ਸਮਾਜ ਸੇਵੀ ਜਥੇਬੰਦੀਆਂ ਦੋ-ਪਹੀਆ ਵਾਹਨਾਂ ਅੱਗੇ ਲੋਹੇ ਦੀਆਂ ਤਾਰਾਂ ਲਗਾ ਕੇ ਸੁਰੱਖਿਆ ਪ੍ਰਬੰਧ ਕਰ ਰਹੀਆਂ ਹਨ। ਹੋਣਾ ਤਾਂ ਇਹ ਚਾਹੀਦਾ ਸੀ ਕਿ ਇਹ ਡੋਰ ਬਾਜ਼ਾਰ ’ਚ ਵਿਕਣ ਲਈ ਆਉਂਦੀ ਹੀ ਨਾ। ਕੀ ਇਹ ਸਰਕਾਰੀ ਤੇ ਪ੍ਰਸ਼ਾਸਕੀ ਪੱਧਰ ਦੇ ਅਧਿਕਾਰੀਆਂ ਦੀ ਲਾਪਰਵਾਹੀ ਦਾ ਨਤੀਜਾ ਨਹੀਂ ਕਹਿਣਾ ਚਾਹੀਦਾ ਕਿ ਅਜਿਹੇ ਖ਼ੌਫ਼ਨਾਕ ਮਾਮਲੇ ਸਾਹਮਣੇ ਆ ਰਹੇ ਹਨ?

ਕੁਝ ਮਹੀਨਿਆਂ ਤੋਂ ਅਖ਼ਬਾਰਾਂ, ਟੀਵੀ ਚੈਨਲਾਂ ਤੇ ਸੋਸ਼ਲ ਮੀਡੀਆ ਰਾਹੀਂ ਬੁੱਧੀਜੀਵੀ ਵਰਗ ਤੇ ਸਮਾਜਿਕ ਚਿੰਤਕ ਪਤੰਗਬਾਜ਼ੀ ਲਈ ਚਾਈਨਾ ਡੋਰ ਦੀ ਵਰਤੋਂ ਨਾਲ ਜੁੜੇ ਖ਼ਤਰਿਆਂ ਤੋਂ ਜਾਣੂ ਕਰਵਾ ਰਹੇ ਹਨ। ਤਾਜ਼ਾ ਖ਼ਬਰ ਮੁਤਾਬਕ ਸਮਰਾਲਾ ’ਚ ਚਾਈਨਾ ਡੋਰ ਦੀ ਲਪੇਟ ’ਚ ਆਏ ਇਕ 15 ਸਾਲਾਂ ਦੇ ਮੁੰਡੇ ਦਾ ਗਲ਼ਾ ਵੱਢਿਆ ਗਿਆ ਅਤੇ ਉਸ ਦੀ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਮੌਤ ਹੋ ਗਈ। ਇਹ ਵਿਦਿਆਰਥੀ ਸਕੂਲ ਤੋਂ ਘਰ ਮੁੜ ਰਿਹਾ ਸੀ ਤੇ ਰਾਹ ’ਚ ਇਹ ਹਾਦਸਾ ਵਾਪਰ ਗਿਆ। ਘਟਨਾ ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ’ਤੇ ਸਥਿਤ ਪਿੰਡ ਚਹਿਲਾਂ ਲਾਗੇ ਦੀ ਹੈ। ਰਾਹ ’ਚ ਕਿਤੇ ਡੋਰ ਫਸੀ ਹੋਈ ਸੀ ਤੇ ਲੜਕੇ ਦੀ ਗਰਦਨ ਉਸ ਨਾਲ ਬੁਰੀ ਤਰ੍ਹਾਂ ਵੱਢੀ ਗਈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਕਈ ਸਾਲਾਂ ਤੋਂ ਇਸ ਗੱਲ ਦਾ ਡਰ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਤਲਵਾਰ ਨਾਲੋਂ ਵੀ ਤਿੱਖਾ ਵਾਰ ਕਰਨ ਵਾਲੀ ‘ਚਾਈਨਾ ਡੋਰ’ ਮਨੁੱਖਾਂ ਤੇ ਹੋਰ ਜੀਵ-ਜੰਤੂਆਂ ਲਈ ਹੱਦੋਂ ਵੱਧ ਜਾਨਲੇਵਾ ਹੈ ਪਰ ਇਸ ਸਭ ਦੇ ਬਾਵਜੂਦ ਨਾ ਇਸ ਨੂੰ ਬਣਾਉਣ ਵਾਲਿਆਂ ਦੇ ਕੰਨਾਂ ’ਤੇ ਜੂੰ ਸਰਕ ਰਹੀ ਹੈ ਤੇ ਨਾ ਹੀ ਵੇਚਣ ਤੇ ਖ਼ਰੀਦਣ ਵਾਲੇ ਹੀ ਕੋਈ ਅਕਲਮੰਦੀ ਦਿਖਾ ਰਹੇ ਹਨ। ਨਤੀਜਾ ਇਹ ਨਿਕਲ ਰਿਹਾ ਹੈ ਕਿ ਸੜਕਾਂ ’ਤੇ ਵਾਹਨ ਚਾਲਕ ਇਸ ਡੋਰ ਦੀ ਲਪੇਟ ’ਚ ਆ ਕੇ ਕੱਟੇ-ਵੱਢੇ ਜਾ ਰਹੇ ਹਨ।
ਸਮਾਜ ਸੇਵੀ ਜਥੇਬੰਦੀਆਂ ਦੋ-ਪਹੀਆ ਵਾਹਨਾਂ ਅੱਗੇ ਲੋਹੇ ਦੀਆਂ ਤਾਰਾਂ ਲਗਾ ਕੇ ਸੁਰੱਖਿਆ ਪ੍ਰਬੰਧ ਕਰ ਰਹੀਆਂ ਹਨ। ਹੋਣਾ ਤਾਂ ਇਹ ਚਾਹੀਦਾ ਸੀ ਕਿ ਇਹ ਡੋਰ ਬਾਜ਼ਾਰ ’ਚ ਵਿਕਣ ਲਈ ਆਉਂਦੀ ਹੀ ਨਾ। ਕੀ ਇਹ ਸਰਕਾਰੀ ਤੇ ਪ੍ਰਸ਼ਾਸਕੀ ਪੱਧਰ ਦੇ ਅਧਿਕਾਰੀਆਂ ਦੀ ਲਾਪਰਵਾਹੀ ਦਾ ਨਤੀਜਾ ਨਹੀਂ ਕਹਿਣਾ ਚਾਹੀਦਾ ਕਿ ਅਜਿਹੇ ਖ਼ੌਫ਼ਨਾਕ ਮਾਮਲੇ ਸਾਹਮਣੇ ਆ ਰਹੇ ਹਨ? ਕੀ ਅਸੀਂ ਖ਼ੁਦ ਇਸ ਗੱਲ ਨੂੰ ਸਵੀਕਾਰ ਕਰਾਂਗੇ ਕਿ ਤਿਉਹਾਰਾਂ ਦੀਆਂ ਖ਼ੁਸ਼ੀਆਂ ਮਨਾਉਣ ਲੱਗੇ ਸਮਾਜ ਅਤੇ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਭੁੱਲ ਜਾਂਦੇ ਹਾਂ? ਮੁਨਾਫ਼ਾ ਕਮਾਉਣ ਦੇ ਲਾਲਚ ’ਚ ਇਹ ਡੋਰ ਬਣਾ ਤੇ ਵੇਚ ਰਹੇ ਲੋਕ ਕੀ ਇਸ ਗੱਲ ਦਾ ਜਵਾਬ ਦੇ ਸਕਣਗੇ ਕਿ ਉਨ੍ਹਾਂ ਕਾਰਨ ਬੇਕਸੂਰ ਮਾਰੇ ਜਾ ਰਹੇ?
