਹੈ। ਸਹੇਲੀ ਦਾ ਬਾਪ ਉਸ ਨੂੰ ਅੰਦਰ ਬੁਲਾ ਕੇ ਅੰਦਰੋਂ ਕੁੰਡੀ ਲਗਾ ਲੈਂਦਾ ਹੈ। ਬੱਚੀ ਦੇ ਘਰ ਦੇ ਜਦੋਂ ਲੱਭਦੇ-ਲੁਭਾਉਂਦੇ ਉਸ ਦੀ ਸਹੇਲੀ ਦੇ ਘਰ ਪੁੱਜਦੇ ਹਨ ਤਾਂ ਉਸ ਦਾ ਰਾਕਸ਼ਸ਼ ਪਿਤਾ ਮੁੱਕਰ ਜਾਂਦਾ ਹੈ ਕਿ ਉਹ ਉਸ ਦੇ ਘਰ ਆਈ ਸੀ। ਚਿੱਟੇ ਦਿਨ ਕਾਲੀ ਕਰਤੂਤ ਦਾ ਉਦੋਂ ਪਤਾ ਲੱਗਾ ਜਦੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਗਈ।
ਇਸ ਨੇ ਪੁਲਿਸ ਦੀ ਨਾਲਾਇਕੀ ਨੂੰ ਵੀ ਜੱਗ ਜ਼ਾਹਰ ਕੀਤਾ ਜਿਸ ਕਾਰਨ ਏਐੱਸਆਈ ਤੇ ਪੀਸੀਆਰ ਦੇ ਮੁਲਾਜ਼ਮ ਨੂੰ ਕ੍ਰਮਵਾਰ ਬਰਖ਼ਾਸਤ ਤੇ ਮੁਅੱਤਲ ਕੀਤਾ ਗਿਆ ਹੈ। ਇਸ ਘਿਨੌਣੀ ਵਾਰਦਾਤ ਦਾ ਪੰਜਾਬ ਵਰਗੇ ਸੂਬੇ ਵਿਚ ਵਾਪਰਨਾ ਹੋਰ ਵੀ ਚਿੰਤਾ ਤੇ ਚਿੰਤਨ ਦਾ ਵਿਸ਼ਾ ਹੈ ਕਿਉਂਕਿ ਔਰਤ ਜਾਤ ਦੇ ਹੱਕ-ਹਕੂਕ ਸੁਰੱਖਿਅਤ ਰੱਖਣ ਲਈ ਸਭ ਤੋਂ ਵੱਧ ਬੁਲੰਦ ਆਵਾਜ਼ ਇਸ ਖਿੱਤੇ ’ਚੋਂ ਹੀ ਚੁੱਕੀ ਜਾਂਦੀ ਰਹੀ ਹੈ। ਜਿਸ ਵੇਲੇ ਔਰਤ ਜਾਤ ’ਤੇ ਅਕਹਿ ਤੇ ਅਸਹਿ ਜ਼ੁਲਮ ਹੁੰਦੇ ਸਨ, ਉਦੋਂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’’ ਸ਼ਲੋਕ ਰਾਹੀਂ ਮਨੁੱਖ ਦੀ ਜ਼ਮੀਰ ਨੂੰ ਝੰਜੋੜਿਆ ਸੀ। ਮਹਾਵਾਕ ਅਨੁਸਾਰ ਔਰਤ ਜਗਤ-ਜਣਨੀ ਹੈ। ਉਸ ਨੇ ਰਾਜੇ-ਰਾਣਿਆਂ ਤੱਕ ਨੂੰ ਜਨਮ ਦਿੱਤਾ ਹੈ।
ਇਕ ਸੱਚਾ ਰੱਬ ਹੀ ਹੈ ਜੋ ਉਸ ਦੇ ਉਦਰ ’ਚੋਂ ਪੈਦਾ ਨਹੀਂ ਹੋਇਆ। ਸੋਲਵੀਂ ਸਦੀ ਵਿਚ ਪੰਜਾਬ ਦਾ ਲੋਕ-ਨਾਇਕ ਅਬਦੁੱਲਾ ਖ਼ਾਨ ਭੱਟੀ (ਦੁੱਲਾ ਭੱਟੀ) ਔਰਤ ਦੇ ਮਨੁੱਖੀ ਅਧਿਕਾਰਾਂ ਨੂੰ ਅਮਲੀ ਜਾਮਾ ਪਹਿਨਾਉਂਦਾ ਹੈ। ਜ਼ੁਲਮ ਖ਼ਿਲਾਫ਼ ਲੜਨ ਵਾਲੀ ਭੱਟੀ ਖ਼ਾਨ ਦੀ ਉਹ ਤੀਜੀ ਪੀੜ੍ਹੀ ਦਾ ਨਾਇਕ ਸੀ ਜੋ ਅੱਜ ਵੀ ਲੋਕ-ਮਨਾਂ ’ਤੇ ਰਾਜ ਕਰਦਾ ਹੈ। ਧੀਆਂ ਦੀ ਲਾਜ ਦਾ ਰਾਖਾ ਬਣਨ ਕਰ ਕੇ ਉਸ ਦਾ ਨਾਂ ਅੱਜ ਵੀ ਸਤਿਕਾਰ ਨਾਲ ਲਿਆ ਜਾਂਦਾ ਹੈ। ‘ਸੁੰਦਰ ਮੁੰਦਰੀਏ, ਤੇਰਾ ਕੌਣ ਵਿਚਾਰਾ/ਦੁੱਲਾ ਭੱਟੀ ਵਾਲਾ, ਹੋ/ਦੁੱਲੇ ਧੀ ਵਿਆਹੀ...’ ਵਰਗੇ ਲੋਕ ਗੀਤਾਂ ਨੇ ਉਸ ਨੂੰ ਅਮਰ ਕਰ ਦਿੱਤਾ ਹੈ। ਅਗਲੀ ਸਦੀ ’ਚ ਜੱਸਾ ਸਿੰਘ ਆਹਲੂਵਾਲੀਆ ਵਰਗੇ ਸੂਰਬੀਰ ਜਰਨੈਲ ਨੇ ਮੁਗ਼ਲ ਸੈਨਾਵਾਂ ਵੱਲੋਂ ਅਗਵਾ ਕੀਤੀਆਂ ਗਈਆਂ ਕੁੜੀਆਂ ਨੂੰ ਛੁਡਵਾ ਕੇ ਬੰਦੀ ਛੋੜ ਦਾ ਲਕਬ ਹਾਸਲ ਕੀਤਾ। ਛੋਟੀਆਂ ਬੱਚੀਆਂ ਨੂੰ ਕੰਜਕਾਂ ਤੇ ਦੇਵੀਆਂ ਵਾਂਗ ਪੂਜਣ ਵਾਲੇ ਖਿੱਤੇ ਵਿਚ ਜਲੰਧਰ ਵਰਗੀ ਵਹਿਸ਼ੀਆਨਾ ਵਾਰਦਾਤ ਵਾਪਰਨ ਬਾਰੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਸੋਲਾਂ ਦਸੰਬਰ 2012 ਨੂੰ ਜਦੋਂ ਰਾਜਧਾਨੀ ਦਿੱਲੀ ’ਚ ਨਿਰਭੈਆ ਕਾਂਡ ਵਾਪਰਿਆ ਸੀ ਤਾਂ ਹੱਥਾਂ ਵਿਚ ਬਲਦੀਆਂ ਮੋਮਬੱਤੀਆਂ ਲੈ ਕੇ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਦਾ ਸੈਲਾਬ ਆ ਗਿਆ ਸੀ। ਸਭ ਤੋਂ ਵੱਧ ਮੋਮ ਪੰਜਾਬ ਵਿਚ ਪਿਘਲੀ ਸੀ। ਨਿਰਭੈਆ ਨਾਲ ਹੋਈ ਦਰਿੰਦਗੀ ਤੋਂ ਬਾਅਦ ਉਸ ਨੇ 20 ਮਾਰਚ 2012 ਨੂੰ ਸਿੰਗਾਪੁਰ ਦੇ ਹਸਪਤਾਲ ਵਿਚ ਆਖ਼ਰੀ ਸਾਹ ਲਿਆ ਸੀ। ਇਹ ਵਾਰਦਾਤ ਰਾਤ ਵੇਲੇ ਇਕ ਪ੍ਰਾਈਵੇਟ ਬੱਸ ਵਿਚ ਵਾਪਰੀ ਸੀ। ਇਸ ਕੇਸ ਵਿਚ ਚਾਰ ਨੂੰ ਫਾਂਸੀ ਹੋਈ, ਇਕ ਨੇ ਜੇਲ੍ਹ ਵਿਚ ਆਤਮਹੱਤਿਆ ਕਰ ਲਈ ਤੇ ਛੇਵੇਂ ਦੋਸ਼ੀ ਨੂੰ ਨਾਬਾਲਗ ਹੋਣ ਕਾਰਨ ਕੇਵਲ ਤਿੰਨ ਸਾਲ ਦੀ ਸਜ਼ਾ ਹੋਈ ਸੀ। ਇਸ ਦੇ ਵਿਪਰੀਤ ਜਲੰਧਰ ਵਾਲੀ ਸ਼ਰਮਨਾਕ ਘਟਨਾ ਤਾਂ ਚਿੱਟੇ ਦਿਨ ਵਾਪਰੀ ਸੀ।
ਉਹ ਵੀ ਪੀੜਤ ਦੇ ਘਰ ਤੋਂ ਚੰਦ ਕਦਮਾਂ ਦੀ ਦੂਰੀ ’ਤੇ। ਨਿਰਭੈਆ ਕਾਂਡ ਤੋਂ ਬਾਅਦ ਕਾਨੂੰਨ ਵਿਚ ਸੋਧਾਂ ਕਰ ਕੇ ਸਜ਼ਾਵਾਂ ਨੂੰ ਹੋਰ ਸਖ਼ਤ ਬਣਾਇਆ ਗਿਆ ਸੀ। ਕਾਨੂੰਨ ਬਦਲੇ ਗਏ ਫਿਰ ਵੀ ਅਪਰਾਧੀਆਂ ਦੀ ਮਾਨਸਿਕਤਾ ਨਹੀਂ ਬਦਲੀ। ਘਿਨੌਣੇ ਅਪਰਾਧਾਂ ਨੂੰ ਠੱਲ੍ਹ ਪਾਉਣ ਲਈ ਸਮਾਜ ਦੀ ਵੱਡੀ ਭੂਮਿਕਾ ਹੁੰਦੀ ਹੈ। ਜਗਤ-ਜਣਨੀ ਤੋਂ ਬਿਨਾਂ ਮਨੁੱਖਤਾ ਦੀ ਹੋਂਦ ਸੰਭਵ ਨਹੀਂ ਹੈ। ਇਸ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ। ਜ਼ਾਲਮਾਂ ਦੀ ਆਤਮਾ ਨੂੰ ਝੰਜੋੜਨ ਲਈ ਥਾਂ-ਥਾਂ ਗੋਸ਼ਠੀਆਂ ਦਾ ਆਯੋਜਨ ਕਰਨ ਦੀ ਜ਼ਰੂਰਤ ਹੈ। ਇੰਟਰਨੈੱਟ ਦੇ ਯੁੱਗ ’ਚ ਅਜਿਹੇ ਹੰਭਲਿਆਂ ਦੀ ਹੋਰ ਵੀ ਲੋੜ ਹੈ। ਨੈੱਟ ’ਤੇ ਪਰੋਸੀਆਂ ਜਾ ਰਹੀਆਂ ਫ਼ਾਹਸ਼ ਪੋਸਟਾਂ ਮਾਨਸਿਕਤਾ ਨੂੰ ਪ੍ਰਦੂਸ਼ਤ ਕਰ ਰਹੀਆਂ ਹਨ। ‘ਕੁੜੀਆਂ ਕਿਸਮਤ ਥੁੜ੍ਹੀਆਂ’ ਨਹੀਂ ਹਨ। ਉਹ ਕਿਹੜਾ ਖੇਤਰ ਹੈ ਜਿੱਥੇ ਧੀਆਂ ਨੇ ਮੱਲਾਂ ਨਹੀਂ ਮਾਰੀਆਂ। ਕੁੜੀਆਂ ਨੂੰ ਧੀਆਂ, ਭੈਣਾਂ, ਮਾਵਾਂ ਤੇ ਦੇਵੀਆਂ ਦੇ ਰੂਪ ਵਿਚ ਵੇਖਣਾ ਸੱਭਿਅਕ ਮਨੁੱਖ ਦੀ ਨਿਸ਼ਾਨੀ ਹੁੰਦੀ ਹੈ। ਸ਼ਿਵ ਕੁਮਾਰ ਬਟਾਲਵੀ ਨਾਰੀ ਨੂੰ ਧਰਤੀ ਦੀ ਕਵਿਤਾ ਕਹਿੰਦਾ ਹੈ।
ਇਨ੍ਹਾਂ ਨਾਲ ਜੁੜੇ ਅਲੰਕਾਰ ਇਤਰਾਂ ਦੇ ਬੁੱਲੇ ਵਾਂਗ ਹੁੰਦੇ ਹਨ। ਇਨ੍ਹਾਂ ਦੀ ਸੋਚ ਨੂੰ ਜ਼ੰਜੀਰਾਂ ਪਾਉਣ ਵਾਲਾ ਸਮਾਜ ਰਸਾਤਲ ਵੱਲ ਜਾਂਦਾ ਹੈ। ਪੱਛਮ ਨੇ ਔਰਤਾਂ ਨੂੰ ਘਰਾਂ ਦੀ ਚਾਰਦੀਵਾਰੀ ਦੇ ਪਿੰਜਰਿਆਂ ਤੋਂ ਆਜ਼ਾਦ ਕੀਤਾ ਤਾਂ ਇਸ ਨੇ ਬਹੁ-ਪੱਖੀ ਵਿਕਾਸ ਕੀਤਾ ਸੀ। ਪਿੰਜਰਾ ਸੋਨੇ ਦਾ ਵੀ ਹੋਵੇ, ਇਸ ਵਿਚ ਕੈਦ ਹੋਇਆ ਪੰਛੀ ਕੋਈ ਗੀਤ ਨਹੀਂ ਗਾ ਸਕਦਾ। ਪੰਛੀ ਦੇ ਪੌਂਚੇ ’ਚ ਪੱਥਰ-ਗੀਟੀਆਂ ਦੀਆਂ ਝਾਂਜਰਾਂ ਪਾ ਦਿੱਤੀਆਂ ਜਾਣ ਤਾਂ ਉਹ ਭਲਾ ਕਿੰਨੀ ਕੁ ਪਰਵਾਜ਼ ਭਰ ਸਕੇਗਾ? ਜੇ ਔਰਤ ਖ਼ੁਸ਼ ਹੈ ਤਾਂ ਉਸ ਘਰ ਦੀ ਤਸਵੀਰ ਤੇ ਤਕਦੀਰ ਬਦਲ ਜਾਂਦੀ ਹੈ।
ਕਬਾਇਲੀ ਮਾਨਸਿਕਤਾ ਨੇ ਸਮਾਜ ਦੀ ਮਾਨਸਿਕਤਾ ਨੂੰ ਜ਼ਖਮੀ ਕੀਤਾ ਸੀ। ਜਿਨ੍ਹਾਂ ਕੌਮਾਂ ਨੇ ਔਰਤ ਨੂੰ ਬੋਝ ਦੀ ਬਜਾਏ ਬਰਕਤ ਸਮਝਿਆ, ਉਨ੍ਹਾਂ ਨੇ ਹਰ ਮੁਸ਼ਕਲ ਮੰਜ਼ਿਲ ਨੂੰ ਸਰ ਕੀਤਾ। ਮਾਵਾਂ ਠੰਢੀਆਂ ਛਾਵਾਂ ਮੰਨੀਆਂ ਗਈਆਂ ਤਾਂ ਉਨ੍ਹਾਂ ਘਰਾਂ ਨੂੰ ਭਾਗ ਲੱਗ ਗਏ। ਜਿਸ ਘਰ ’ਚ ਧੀਆਂ ਦੇ ਚਿਹਰਿਆਂ ’ਤੇ ਖੇੜਾ ਹੋਵੇ, ਓਥੇ ਮਹਿਕਾਂ ਦਾ ਡੇਰਾ ਜ਼ਰੂਰ ਹੁੰਦਾ ਹੈ। ਤ੍ਰੈਲੋਚਨ ਲੋਚੀ ਦੇ ਬੋਲ ਯਾਦ ਆਉਂਦੇ ਹਨ, ‘‘ਜ਼ਾਲਮ ਕਹਿਣ ਬਲਾਵਾਂ ਹੁੰਦੀਆਂ/ਕੁੜੀਆਂ ਤੇ ਕਵਿਤਾਵਾਂ ਹੁੰਦੀਆਂ।’’ ਮਹਾ-ਕਾਵਿ ‘ਲੂਣਾ’ ਵਿਚ ਸ਼ਿਵ ਕਹਿੰਦਾ ਹੈ, ‘‘ਧਰਤੀ ’ਤੇ ਜੋ ਕੁਝ ਸੋਹਣਾ ਹੈ/ਉਸ ਦੇ ਪਿੱਛੇ ਨਾਰ ਅਵੱਸ਼ ਹੈ।’’ ਵਿਡੰਬਣਾ ਇਹ ਹੈ ਕਿ ਇੱਕੀਵੀਂ ਸਦੀ ’ਚ ਵੀ ਅਣਗਿਣਤ ਬੱਚੀਆਂ ਕੁੱਖ ’ਚ ਮਰਦੀਆਂ ਹਨ।
ਕਈ ਜਿਉਂਦੀਆਂ ਮਰਦੀਆਂ ਹਨ। ਕਈਆਂ ਨੂੰ ਫੋਕੀ ਅਣਖ ਕਾਰਨ ਮਾਰ ਦਿੱਤਾ ਜਾਂਦਾ ਹੈ। ਸਿੱਖ ਧਰਮ ’ਚ ‘ਕੁੜੀਮਾਰ’ ਤੇ ‘ਨੜੀ ਮਾਰ’ ਨੂੰ ਪੰਥ ’ਚੋਂ ਛੇਕਿਆ ਮੰਨਿਆ ਜਾਂਦਾ ਹੈ। ਉਨ੍ਹਾਂ ਖ਼ਿਲਾਫ਼ ਹੁਕਮਨਾਮਾ ਜਾਰੀ ਕਰਨ ਦੀ ਵੀ ਲੋੜ ਨਹੀਂ ਸਮਝੀ ਜਾਂਦੀ। ਇਸ ਦੇ ਬਾਵਜੂਦ ਬੱਚੀਆਂ ਬਾਰੇ ਸੋਚ ਨਹੀਂ ਬਦਲੀ ਹੈ। ਕੁੜੀ ਮਗਰੋਂ ਮੁੰਡਾ ਜੰਮ ਪਵੇ ਤਾਂ ਪਰਿਵਾਰ ਸੰਪੂਰਨ ਸਮਝਿਆ ਜਾਂਦਾ ਹੈ। ‘ਧੀਆਂ ਦੀ ਲੋਹੜੀ’ ਮਨਾਉਣ ਵਰਗੇ ਉਪਰਾਲਿਆਂ ਨੇ ਮਾਨਸਿਕਤਾ ਨੂੰ ਬਦਲਣ ਲਈ ਕੁਝ ਹੱਦ ਤੱਕ ਨੇਕ ਕਾਰਜ ਕੀਤਾ ਹੈ। ਫਿਰ ਵੀ ‘ਇਕ ਵੀਰ ਦੇਵੀਂ ਵੇ ਰੱਬਾ, ਸਹੁੰ ਖਾਣ ਨੂੰ ਬੜਾ ਚਿੱਤ ਕਰਦਾ’ ਜਾਂ ‘ਪੁੱਤਰ ਮਿੱਠੜੇ ਮੇਵੇ, ਅੱਲਾ ਸਭ ਨੂੰ ਦੇਵੇ’ ਵਰਗੇ ਲੋਕ ਗੀਤ ਲੋਕ ਮਾਨਸਿਕਤਾ ਨੂੰ ਪ੍ਰਭਾਵਿਤ ਕਰਦੇ ਹਨ। ਅਜਿਹਾ ਨਾ ਹੁੰਦਾ ਤਾਂ ਭਰੂਣ-ਹੱਤਿਆਵਾਂ ਵਰਗੇ ਅਪਰਾਧਾਂ ਨੂੰ ਪੂਰੀ ਤਰ੍ਹਾਂ ਠੱਲ੍ਹ ਪੈ ਜਾਂਦੀ।
ਵਰਿੰਦਰ ਸਿੰਘ ਵਾਲੀਆ
ਸੰਪਾਦਕ