ਭਾਰਤ ’ਚ ਨਾ ਤਾਂ ਆਗੂ ਇਹ ਕਰਨ ਲਈ ਤਿਆਰ ਹਨ ਤੇ ਨਾ ਹੀ ਉਦਯੋਗਪਤੀ। ਉਦਯੋਗਪਤੀ ਨਵੀਆਂ ਤਕਨੀਕਾਂ ਦੇ ਵਿਕਾਸ ਦੀ ਥਾਂ ਚੀਜ਼ਾਂ ਤੇ ਆਮ ਜਨਤਾ ਨੂੰ ਸੇਵਾਵਾਂ ਦੇ ਕੇ ਲਾਭ ਕਮਾਉਣ ’ਚ ਰੁੱਝੇ ਹਨ। ਜਦ ਚੀਨ ਵਰਗੇ ਦੇਸ਼ ਕਿਸੇ ਤਕਨੀਕ ’ਚ ਦਬਦਬਾ ਬਣਾ ਲੈਂਦੇ ਹਨ ਤਾਂ ਉਸ ਦੇ 10-20 ਸਾਲ ਬਾਅਦ ਯਾਦ ਆਉਂਦਾ ਹੈ ਕਿ ਸਾਨੂੰ ਵੀ ਅਜਿਹਾ ਕਰਨਾ ਚਾਹੀਦਾ ਹੈ।

ਬੀਤੇ ਦਿਨੀਂ ਜਦ ਦੱਖਣੀ ਕੋਰੀਆ ਦੇ ਬੁਸਾਨ ’ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ ਸੀ ਤਾਂ ਉਨ੍ਹਾਂ ਨੇ ਇਸ ਭੇਟ ਨੂੰ ਜੀ-2 ਦਾ ਨਾਂ ਦਿੱਤਾ ਸੀ। ਭਾਵ ਉਨ੍ਹਾਂ ਨੇ ਇਕ ਤਰ੍ਹਾਂ ਮੰਨ ਲਿਆ ਕਿ ਅਮਰੀਕਾ ਤੋਂ ਬਾਅਦ ਚੀਨ ਦੂਜੀ ਵਿਸ਼ਵ ਮਹਾਸ਼ਕਤੀ ਬਣ ਚੁੱਕਾ ਹੈ, ਜਿਸ ਨੂੰ ਰੋਕਣਾ ਹੁਣ ਉਸ ਦੇ ਵੱਸ ਦੀ ਗੱਲ ਨਹੀਂ ਹੈ ਤੇ ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਇਕ ਧਰੁਵੀ ਵਿਸ਼ਵ ਹੁਣ ਮੁੜ ਤੋਂ ਦੋ-ਧਰੁਵੀ ਹੈ। ਆਪਣੇ ਪਹਿਲੇ ਕਾਰਜਕਾਲ ’ਚ ਟਰੰਪ ਚੀਨ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਕਰਦੇ ਸਨ, ਪਰ ਹੁਣ ਉਨ੍ਹਾਂ ਦੇ ਸੁਰ ਪੂਰੀ ਤਰ੍ਹਾਂ ਬਦਲ ਚੁੱਕੇ ਹਨ। ਵੈਸੇ ਟਰੰਪ ਇਸ ਗੱਲਬਾਤ ਤੋਂ ਪਹਿਲਾਂ ਹੀ ਚੀਨੀ ਉਤਪਾਦਾਂ ’ਤੇ 100 ਫ਼ੀਸਦੀ ਟੈਰਿਫ ਲਾਉਣ ਦੀ ਯੋਜਨਾ ਨੂੰ ਇਕ ਸਾਲ ਲਈ ਮੁਲਤਵੀ ਕਰ ਚੁੱਕੇ ਸਨ।
ਫ਼ਿਲਹਾਲ ਚੀਨੀ ਉਤਪਾਦਾਂ ’ਤੇ ਅਮਰੀਕਾ 47 ਫ਼ੀਸਦੀ ਦਾ ਹੀ ਟੈਰਿਫ ਲਾ ਰਿਹਾ ਹੈ। ਭਾਰਤ ਜਿਸ ਨਾਲ ਰਣਨੀਤਕ ਭਾਈਵਾਲੀ ਨੂੰ ਅਮਰੀਕੀ ਆਗੂ ਪਿਛਲੇ ਦੋ ਦਹਾਕੇ ਤੋਂ 21ਵੀਂ ਸਦੀ ਦੀ ਸਭ ਤੋਂ ਮਹੱਤਵਪੂਰਨ ਅੰਤਰਰਾਸ਼ਟਰੀ ਭਾਈਵਾਲੀ ਦੱਸਦੇ ਨਹੀਂ ਥੱਕਦੇ, ਉਸ ਦੇ ਉਤਪਾਦਾਂ ’ਤੇ 50 ਫ਼ੀਸਦੀ ਦਾ ਟੈਰਿਫ ਹੈ, ਜਦਕਿ ਅਮਰੀਕਾ ਆਪਣੇ ਸਭ ਤੋਂ ਵੱਡੇ ਵਿਰੋਧੀ ਦੇਸ਼ ਚੀਨ ’ਤੇ ਉਸ ਤੋਂ ਘੱਟ ਟੈਰਿਫ ਲਾ ਰਿਹਾ ਹੈ। ਟਰੰਪ ਤੋਂ ਜਦ ਤਾਇਵਾਨ ’ਤੇ ਚੀਨੀ ਹਮਲੇ ਦੇ ਖ਼ਤਰੇ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਦ ਹੋਵੇਗਾ, ਤਦ ਦੇਖਾਂਗੇ। ਟਰੰਪ ਨੇ ਇਹ ਨਹੀਂ ਕਿਹਾ ਕਿ ਉਹ ਟ੍ਰੇਡ ਡੀਲ ਦਾ ਡਰ ਦਿਖਾ ਕੇ ਤਾਇਵਾਨ ਨੂੰ ਚੀਨੀ ਹਮਲੇ ਤੋਂ ਬਚਾ ਲੈਣਗੇ। ਇਸ ਤੋਂ ਉਲਟ ਟਰੰਪ ਹਰ ਤਿੰਨ-ਚਾਰ ਦਿਨ ’ਚ ਭਾਰਤ ਨੂੰ ਬੇਇੱਜ਼ਤ ਕਰਨ ਲਈ ਆਪ੍ਰੇਸ਼ਨ ਸਿੰਧੂਰ ਰੁਕਵਾਉਣ ਦਾ ਝੂਠਾ ਦਾਅਵਾ ਇਹ ਕਹਿ ਕੇ ਕਰਦੇ ਹਨ ਕਿ ਉਨ੍ਹਾਂ ਨੇ ਵਪਾਰਕ ਸਮਝੌਤਾ ਨਾ ਕਰਨ ਦਾ ਡਰ ਦਿਖਾ ਕੇ ਸੰਭਾਵਿਤ ਪਰਮਾਣੂ ਜੰਗ ਰੁਕਵਾ ਦਿੱਤੀ। ਰੂਸ ਤੋਂ ਕੱਚਾ ਤੇਲ ਭਾਰਤ ਤੇ ਚੀਨ, ਦੋਵੇਂ ਹੀ ਦਰਾਮਦ ਕਰ ਰਹੇ ਹਨ, ਪਰ ਟਰੰਪ ਪ੍ਰਸ਼ਾਸਨ ਹੱਥ ਧੋ ਕੇ ਭਾਰਤ ਦੇ ਹੀ ਪਿੱਛੇ ਪਿਆ ਹੈ।
