ਪ੍ਰੋ. ਤਲਵਾੜਾ ਨੂੰ ਜ਼ਿੰਦਗੀ ਵਿਚ ਮਿਲੀ ਮੁਹਲਤ ਦਾ ਲੇਖਾ-ਜੋਖਾ ਕਰਦਿਆਂ ਮੈਨੂੰ ਉਹ ਖ਼ੁਦ ਇਕ ਨੇਕ ਇਨਸਾਨ, ਦ੍ਰਿੜ੍ਹ ਵਿਸ਼ਵਾਸੀ ਤੇ ਸੂਫ਼ੀ ਸਾਧਕ ਵਧੇਰੇ ਜਾਪਦੇ ਹਨ। ਸੂਫ਼ੀ ਸਾਧਨਾ ਦੇ ਵਿਹਾਰਕ ਪੜਾਵਾਂ ਤੇ ਸਥਾਪਨਾਵਾਂ ਦਾ ਉਨ੍ਹਾਂ ਨੂੰ ਉਚੇਰੀ ਪੱਧਰ ਦਾ ਇਲਮ ਹਾਸਲ ਸੀ। ਉਨ੍ਹਾਂ ਨੇ ਕਈ ਦਹਾਕਿਆਂ ਦੀ ਸਖ਼ਤ ਮਿਹਨਤ ਤੇ ਸਿਰੜ ਨਾਲ ਸੂਫ਼ੀਮਤ, ਸੂਫ਼ੀ ਸਿਧਾਂਤਾਂ ਤੇ ਵਿਚਾਰਧਾਰਾ ਦਾ ਗਹਿਨ ਅਧਿਐਨ ਕੀਤਾ।

‘ਇਲਮ’ ਸ਼ਬਦ ਦਾ ਸ਼ਾਬਦਿਕ ਅਰਥ ਹੈ ਗਿਆਨ, ਵਿੱਦਿਆ, ਜਾਣਨਾ, ਅਕਲ, ਸਮਝ। ਇਲਮ ਦੀਆਂ ਕਈ ਕਿਸਮਾਂ ਹਨ। ਸੂਫ਼ੀ ਦਰਵੇਸ਼ਾਂ ਨੇ ਇਲਮ-ਏ-ਜ਼ਾਹਿਰ ਅਤੇ ਇਲਮ-ਏ-ਬਾਤਿਨ ਦੀ ਗੱਲ ਕੀਤੀ ਹੈ। ਕਿਤੇ ਉਨ੍ਹਾਂ ਇਲਮ-ਏ-ਸਫ਼ੀਨ, ਇਲਮ-ਏ-ਸੀਨਾ, ਇਲਮ-ਏ-ਕਸ਼ਫ਼, ਇਲਮ-ਏ-ਕਸ਼ਬ-ਉਲ-ਕਬੂਰ, ਇਲਮ-ਏ-ਲੁਦੱਨੀ ਅਤੇ ਇਲਮ-ਏ-ਤਹਿਕੀਕੀ ਦੀ ਗੱਲ ਕੀਤੀ ਹੈ। ਇਸ ਤਰ੍ਹਾਂ ਇਲਮ ਦਾ ਘੇਰਾ ਵਸੀਹ ਹੈ ਅਤੇ ਇਸ ਦੀਆਂ ਕਈ ਕਿਸਮਾਂ ਹਨ। ਇਲਮ-ਏ-ਜ਼ਾਹਿਰ/ਇਲਮ-ਏ-ਸਫ਼ੀਨਾ ਤੋਂ ਭਾਵ ਹਰ ਤਰ੍ਹਾਂ ਦਾ ਕਿਤਾਬੀ ਅਤੇ ਦੁਨਿਆਵੀ ਇਲਮ ਹੁੰਦਾ ਹੈ। ਸ਼ਰੀਅਤ ਦਾ ਗਿਆਨ ਵੀ ਇਲਮ-ਏ-ਸਫ਼ੀਨਾ ਵਿਚ ਸ਼ਾਮਲ ਹੈ। ਇਹ ਇਲਮ ਮਨ, ਬੁੱਧੀ ਅਤੇ ਇੰਦਰੀਆਂ ਦੁਆਰਾ ਹਾਸਲ ਕੀਤਾ ਗਿਆ ਇਲਮ ਹੁੰਦਾ ਹੈ। ਮਜ਼ਹਬੀ ਗ੍ਰੰਥਾਂ ਦਾ ਗਿਆਨ ਅਤੇ ਅਧਿਐਨ ਵੀ ਇਲਮ-ਏ-ਜ਼ਾਹਿਰ ਜਾਂ ਇਲਮ-ਏ-ਸਫ਼ੀਨਾ ਵਿਚ ਸ਼ਾਮਲ ਹੈ। ਸੂਫ਼ੀ ਦਰਵੇਸ਼ਾਂ ਨੇ ਇਸ ਤਰ੍ਹਾਂ ਦੇ ਇਲਮ ਨੂੰ ਵੀ ਬਹੁਤ ਅਹਿਮੀਅਤ ਅਤੇ ਮਾਨਤਾ ਦਿੱਤੀ ਹੈ।
ਪ੍ਰੋ. ਗੁਰਚਰਨ ਸਿੰਘ ਤਲਵਾੜਾ ਵੀ ਅਜਿਹੇ ਹੀ ਇਲਮ-ਏ-ਸਫ਼ੀਨਾ ਸਨ ਜੋ 24 ਨਵੰਬਰ 2025 ਨੂੰ ‘ਹੈ’ ਤੋਂ ‘ਸੀ’ ਹੋ ਗਏ ਹਨ। ਦਸ ਅਪ੍ਰੈਲ 1962 ਨੂੰ ਗੜ੍ਹਸ਼ੰਕਰ ਨੇੜੇ ਪਿੰਡ ਸਾਧੋਵਾਲ ਵਿਚ ਜਨਮੇ ਗੁਰਚਰਨ ਸਿੰਘ ਨੇ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜ੍ਹਸ਼ੰਕਰ ਤੋਂ ਬੀਏ ਅਤੇ ਗੌਰਮਿੰਟ ਕਾਲਜ, ਹੁਸ਼ਿਆਰਪੁਰ ਤੋਂ ਇਤਿਹਾਸ ਵਿਸ਼ੇ ਵਿਚ ਐੱਮਏ. ਕਰਨ ਉਪਰੰਤ ਐੱਮਐੱਡ ਕੀਤੀ। ਸਕੂਲ ਵਿਚ ਅਧਿਆਪਕ ਦੀਆਂ ਸੇਵਾਵਾਂ ਨਿਭਾਉਣ ਉਪਰੰਤ 1986 ਵਿਚ ਗੌਰਮਿੰਟ ਕਾਲਜ ਤਲਵਾੜਾ ਵਿਖੇ ਇਤਿਹਾਸ ਦੇ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਉਂਦਿਆਂ ਐਸੋਸੀਏਟ ਪ੍ਰੋਫੈਸਰ ਅਤੇ ਵਿਭਾਗ ਦੇ ਮੁਖੀ ਵਜੋਂ 30 ਅਪ੍ਰੈਲ 2020 ਨੂੰ ਸੇਵਾ ਮੁਕਤ ਹੋਏ ਸਨ। ਪ੍ਰੋ. ਗੁਰਚਰਨ ਸਿੰਘ ਨੂੰ ‘ਤਲਵਾੜਾ’ ਤਖੱਲਸ ਗੌਰਮਿੰਟ ਕਾਲਜ ਤਲਵਾੜਾ ਨੇ ਹੀ ਦਿੱਤਾ ਹੈ। ਉਨ੍ਹਾਂ ਦੀ ਇਹ ਅਕਾਦਮਿਕ ਪ੍ਰਾਪਤੀ ਹੈ ਕਿ ਉਨ੍ਹਾਂ ਨੇ ਇਸ ਖੇਤਰ ਵਿਚ ਗੌਰਮਿੰਟ ਕਾਲਜ ਆਫ ਐਜੂਕੇਸ਼ਨ ਜਲੰਧਰ ਵਿਖੇ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਉਂਦਿਆਂ ਟੀਸੀ ਵਾਲਾ ਬੇਰ ਹਾਸਲ ਕੀਤਾ। ਬੀਤੇ ਕੁਝ ਸਮੇਂ ਤੋਂ ਪ੍ਰੋ. ਤਲਵਾੜਾ ਬੀਪੀ, ਸ਼ੂਗਰ ਤੇ ਨਿਮੋਨੀਆ ਤੋਂ ਪੀੜਤ ਸਨ। ਇਸੇ ਕਾਰਨ ਉਹ 24 ਨਵੰਬਰ ਨੂੰ ਦਿਨ ਵੇਲੇ ਕਰੀਬ ਸਾਢੇ 11 ਵਜੇ 63 ਕੁ ਸਾਲ ਦੀ ਆਪਣੀ ਹਯਾਤੀ ਬਿਤਾ ਕੇ ਇਸ ਦੁਨੀਆ ਤੋਂ ਕੂਚ ਕਰ ਗਏ। ਪ੍ਰੋ. ਤਲਵਾੜਾ ਦੇ ਪਰਿਵਾਰ ਵਿਚ ਪਤਨੀ ਹਰਭਜਨ ਕੌਰ ਤੋਂ ਇਲਾਵਾ ਸਪੁੱਤਰ ਐਡਵੋਕੇਟ ਹਰਪਾਲ ਸਿੰਘ ਅਤੇ ਦੋ ਧੀਆਂ ਹਨ ਜੋ ਜਲੰਧਰ ਵਿਖੇ ਰਹਿ ਰਹੇ ਹਨ। ਪ੍ਰੋ. ਗੁਰਚਰਨ ਸਿੰਘ ਤਲਵਾੜਾ ਨਮਿਤ ਅੰਤਿਮ ਅਰਦਾਸ 30 ਨਵੰਬਰ ਨੂੰ ਗੁਰਦੁਆਰਾ ਭਾਈ ਬੰਨੋ ਜੀ, ਮਿੱਠਾਪੁਰ-ਖੁਰਲਾ ਖਿੰਗਰਾਂ ਰੋਡ, ਜਲੰਧਰ ਵਿਖੇ ਦੁਪਹਿਰ 12:30 ਵਜੇ ਹੋਵੇਗੀ। ਧਨਾਸਰੀ ਰਾਗ ਵਿਚ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ; ‘ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ॥’ ਭਾਵ ਕਿ ਹੇ ਭਾਈ! ਅਸੀਂ ਆਦਮੀ ਇਕ ਦਮ ਦੇ ਹੀ ਮਾਲਕ ਹਾਂ ਤੇ ਸਾਨੂੰ ਆਪਣੀ ਜ਼ਿੰਦਗੀ ਦੀ ਮਿਆਦ ਦਾ ਪਤਾ ਨਹੀਂ ਹੈ ਕਿ ਮੌਤ ਦਾ ਵਕਤ ਕਦੋਂ ਆ ਜਾਣਾ ਹੈ।
