ਦੇਸ਼ ’ਚ ਕੁੱਲ ਵਿਆਹਾਂ ਦੇ 23 ਫ਼ੀਸਦ ਮਾਮਲਿਆਂ ’ਚ 18 ਸਾਲਾਂ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਹਨ। ਹਾਲਾਂਕਿ ਕਾਨੂੰਨ ਮੁਤਾਬਕ ਵਿਆਹ ਲਈ ਘੱਟੋ-ਘੱਟ ਉਮਰ 18 ਸਾਲ ਹੈ। ਜਿਨ੍ਹਾਂ ਸੂਬਿਆਂ ’ਚ ਗ਼ਰੀਬੀ, ਅਨਪੜ੍ਹਤਾ ਅਤੇ ਰੂੜੀਵਾਦੀ ਸੋਚ ਭਾਰੂ ਹੈ, ਉੱਥੇ ਬਾਲ ਵਿਆਹਾਂ ਦਾ ਰੁਝਾਨ ਵੀ ਵੱਧ ਹੈ।
ਪੰਜਾਬ ’ਚ ਬਾਲ ਵਿਆਹਾਂ ਦੇ ਮਾਮਲੇ ਇਕ ਵਾਰ ਫਿਰ ਚਿੰਤਾ ਦਾ ਵਿਸ਼ਾ ਬਣ ਰਹੇ ਹਨ। ਇਸ ਨਾਲ ਸਬੰਧਤ ਹਾਲੀਆ ਖ਼ਬਰਾਂ ਇਸ ਗੱਲ ਤੋਂ ਵੀ ਪਰਦਾ ਲਾਹੁੰਦੀਆਂ ਹਨ ਕਿ ਆਲਮੀ ਪੱਧਰ ਦੀਆਂ ਤਰੱਕੀਆਂ ਸਾਹਮਣੇ ਅਸੀਂ ਕਿੱਥੇ ਕੁ ਖੜ੍ਹੇ ਹਾਂ। ਬੇਸ਼ੱਕ ਬਾਲ ਵਿਆਹ ਖ਼ਿਲਾਫ਼ ਸਖ਼ਤ ਕਾਨੂੰਨ ਬਣਾਏ ਗਏ ਹਨ ਪਰ ਫਿਰ ਵੀ ਇਸ ਦੇ ਅੰਕੜੇ ਵਧ ਰਹੇ ਹਨ।
ਸਮਾਜਿਕ ਸੁਰੱਖਿਆ ਵਿਭਾਗ ਦੀ ਤਾਜ਼ਾ ਰਿਪੋਰਟ ਮੁਤਾਬਕ ਪਿਛਲੇ ਤਿੰਨ ਸਾਲਾਂ ’ਚ ਬਾਲ ਵਿਆਹਾਂ ਦੇ ਲਗਪਗ 165 ਮਾਮਲੇ ਸਾਹਮਣੇ ਆਏ ਹਨ। ਵਿਭਾਗ ਨੇ ਇਸ ਗੱਲ ’ਤੇ ਚਿੰਤਾ ਪ੍ਰਗਟਾਈ ਹੈ ਕਿ ਇਹ ਮਾਮਲੇ ਗ਼ਰੀਬ ਪਰਿਵਾਰਾਂ, ਟੱਪਰੀਵਾਸਾਂ ਅਤੇ ਗੁਣਵੱਤਾ ਭਰਪੂਰ ਸਿੱਖਿਆ ਪ੍ਰਾਪਤੀ ਤੋਂ ਵਾਂਝੇ ਲੋਕਾਂ ’ਚ ਜ਼ਿਆਦਾ ਮਿਲੇ ਹਨ। ਰਿਪੋਰਟ ਮੁਤਾਬਕ ਸਾਲ 2023 ’ਚ 54, ਸੰਨ 2024 ’ਚ 47 ਅਤੇ 2025 ’ਚ ਅਜਿਹੇ 64 ਮਾਮਲੇ ਦਰਜ ਕੀਤੇ ਗਏ।
ਬਾਲਾ ਵਿਆਹਾਂ ਦੀ ਸਥਿਤੀ ਪੂਰੇ ਮੁਲਕ ’ਚ ਚਿੰਤਾਜਨਕ ਹੈ। ਸਾਲ 2023 ’ਚ ਇਨ੍ਹਾਂ ਮਾਮਲਿਆਂ ’ਚ ਛੇ ਗੁਣਾ ਵਾਧਾ ਦਰਜ ਕੀਤਾ ਗਿਆ ਸੀ। ਇਕੱਲੇ ਅਸਾਮ ’ਚ ਇਹ 90 ਫ਼ੀਸਦ ਹਨ।
ਐੱਨਸੀਆਰਬੀ ਦੇ ਅੰਕੜਿਆਂ ਮੁਤਾਬਕ 2023 ’ਚ 16,723 ਕੁੜੀਆਂ ਅਤੇ 129 ਮੁੰਡਿਆਂ ਦਾ ਬਾਲ ਵਿਆਹ ਕੀਤਾ ਗਿਆ। ਹਾਲਾਂਕਿ ਬਾਲ ਵਿਆਹ ਰੋਕੂ ਐਕਟ ਤਹਿਤ 6,038 ਮਾਮਲੇ ਦਰਜ ਕੀਤੇ ਗਏ। ਯੂਨੀਸੈਫ ਦੀ ਇਕ ਰਿਪੋਰਟ ਛੋਟੀ ਉਮਰੇ ਇਨ੍ਹਾਂ ਵਿਆਹਾਂ ਦੇ ਇਕ ਹੋਰ ਕਰੂਪ ਪੱਖ ਨੂੰ ਪੇਸ਼ ਕਰਦੀ ਹੈ। ਇਸ ਮੁਤਾਬਕ ਸੰਸਾਰ ਦੀਆਂ ਨਾਬਾਲਗ ਲੜਕੀਆਂ ਦੇ ਵਿਆਹਾਂ ਦਾ ਤੀਜਾ ਹਿੱਸਾ ਭਾਰਤ ’ਚ ਹੁੰਦਾ ਹੈ।
ਦੇਸ਼ ’ਚ ਕੁੱਲ ਵਿਆਹਾਂ ਦੇ 23 ਫ਼ੀਸਦ ਮਾਮਲਿਆਂ ’ਚ 18 ਸਾਲਾਂ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਹਨ। ਹਾਲਾਂਕਿ ਕਾਨੂੰਨ ਮੁਤਾਬਕ ਵਿਆਹ ਲਈ ਘੱਟੋ-ਘੱਟ ਉਮਰ 18 ਸਾਲ ਹੈ। ਜਿਨ੍ਹਾਂ ਸੂਬਿਆਂ ’ਚ ਗ਼ਰੀਬੀ, ਅਨਪੜ੍ਹਤਾ ਅਤੇ ਰੂੜੀਵਾਦੀ ਸੋਚ ਭਾਰੂ ਹੈ, ਉੱਥੇ ਬਾਲ ਵਿਆਹਾਂ ਦਾ ਰੁਝਾਨ ਵੀ ਵੱਧ ਹੈ। ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਪੱਛਮੀ ਬੰਗਾਲ ’ਚ ਬਾਲ ਵਿਆਹਾਂ ਦੇ ਜ਼ਿਆਦਾ ਮਾਮਲੇ ਸਾਹਮਣੇ ਆਉਂਦੇ ਹਨ। ਆਜ਼ਾਦੀ ਸੰਗਰਾਮ ਦੌਰਾਨ ਸਮਾਜ ਸੁਧਾਰਕਾਂ ਨੇ ਬਾਲ ਵਿਆਹਾਂ ਤੇ ਸਤੀ ਪ੍ਰਥਾ ਖ਼ਿਲਾਫ਼ ਨਿੱਠ ਕੇ ਆਵਾਜ਼ ਬੁਲੰਦ ਕੀਤੀ ਪਰ ਫਿਰ ਵੀ ਇਹ ਕੁਰੀਤੀ ਸਮਾਜ ਨੂੰ ਜਕੜ ਕੇ ਬੈਠੀ ਹੈ। ਇਨ੍ਹਾਂ ਕੁਪ੍ਰਥਾਵਾਂ ਨੂੰ ਬੰਦ ਕਰਨ ਲਈ ਜੋ ਕਾਨੂੰਨ ਘੜੇ ਗਏ ਹਨ, ਉਨ੍ਹਾਂ ਦੇ ਸਖ਼ਤੀ ਨਾਲ ਲਾਗੂ ਨਾ ਹੋਣ ਕਾਰਨ ਵੀ ਬਾਲ ਵਿਆਹ ਨਹੀਂ ਰੁਕ ਰਹੇ।
