ਮਜ਼ਹਬੀ ਕੱਟੜਤਾ ਦਾ ਵਧ ਰਿਹਾ ਖ਼ਤਰਾ
ਪੜ੍ਹੇ-ਲਿਖੇ ਮੁਸਲਿਮ ਨੌਜਵਾਨਾਂ ਦੇ ਤਕਨੀਕੀ ਹੁਨਰ ਦਾ ਇਸਤੇਮਾਲ ਕਰ ਕੇ ਕੱਟੜਪੰਥੀ ਯੂਟਿਊਬ ਚੈਨਲਾਂ ਅਤੇ ਗਰੁੱਪ ਚੈਟਾਂ ਜ਼ਰੀਏ ਆਪਣੀ ਵਿਚਾਰਧਾਰਾ ਨੂੰ ‘ਆਧੁਨਿਕ ਲਿਬਾਸ’ ਵਿਚ ਪੇਸ਼ ਕਰਦੇ ਹਨ। ਕੱਟੜਪੰਥੀ ਅਨਸਰਾਂ ਨੇ ਹੁਣ ਸਿੱਖਿਆ ਦੇ ਖੇਤਰ ਵਿਚ ਵੀ ਡੂੰਘੀ ਪੈਂਠ ਬਣਾ ਲਈ ਹੈ।
Publish Date: Mon, 24 Nov 2025 11:42 PM (IST)
Updated Date: Tue, 25 Nov 2025 07:48 AM (IST)

ਦਿੱਲੀ ਵਿਚ ਲਾਲ ਕਿਲ੍ਹੇ ਦੇ ਨੇੜੇ ਹੋਏ ਅੱਤਵਾਦੀ ਹਮਲੇ ਨੂੰ ਇਕ ਡਾਕਟਰ ਵੱਲੋਂ ਅੰਜਾਮ ਦੇਣ ਮਗਰੋਂ ਮੁਸਲਿਮ ਸਮਾਜ ਵਿਚ ਵਧ ਰਹੀ ਕੱਟੜਤਾ ਨੂੰ ਲੈ ਕੇ ਨਵੇਂ ਸਿਰੇ ਤੋਂ ਚਰਚਾ ਸ਼ੁਰੂ ਹੋ ਗਈ ਹੈ। ਇਸ ਲਈ ਹੋਰ ਵੀ, ਕਿਉਂਕਿ ਅੱਤਵਾਦੀ ਹਮਲਾ ਕਰਨ ਵਾਲੇ ਡਾਕਟਰ ਦੇ ਕਈ ਸਾਥੀ ਵੀ ਡਾਕਟਰ ਹੀ ਨਿਕਲੇ ਹਨ। ਪੜ੍ਹੇ-ਲਿਖੇ ਮੁਸਲਿਮ ਨੌਜਵਾਨਾਂ ਦਾ ਅੱਤਵਾਦ ਦੇ ਰਾਹ ‘ਤੇ ਚੱਲਣਾ, ਪਿਛਲੇ ਕੁਝ ਸਾਲਾਂ ਵਿਚ ਮੁਸਲਮਾਨਾਂ ਦੇ ਸਮਾਜਿਕ ਤਾਣੇ-ਬਾਣੇ ਵਿਚ ਆਏ ਬਦਲਾਅ ਦਾ ਨਤੀਜਾ ਹੈ। ਪਾਬੰਦੀਸ਼ੁਦਾ ਜ਼ਾਕਿਰ ਨਾਇਕ ਅਤੇ ਇਸ ਵਰਗੇ ਕੱਟੜਪੰਥੀ ਤੱਤਾਂ ਦੇ ਵਧਦੇ ਪ੍ਰਭਾਵ ਨੇ ਨਾ ਸਿਰਫ਼ ਮੁਸਲਿਮ ਨੌਜਵਾਨਾਂ ਦੇ ਧਾਰਮਿਕ ਵਿਵਹਾਰ ਸਗੋਂ ਸਮਾਜਿਕ ਤੇ ਸੰਸਕ੍ਰਿਤਕ ਜੀਵਨ ਨੂੰ ਵੀ ਪ੍ਰਭਾਵਿਤ ਕੀਤਾ ਹੈ। ਭਾਰਤੀ ਰੀਤੀ-ਰਿਵਾਜਾਂ ਦਾ ਵਿਰੋਧ, ਬੁਰਕਾ ਅਤੇ ਨਕਾਬ ਦੇ ਚਲਨ ’ਤੇ ਜ਼ੋਰ, ਸ਼ਰੀਅਤ ਆਧਾਰਤ ਜੀਵਨਸ਼ੈਲੀ ਦੀ ਵਕਾਲਤ ਅਤੇ ਸਥਾਨਕ ਪਰੰਪਰਾਵਾਂ ਨੂੰ ਗ਼ੈਰ-ਇਸਲਾਮੀ ਦੱਸਣ ਦੀ ਪ੍ਰਵਿਰਤੀ ਨੇ ਭਾਰਤੀ ਮੁਸਲਮਾਨਾਂ ’ਚ ਇਕ ਨਵੀਂ ਤਰ੍ਹਾਂ ਦੀ ਸੋਚ ਪੈਦਾ ਕੀਤੀ ਹੈ।
ਕਦੇ ਹੋਲੀ-ਦੀਵਾਲੀ ਮਨਾਉਣ, ਮਿਲਜੁਲ ਕੇ ਰਹਿਣ, ਸੰਗੀਤ, ਨ੍ਰਿਤ ਆਦਿ ਕਲਾਵਾਂ ਵਿਚ ਰੁਚੀ ਦਿਖਾਉਣ ਵਾਲੇ ਬਹੁਤ ਸਾਰੇ ਮੁਸਲਿਮ ਹੁਣ ਹੌਲੀ-ਹੌਲੀ ਇਕ ਬੰਦ ਘੇਰੇ ਵਿਚ ਸਿਮਟ ਰਹੇ ਹਨ। ਲੱਗਦਾ ਹੈ ਕਿ ਅਰਬੀਕਰਨ ਦੀ ਪ੍ਰਕਿਰਿਆ ਚੁੱਪਚਾਪ ਭਾਰਤੀ ਇਸਲਾਮ ਦੀ ਆਤਮਾ ਨੂੰ ਬਦਲ ਰਹੀ ਹੈ। ਇਹ ਪ੍ਰਵਿਰਤੀ ਨਵੀਂ ਨਹੀਂ, ਪਰ ਕੁਝ ਸਾਲਾਂ ਵਿਚ ਇਸ ਨੂੰ ਸੰਗਠਿਤ ਅਤੇ ਵਿਚਾਰਕ ਤੌਰ ‘ਤੇ ਮਜ਼ਬੂਤ ਕੀਤਾ ਗਿਆ ਹੈ। “ਬੈਕ ਟੂ ਓਰਿਜਨਜ਼” ਯਾਨੀ ਇਸਲਾਮ ਦੇ ਮੁੱਢਲੇ ਰੂਪ ਵੱਲ ਵਾਪਸੀ ਦਾ ਨਾਅਰਾ ਮੂਲ ਰੂਪ ਵਿਚ ਸਮਾਜਿਕ ਸੁਧਾਰ ਦਾ ਪ੍ਰਤੀਕ ਸੀ ਪਰ ਹੁਣ ਕੱਟਰਪੰਥੀ ਤੱਤਾਂ ਨੇ ਇਸ ਨੂੰ ਵੱਖਰੀ ਸੰਸਕ੍ਰਿਤਕ ਪਛਾਣ ਦੇ ਤੌਰ ‘ਤੇ ਵਰਤਣਾ ਸ਼ੁਰੂ ਕਰ ਦਿੱਤਾ ਹੈ।਼
ਪਹਿਰਾਵਾ, ਭਾਸ਼ਾ ਅਤੇ ਸਮਾਜਿਕ ਆਚਰਣ ਤੱਕ ਨੂੰ ਧਾਰਮਿਕ ਹੱਦਾਂ ਵਿਚ ਬੰਨ੍ਹ ਦੇਣ ਨਾਲ ਇਕ ਅਜਿਹਾ ਚਿੰਤਨ ਉੱਭਰ ਰਿਹਾ ਹੈ ਜੋ ਭਾਰਤੀ ਇਸਲਾਮ ਦੀਆਂ ਮਿਸ਼ਰਤ, ਸੂਫ਼ੀ ਅਤੇ ਮਨੁੱਖੀ ਪਰੰਪਰਾਵਾਂ ਨਾਲ ਟਕਰਾਉਂਦਾ ਹੈ। ਨਤੀਜਾ ਇਹ ਹੈ ਕਿ ਅੱਜ ਮੁਸਲਿਮ ਸਮਾਜ ਦੇ ਅੰਦਰ ਹੀ ਉਦਾਰ ਅਤੇ ਕੱਟੜਪੰਥੀ ਧਾਰਾਵਾਂ ਦਾ ਸੰਘਰਸ਼ ਡੂੰਘਾ ਹੁੰਦਾ ਜਾ ਰਿਹਾ ਹੈ। ਇਸਲਾਮ ਜਦੋਂ ਭਾਰਤ ਆਇਆ ਤਦ ਇਸ ਨੇ ਇੱਥੋਂ ਦੀ ਮਿੱਟੀ ਨਾਲ ਸੰਵਾਦ ਸਥਾਪਤ ਕੀਤਾ ਅਤੇ ਭਾਰਤੀ ਸੱਭਿਆਚਾਰ ਨੂੰ ਆਤਮਸਾਤ ਕੀਤਾ। ਇਸ ਵਿਚ ਸੂਫ਼ੀਆਂ ਦੀ ਮਹੱਤਵਪੂਰਨ ਭੂਮਿਕਾ ਰਹੀ ਜਿਨ੍ਹਾਂ ਨੇ ਇਸਲਾਮ ਨੂੰ ਪ੍ਰੇਮ, ਕਰੁਣਾ ਅਤੇ ਨਿੱਘ ਜ਼ਰੀਏ ਸਥਾਨਕ ਜੀਵਨ ਵਿਚ ਸਮੇਟਿਆ। ਕੱਟੜਪੰਥੀ ਇਸਲਾਮੀ ਤੱਤ ਇਸ ਨੂੰ ਹਜ਼ਮ ਨਹੀਂ ਕਰ ਪਾ ਰਹੇ ਕਿ ਸੂਫ਼ੀਵਾਦ ਅਤੇ ਹਿੰਦੂ ਦਰਸ਼ਨ ਦੇ ਵਿਚਕਾਰ ਦੀਆਂ ਸਮਾਨਤਾਵਾਂ ਡੂੰਘੀਆਂ ਅਤੇ ਪ੍ਰਭਾਵਸ਼ਾਲੀ ਹਨ। ਇਸ ਦੀ ਉਦਾਹਰਨ ਮਨਸੂਰ ਅਲ-ਹਿੱਲਾਜ ਦਾ ਨਾਅਰਾ ‘ਅਨ-ਅਲ-ਹਕ’ (ਮੈਂ ਸੱਚ ਹਾਂ) ਹੈ। ਇਹ ਉਪਨਿਸ਼ਦਾਂ ਦੇ ਮਹਾਵਾਕ ‘ਅਹੰ ਬ੍ਰਹਮਾਸਮਿ’ (ਮੈਂ ਬ੍ਰਹਮ ਹਾਂ) ਨਾਲ ਗੂੰਜਦਾ ਹੈ। ਭਾਰਤ ਦੇ ਬਹੁਤ ਸਾਰੇ ਮੁਸਲਮਾਨਾਂ ਦੇ ਪੂਰਵਜ ਹਿੰਦੂ ਸਨ ਜਿਨ੍ਹਾਂ ਦਾ ਧਰਮ ਤਬਦੀਲ ਇਤਿਹਾਸਕ-ਸਮਾਜਿਕ ਕਾਰਨਾਂ ਕਰ ਕੇ ਹੋਇਆ ਸੀ। ਉਨ੍ਹਾਂ ਦੀਆਂ ਨਸਾਂ ਵਿਚ ਉਹੀ ਭਾਰਤੀ ਖ਼ੂਨ ਵਹਿੰਦਾ ਹੈ ਜਿਸ ਨੇ ਇਸ ਧਰਤੀ ਦੀ ਵੰਨ-ਸੁਵੰਨਤਾ ਅਤੇ ਸਹਿਣਸ਼ੀਲਤਾ ਨੂੰ ਪੋਸ਼ਣ ਦਿੱਤਾ। ਉਨ੍ਹਾਂ ਦੀ ਸੰਸਕ੍ਰਿਤੀ, ਰੀਤੀ-ਰਿਵਾਜ ਅਤੇ ਸਮਾਜਿਕ ਕਦਰਾਂ-ਕੀਮਤਾਂ ਸਦਾ ਭਾਰਤੀ ਜੀਵਨ ਪੱਧਤੀ ਨਾਲ ਜੁੜੇ ਰਹੇ, ਸਿਰਫ ਪੂਜਾ-ਪਾਠ ਦੇ ਵਿਧੀ-ਵਿਧਾਨ ਵਿਚ ਫ਼ਰਕ ਆਇਆ ਪਰ ਹੁਣ ਇਕ ਸੰਗਠਿਤ ਯਤਨ ਤਹਿਤ ਉਨ੍ਹਾਂ ਨੂੰ ਆਪਣੀਆਂ ਭਾਰਤੀ ਜੜ੍ਹਾਂ ਤੋਂ ਕੱਟ ਕੇ ਵਿਦੇਸ਼ੀ, ਖ਼ਾਸ ਕਰਕੇ ਅਰਬ ਸੱਭਿਆਚਾਰ ਨਾਲ ਜੋੜਨ ਦਾ ਦਬਾਅ ਬਣਾਇਆ ਜਾ ਰਿਹਾ ਹੈ। ਹੁਣ ਬਹੁਤ ਸਾਰੇ ਮੌਲਵੀ ਸਾਊਦੀ ਸ਼ੇਖ਼ਾਂ ਵਰਗਾ ਪਹਿਰਾਵਾ ਪਾਉਂਦੇ ਹਨ, ਸਿਰ ’ਤੇ ਕੈਫੀਆ ਬੰਨ੍ਹ ਕੇ ਅਤੇ ਅਰਬ ਲਹਿਜ਼ੇ ਵਿਚ ਬੋਲ ਕੇ ਇਹ ਸੰਕੇਤ ਦਿੰਦੇ ਹਨ ਕਿ ਸੱਚਾ ਮੁਸਲਮਾਨ ਉਹ ਹੈ ਜੋ ਅਰਬ ਵਰਗਾ ਦਿਖਾਈ ਦੇਵੇ। ਇਹ ਪ੍ਰਵਿਰਤੀ ਇਕ ਯੋਜਨਾਬੱਧ ਸੱਭਿਆਚਾਰਕ ਵਖਰੇਵੇਂ ਦਾ ਪ੍ਰਤੀਕ ਹੈ। ਪਿਛਲੇ ਕੁਝ ਸਾਲਾਂ ਵਿਚ ਦਾਵਾ ਪ੍ਰੋਗਰਾਮਾਂ ਜ਼ਰੀਏ ਧਰਮ ਤਬਦੀਲੀ ਅਤੇ ਸੰਸਕ੍ਰਿਤਕ ਵਖਰੇਵੇਂ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ।
ਕੱਟੜਪੰਥੀ ਵਿਚਾਰਾਂ ਦੇ ਪ੍ਰਸਾਰ ਦਾ ਸਭ ਤੋਂ ਗੰਭੀਰ ਅਤੇ ਦੁਖਦਾਈ ਪ੍ਰਭਾਵ ਮੁਸਲਿਮ ਸਮਾਜ ਦੀਆਂ ਮਹਿਲਾਵਾਂ ਅਤੇ ਬੱਚਿਆਂ ‘ਤੇ ਪਿਆ ਹੈ। ਸਮਾਜ ਦੇ ਇਕ ਹਿੱਸੇ ਵਿਚ ਮਹਿਲਾਵਾਂ ਪ੍ਰਤੀ ਅਸਮਾਨਤਾ ਤੇ ਦਮਨ ਨੂੰ ਧਰਮ ਦਾ ਰੂਪ ਦੇ ਦਿੱਤਾ ਗਿਆ ਹੈ। ਦੀਨ-ਈਮਾਨ ਦੇ ਨਾਂ ’ਤੇ ਮਹਿਲਾਵਾਂ ਦਾ ਬ੍ਰੇਨਵਾਸ਼ ਕਰ ਕੇ ਵੱਖਰੇ ਤਰ੍ਹਾਂ ਦੇ ਨਕਾਬ ਅਤੇ ਬੁਰਕਿਆਂ ਦੇ ਚਲਨ ਨੂੰ “ਧਰਮ ਦਾ ਲਾਜ਼ਮੀ ਹਿੱਸਾ” ਦੱਸਿਆ ਜਾ ਰਿਹਾ ਹੈ। ਨਤੀਜਾ ਇਹ ਹੈ ਕਿ ਬਹੁਤ ਸਾਰੀਆਂ ਮੁਸਲਿਮ ਮਹਿਲਾਵਾਂ ਵੀ ਇਸ ਕੱਟੜਤਾ ਦੀਆਂ ਵਾਹਕ ਬਣ ਗਈਆਂ ਹਨ। ਉਹ ਸਾਂਝੇ ਸੱਭਿਆਚਾਰ ਤੋਂ ਦੂਰ ਹੋ ਰਹੀਆਂ ਹਨ। ਚਿੰਤਾਜਨਕ ਇਹ ਹੈ ਕਿ ਉਹ ਆਪਣੇ ਉੱਤੇ ਹੋ ਰਹੇ ਅੱਤਿਆਚਾਰ ਨੂੰ ਦਿਨ ਦਾ ਫ਼ਰਜ਼ ਸਮਝ ਕੇ ਚੁੱਪਚਾਪ ਸਹਿ ਲੈਂਦੀਆਂ ਹਨ। ਇਹ ਇਕ ਡੂੰਘੀ ਸਮਾਜਿਕ ਤ੍ਰਾਸਦੀ ਹੈ ਜਿੱਥੇ ਧਾਰਮਿਕ ਸਿੱਖਿਆ ਦੇ ਨਾਂ ’ਤੇ ਮਹਿਲਾ ਅਧਿਕਾਰਾਂ ਦਾ ਹਨਨ ਕੀਤਾ ਜਾ ਰਿਹਾ ਹੈ। ਇਸ ਦਾ ਪ੍ਰਭਾਵ ਮੁਸਲਿਮ ਬਹੁਲ ਖੇਤਰਾਂ ਵਿਚ ਸਾਫ਼ ਦਿਖਾਈ ਦਿੰਦਾ ਹੈ। ਹੁਣ ਬਾਜ਼ਾਰਾਂ ਵਿਚ ਮਹਿਲਾਵਾਂ ਦਾ ਪਹਿਨਾਵਾ ਤੇ ਸਮਾਜਿਕ ਵਿਵਹਾਰ ਕਿਸੇ ਪੱਛੜੇ ਅਫ਼ਗਾਨ ਕਸਬੇ ਵਰਗਾ ਪ੍ਰਤੀਤ ਹੁੰਦਾ ਹੈ। ਮੁਸਲਿਮ ਇਲਾਕਿਆਂ ਦੀ ਸਮਾਜਿਕ ਸੰਰਚਨਾ ਵਿਚ ਔਰਤਾਂ ਦੀ ਆਜ਼ਾਦ ਮੌਜੂਦਗੀ ਲਗਪਗ ਖ਼ਤਮ ਹੋ ਚੁੱਕੀ ਹੈ। ਇਹ ਸਿਰਫ਼ ਧਾਰਮਿਕ ਕੱਟੜਤਾ ਨਹੀਂ ਸਗੋਂ ਸੰਸਕ੍ਰਿਤਕ ਪਤਨ ਦਾ ਸੰਕੇਤ ਹੈ।
ਪੜ੍ਹੇ-ਲਿਖੇ ਮੁਸਲਿਮ ਨੌਜਵਾਨਾਂ ਦੇ ਤਕਨੀਕੀ ਹੁਨਰ ਦਾ ਇਸਤੇਮਾਲ ਕਰ ਕੇ ਕੱਟੜਪੰਥੀ ਯੂਟਿਊਬ ਚੈਨਲਾਂ ਅਤੇ ਗਰੁੱਪ ਚੈਟਾਂ ਜ਼ਰੀਏ ਆਪਣੀ ਵਿਚਾਰਧਾਰਾ ਨੂੰ ‘ਆਧੁਨਿਕ ਲਿਬਾਸ’ ਵਿਚ ਪੇਸ਼ ਕਰਦੇ ਹਨ। ਕੱਟੜਪੰਥੀ ਅਨਸਰਾਂ ਨੇ ਹੁਣ ਸਿੱਖਿਆ ਦੇ ਖੇਤਰ ਵਿਚ ਵੀ ਡੂੰਘੀ ਪੈਂਠ ਬਣਾ ਲਈ ਹੈ। ਉਨ੍ਹਾਂ ਵੱਲੋਂ ਸਥਾਪਤ ਆਧੁਨਿਕ ਸਕੂਲ ਕਿਸੇ ਬੋਰਡ ਤੋਂ ਮਾਨਤਾ ਪ੍ਰਾਪਤ ਹੁੰਦੇ ਹਨ ਪਰ ਉਨ੍ਹਾਂ ਵਿਚ ਵੀ ਆਧੁਨਿਕ ਸਿੱਖਿਆ ਦੀ ਆੜ ਵਿਚ ਬੱਚਿਆਂ ਨੂੰ ਗਿਣੇ-ਮਿੱਥੇ ਤਰੀਕੇ ਨਾਲ ਕੱਟੜਤਾ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ। ਇਨ੍ਹਾਂ ਸੰਸਥਾਵਾਂ ਨੇ ਪ੍ਰਸ਼ਾਸਕੀ ਸ਼ੱਕ ਤੋਂ ਬਚਣ ਲਈ ਕੁਝ ਪ੍ਰਤੀਕਾਤਮਕ ਕਦਮ ਉਠਾਏ ਹਨ, ਜਿਵੇਂ ਕਿ ਕਈ ਸਕੂਲਾਂ ਨੇ ਆਪਣੀ ਵੈੱਬਸਾਈਟ ’ਤੇ ਬੱਚਿਆਂ ਦੇ ਹੱਥਾਂ ਵਿਚ ਤਿਰੰਗਾ ਦਿਖਾ ਕੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਰਾਸ਼ਟਰਵਾਦੀ ਅਤੇ ਸਮਾਵੇਸ਼ੀ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ। ਇਨ੍ਹਾਂ ਸਕੂਲਾਂ ਵਿਚ ਗ਼ੈਰ-ਮੁਸਲਿਮ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਗਿਣਤੀ ਜਾਂ ਤਾਂ ਬਹੁਤ ਘੱਟ ਹੈ ਜਾਂ ਲਗਪਗ ਸਿਫ਼ਰ ਹੈ।
ਭਾਰਤ ਦੀ ਸਾਂਝੀ ਸੰਸਕ੍ਰਿਤੀ ਸਹਿ-ਹੋਂਦ ਅਤੇ ਪਰਸਪਰ ਸਨਮਾਨ ਦੀ ਧਰਤ ’ਤੇ ਖੜ੍ਹੀ ਹੈ। ਭਾਰਤੀ ਇਸਲਾਮ ਦੇ ਉਦਾਰ ਵਿਧਾਨ ਨੂੰ ਤੋੜ ਕੇ ਅਰਬੀ ਅਤੇ ਵਹਾਬੀ ਸੱਭਿਆਚਾਰ ਨੂੰ ਅੰਨ੍ਹੇਵਾਹ ਹੁਲਾਰਾ ਦਿੱਤਾ ਜਾ ਰਿਹਾ ਹੈ। ਇਹ ਪ੍ਰਵਿਰਤੀ ਹਿੰਦੂ-ਮੁਸਲਿਮ ਸਬੰਧਾਂ ਵਿਚ ਤਣਾਅ ਵਧਾ ਰਹੀ ਹੈ। ਸਮਾਜਿਕ ਜਾਗਰੂਕਤਾ ਤੇ ਵਿਚਾਰਕ ਚੌਕਸੀ ਹੀ ਸੰਸਕ੍ਰਿਤਕ ਪਾੜਾ ਪਾਉਣ ਦੀ ਚੁਣੌਤੀ ਦਾ ਲੰਬੇ ਸਮੇਂ ਦਾ ਹੱਲ ਦੇ ਸਕਦੀ ਹੈ। ਸਿੱਖਿਆ ਪ੍ਰਾਪਤ ਮੁਸਲਿਮ ਵਰਗ ਨੂੰ ਇਹ ਸਮਝਣਾ ਹੋਵੇਗਾ ਕਿ ਭਾਰਤੀ ਇਸਲਾਮ ਆਪਣੀ ਆਭਾ ਖੋ ਰਿਹਾ ਹੈ।
-ਕਾਮਰਾਨ ਆਲਮ ਖ਼ਾਨ
-(ਲੇਖਕ ਸਹਾਇਕ ਪ੍ਰੋਫੈਸਰ ਹੈ)।