ਇਸ ਸਭ ਨਾਲ ਸਮਝਿਆ ਜਾ ਸਕਦਾ ਹੈ ਕਿ ਚੀਨ ਦੇ ਸਾਹਮਣੇ ਝੁਕੇ ਅਮਰੀਕੀ ਸ਼ਾਸਨ ਤੰਤਰ ਨੇ ਹੁਣ ਇਹ ਮੰਨਿਆ ਹੈ ਕਿ ਜੇ ਚੀਨ ਵਿਸ਼ਵ ਦੀ ਦੂਜੀ ਮਹਾ-ਸ਼ਕਤੀ ਬਣ ਹੀ ਗਿਆ ਹੈ ਤੇ ਉਸ ਨੂੰ ਰੋਕਣਾ ਉਸ ਦੇ ਵੱਸ ਦੀ ਗੱਲ ਨਹੀਂ ਰਹੀ ਹੈ ਤਾਂ ਘੱਟੋ-ਘੱਟ ਭਾਰਤ ਤੇ ਰੂਸ ਦਾ ਉਭਾਰ ਤਾਂ ਰੋਕਿਆ ਹੀ ਜਾਵੇ। ਚੀਨ ਦੀ ਇਸ ਮਜ਼ਬੂਤ ਸਥਿਤੀ ਦੇ ਪਿੱਛੇ ਉਸ ਦੀ ਰਣਨੀਤਕ ਰੂਪ ਨਾਲ ਮਹੱਤਵਪੂਰਨ ਤਕਨੀਕ ਦੀ ਖੋਜ ਤੇ ਉਤਪਾਦਨ ’ਚ ਪਹਿਲ ਕਰਨ ਦੀ ਦਹਾਕਿਆਂ ਦੀ ਨੀਤੀ ਰਹੀ ਹੈ। ਚੀਨੀ ਰਣਨੀਤੀਕਾਰਾਂ ਨੇ ਅਜਿਹੇ ਸੈਕਟਰਾਂ ਤੇ ਤਕਨੀਕੀ ਉਤਪਾਦਾਂ ਨੂੰ ਮਾਰਕ ਕੀਤਾ, ਜਿਨ੍ਹਾਂ ਰਾਹੀਂ ਅਮਰੀਕਾ ਤੇ ਵਿਸ਼ਵ ਨੂੰ ਆਪਣੇ ’ਤੇ ਨਿਰਭਰ ਬਣਾਇਆ ਜਾ ਸਕੇ।
ਨਤੀਜੇ ਵਜੋਂ ਚੀਨ ਅੱਜ ਅਜਿਹੇ ਕਈ ਉਤਪਾਦਾਂ ਦੀ ਸਪਲਾਈ ਲੜੀ ਨੂੰ ਕੰਟਰੋਲ ਕਰਦਾ ਹੈ ਤੇ ਉਨ੍ਹਾਂ ਰਾਹੀਂ ਉਸ ਨੇ ਟਰੰਪ ਦੀ ਟੈਰਿਫ ਜੰਗ ਦਾ ਮੂੰਹ-ਤੋੜ ਜਵਾਬ ਦਿੱਤਾ ਹੈ। ਟਰੰਪ ਨੇ ਚੀਨ ਦੇ ਉਤਪਾਦਾਂ ’ਤੇ 100 ਫ਼ੀਸਦੀ ਟੈਰਿਫ ਲਾਉਣ ਦੀ ਧਮਕੀ ਦਿੱਤੀ ਤਾਂ ਉਸ ਨੇ ਅਮਰੀਕਾ ਨੂੰ ਰੇਅਰ ਅਰਥ ਮੈਗਨੇਟਸ ਦੀ ਸਪਲਾਈ ਰੋਕ ਦਿੱਤੀ, ਜਿਸ ਨਾਲ ਅਮਰੀਕਾ ਦਾ ਉਦਯੋਗ ਜਗਤ ਪਰੇਸ਼ਾਨ ਹੋ ਗਿਆ ਤੇ ਟਰੰਪ ਨੂੰ ਟੈਰਿਫ ਲਾਉਣ ਦੀ ਆਪਣੀ ਯੋਜਨਾ ਨੂੰ ਮੁਲਤਵੀ ਕਰਨਾ ਪਿਆ। ਦੁਰਲੱਭ ਜ਼ਮੀਨੀ ਖਣਿਜ ਅੱਜ ਪੁਲਾੜ ਯਾਨਾਂ, ਰੱਖਿਆ ਉਪਕਰਨਾਂ, ਇਲੈਕਟ੍ਰਿਕ ਕਾਰਾਂ ਤੋਂ ਲੈ ਕੇ ਹੈੱਡਫੋਨ ਬਣਾਉਣ ਲਈ ਜ਼ਰੂਰੀ ਹਨ ਤੇ ਇਹ ਜ਼ਰੂਰੀ ਹੋਣਗੇ, ਇਹ ਚੀਨ ਬਹੁਤ ਪਹਿਲਾਂ ਪਛਾਣ ਚੁੱਕਾ ਸੀ। ਚੀਨ ਨੇ 1960 ਦੇ ਦਹਾਕੇ ’ਚ ਹੀ ਇਨ੍ਹਾਂ ਦੁਰਲੱਭ ਖਣਿਜਾਂ ਬਾਰੇ ਜਾਨਣ-ਸਮਝਣ ਲਈ ਆਪਣੇ ਲੋਕਾਂ ਨੂੰ ਅਮਰੀਕਾ ਭੇਜਣਾ ਸ਼ੁਰੂ ਕਰ ਦਿੱਤਾ ਸੀ।
1970 ਦੇ ਦਹਾਕੇ ’ਚ ਚੀਨੀ ਸਰਕਾਰ ਨੇ ਇਨ੍ਹਾਂ ਖਣਿਜਾਂ ਦਾ ਉਦਯੋਗਿਕ ਉਤਪਾਦਨ ਸ਼ੁਰੂ ਕਰਵਾਇਆ ਤੇ 1980 ਦੇ ਦਹਾਕੇ ’ਚ ਦੁਰਲੱਭ ਖਣਿਜਾਂ ਨਾਲ ਜੁੜੇ ਉਦਯੋਗਾਂ ਨੂੰ ਰਣਨੀਤਕ ਰੂਪ ਨਾਲ ਮਹੱਤਵਪੂਰਨ ਸੈਕਟਰ ਦਾ ਦਰਜਾ ਦੇ ਦਿੱਤਾ। ਜਿਸ ਕਾਰਨ ਇਸ ਸੈਕਟਰ ਨੂੰ ਚੀਨ ’ਚ ਸਰਕਾਰੀ ਸਬਸਿਡੀ ਤੇ ਨਿਵੇਸ਼ ਮਿਲਣ ਲੱਗਾ। ਇਸ ਦਾ ਅਸਰ ਇਹ ਹੋਇਆ ਕਿ 1990 ਦੇ ਦਹਾਕੇ ’ਚ ਹੀ ਚੀਨ ਨੇ ਦੁਰਲੱਭ ਖਣਿਜ ਉਤਪਾਦਨ ’ਚ ਅਮਰੀਕਾ ਨੂੰ ਪਿੱਛੇ ਛੱਡ ਦਿੱਤਾ। ਅੱਜ ਚੀਨ ਵਿਸ਼ਵ ਦੇ 85 ਫ਼ੀਸਦੀ ਦੁਰਲੱਭ ਖਣਿਜ ਖੋਜ ਉਦਯੋਗ ਨੂੰ ਕੰਟਰੋਲ ਕਰਦਾ ਹੈ।ਅਜਿਹੇ ਕਈ ਖੇਤਰ ਹਨ ਜਿਨ੍ਹਾਂ ’ਚ ਅਮਰੀਕਾ ਤੇ ਯੂਰਪ ਅੱਜ ਚੀਨ ’ਤੇ ਨਿਰਭਰ ਹਨ। ਚੀਨ ਅੱਜ ਵਿਸ਼ਵ ਦੇ 60 ਫ਼ੀਸਦੀ ਸੈਮੀਕੰਡਕਟਰ ਚਿਪਸ, 75 ਫ਼ੀਸਦੀ ਲਿਥੀਅਮ ਬੈਟਰੀਆਂ, 80 ਫ਼ੀਸਦੀ ਸੋਲਰ ਪੈਨਲ, 95 ਫ਼ੀਸਦੀ ਪੋਲੀਸਿਲੀਕਾਨ ਵੈਫਰ ਬਣਾਉਂਦਾ ਹੈ। ਭਵਿੱਖ ਦੀ ਕੁਆਂਟਮ ਕੰਪਿਊਟਿੰਗ ਲਈ ਜ਼ਰੂਰੀ 60 ਫ਼ੀਸਦੀ ਘਟਕ ਚੀਨ ਨੇ ਹੁਣ ਤੋਂ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਲਈ ਡੋਨਾਲਡ ਟਰੰਪ ਚੀਨ ਦੇ ਸਾਹਮਣੇ ਝੁਕੇ ਹਨ।