ਇਹ ਵੀ ਔਰਤਾਂ ਵਿਰੁੱਧ ਇਕ ਤਰ੍ਹਾਂ ਦਾ ਗੰਭੀਰ ਅਪਰਾਧ ਹੈ। ਇਕੱਲੇ ਕਾਨੂੰਨ ਦੀ ਸਖ਼ਤੀ ਨਾਲ ਇਸ ਕੁਰੀਤੀ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। ਸਮਾਜ ਦੇ ਹੇਠਲੇ ਪੱਧਰ ਦੀਆਂ ਸਾਰੀਆਂ ਸਮੱਸਿਆਵਾਂ ਦਾ ਪੱਕਾ ਹੱਲ ਹੋਣਾ ਚਾਹੀਦਾ ਹੈ। ਕਿਉਂਕਿ ਆਰਥਿਕ ਪੱਖੋਂ ਕਮਜ਼ੋਰ ਬਹੁਤੇ ਪਰਿਵਾਰਾਂ ਦੀ ਇਹ ਮਜਬੂਰੀ ਬਣ ਜਾਂਦੀ ਹੈ ਕਿ ਉਹ ਆਪਣੇ ਧੀਆਂ-ਪੁੱਤਰਾਂ ਦੇ ‘ਹੱਥ ਪੀਲੇ’ ਕਰ ਕੇ ਇਸ ਜ਼ਿੰਮੇਵਾਰੀ ਤੋਂ ਫ਼ਾਰਗ ਹੋ ਜਾਣ।
ਜਾਗਰੂਕਤਾ ਦੀ ਘਾਟ ਅਤੇ ਸਮਾਜ ਦੇ ਬੇਲੋੜੇ ਦਬਾਅ ’ਚ ਵੀ ਮਾਪੇ ਬੱਚਿਆਂ ਦਾ ਭਲਾ-ਬੁਰਾ ਨਹੀਂ ਸੋਚ ਪਾਉਂਦੇ। ਬੱਚੀਆਂ ਨੂੰ ਛੋਟੀ ਉਮਰ ’ਚ ਹੀ ਵਿਆਹ ਦੇਣਾ, ਉਨ੍ਹਾਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਨਾਲ ਕਿਤੇ ਨਾ ਕਿਤੇ ਧ੍ਰੋਹ ਕਮਾਉਣ ਵਾਲਾ ਕੰਮ ਹੈ। ਇਕ ਪਾਸੇ ਸੰਸਾਰ ਆਪਣੀ ਨੌਜਵਾਨ ਪੀੜ੍ਹੀ ਦੇ ਦਮ ’ਤੇ ਤਰੱਕੀ ਕਰਦਾ ਜਾ ਰਿਹਾ ਹੈ ਪਰ ਭਾਰਤੀ ਸਮਾਜ ਦਾ ਇਕ ਹਿੱਸਾ ਘਰੇਲੂ ਜ਼ਰੂਰਤਾਂ ਪੂਰੀਆਂ ਕਰਨ ਦੇ ਸੀਮਤ ਦਾਇਰਿਆਂ ’ਚ ਬੱਝਿਆ ਹੋਇਆ ਹੈ।
ਬਹੁਤੇ ਪਰਿਵਾਰ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨੋਂ ਹੀ ਅਸਮਰੱਥ ਹਨ ਤੇ ਉਨ੍ਹਾਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਦੇਣੀ ਬੇਹੱਦ ਔਖਾ ਕੰਮ ਹੈ। ਲੋਕਾਂ ਦੇ ਜੀਵਨ ਪੱਧਰ ਦਾ ਸਮੁੱਚਾ ਵਿਕਾਸ ਕਰ ਕੇ ਹੀ ਬਾਲ ਵਿਆਹਾਂ ਦੀ ਕੁਰੀਤੀ ਨੂੰ ਨੱਥ ਪਾਈ ਜਾ ਸਕਦੀ ਹੈ।