ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹੀਦੀ ਦੇ ਕੇ (ਸ਼ਰਨ ਆਏ ਮਜ਼ਲੂਮ ਹਿੰਦੂਆਂ ਦੇ ਧਾਰਮਿਕ ਚਿੰਨ੍ਹ) ਤਿਲਕ ਤੇ ਜੰਞੂ ਨੂੰ ਬਚਾਇਆ ਅਤੇ ਹਰੇਕ ਮਨੁੱਖ ਦੀ ਧਾਰਮਿਕ ਆਜ਼ਾਦੀ ਦੇ ਅਲੰਬਰਦਾਰ ਬਣੇ। ਕਲਯੁੱਗ ਵਿਚ ਕੁਰਬਾਨੀ ਦੇ ਕੇ ਸਤਿਗੁਰਾਂ ਨੇ ਬਹੁਤ ਵੱਡਾ ਸਾਕਾ ਕਰ ਦਿਖਾਇਆ।

ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਲਈ ਹਿੰਦ ਦੀ ਚਾਦਰ, ਧਰਮ ਦੀ ਚਾਦਰ ਤੇ ਸ੍ਰਿਸ਼ਟ ਦੀ ਚਾਦਰ ਆਦਿ ਵਿਸ਼ੇਸ਼ਣ ਵੀ ਵਰਤੇ ਜਾਂਦੇ ਹਨ। ਜਦ ਹਿੰਦ ਦੀ ਅਜ਼ਮਤ ਨੂੰ ਔਰੰਗਜ਼ੇਬ ਨੇ ਵੰਗਾਰਿਆ ਜਾਂ ਖ਼ਤਮ ਕਰਨਾ ਚਾਹਿਆ ਤਾਂ ਇੱਥੋਂ ਦੀ ਸੰਸਕ੍ਰਿਤੀ ਨੂੰ ਬਚਾਉਂਦਿਆਂ ਨੌਵੇਂ ਪਾਤਸ਼ਾਹ ਜੀ ਨੇ ਆਪਣੀ ਤਨ ਰੂਪੀ ਚਾਦਰ ਨਾਲ ਇਹਦੀ ਪੱਤ ਰੱਖੀ ਭਾਵ ਮਹਾਨ-ਕੁਰਬਾਨੀ ਦਿੱਤੀ। ਸਤਿਗੁਰਾਂ ਨੇ ਧਰਮ ਦੀ ਚਾਦਰ ਬਣ ਕੇ ਸਮੂਹ ਧਰਮੀਆਂ ਨੂੰ ਧਰਮ ਪਾਲਣ ਦਾ ਸਬਕ ਵੀ ਪੜ੍ਹਾਇਆ ਹੈ। ਇਸ ਦਾ ਦੂਜਾ ਪੱਖ ਵੀ ਹੈ ਕਿ ਨੌਵੇਂ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿਚ ਜੋ ਲਿਖਿਆ, ਉਸ ਨੂੰ ਪ੍ਰਤੱਖ ਅਮਲੀ ਰੂਪ ਵਿਚ ਜੀਅ ਕੇ ਦੱਸਿਆ। ਸਤਿਗੁਰਾਂ ਦਾ ਫ਼ੁਰਮਾਨ ਹੈ :
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥
ਭਾਵ-ਹੇ ਮਨ! ਸੁਣ! ਉਸੇ ਮਨੁੱਖ ਨੂੰ ਗਿਆਨੀ ਕਿਹਾ ਜਾਂਦਾ ਹੈ ਜਿਹੜਾ ਨਾ ਤਾਂ ਕਿਸੇ ਨੂੰ ਡਰਾਵੇ ਦਿੰਦਾ ਹੈ ਅਤੇ ਨਾ ਹੀ ਕਿਸੇ ਹੋਰਨਾਂ ਦੇ ਡਰਾਵਿਆਂ ਨੂੰ ਮੰਨਦਾ ਹੈ। ਇਸੇ ਤਰ੍ਹਾਂ ਭਾਈ ਨੰਦ ਲਾਲ ਜੀ ‘ਗੰਜਨਾਮਾ’ ਵਿਚ ਨੌਵੇਂ ਸਤਿਗੁਰਾਂ ਦੀ ਸ਼ਖ਼ਸੀਅਤ ਸਬੰਧੀ ਲਿਖਦੇ ਹਨ :