ਅਮਰੀਕਾ ਚੀਨ ’ਤੇ ਪਾਬੰਦੀ ਲਾ ਸਕਦਾ ਹੈ ਤਾਂ ਚੀਨ ਵੀ ਜਵਾਬ ’ਚ ਅਮਰੀਕਾ ਨੂੰ ਅਜਿਹੀਆਂ ਚੀਜ਼ਾਂ ਦੀ ਬਰਾਮਦ ਰੋਕ ਸਕਦਾ ਹੈ, ਜਿਨ੍ਹਾਂ ਕਾਰਨ ਅਮਰੀਕਾ ਦਾ ਅਰਥਚਾਰਾ ਡੁੱਬ ਸਕਦਾ ਹੈ। ਇਸ ਲਈ ਤੁਲਨਾ ’ਚ ਭਾਰਤ ਦੇ ਕੋਲ ਅਜਿਹਾ ਕੀ ਹੈ, ਜੋ ਅਮਰੀਕਾ ਨਾਲ ਸੌਦੇਬਾਜ਼ੀ ਲਈ ਵਰਤੋਂ ’ਚ ਲਿਆਂਦਾ ਜਾ ਸਕੇ? ਅਸੀਂ ਅਜਿਹੇ ਕਿਹੜੇ ਰਣਨੀਤਕ ਉਦਯੋਗ ਵਿਕਸਤ ਕੀਤੇ ਹਨ, ਜੋ ਵਿਸ਼ਵ ਨੂੰ ਸਾਡੇ ’ਤੇ ਨਿਰਭਰ ਬਣਾਉਂਦੇ ਹਨ? ਅਮਰੀਕਾ ਵੱਲੋਂ ਦਰਾਮਦ ਕੀਤੀਆਂ ਜਾਣ ਵਾਲੀਆਂ ਜੈਨਰਿਕ ਦਵਾਈਆਂ ’ਚੋਂ 25-30 ਫ਼ੀਸਦੀ ਜ਼ਰੂਰ ਭਾਰਤ ’ਚ ਬਣਦੀਆਂ ਹਨ, ਪਰ ਉਨ੍ਹਾਂ ਲਈ 60-75 ਫ਼ੀਸਦੀ ਕੱਚਾ ਮਾਲ ਜਾਂ ਏਪੀਆਈ ਭਾਰਤ ਚੀਨ ਤੋਂ ਦਰਾਮਦ ਕਰਦਾ ਹੈ। ਆਰਥਿਕ ਸੁਧਾਰਾਂ ਦੇ 35 ਸਾਲਾਂ ਬਾਅਦ ਇਹ ਬਹੁਤ ਸ਼ਰਮਨਾਕ ਸਥਿਤੀ ਹੈ।ਚੀਨ ਨੇ ਦੁਨੀਆ ਨੂੰ ਖ਼ੁਦ ’ਤੇ ਨਿਰਭਰ ਬਣਾਉਣ ਲਈ ਰਣਨੀਤਕ ਸੈਕਟਰਾਂ ਤੇ ਤਕਨੀਕ ’ਚ ਦਹਾਕਿਆਂ ਤੱਕ ਬਿਨਾਂ ਲਾਭ ਦੀ ਉਮੀਦ ਕੀਤੇ ਨਿਵੇਸ਼ ਕੀਤਾ ਹੈ।
ਭਾਰਤ ’ਚ ਨਾ ਤਾਂ ਆਗੂ ਇਹ ਕਰਨ ਲਈ ਤਿਆਰ ਹਨ ਤੇ ਨਾ ਹੀ ਉਦਯੋਗਪਤੀ। ਉਦਯੋਗਪਤੀ ਨਵੀਆਂ ਤਕਨੀਕਾਂ ਦੇ ਵਿਕਾਸ ਦੀ ਥਾਂ ਚੀਜ਼ਾਂ ਤੇ ਆਮ ਜਨਤਾ ਨੂੰ ਸੇਵਾਵਾਂ ਦੇ ਕੇ ਲਾਭ ਕਮਾਉਣ ’ਚ ਰੁੱਝੇ ਹਨ। ਜਦ ਚੀਨ ਵਰਗੇ ਦੇਸ਼ ਕਿਸੇ ਤਕਨੀਕ ’ਚ ਦਬਦਬਾ ਬਣਾ ਲੈਂਦੇ ਹਨ ਤਾਂ ਉਸ ਦੇ 10-20 ਸਾਲ ਬਾਅਦ ਯਾਦ ਆਉਂਦਾ ਹੈ ਕਿ ਸਾਨੂੰ ਵੀ ਅਜਿਹਾ ਕਰਨਾ ਚਾਹੀਦਾ ਹੈ। ਤਦ ਤੱਕ ਉਹ ਤਕਨੀਕ ਪੁਰਾਣੀ ਹੋ ਚੁੱਕੀ ਹੁੰਦੀ ਹੈ। ਸਾਡਾ ਸਰਕਾਰੀ ਤੰਤਰ ਅੱਜ ਤੱਕ ਇਹ ਨਹੀਂ ਸਮਝ ਸਕਿਆ ਕਿ ਬੜ੍ਹਤ ਉਸ ਨੂੰ ਹਾਸਲ ਹੁੰਦੀ ਹੈ, ਜੋ ਸਭ ਤੋਂ ਪਹਿਲਾਂ ਕਿਸੇ ਖੇਤਰ ’ਚ ਕਦਮ ਵਧਾਉਂਦਾ ਹੈ।
ਕਿਸੇ ਖੇਤਰ ’ਚ ਪਹਿਲ ਕਰਨ ਵਾਲਾ ਦੇਸ਼ ਹੀ ਸਹੀ ਅਰਥਾਂ ’ਚ ਆਤਮ-ਨਿਰਭਰ ਹੁੰਦਾ ਹੈ। ਜੇ ਭਾਰਤ ਨੇ ਸਹੀ ਅਰਥਾਂ ’ਚ ਆਤਮ-ਨਿਰਭਰ ਬਣਨਾ ਹੈ ਤੇ ਵਿਸ਼ਵ ਨੂੰ ਆਪਣੇ ’ਤੇ ਨਿਰਭਰ ਬਣਾਉਣਾ ਹੈ ਤਾਂ ਇਹ ਦੇਖਣਾ ਪਵੇਗਾ ਕਿ ਅੱਜ ਤੋਂ ਦਸ-ਵੀਹ ਸਾਲ ਬਾਅਦ ਦੁਨੀਆ ਦੀ ਜ਼ਰੂਰਤ ਕੀ ਹੋਵੇਗੀ ਤੇ ਉਨ੍ਹਾਂ ਤਕਨੀਕਾਂ ’ਤੇ ਹੁਣ ਤੋਂ ਖੋਜ ਤੇ ਨਿਵੇਸ਼ ਕਰਨਾ ਪਵੇਗਾ, ਤਾਂ ਜੋ ਸਮਾਂ ਆਉਣ ’ਤੇ ਅਜਿਹੀ ਰਣਨੀਤਕ ਤਕਨੀਕ ਅਸੀਂ ਵਿਸ਼ਵ ਬਾਜ਼ਾਰ ਨੂੰ ਦੇ ਸਕੀਏ ਤੇ ਉਸ ਨੂੰ ਆਪਣੇ ’ਤੇ ਨਿਰਭਰ ਬਣਾ ਸਕੀਏ। ਜੇ ਅਸੀਂ ਕਿਸੇ ਵੀ ਤਕਨੀਕੀ ਖੇਤਰ ’ਚ ਵੀਹ ਸਾਲ ਦੇਰ ਨਾਲ ਸ਼ੁਰੂਆਤ ਕਰਾਂਗੇ ਤਾਂ ਨਾ ਤਾਂ ਕਦੀ ਸਹੀ ਅਰਥਾਂ ’ਚ ਆਤਮ-ਨਿਰਭਰ ਬਣ ਸਕਾਂਗੇ ਤੇ ਨਾ ਹੀ ਵਿਸ਼ਵ ਪੱਧਰੀ ਆਰਥਿਕ ਮਹਾਸ਼ਕਤੀ।
ਦਿਵਿਆ ਕੁਮਾਰ ਸੋਤੀ
(ਲੇਖਕ ਕੌਂਸਲ ਆਫ ਸਟ੍ਰੈਟੇਜਿਕ ਅਫੇਅਰਸ ਨਾਲ ਸਬੰਧਤ ਰਣਨੀਤਕ ਵਿਸ਼ਲੇਸ਼ਕ ਹੈ)
response@jagran.com