ਪ੍ਰਸਿੱਧ ਕ੍ਰਾਂਤੀਕਾਰੀ ਬੁਟਕੇਸ਼ਵਰ ਦੱਤ (ਬੀਕੇ ਦੱਤ) ਨੇ ਦੇਸ਼ ਦੀ ਆਜ਼ਾਦੀ ਦੇ ਘੋਲ ਵਿਚ ਬਹੁਤ ਵਡਮੁੱਲਾ ਯੋਗਦਾਨ ਪਾਇਆ ਅਤੇ ਅੰਗਰੇਜ਼ ਹਾਕਮਾਂ ਦੇ ਉਹ ਜਿਊਂਦੇ ਜੀ ਹੱਥ ਨਾ ਆਏ। ਉਨ੍ਹਾਂ ਦਾ ਜਨਮ 18 ਨਵੰਬਰ 1910 ਨੂੰ ‘ਓਏਰੀ ਖੰਡਾ ਘੋਸ਼’, ਜ਼ਿਲਾ ਬਰਦਵਾਨ (ਬੰਗਾਲ) ਵਿਚ ਹੋਇਆ ਸੀ। ਕਾਨਪੁਰ ਵਿਖੇ ਪਰਿਵਾਰ ਦੇ ਕਾਰੋਬਾਰ ਦੌਰਾਨ ਪ੍ਰਾਇਮਰੀ ਜਮਾਤ ਵਿਚ ਪੜ੍ਹਦਿਆਂ ਹੀ ਬੀਕੇ ਦੱਤ ਨੂੰ ਅੰਗਰੇਜ਼ ਹਕੂਮਤ ਵਿਰੁੱਧ ਬੇਹੱਦ ਨਫ਼ਰਤ ਹੋ ਗਈ ਸੀ। ਦੱਤ ਕ੍ਰਾਂਤੀਕਾਰੀ ਨੇਪਾਲ ਬਾਬੂ ਰਾਹੀਂ ਕ੍ਰਾਂਤੀਕਾਰੀ ਦਲ ਵਿਚ ਸ਼ਾਮਲ ਹੋ ਗਏ। ਉਸ ਵਕਤ ਲਹਿਰ ਦਾ ਸਭ ਤੋਂ ਵੱਡਾ ਗੜ੍ਹ ਕਾਨਪੁਰ ਹੀ ਸੀ। ਕ੍ਰਾਂਤੀਕਾਰੀ ਦਲ ਨੇ ਅੰਗਰੇਜ਼ ਹਾਕਮਾਂ ਦੀ ਲੁਟੇਰੀ ਤੇ ਜ਼ਾਲਮਾਨਾ ਨੀਤੀ ਨੂੰ ਭਾਰਤ ਦੇ ਲੋਕਾਂ ਸਾਹਮਣੇ ਨੰਗਿਆਂ ਕਰਨ ਤੇ ਦਲ ਦੇ ਕ੍ਰਾਂਤੀਕਾਰੀ ਵਿਚਾਰਾਂ ਦਾ ਪਸਾਰ ਕਰਨ ਲਈ ‘ਕ੍ਰਾਂਤੀ’ ਨਾਂ ਦੀ ਮਹੀਨਾਵਾਰ ਅਖ਼ਬਾਰ ਛਾਪਣੀ ਸ਼ੁਰੂ ਕੀਤੀ ਜਿਸ ਦੇ ਐਡੀਟੋਰੀਅਲ ਬੋਰਡ ਵਿਚ ਨਾਮਵਰ ਇਨਕਲਾਬੀ ਬੀਕੇ ਦੱਤ, ਵਿਜੇ ਕੁਮਾਰ ਸਿਨ੍ਹਾ, ਸੰਤੋਸ਼ ਕੁਮਾਰ ਮੁਖਰਜੀ ਅਤੇ ਅਜੈ ਘੋਸ਼ ਕੰਮ ਕਰਦੇ ਸਨ। ਭਗਤ ਸਿੰਘ ਨੇ ਵੀ ਕ੍ਰਾਂਤੀਕਾਰੀ ਦਲ ਨਾਲ ਸਬੰਧ ਜੋੜ ਲਏ ਅਤੇ ਕਾਨਪੁਰ ਆ ਕੇ ਅਖ਼ਬਾਰ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੱਥੇ ਹੀ ਭਗਤ ਸਿੰਘ ਦਾ ਮੇਲ ਪਹਿਲੀ ਵਾਰ ਬੀਕੇ ਦੱਤ, ਸ਼ਿਵ ਵਰਮਾ, ਜੈਦੇਵ ਕਪੂਰ, ਬਿਸਮਿਲ, ਚੰਦਰ ਸ਼ੇਖਰ ਆਜ਼ਾਦ, ਅਜੈ ਘੋਸ਼ ਅਤੇ ਸਰੇਸ਼ ਚੰਦਰ ਭੱਟਾਚਾਰੀਆ ਨਾਲ ਹੋਇਆ ਸੀ। ਕ੍ਰਾਂਤੀਕਾਰੀਆਂ ਨੇ ਹਥਿਆਰ ਖ਼ਰੀਦਣ ਵਾਸਤੇ ਪੈਸੇ ਦੀ ਘਾਟ ਨੂੰ ਪੂਰਿਆਂ ਕਰਨ ਵਾਸਤੇ ਯੂਪੀ ਸਟੇਟ ਦੇ ‘ਕਾਕੋਰੀ ਸਟੇਸ਼ਨ’ ਦੇ ਨਜ਼ਦੀਕ ਰੇਲ ਗੱਡੀ ’ਤੇ ਅੰਗਰੇਜ਼ ਸਰਕਾਰ ਦਾ ਆ ਰਿਹਾ ਖ਼ਜ਼ਾਨਾ ਲੁੱਟ ਲਿਆ ਜਿਸ ਨਾਲ ਚੁਫੇਰੇ ਹਾਹਾਕਾਰ ਮਚ ਗਈ। ਸਰਕਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਸਰਕਾਰ ਨੇ ਦਲ ਦੇ ਪ੍ਰਮੁੱਖ ਆਗੂ ਯੋਗੇਸ਼ ਚੰਦਰ ਚੈਟਰਜੀ ਅਤੇ ਸੁਰੇਸ਼ ਚੰਦਰ ਭੱਟਾਚਾਰੀਆ ਨੂੰ ਗਿ੍ਰਫ਼ਤਾਰ ਕਰ ਲਿਆ। ਕ੍ਰਾਂਤੀਕਾਰੀ ਦਲ ਨੂੰ ਮੁੜ ਜਥੇਬੰਦ ਅਤੇ ਸਰਗਰਮ ਕਰਨ ਦੀ ਨੀਤੀ ਤਹਿਤ ਸਾਰੇ ਦੇਸ਼ ਵਿਚ ਖਿੱਲਰੇ-ਪੁੱਲਰੇ ਕ੍ਰਾਂਤੀਕਾਰੀਆਂ ਦੀ 9 ਸਤੰਬਰ 1928 ਨੂੰ ਦਿੱਲੀ ਵਿਖੇ ਇਕ ਮੀਟਿੰਗ ਹੋਈ ਜਿਸ ’ਚ ਕੰਮ ਵੰਡਦੇ ਹੋਏ ਬੀਕੇ ਦੱਤ ਨੂੰ ਆਗਰਾ ਬੰਬ ਫੈਕਟਰੀ ਦੇ ਮੁੱਖ ਨਿਗਰਾਨ ਦੀ ਜ਼ਿੰਮੇਵਾਰੀ ਸੌਂਪੀ ਗਈ। ਭਾਰਤ ਦੀ ਆਜ਼ਾਦੀ ਦਾ ਅੰਦੋਲਨ ਪ੍ਰਚੰਡ ਹੋਣ ਨਾਲ ਕਾਰਖਾਨਿਆਂ ਦੇ ਮਜ਼ਦੂਰ ਅਤੇ ਪਿੰਡਾਂ ਦੇ ਕਿਸਾਨ ਵੀ ਅੰਗਰੇਜ਼ਾਂ ਵਿਰੁੱਧ ਹੜਤਾਲਾਂ-ਮੁਜ਼ਾਹਰਿਆਂ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਲੱਗ ਪਏ। ਅੰਗਰੇਜ਼ਾਂ ਨੇ ਅੰਦੋਲਨ ਨੂੰ ਕੁਚਲਣ ਵਾਸਤੇ ‘ਟਰੇਡ ਡਿਸਪਿਊਟ ਤੇ ਪਬਲਿਕ ਸੇਫਟੀ ਬਿੱਲ’ ਲੈ ਆਂਦੇ। ਇਹ ਬਿੱਲ ਬੜੇ ਜਨ ਘਾਤਕ ਸਨ। ਸਰਕਾਰ ਅੜੀ ਹੋਈ ਸੀ ਕਿ ਇਹ ਬਿੱਲ ਅਸੈਂਬਲੀ ਵਿਚ ਪਾਸ ਕਰ ਕੇ ਲਾਗੂ ਕਰਨੇ ਹਨ। ਜਦੋਂ ਸਰਕਾਰ ਟਸ ਤੋਂ ਮਸ ਨਾ ਹੋਈ ਤਾਂ ਕ੍ਰਾਂਤੀਕਾਰੀ ਦਲ ਦੇ ਫ਼ੈਸਲੇ ਅਨੁਸਾਰ ਭਗਤ ਸਿੰਘ ਤੇ ਬੀਕੇ ਦੱਤ ਨੇ ਇਨ੍ਹਾਂ ਬਿੱਲਾਂ ਦੇ ਵਿਰੋਧ ਵਿਚ 8 ਅਪ੍ਰੈਲ 1929 ਨੂੰ ਦਿੱਲੀ ਅਸੈਂਬਲੀ ਵਿਚ ਧੂੰਏਂ ਤੇ ਧਮਾਕੇ ਵਾਲੇ ਬੰਬ ਸੁੱਟੇ ਜਿਨ੍ਹਾਂ ਨਾਲ ਕਿਸੇ ਦਾ ਨੁਕਸਾਨ ਨਹੀਂ ਸੀ ਹੋਇਆ, ਸਿਰਫ਼ ਜ਼ੋਰਦਾਰ ਧਮਾਕਾ ਤੇ ਧੂੰਆਂ ਹੋਇਆ ਸੀ। ਇਸ ਮੌਕੇ ਬੀਕੇ ਦੱਤ ਤੇ ਭਗਤ ਸਿੰਘ ਨੇ ਜ਼ੋਰਦਾਰ ਆਵਾਜ਼ ਵਿਚ ‘ਇਨਕਲਾਬ ਜ਼ਿੰਦਾਬਾਦ’ ਤੇ ‘ਸਾਮਰਾਜਵਾਦ ਮੁਰਦਾਬਾਦ’ ਦੇ ਨਾਅਰੇ ਲਾਏ। ਉਨ੍ਹਾਂ ਨੇ ਅਸੈਂਬਲੀ ਵਿਚ ਪੈਂਫਲਟ ਸੁੱਟੇ ਤੇ ਗਿ੍ਰਫ਼ਤਾਰੀ ਦੇ ਦਿੱਤੀ। ਦੋਹਾਂ ਨੂੰ ਅਸੈਂਬਲੀ ਬੰਬ ਕੇਸ ’ਚ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ। ਭਗਤ ਸਿੰਘ ਨੂੰ ਸਾਂਡਰਸ ਕਤਲ ਕੇਸ ’ਚ ਲਾਹੌਰ ਜੇਲ੍ਹ ਵਿਚ ਰੱਖਿਆ ਗਿਆ ਅਤੇ ਬੀਕੇ ਦੱਤ ਨੂੰ ਕਾਲੇ ਪਾਣੀ ਜੇਲ੍ਹ ’ਚ ਭੇਜ ਦਿੱਤਾ ਗਿਆ। ਜੇਲ੍ਹ ਦੇ ਕਾਲੇ ਕਾਨੂੰਨਾਂ ਵਿਰੁੱਧ ਦੱਤ ਨੇ ਲਗਾਤਾਰ 6 ਮਹੀਨੇ ਲੰਬੀ ਭੁੱਖ ਹੜਤਾਲ ਕਰ ਕੇ ਜਿੱਤ ਹਾਸਲ ਕੀਤੀ। ਅੰਗਰੇਜ਼ਾਂ ਨੇ ਖ਼ਰਾਬ ਸਿਹਤ ਦੇ ਆਧਾਰ ’ਤੇ ਉਸ ਨੂੰ ਸਤੰਬਰ 1938 ਵਿਚ ਰਿਹਾਅ ਕਰ ਦਿੱਤਾ। ਦੱਤ ਨੇ ਸਿਹਤ ਦੀ ਕੋਈ ਪ੍ਰਵਾਹ ਨਾ ਕੀਤੀ ਅਤੇ ਆਜ਼ਾਦੀ ਦੇ ਘੋਲ ’ਚ ਮੁੜ ਸਰਗਰਮ ਹੋ ਗਏ। ਅੰਗਰੇਜ਼ਾਂ ਨੇ ‘ਭਾਰਤ ਛੱਡੋ’ ਅੰਦੋਲਨ ਵਿਚ ਦੱਤ ਨੂੰ 1942 ਵਿਚ ਮੁੜ ਗਿ੍ਰਫ਼ਤਾਰ ਕਰ ਲਿਆ। ਜਿਨ੍ਹਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਬਦੌਲਤ ਭਾਰਤ ਆਜ਼ਾਦ ਹੋਇਆ ਸੀ ਉਸੇ ਦੇਸ਼ ਦੀ ਸਰਕਾਰ ਨੇ ਬੀਕੇ ਦੱਤ ਵਰਗੇ ਦੇਸ਼ ਭਗਤਾਂ ਨੂੰ ਅਣਗੌਲਿਆ ਰੱਖਿਆ। ਉਹ ਇਕ ਆਮ ਵਿਅਕਤੀ ਵਾਂਗ ਪਰਿਵਾਰ ਦੇ ਜੀਵਨ ਨਿਰਬਾਹ ਵਾਸਤੇ ਥਾਂ-ਥਾਂ ਭਟਕਦੇ ਰਹੇ। ਸਰਕਾਰ ਉਨ੍ਹਾਂ ਦੀ ਸਾਰ ਲੈਣ ਲਈ ਬਹੁਤ ਦੇਰੀ ਨਾਲ ਜਾਗੀ। ਜਦੋਂ ਸਰਕਾਰ ਨੇ ਬੀਕੇ ਦੱਤ ਨੂੰ ਇਲਾਜ ਵਾਸਤੇ ਦਿੱਲੀ ਲਿਆਂਦਾ ਤਾਂ ਉਦੋਂ ਤਕ ਉਨ੍ਹਾਂ ਦਾ ਸਰੀਰ ਬਹੁਤ ਕਮਜ਼ੋਰ ਹੋ ਚੁੱਕਾ ਸੀ। ਵੀਹ ਜੁਲਾਈ 1965 ਨੂੰ ਬੀਕੇ ਦੱਤ ਦੀ ਮੌਤ ਹੋ ਗਈ। ਦੱਤ ਦੀ ਇੱਛਾ ਅਨੁਸਾਰ ਉਨ੍ਹਾਂ ਦਾ ਸਸਕਾਰ ਹੁਸੈਨੀਵਾਲਾ ਵਿਖੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸਮਾਧੀ ਦੇ ਨਜ਼ਦੀਕ ਕੀਤਾ ਗਿਆ। ਉੱਥੇ ਉਨ੍ਹਾਂ ਦੀ ਯਾਦਗਾਰ ਸਥਾਪਿਤ ਹੈ।

-ਪਿਰਥੀਪਾਲ ਸਿੰਘ ਮਾੜੀਮੇਘਾ

ਸੰਪਰਕ : 98760-78731

Posted By: Jatinder Singh