ਗੁਰੂ ਤੇਗ ਬਹਾਦਰ ਆਂ ਸਰਾਪਾ ਅਫ਼ਜ਼ਾਲ
ਜ਼ੀਨਤ-ਆਰਾਇ ਮਹਿਫਲਿ ਜਾਹੋ ਜਲਾਲ॥
ਡਾ. ਗੰਡਾ ਸਿੰਘ ਦੀ ਵਿਆਖਿਆ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਿਰ ਤੋਂ ਪੈਰਾਂ ਤੱਕ ਉੱਚਾਈਆਂ ਅਤੇ ਵਡਿਆਈਆਂ ਦਾ ਭੰਡਾਰ ਹਨ ਅਤੇ ਰੱਬ ਦੀ ਸ਼ਾਨ-ਓ-ਸ਼ੌਕਤ ਦੀ ਮਹਿਫਿਲ ਦੀ ਰੌਣਕ ਵਧਾਉਣ ਵਾਲੇ ਹਨ।” ਅੱਗੇ ‘ਜੋਤਿ ਬਿਗਾਸ ਰਚਨਾ ਵਿਚ ਭਾਈ ਨੰਦ ਲਾਲ ਜੀ ਦਸ ਗੁਰੂ ਸਾਹਿਬਾਨ ਦੀ ਇਕ ਜੋਤ ਦਾ ਵਰਣਨ ਕਰਦੇ ਹੋਏ ਨੌਵੇਂ ਪਾਤਸ਼ਾਹ ਜੀ ਬਾਰੇ ਲਿਖਦੇ ਹਨ :
ਹਮੂ ਅਸਤ ਤੇਗਿ ਬਹਾਦਰ ਗੁਰੂ
ਕਿ ਗੋਬਿੰਦ ਸਿੰਘ ਆਮਦ ਅਜ਼ ਨੂਰਿ ਊ॥
ਭਾਵ- ਉਹੀ (ਹਮੂ) ਸ੍ਰੀ ਗੁਰੂ ਤੇਗ ਬਹਾਦਰ ਹਨ ਜਿਨ੍ਹਾਂ ਦੇ ਨੂਰ ਤੋਂ ਸ੍ਰੀ (ਗੁਰੂ) ਗੋਬਿੰਦ ਸਿੰਘ ਪ੍ਰਗਟ ਹੋਏ ਹਨ।
ਹੁਣ ਕਰਤੇ ਦੀ ਖੇਡ ਦੇਖੋ ਕਿ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਦੀ ਗਵਾਹੀ ਦਾ ਵਰਣਨ ਕਰਦਿਆਂ ਧਰਮ ਦੇ ਤਲ ’ਤੇ ਗੁਰੂ ਜੋਤ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਅਤੇ ਸੰਸਾਰੀ ਤਲ ‘ਤੇ ਇਕ ਸਪੁੱਤਰ ਆਪਣੇ ਧਰਮੀ ਪਿਤਾ ਦੀ ਸ਼ਹੀਦੀ ਦਾ ਹਵਾਲਾ ਦੇ ਰਿਹਾ ਹੈ। ਦਸਮ ਪਾਤਸ਼ਾਹ ਜੀ ਸਮੁੱਚੇ ਘਟਨਾਕ੍ਰਮ ਦੇ ਗਵਾਹ ਹਨ। ਨੌਵੇਂ ਪਾਤਸ਼ਾਹ ਜੀ ਦਾ ਸ੍ਰੀ ਅਨੰਦਪੁਰ ਸਾਹਿਬ ਤੋਂ ਰਵਾਨਾ ਹੋਣਾ, ਦਿੱਲੀ ਵਿਚ ਸ਼ਹਾਦਤ ਦਾ ਜਾਮ ਪੀਣਾ ਅਤੇ ਫਿਰ ਬਾਬਾ ਜੀਵਨ ਸਿੰਘ ਜੀ ਤੋਂ ਸਾਰਾ ਸਾਕਾ ਜਾਣਨਾ ਆਦਿ ਕੋਈ ਸਾਧਾਰਨ ਵਾਰਤਾ ਨਹੀਂ ਹੈ। ਇਹ ਮਹਾਨ ਕੌਮੀ ਇਤਿਹਾਸ ਦਾ ਵੱਡਾ ਕਾਂਡ ਹੈ। ਬਚਿਤ੍ਰ ਨਾਟਕ ਵਿਚ ਦਸਮ ਪਾਤਸ਼ਾਹ ਜੀ ਨੌਵੇਂ ਸਤਿਗੁਰਾਂ ਦੀ ਸ਼ਹੀਦੀ ਬਾਰੇ ਵਰਣਨ ਕਰਦੇ ਹਨ : ਜਬ ਹਮ ਧਰਮ ਕਰਮ ਮੋ ਆਏ॥ ਦੇਵ ਲੋਕ ਤਬ ਪਿਤਾ ਸਿਧਾਏ॥