ਪ੍ਰੋ. ਤਲਵਾੜਾ ਨੂੰ ਜ਼ਿੰਦਗੀ ਵਿਚ ਮਿਲੀ ਮੁਹਲਤ ਦਾ ਲੇਖਾ-ਜੋਖਾ ਕਰਦਿਆਂ ਮੈਨੂੰ ਉਹ ਖ਼ੁਦ ਇਕ ਨੇਕ ਇਨਸਾਨ, ਦ੍ਰਿੜ੍ਹ ਵਿਸ਼ਵਾਸੀ ਤੇ ਸੂਫ਼ੀ ਸਾਧਕ ਵਧੇਰੇ ਜਾਪਦੇ ਹਨ। ਸੂਫ਼ੀ ਸਾਧਨਾ ਦੇ ਵਿਹਾਰਕ ਪੜਾਵਾਂ ਤੇ ਸਥਾਪਨਾਵਾਂ ਦਾ ਉਨ੍ਹਾਂ ਨੂੰ ਉਚੇਰੀ ਪੱਧਰ ਦਾ ਇਲਮ ਹਾਸਲ ਸੀ। ਉਨ੍ਹਾਂ ਨੇ ਕਈ ਦਹਾਕਿਆਂ ਦੀ ਸਖ਼ਤ ਮਿਹਨਤ ਤੇ ਸਿਰੜ ਨਾਲ ਸੂਫ਼ੀਮਤ, ਸੂਫ਼ੀ ਸਿਧਾਂਤਾਂ ਤੇ ਵਿਚਾਰਧਾਰਾ ਦਾ ਗਹਿਨ ਅਧਿਐਨ ਕੀਤਾ। ਸੂਫ਼ੀਮਤ ਬਾਰੇ ਖੋਜ ਕਰਨ ਵਾਲੇ ਪੰਜਾਬੀ ਵਿਦਵਾਨਾਂ ਦੀ ਇਕ ਲੰਬੀ ਸੂਚੀ ਹੈ ਪਰ ਪ੍ਰੋ. ਤਲਵਾੜਾ ਨੇ ਥੋੜ੍ਹੇ ਸਮੇਂ ’ਚ ਸੂਫ਼ੀਮਤ, ਸੂਫ਼ੀ ਵਿਚਾਰਧਾਰਾ ਤੇ ਸੂਫ਼ੀ ਸਾਹਿਤ ਬਾਰੇ ਜ਼ਿਕਰਯੋਗ ਖੋਜ ਕਰ ਕੇ ਮੁੱਲਵਾਨ ਪੁਸਤਕਾਂ ਦੀ ਪ੍ਰਕਾਸ਼ਨਾ ਕਰਵਾਈ ਹੈ। ਇਸਲਾਮ, ਸੂਫ਼ੀਮਤ ਤੇ ਸੂਫ਼ੀ ਸਾਹਿਤ ਦੇ ਮੁਤਾਲੇ ਪੱਖੋਂ ਪ੍ਰੋ. ਤਲਵਾੜਾ ਪੰਜਾਬੀ ਸਾਹਿਤ ਦੀ ਝੋਲ਼ੀ ’ਚ ਹੁਣ ਤੱਕ ਦਰਜਨ ਦੇ ਕਰੀਬ ਵੱਡ ਆਕਾਰੀ ਪੁਸਤਕਾਂ ਪਾ ਚੁੱਕੇ ਹਨ। ਉਨ੍ਹਾਂ ਦੁਆਰਾ ਲਿਖੀਆਂ ਬਹੁਤੀਆਂ ਪੁਸਤਕਾਂ ਦੇ ਪ੍ਰਕਾਸ਼ਕ ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ ਹਨ। ਉਨ੍ਹਾਂ ਦੀ ਪੁਸਤਕ ‘ਵੇਦਾਂਤ ਅਤੇ ਸੂਫ਼ੀਮਤਾਂ ਵਿਚਾਰਧਾਰਾਵਾਂ ਦੀ ਆਪਸੀ ਸਾਂਝ’ ਦਾਰਸ਼ਨਿਕ ਪੱਧਰ ਤੋਂ ਕਮਾਲ ਦੀ ਪੁਸਤਕ ਹੈ। ਉਨ੍ਹਾਂ ਦੀ ਪੁਸਤਕ ‘ਸੂਫ਼ੀ ਸੰਕਲਪ ਕੋਸ਼’ ਇਸਲਾਮ ਅਤੇ ਸੂਫ਼ੀਮਤ ਦੇ ਮੁਹਾਵਰੇ ਨੂੰ ਸਮਝਣ ਲਈ ਬਹੁਤ ਹੀ ਮੁੱਲਵਾਨ ਪੁਸਤਕ ਹੈ। ਪ੍ਰੋ. ਤਲਵਾੜਾ ਵੱਲੋਂ ਰਚਿਤ ਸਾਰੀਆਂ ਪੁਸਤਕਾਂ ਦੇ ਅੰਤ ’ਚ ਖੋਜ ਭਰਪੂਰ ਕਾਰਜ ਦੀ ਪ੍ਰਸੰਗਿਕਤਾ ਦਰਸਾਉਂਦੇ ਹਵਾਲੇ ਅਤੇ ਟਿੱਪਣੀਆਂ, ਚੋਣਵੀਂ ਪਰਿਭਾਸ਼ਕ ਸ਼ਬਦਾਵਲੀ ਤੇ ਸਹਾਇਕ ਪੁਸਤਕ ਸੂਚੀ ਦਿੱਤੀ ਗਈ ਹੈ। ਗਿਆਨ, ਨੈਤਿਕ ਕਦਰਾਂ-ਕੀਮਤਾਂ, ਇਖ਼ਲਾਕ, ਸਦਾਚਾਰ, ਸਵੈਮਾਣ, ਸਦਭਾਵਨਾ ਆਦਿ ਸਦਗੁਣਾਂ ’ਤੇ ਉਸਰੇ ਮਾਡਲ ਨੂੰ ‘ਧਰਮ’ ਕਿਹਾ ਜਾਂਦਾ ਹੈ। ਵਿਸ਼ਵ ਧਰਮਾਂ ਦਾ ਜਦੋਂ ਅਧਿਐਨ ਕਰਦੇ ਹਾਂ ਤਾਂ ਇਸਲਾਮ ਧਰਮ ਦਾ ਨਾਂ ਗਿਣਤੀ ਅਤੇ ਗੁਣਾਂ ਦੇ ਪੱਖੋਂ ਜ਼ਿਕਰਯੋਗ ਹੈ। ਪ੍ਰੋ. ਸਾਹਿਬ ਨੇ ਆਪਣੀ ਕਲਮ ਰਾਹੀਂ ਕਰਤਾਰੀ ਕਰਮ ਨਿਭਾਉਂਦਿਆਂ ਵਿਸ਼ਵ ਧਰਮਾਂ ਵਿਚ ਭਾਈਚਾਰਕ ਸਾਂਝ ਸਿਰਜੀ ਹੈ। ਉਨ੍ਹਾਂ ਵੱਲੋਂ ‘ਸੂਫ਼ੀਆਂ ਦੇ ਪੈਗ਼ਾਮ ਦੀ ਮੌਜੂਦਾ ਪ੍ਰਸੰਗਿਕਤਾ’ ਦਾ ਜਿਹੜਾ ਮਾਡਲ ਉਸਾਰਿਆ ਗਿਆ ਹੈ, ਉਹ ਵਿਸ਼ਵੀ ਕਤਲੋ-ਗ਼ਾਰਤ ਅਤੇ ਫ਼ਿਰਕੂ ਹਿੰਸਾ ਵਾਲੇ ਅਜੋਕੇ ਸਰਾਪੇ ਸਮਿਆਂ ’ਚ ਬੜਾ ਮੁੱਲਵਾਨ ਹੈ। ਜੇਕਰ ਸੂਫ਼ੀ ਸਾਹਿਤ ਪੰਜਾਬੀ ਸਾਹਿਤ ਦਾ ਹਿੱਸਾ ਨਾ ਬਣਦਾ ਤਾਂ ਪੰਜਾਬੀ ਸਾਹਿਤ ਨੇ ਅਧੂਰਾ ਹੀ ਰਹਿਣਾ ਸੀ।