ਸਵਾਲ ਇਕ ਨਹੀਂ, ਕਈ ਹਨ ਤੇ ਇਨ੍ਹਾਂ ਦੇ ਜਵਾਬ ਹਰ ਕਿਸੇ ਨੂੰ ਲੱਭਣੇ ਚਾਹੀਦੇ ਹਨ। ਅਜਿਹਾ ਵੀ ਨਹੀਂ ਹੈ ਕਿ ਇਹ ਪਹਿਲਾ ਮਾਮਲਾ ਹੈ ਜਦੋਂ ਚਾਈਨਾ ਡੋਰ ਕਾਰਨ ਕਿਸੇ ਮਾਸੂਮ ਦੀ ਜਾਨ ਗਈ ਹੈ। ਪਿਛਲੇ ਹਫ਼ਤੇ ਕਈ ਰਿਪੋਰਟਾਂ ਆਈਆਂ ਹਨ ਕਿ ਬਾਜ਼ਾਰਾਂ ’ਚ ਚਾਈਨਾ ਡੋਰ ਧੜੱਲੇ ਨਾਲ ਵਿਕ ਰਹੀ ਹੈ। ਜਿਨ੍ਹਾਂ ਦੁਕਾਨਦਾਰਾਂ ’ਤੇ ਜੁਰਮਾਨੇ ਕੀਤੇ ਗਏ ਹਨ, ਉਹ ਵੀ ਜ਼ਿਆਦਾਤਰ ਕਾਗਜ਼ਾਂ ’ਚ ਹੀ ਹਨ। ਹੈਰਾਨੀ ਵਾਲੀ ਗੱਲ ਹੈ ਕਿ ਹਰ ਕਿਸਮ ਦਾ ਦੁਕਾਨਦਾਰ ‘ਚੋਰ ਮੋਰੀਆਂ’ ਰਾਹੀਂ ਇਹ ਖ਼ੂਨੀ ਡੋਰ ਵੇਚ ਰਿਹਾ ਹੈ। ਲੋਹੜੀ ਮੌਕੇ ਵੀ ਪਤੰਗ ਉਡਾਉਣ ਵਾਲਿਆਂ ’ਤੇ ਨਜ਼ਰ ਰੱਖਣ ਦੇ ਦਾਅਵੇ ਕੀਤੇ ਗਏ ਸਨ ਪਰ ਨਤੀਜੇ ਦਾਅਵਿਆਂ ਮੁਤਾਬਕ ਸਾਹਮਣੇ ਨਹੀਂ ਆਏ।
ਇਸੇ ਸਾਲ ਇਕ ਨਿੱਜੀ ਟਰਾਂਸਪੋਰਟ ਕੰਪਨੀ ਦੇ ਵਾਹਨ ’ਚੋਂ 1200 ਦੇ ਲਗਪਗ ਗੱਟੂ ਫੜੇ ਗਏ। ਕੀ ਚਾਈਨਾ ਡੋਰ ਦੇ ਗੱਟੂਆਂ ’ਤੇ ਸਿਰਫ਼ ‘ਨਾਟ ਫਾਰ ਕਾਈਟ ਯੂਜ਼’ ਲਿਖ ਕੇ ਆਪਣੀ ਜ਼ਿੰਮੇਵਾਰੀ ਤੋਂ ਫ਼ਾਰਗ ਹੋਇਆ ਜਾ ਸਕਦਾ ਹੈ? ਕੀ ਸਿਰਫ਼ ਇੰਨਾ ਲਿਖਣ ਨਾਲ ਲੋਕਾਂ ’ਚ ਜਾਗਰੂਕਤਾ ਆਉਣ ਦਾ ਦਾਅਵਾ ਕੀਤਾ ਜਾ ਸਕਦਾ ਹੈ?
ਕਿਤੇ ਨਾ ਕਿਤੇ ਇਹ ਇਸ ਗੱਲ ਦਾ ਸੰਕੇਤ ਹੈ ਕਿ ਜਿਹੜੇ ਲੁਕਵੇਂ ਤਰੀਕੇ ਨਾਲ ਚਾਈਨਾ ਡੋਰ ਦੇ ਗੱਟੂ ਵੇਚਦੇ ਹਨ, ਉਨ੍ਹਾਂ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ। ਹਰ ਰੋਜ਼ ਚਾਈਨਾ ਡੋਰ ਨਾਲ ਹੋਏ ਨੁਕਸਾਨ ਦੇ ਅੰਕੜੇ ਜਾਰੀ ਹੁੰਦੇ ਹਨ ਪਰ ਇਸ ਦੀਆਂ ਜੜ੍ਹਾਂ ਤੱਕ ਪੁੱਜ ਕੇ ਜ਼ਿੰਮੇਵਾਰ ਲੋਕਾਂ ’ਤੇ ਸਖ਼ਤ ਕਾਨੂੰਨੀ ਕਾਰਵਾਈ ਹੁੰਦੀ ਨਹੀਂ ਦਿਸਦੀ। ਜੋ ਲੋਕ ਮੁਨਾਫ਼ੇ ਦੇ ਚੱਕਰ ਵਿਚ ਚਾਈਨਾ ਡੋਰ ਵੇਚ ਰਹੇ ਹਨ, ਉਨ੍ਹਾਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਕਿਤੇ ਉਹ ਜਨਤਾ ਲਈ ਖ਼ਤਰੇ ਤਾਂ ਨਹੀਂ ਸਹੇੜ ਰਹੇ।