ਭਾਵ-ਜਦ ਅਸੀਂ ਧਰਮ-ਕਰਮ, ਧਰਮ ਦੇ ਕੰਮਾਂ ਵਿਚ ਸ਼ਮੂਲੀਅਤ ਕੀਤੀ ਜਾਂ ਧਰਮ-ਕਰਮ ਨਿਭਾਉਣ ਦੀ ਉਮਰ ਦੇ ਹੋਏ ਤਦ ਪਿਤਾ ਜੀ (ਸ੍ਰੀ ਗੁਰੂ ਤੇਗ ਬਹਾਦਰ ਜੀ) ਦਿੱਲੀ ਵਿਚ ਸ਼ਹੀਦੀ ਪਾ ਕੇ ਜੋਤੀ ਜੋਤ ਸਮਾ ਗਏ।
ਫਿਰ ਇਸ ਮਹਾਨ ਸ਼ਹਾਦਤ ਸਬੰਧੀ ਕਲਗੀਧਰ ਪਾਤਸ਼ਾਹ ਜੀ ਨੇ ਇਉਂ ਲਿਖਿਆ ਹੈ:
ਤਿਲਕ ਜੰਝੂ ਰਾਖਾ ਪ੍ਰਭ ਤਾ ਕਾ॥ ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨ ਹੇਤਿ ਇਤਿ ਜਿਨਿ ਕਰੀ॥ ਸੀਸੁ ਦੀਆ ਪਰ ਸੀ ਨ ਉਚਰੀ॥
(ਬਚਿਤ੍ਰ ਨਾਟਕ)।
ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹੀਦੀ ਦੇ ਕੇ (ਸ਼ਰਨ ਆਏ ਮਜ਼ਲੂਮ ਹਿੰਦੂਆਂ ਦੇ ਧਾਰਮਿਕ ਚਿੰਨ੍ਹ) ਤਿਲਕ ਤੇ ਜੰਞੂ ਨੂੰ ਬਚਾਇਆ ਅਤੇ ਹਰੇਕ ਮਨੁੱਖ ਦੀ ਧਾਰਮਿਕ ਆਜ਼ਾਦੀ ਦੇ ਅਲੰਬਰਦਾਰ ਬਣੇ। ਕਲਯੁੱਗ ਵਿਚ ਕੁਰਬਾਨੀ ਦੇ ਕੇ ਸਤਿਗੁਰਾਂ ਨੇ ਬਹੁਤ ਵੱਡਾ ਸਾਕਾ ਕਰ ਦਿਖਾਇਆ। ਅਜਿਹੇ ਜ਼ੁਲਮੀ ਵਰਤਾਰੇ ਦੇ ਸਮੇਂ ਭਲੇ ਜਨਾਂ ਲਈ (ਸਾਧਨਿ ਹੇਤ), ਪਰਉਪਕਾਰ ਹਿੱਤ ਸਤਿਗੁਰਾਂ ਨੇ ਕੁਰਬਾਨੀ ਦੀ ਹੱਦ ਕਰ ਦਿੱਤੀ ਕਿ ਆਪਣਾ ਸੀਸ ਤਾਂ ਕੁਰਬਾਨ ਕਰ ਦਿੱਤਾ ਪਰ ਮੁਖ ਤੋਂ ਸੀ ਤੱਕ ਨਾ ਉਚਾਰੀ ਅਤੇ ਨਿਰਮਲ ਪੰਥ ਦਾ ਧਰਮ ਨਿਭਾਇਆ।
‘ਬਚਿਤ੍ਰ ਨਾਟਕ’ ਸਬੰਧੀ ਨੌਵੇਂ ਸਤਿਗੁਰਾਂ ਦੀ ਸ਼ਹੀਦੀ ਦੇ ਪ੍ਰਸੰਗ ਵਿਚ ਸਿੱਖ ਪੰਥ ਦੇ ਮਹਾਨ ਚਿੰਤਕ ਸਿਰਦਾਰ ਕਪੂਰ ਸਿੰਘ ਜੀ ਬਚਿਤ੍ਰ ਨਾਟਕ ਦਾ ਹਵਾਲਾ ਦੇ ਕੇ ਇਉਂ ਲਿਖਦੇ ਹਨ :
