ਅਵਤਾਰ ਸਿੰਘ ਸੰਧੂ (ਪਾਸ਼) ਦਾ ਜਨਮ 9 ਸਤੰਬਰ 1950 ਨੂੰ ਸੋਹਣ ਸਿੰਘ ਸੰਧੂ ਦੇ ਘਰ ਇਕ ਸਾਧਾਰਨ ਪਰਿਵਾਰ ’ਚ ਹੋਇਆ ਸੀ। ਉਸ ਦੇ ਪਿਤਾ ਜੀ ਫ਼ੌਜੀ ਸਨ। ਪਾਸ਼ ਦਾ ਵਿਆਹ ਰਾਜਵਿੰਦਰ ਕੌਰ ਨਾਮਕ ਕੁੜੀ ਨਾਲ ਹੋਇਆ ਸੀ। ਉਨ੍ਹਾਂ ਦੇ ਘਰ ਇਕ ਧੀ ਨੇ ਜਨਮ ਲਿਆ ਸੀ।

ਅਵਤਾਰ ਸਿੰਘ ਸੰਧੂ (ਪਾਸ਼) ਦਾ ਜਨਮ 9 ਸਤੰਬਰ 1950 ਨੂੰ ਸੋਹਣ ਸਿੰਘ ਸੰਧੂ ਦੇ ਘਰ ਇਕ ਸਾਧਾਰਨ ਪਰਿਵਾਰ ’ਚ ਹੋਇਆ ਸੀ। ਉਸ ਦੇ ਪਿਤਾ ਜੀ ਫ਼ੌਜੀ ਸਨ। ਪਾਸ਼ ਦਾ ਵਿਆਹ ਰਾਜਵਿੰਦਰ ਕੌਰ ਨਾਮਕ ਕੁੜੀ ਨਾਲ ਹੋਇਆ ਸੀ। ਉਨ੍ਹਾਂ ਦੇ ਘਰ ਇਕ ਧੀ ਨੇ ਜਨਮ ਲਿਆ ਸੀ। ਸਵਾਲ ਇਹ ਉੱਠਦਾ ਹੈ ਕਿ ਉਹ ਇਕ ਆਮ ਇਨਸਾਨ ਤੋਂ ਇਕ ਇਨਕਲਾਬੀ ਤੇ ਕ੍ਰਾਂਤੀਕਾਰੀ ਕਵੀ ਕਿਵੇਂ ਬਣਿਆ? ਪੰਜਾਬ ਨੇ 1980 ਤੇ 1990 ਦੇ ਦਹਾਕੇ ਵਿਚ ਕਾਫ਼ੀ ਕਾਲਾ ਦੌਰ ਵੇਖਿਆ ਜਿਸ ਦੌਰਾਨ ਬਹੁਤ ਸਾਰੀਆਂ ਮਾਵਾਂ ਦੇ ਪੁੱਤ ਉਨ੍ਹਾਂ ਤੋਂ ਦੂਰ ਚਲੇ ਗਏ। ਪੰਜਾਬ ਵਿਚ ਛਾਏ ਇਸ ਅੱਤਿਆਚਾਰ ਦੇ ਦੌਰ ਨੇ ਪਾਸ਼ ਨੂੰ ਅੰਦਰੋ-ਅੰਦਰੀ ਇੰਨਾ ਝੰਜੋੜ ਦਿੱਤਾ ਕਿ ਉਸ ਨੇ ਅਜਿਹੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਜੋ ਆਤਮਰੱਖਿਆ ਲਈ ਲੋਕਾਂ ਨੂੰ ਅੰਦਰੋਂ ਮਜ਼ਬੂਤ ਕਰਨ। ਪਾਸ਼ ਉਨ੍ਹਾਂ ਲੋਕਾਂ ਤੋਂ ਖ਼ਾਸ ਤੌਰ ’ਤੇ ਨਾਰਾਜ਼ ਸੀ ਜੋ ਇਸ ਮਾੜੇ ਸਿਸਟਮ ਖ਼ਿਲਾਫ਼ ਲੜਦੇ ਨਹੀਂ ਸਨ ਬਲਕਿ ਚੁੱਪਚਾਪ ਜ਼ੁਲਮਾਂ ਨੂੰ ਸਹਿ ਰਹੇ ਸਨ। ਉਨ੍ਹਾਂ ਨੂੰ ਜਗਾਉਣ ਲਈ ਪਾਸ਼ ਨੇ ਕਲਮ ਨੂੰ ਆਪਣਾ ਸਹਾਰਾ ਬਣਾਇਆ। ਪਾਸ਼ ਨੇ ਆਪਣੀਆਂ ਕਵਿਤਾਵਾਂ ਰਾਹੀਂ ਪੰਜਾਬੀ ਦੇ ਹਰ ਰੰਗ ਨੂੰ ਪੇਸ਼ ਕੀਤਾ। ਫਿਰ ਚਾਹੇ ਉਹ ਪਿਆਰ ਦਾ ਰੰਗ ਹੋਵੇ ਜਾਂ ਰਿਸ਼ਤਿਆਂ ਦਾ। ਬਹੁਤ ਘੱਟ ਲੋਕ ਜਾਣਦੇ ਹਨ ਕਿ 1967 ਵਿਚ ਪਾਸ਼ ਬੀਐੱਸਐੱਫ ’ਚ ਭਰਤੀ ਹੋ ਗਿਆ ਸੀ ਪਰ ਬਾਅਦ ਵਿਚ ਉਸ ਨੇ ਇਹ ਨੌਕਰੀ ਛੱਡ ਦਿੱਤੀ। ਇਸ ਤੋਂ ਇਲਾਵਾ ਕ੍ਰਾਂਤੀਕਾਰੀ ਅੰਦੋਲਨਾਂ ਕਾਰਨ ਪਾਸ਼ ਨੂੰ ਕਈ ਵਾਰ ਜੇਲ੍ਹ ਵੀ ਭੇਜ ਦਿੱਤਾ ਗਿਆ ਪਰ ਅਦਾਲਤ ਨੇ ਕੋਈ ਵੀ ਸਬੂਤ ਨਾ ਮਿਲਣ ’ਤੇ ਹਰ ਵਾਰ ਉਸ ਨੂੰ ਬਾਇੱਜ਼ਤ ਬਰੀ ਕਰ ਦਿੱਤਾ। ਪਾਸ਼ ਦੀ ਸ਼ਹਾਦਤ ਤੋਂ ਪਹਿਲਾਂ ਉਸ ਦਾ ਹਿੰਦੀ ਕਾਵਿ ਸੰਗ੍ਰਹਿ ਵੀ ਪ੍ਰਕਾਸ਼ਿਤ ਕੀਤਾ ਗਿਆ। ਸੰਨ 1984 ਤੋਂ ਬਾਅਦ ਪੰਜਾਬ ਦਾ ਮਾਹੌਲ ਲਗਾਤਾਰ ਖ਼ਰਾਬ ਹੁੰਦਾ ਗਿਆ ਪਰ ਪਾਸ਼ ਦੀ ਕਲਮ ਇਨਕਲਾਬੀ ਸ਼ਬਦ ਲਿਖਣ ’ਚ ਲੱਗੀ ਰਹੀ। ਉਸ ਦੀਆਂ ਕਵਿਤਾਵਾਂ ਵਿਚ ਇਕ ਇਨਕਲਾਬੀ ਜੋਸ਼ ਸੀ। ਉਸ ਨੇ 1987 ’ਚ ਕਵਿਤਾ ਲਿਖੀ ‘ਸਭ ਤੋਂ ਖ਼ਤਰਨਾਕ’ ਜੋ ਕੁਝ ਇਸ ਪ੍ਰਕਾਰ ਸੀ “ਨਾ ਹੋਣਾ ਤੜਪ ਦਾ, ਸਭ ਕੁਝ ਸਹਿਣ ਕਰ ਜਾਣਾ। ਘਰ ਤੋਂ ਨਿਕਲਣਾ ਕੰਮ ਤੇ, ਤੇ ਕੰਮ ਤੋਂ ਵਾਪਸ ਘਰ ਜਾਣਾ। ਸਭ ਤੋਂ ਖ਼ਤਰਨਾਕ ਹੁੰਦਾ ਹੈ, ਸਾਡੇ ਸੁਪਨਿਆਂ ਦਾ ਮਰ ਜਾਣਾ।’’ ਇਹ ਕਵਿਤਾ ਉਸ ਵਕਤ ਬੇਹੱਦ ਮਕਬੂਲ ਹੋਈ ਸੀ। ਪਾਸ਼ ਦੀ ਕਲਮ ਆਜ਼ਾਦ ਸੀ ਅਤੇ ਆਜ਼ਾਦ ਹੀ ਇਸ ਦੁਨੀਆ ਤੋਂ ਚਲੀ ਗਈ। ਪਾਸ਼ ਦੀਆਂ ਲਿਖਤਾਂ ਜਿੱਥੇ ਇਕ ਪਾਸੇ ਨੌਜਵਾਨਾਂ ਨੂੰ ਨਵੀਂ ਸੇਧ ਦੇ ਰਹੀਆਂ ਸਨ, ਦੂਜੇ ਪਾਸੇ ਕੁਝ ਲੋਕਾਂ ਅਤੇ ਸਰਕਾਰ ਨੂੰ ਇਹ ਲਿਖਤਾਂ ਕਾਫ਼ੀ ਚੁਭ ਵੀ ਰਹੀਆਂ ਸਨ। ਇਸੇ ਲਈ 23 ਮਾਰਚ 1988 ਨੂੰ ਪਾਸ਼ ਤੇ ਉਸ ਦੇ ਦੋਸਤ ਹੰਸਰਾਜ ਨੂੰ ਉਨ੍ਹਾਂ ਦੇ ਪਿੰਡ ’ਚ ਜਾ ਕੇ ਕੁਝ ਅਨਸਰਾਂ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪਾਸ਼ ਦੀਆਂ ਕਵਿਤਾਵਾਂ ਨੇ ਅਕਸਰ ਸਮਾਜਿਕ ਕੁਰੀਤੀਆਂ ਦਾ ਖੰਡਨ ਕੀਤਾ ਸੀ ਤੇ ਨੌਜਵਾਨਾਂ ਅੰਦਰ ਇਨਕਲਾਬ ਦਾ ਜੋਸ਼ ਜਗਾਉਣ ਦਾ ਕੰਮ ਕੀਤਾ ਸੀ।
-ਵਿਵੇਕ ਰਾਜ।
ਸੰਪਰਕ : 98778-69909