ਭਾਵੇਂ ਅਧਿਆਤਮਕ ਰਹੱਸਵਾਦ ਬਾਰੇ ਤਰਕ ਦੀ ਦ੍ਰਿਸ਼ਟੀ ਤੋਂ ਲਿਖਣਾ ਮੁਸ਼ਕਲ ਕਾਰਜ ਹੁੰਦਾ ਹੈ ਪਰ ਪ੍ਰੋ. ਤਲਵਾੜਾ ਇਤਿਹਾਸ ਦਾ ਵਿਦਵਾਨ ਹੋਣ ਕਾਰਨ ਉਨ੍ਹਾਂ ਨੇ ਇਸ ਸਭ ਨੂੰ ਸੰਤੁਲਨ ਵਿਚ ਰੱਖ ਕੇ ਕਲਮਬੱਧ ਕਰਨ ਦਾ ਸਾਰਥਕ ਉਪਰਾਲਾ ਕੀਤਾ। ਉਨ੍ਹਾਂ ਨੇ ਸੂਫ਼ੀ ਸਾਹਿਤ ਦਾ ਮੁਤਾਲਿਆ ਕਰਦਿਆਂ ‘ਕੁਦਰਤ’ ਅਤੇ ‘ਕਿਰਤ’ ਵਿੱਚੋਂ ‘ਕਾਦਰ’ ਦੀ ਪਛਾਣ ਕੀਤੀ। ਨਿਰਸੰਦੇਹ ਕਿਹਾ ਜਾ ਸਕਦਾ ਹੈ ਕਿ ਜੇ ਕੋਈ ਜਗਿਆਸੂ/ਚਿੰਤਕ ਰਹੱਸਵਾਦੀ ਸਾਹਿਤ ਅਤੇ ਵਿਸ਼ੇਸ਼ ਕਰਕੇ ਸੂਫ਼ੀ ਸਾਹਿਤ ਬਾਰੇ ਜਾਣਨ ਜਾਂ ਖੋਜ ਕਰਨ ਦਾ ਇਛੁੱਕ ਹੋਵੇਗਾ ਤਾਂ ਯਕੀਨਨ ਪ੍ਰੋ. ਗੁਰਚਰਨ ਸਿੰਘ ਤਲਵਾੜਾ ਦੁਆਰਾ ਕੀਤੀ ਸਮੀਖਿਆ ਚਿੰਤਕ ਅਤੇ ਖੋਜਾਰਥੀ ਲਈ ਆਧਾਰ ਸਮੱਗਰੀ ਬਣੇਗੀ। ਉਨ੍ਹਾਂ ਨਾਲ ਵਿਚਰਦਿਆਂ ਮੈਂ ਉਨ੍ਹਾਂ ਦੇ ਜੀਵਨ ਨੂੰ ਜਿੰਨਾ ਨੇੜਿਓਂ ਕੁਰੇਦਿਆ, ਮੈਨੂੰ ਉਨ੍ਹਾਂ ਦੀ ਰੂਹ ਵਿੱਚੋਂ ਬਹੁਪੱਖੀ ਸ਼ਖ਼ਸੀਅਤ ਦੇ ਦੀਦਾਰ ਹੁੰਦੇ ਗਏ। ਪ੍ਰੋ. ਤਲਵਾੜਾ ਬਾਰੇ ਮੇਰੇ ਕੋਲ ਕਹਿਣ ਨੂੰ ਬੜਾ ਕੁਝ ਹੋਰ ਵੀ ਹੈ ਪਰ ਅੰਤ ’ਚ ਮੈਂ ਇਹੀ ਕਹਿੰਦਾ ਹਾਂ-‘‘ਗੱਲਾਂ ਬਹੁਤ ਨੇ ਜੋ ਹਾਲੇ ਤੀਕਰ ਤੁਹਾਨੂੰ ਨਹੀਂ ਦੱਸੀਆਂ, ਮੁਹੱਬਤਾਂ ‘ਚ ਕੁਝ ਭੇਤ ਮੈਂ ਦਿਲ ਤੋਂ ਵੀ ਛੁਪਾਏ ਨੇ...।
-ਡਾ. ਬਲਵਿੰਦਰ ਸਿੰਘ ਥਿੰਦ
-(ਮੁਖੀ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ।
-ਮੋ. : 94176-06572