ਇਹ ਮਹਾਨ ਇਤਿਹਾਸਿਕ ਘਟਨਾਵਾਂ ਓਦੋਂ ਵਾਪਰੀਆਂ, ਜਦੋਂ ਸ਼ਹੀਦ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਸ੍ਰੀ ਗੁਰੂ ਗੋਬਿੰਦ ਜੀ ਦੀ ਆਯੂ ਨੌਂ ਸਾਲ ਦੀ ਸੀ ਅਤੇ ਇਨ੍ਹਾਂ ਘਟਨਾਵਾਂ ਦੌਰਾਨ ਗੁਰੂ-ਘਰ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਦਿੱਲੀ ਦੀਆਂ ਘਟਨਾਵਾਂ ਨਾਲ ਲਗਾਤਾਰ ਸੰਪਰਕ ਕਾਇਮ ਰੱਖਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਪਿਤਾ ਦੀ ਸ਼ਹੀਦੀ ਦਾ ਤੁਰੰਤ ਕਾਰਨ ਉਨ੍ਹਾਂ ਦੇ ਹਿੰਦੂ ਧਰਮ ਦੀ ਰੱਖਿਆ ਦੇ ਸਿੱਧੇ ਅਤੇ ਨਿੱਜੀ ਯਤਨ ਸਨ, ਜਿਸ ਹਿੰਦੂ ਧਰਮ ਨੂੰ ਅਰੰਗਜ਼ੇਬ ਨੇ ਆਪਣੇ ਸ਼ਰਈ ਕਹਿਰ ਦਾ ਨਿਸ਼ਾਨਾ ਉਸ ਸਮੇਂ ਬਣਾਇਆ ਸੀ : ਤਿਲਕ ਜੰਝੂ ਰਾਖਾ ਪ੍ਰਭ ਤਾਕਾ॥
(ਪੁਸਤਕ, ਗੁਰੂ ਗੋਬਿੰਦ ਸਿੰਘ ਜੀ ਦੀ ਵੈਸਾਖੀ, ਪੰਨਾ 56-57)
ਨੌਵੇਂ ਸਤਿਗੁਰਾਂ ਦੀ ਸ਼ਹੀਦੀ ਦੇ ਸਬੰਧ ਵਿਚ ਅੱਗੇ ਦਸਮ ਪਾਤਸ਼ਾਹ ਬਚਿਤ੍ਰ ਨਾਟਕ ਵਿਚ ਲਿਖਦੇ ਹਨ :
ਧਰਮ ਹੇਤਿ ਸਾਕਾ ਜਿਨਿ ਕੀਆ॥ ਸੀਸੁ ਦੀਆ ਪਰ ਸਿਰਰੁ ਨ ਦੀਆ॥
ਨਾਟਕ ਚੇਟਕ ਕੀਏ ਕੁਕਾਜਾ॥ ਪ੍ਰਭ ਲੋਗਨ ਕਹ ਆਵਤ ਲਾਜਾ॥
ਭਾਵ- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਦੀ ਰੱਖਿਆ ਲਈ ਇਹ ਮਹਾਨ ਸਾਕਾ ਵਰਤਾਇਆ ਕਿ ਆਪਣਾ ਸੀਸ ਤਾਂ ਵਾਰ ਦਿੱਤਾ ਪਰ ਆਪਣੇ ਸਿਰੜ-ਸਿਦਕ ਨੂੰ ਨਹੀਂ ਤਿਆਗਿਆ। ਦੂਜੇ ਪਾਸੇ ਔਰੰਗਜ਼ੇਬ ਇਸ ਗੱਲ ਉੱਪਰ ਜ਼ੋਰ ਦਿੰਦਾ ਸੀ ਕਿ ਗੁਰੂ ਜੀ ਕੋਈ ਕਰਾਮਾਤ ਦਿਖਾਉਣ ਪਰੰਤੂ ਸਤਿਗੁਰਾਂ ਨੇ ਕੋਈ ਅਡੰਬਰੀ ਕਰਾਮਾਤ ਨਹੀਂ ਦਿਖਾਈ। ਸਤਿਗੁਰਾਂ ਅਨੁਸਾਰ ਇਹ ਇਕ ਨਾਟਕ ਚੇਟਕ ਵਾਲਾ ਭੈੜਾ ਕਰਮ (ਕੁਕਾਜਾ) ਹੈ ਤੇ ਅਜਿਹਾ ਕਰਮ ਕਰਦਿਆਂ ਜੋ ਪ੍ਰਭ ਲੋਗਨ ਹਨ, ਜੇਕਰ ਭਾਣੇ ਦੀ ਉਲੰਘਣਾ ਕਰਦੇ ਹਨ ਤਾਂ ਇਹ ਲੱਜਿਆ ਵਾਲੀ ਗੱਲ ਹੈ। ਇਸ ਤੋਂ ਅਗਲੇਰੀਆਂ ਪੰਕਤੀਆਂ ਵਿਚ ਦਸਮ ਪਾਤਸ਼ਾਹ ਜੀ ਇਉਂ ਵਰਣਨ ਕਰਦੇ ਹਨ :
ਠੀਕਰਿ ਫੋਰਿ ਦਿਲੀਸਿ ਸਿਰਿ ਪ੍ਰਭ ਪੁਰ ਕੀਯ ਪਯਾਨ॥
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ॥(ਬਚਿਤ੍ਰ ਨਾਟਕ)।
ਇਸ ਸਬੰਧੀ ਗਿਆਨੀ ਨਰੈਣ ਸਿੰਘ ਤੇ ਕੁਝ ਹੋਰ ਵਿਦਵਾਨਾਂ ਨੇ ਇਉਂ ਅਰਥ ਕੀਤੇ ਹਨ ਕਿ ਔਰੰਗਜ਼ੇਬ ਬਾਦਸ਼ਾਹ ਦੇ ਸਿਰ ‘ਤੇ ਆਪਣਾ ਦੇਹ ਰੂਪੀ ਠੀਕਰਾ ਭੰਨ ਕੇ ਸਤਿਗੁਰੂ ਤੇਗ ਬਹਾਦਰ ਜੀ ਸੱਚਖੰਡ ਪਿਆਨਾ ਕਰ ਗਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗੀ ਕਰਨੀ ਅੱਜ ਤੱਕ ਕਿਸੇ ਨੇ ਨਹੀਂ ਕੀਤੀ। ਕਾਰਨ ਸਪਸ਼ਟ ਹੈ ਕਿ ਪਹਿਲੇ ਜਾਮੇ ਵਿਚ ਨਾਨਕ ਜੋਤ ਨੇ ਉਹੀ ਜਨੇਊ ਧਾਰਨ ਕਰਨ ਤੋਂ ਇਨਕਾਰ ਕੀਤਾ ਅਤੇ ਫਿਰ ਨੌਵੇਂ ਜਾਮੇ ਵਿਚ ਉਸੇ ਦੀ ਰਾਖੀ ਕਰਦਿਆਂ ਕੁਰਬਾਨੀ ਦਿੱਤੀ। ਨਿਰਮਲ ਪੰਥ ਦੇ ਇਸ ਫ਼ਲਸਫ਼ੇ ਨੂੰ ਸਮਝਣਾ ਜ਼ਰੂਰੀ ਹੈ ਕਿ ਇੱਥੇ ਆਪੋ-ਆਪਣੇ ਧਰਮ ਦੀ ਆਸਥਾ ਦਾ ਸਵਾਲ ਸੀ। ਸ੍ਰੀ ਗੁਰੂ ਨਾਨਕ ਸਾਹਿਬ ਦਾ ਘਰ ਜਬਰ-ਜ਼ੁਲਮ ਕਰਦਾ ਵੀ ਨਹੀਂ ਪਰ ਜ਼ੁਲਮ ਸਹਿਣ ਵੀ ਨਹੀਂ ਕਰਦਾ। ਇਹ ਨਿਰਮਲ ਪੰਥ ਦੀਆਂ ਮਹਾਨ ਰਵਾਇਤਾਂ ਉੱਪਰ ਪਹਿਰੇਦਾਰੀ ਦੀ ਗਵਾਹੀ ਹੈ। ਨੌਵੇਂ ਸਤਿਗੁਰਾਂ ਦੀ ਸ਼ਹਾਦਤ ਦੇ ਪ੍ਰਭਾਵ ਸਬੰਧੀ ਕਲਗੀਧਰ ਪਾਤਸ਼ਾਹ ਲਿਖਦੇ ਹਨ :
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ॥ (ਬਚਿਤ੍ਰ ਨਾਟਕ)।
ਭਾਵ ਕਿ ਜਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਤਾਂ (ਦੁਨਿਆਵੀ ਪੱਧਰ ’ਤੇ ਆਮ ਮਨੁੱਖਤਾ ਦੀ ਗੱਲ ਹੈ) ਜਗਤ ਵਿਚ ਬਹੁਤ ਸ਼ੋਕ ਹੋਇਆ। ਹੁਣ ਸਾਰਾ ਸੰਸਾਰ ਉਸ ਅਵਸਥਾ ਵਾਲਾ ਨਹੀਂ ਜੋ “ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ’ ਵਾਲੇ ਉਪਦੇਸ਼ ਨੂੰ ਨੀਝ ਨਾਲ ਸਮਝਦਾ ਹੋਵੇ। ਕਲਗੀਧਰ ਪਾਤਸ਼ਾਹ ਜੀ ਸਮਝਾ ਰਹੇ ਹਨ ਕਿ ਇਸ ਜੱਗ ਵਿਚ ਹਾਹਾਕਾਰ ਮਚ ਗਈ, ਪਰ ਦੇਵ ਲੋਕ ਵਿਚ ਨੌਵੇਂ ਪਾਤਸ਼ਾਹ ਜੀ ਦੀ ਜੈ-ਜੈਕਾਰ ਹੋਈ, ਮੁੱਖ ਕਾਰਨ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨਿਧਿਰਿਆਂ ਦੀ ਧਿਰ, ਨਿਮਾਣਿਆਂ ਦੇ ਮਾਣ ਅਤੇ ਨਿਪੱਤਿਆਂ ਦੀ ਪੱਤ ਬਣੇ। ਇਹ ਇਸ ਧਰਤੀ ’ਤੇ ਔਰੰਗਜ਼ੇਬ ਦੀ ਬਦੀ ਅਤੇ ਗੁਰੂ ਨਾਨਕ ਘਰ ਦੀ ਨੇਕੀ ਦੀ ਟੱਕਰ ਸੀ ਜਾਂ ਕਹੋ ਧਰਮ ਤੇ ਅਧਰਮ ਦੀ ਜਾਂ ਰਾਜ ਬਲ ਤੇ ਆਤਮਿਕ ਬਲ ਦੀ। ਇਸ ਸ਼ਹਾਦਤ ਤੋਂ ਇਕ ਮਹਾਨ ਸੰਦੇਸ਼ ਮਿਲਦਾ ਹੈ ਕਿ ਅੱਜ ਤਿੰਨ ਸੌ ਪੰਜਾਹ ਸਾਲ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਤਿੰਨ ਪਿਆਰੇ ਸਿੱਖਾਂ (ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ) ਦਾ ਸ਼ਹੀਦੀ ਸ਼ਤਾਬਦੀ ਪੁਰਬ ਵਿਸ਼ਵ ਭਰ ਵਿਚ ਮਨਾਇਆ ਜਾ ਰਿਹਾ ਹੈ ਪਰ ਰਾਜ ਬਲ ਦੇ ਸਹਾਰੇ ਜ਼ੁਲਮ ਕਰਨ ਵਾਲੇ ਔਰੰਗਜ਼ੇਬ ਦੀ ਕਬਰ ਉੱਤੇ ਕੋਈ ਦੀਵਾ ਬਾਲਣ ਵਾਲਾ ਵੀ ਨਹੀਂ ਹੈ।
-ਡਾ. ਇੰਦਰਜੀਤ ਸਿੰਘ ਗੋਗੋਆਣੀ
-ਮੋਬਾਈਲ : 98159-85559