ਨਵੇਂ ਸਾਲ ’ਚ ਪਹਿਲਾ ਕਦਮ ਧਰਦਿਆਂ ਜਾਤ-ਪਾਤ, ਰੰਗ, ਨਸਲ, ਭਿੰਨ-ਭੇਦ ਵਾਲੇ ਵਿਤਕਰਿਆਂ ਨੂੰ ਛੱਡ ਕੇ ਮਨੁੱਖਤਾ ’ਚ ਵਿਸ਼ਵਾਸ ਕਰਨ ਦਾ ਮਨ ਬਣਾਇਆ ਜਾਵੇ। ਤਕਨੀਕ ਦੀ ਅੱਤ ਵਿਕਸਤ ਇਸ ਇੱਕੀਵੀਂ ਸਦੀ ’ਚ ਇਨ੍ਹਾਂ ਪਿਛਾਂਹ ਖਿੱਚੂ ਸੋਚਾਂ ਨੂੰ ਖ਼ਤਮ ਕਰ ਕੇ ਅਪਣੱਤ ਪੈਦਾ ਕਰਨ ਦੀ ਸੋਚ ਰੱਖਣੀ ਚੀਹੀਦੀ ਹੈ।

ਗੁਰਬਾਣੀ ਦੇ ਮਹਾਵਾਕ, ‘‘ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ’ ਉੱਤੇ ਅਮਲ ਕਰਦਿਆਂ ਸਾਲ ਦੀ ਪਹਿਲੀ ਪ੍ਰਭਾਤ ’ਤੇ ਅਸੀਂ ਤੁਹਾਡੀ ਤੰਦਰੁਸਤੀ ਤੇ ਖ਼ੁਸ਼ਹਾਲੀ ਲਈ ਤਹਿ ਦਿਲੋਂ ਅਰਦਾਸ ਕਰਦੇ ਹਾਂ। ਅੱਜ ਸਰਬੱਤ ਦੇ ਭਲੇ ਦੀ ਅਰਦਾਸ ਦਾ ਦਿਨ ਹੈ ਕਿਉਂਕਿ ਸਰਬੱਤ ਦੇ ਭਲੇ ’ਚ ਹੀ ਆਪਣਾ ਭਲਾ ਸ਼ਾਮਲ ਹੁੰਦਾ ਹੈ। ਨਵਾਂ ਸਾਲ 2026, ਨਵੀਆਂ ਉਮੀਦਾਂ ਤੇ ਚੁਣੌਤੀਆਂ ਸੰਗ ਪੂਰੀ ਊਰਜਾ ਨਾਲ ਨਜਿੱਠਣ ਦਾ ਸਾਲ ਹੈ।
ਇਹ ਸਾਲ ਹੈ ‘ਕੀ ਖੱਟਿਆ ਤੇ ਕੀ ਗੁਆਇਆ’ ਉੱਤੇ ਮੰਥਨ ਕਰਨ ਦਾ। ਦਿਮਾਗੀ ਹਾਲਤ ਨੂੰ ਹਾਂ-ਪੱਖੀ ਅਤੇ ਊਰਜਾ ਨਾਲ ਭਰਪੂਰ ਬਣਾਉਣ ਲਈ ਸਾਲ ਦੇ ਇਸ ਪਹਿਲੇ ਦਿਨ ਨਵੇਂ ਅਹਿਦ ਲੈਣ ਦੀ ਲੋੜ ਹੈ। ਜਿਵੇਂ ਸਰਕਾਰਾਂ ਮੁਲਕ ਤੇ ਸੂਬਿਆਂ ਦੀ ਖ਼ੁਸ਼ਹਾਲੀ ਅਤੇ ਤਰੱਕੀ ਲਈ ਨਵੀਆਂ ਯੋਜਨਾਵਾਂ ਬਣਾਉਂਦੀਆਂ ਹਨ, ਉਸੇ ਤਰ੍ਹਾਂ ਘਰ-ਪਰਿਵਾਰ ਦੀ ਚੜ੍ਹਦੀ ਕਲਾ ਲਈ ਵਿਅਕਤੀਗਤ ਤੌਰ ’ਤੇ ਵੀ ਅਜਿਹੀਆਂ ਯੋਜਨਾਵਾਂ ਉਲੀਕਣ ਦੀ ਲੋੜ ਹੁੰਦੀ ਹੈ।
ਲੰਘੇ ਸਾਲ 2025 ’ਚ ਸੂਬੇ ਨੇ ਖ਼ੂਨ-ਖ਼ਰਾਬੇ, ਗੁੰਝਲਦਾਰ ਸਿਆਸੀ ਘਟਨਾਵਾਂ ਅਤੇ ਕੁਦਰਤੀ ਆਫ਼ਤਾਂ ਨਾਲ ਜੂਝਣ ਦੇ ਔਖੇ ਦਿਨ ਦੇਖੇ ਹਨ। ਕਿੰਨੀਆਂ ਹੀ ਆਪਸੀ ਰੰਜ਼ਿਸ਼ਾਂ ਤੇ ਵੈਰ-ਵਿਰੋਧ ਦੀਆਂ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਨੇ ਅਮਨ-ਸ਼ਾਂਤੀ ਦੇ ਮਾਹੌਲ ਨੂੰ ਵਿਗਾੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਅਕਾਲੀ ਸਰਕਾਰ ਨੇ ਕਿਸੇ ਵੇਲੇ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦਾ ਦਾਅਵਾ ਕੀਤਾ ਸੀ। ਪੰਜਾਬ ਦੀ ਖ਼ੁਸ਼ਹਾਲੀ ਦੀਆਂ ਉਦਾਹਰਨਾਂ ਚਾਰੇ ਪਾਸੇ ਮਸ਼ਹੂਰ ਸਨ ਪਰ ਕੁਝ ਦਹਾਕਿਆਂ ਤੋਂ ਇਸ ਦੇ ਮਿੱਟੀ, ਹਵਾ-ਪਾਣੀ ਪਲੀਤ ਹੋ ਗਏ ਹਨ।
ਆਉਣ ਵਾਲੀ ਪੀੜ੍ਹੀ ਲਈ ਇਹ ਚਿੰਤਾ ਤੇ ਚਿੰਤਨ ਦਾ ਵਿਸ਼ਾ ਬਣ ਰਿਹਾ ਹੈ। ਹੁਣ ਗਿਆਨ ਤੇ ਵਿਗਿਆਨ ਦਾ ਯੁੱਗ ਹੈ। ਕਿਤੇ ਅਜਿਹਾ ਤਾਂ ਨਹੀਂ ਕਿ ਅਸੀਂ ਇਸ ਦਾ ਸਹੀ ਮਾਅਨਿਆਂ ’ਚ ਲਾਹਾ ਲੈਣ ਤੋਂ ਪੱਛੜ ਰਹੇ ਹਾਂ। ਪੰਜਾਬ ਨੂੰ ਕੁਝ ਹੋਰ ਬਣਾਉਣ ਦੀ ਲੋੜ ਨਹੀਂ, ਸਗੋਂ ਇਸ ਦੀ ਅਮੀਰ ਵਿਰਾਸਤ ਨੂੰ ਸਾਂਭਣ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਇਹ ਵਰ੍ਹਾ ਨਿੱਕੇ-ਨਿੱਕੇ ਝਗੜੇ-ਝੇੜਿਆਂ ਤੋਂ ਉੱਤੇ ਉੱਠ ਕੇ ਮਨੁੱਖਤਾ ਨਾਲ ਪਿਆਰ-ਮੁਹੱਬਤ ਦੀ ਸਾਂਝ ਪਾਉਣ ਵਾਲਾ ਹੋਣਾ ਚਾਹੀਦਾ ਹੈ। ਮਨੁੱਖ ਦੀ ਹੋਂਦ ਨੂੰ ਸਭ ਕਾਸੇ ਤੋਂ ਉੱਪਰ ਰੱਖ ਕੇ ਦੇਖਣ ਦੀ ਲੋੜ ਹੈ।
ਨਵੇਂ ਸਾਲ ’ਚ ਪਹਿਲਾ ਕਦਮ ਧਰਦਿਆਂ ਜਾਤ-ਪਾਤ, ਰੰਗ, ਨਸਲ, ਭਿੰਨ-ਭੇਦ ਵਾਲੇ ਵਿਤਕਰਿਆਂ ਨੂੰ ਛੱਡ ਕੇ ਮਨੁੱਖਤਾ ’ਚ ਵਿਸ਼ਵਾਸ ਕਰਨ ਦਾ ਮਨ ਬਣਾਇਆ ਜਾਵੇ। ਤਕਨੀਕ ਦੀ ਅੱਤ ਵਿਕਸਤ ਇਸ ਇੱਕੀਵੀਂ ਸਦੀ ’ਚ ਇਨ੍ਹਾਂ ਪਿਛਾਂਹ ਖਿੱਚੂ ਸੋਚਾਂ ਨੂੰ ਖ਼ਤਮ ਕਰ ਕੇ ਅਪਣੱਤ ਪੈਦਾ ਕਰਨ ਦੀ ਸੋਚ ਰੱਖਣੀ ਚੀਹੀਦੀ ਹੈ। ਉਂਜ ਵੀ ਇਨ੍ਹਾਂ ਤੰਗ ਸੋਚਾਂ ਦੀ ਇਸ ਖ਼ੂਬਸੂਰਤ ਦੁਨੀਆ ’ਚ ਕੋਈ ਥਾਂ ਨਹੀਂ ਹੈ। ਵਿਗਿਆਨ ਤੇ ਗਿਆਨ ਦੇ ਇਸ ਆਧੁਨਿਕ ਦੌਰ ’ਚ ਸਿਰਜਣਾਤਮਕ ਸੋਚ ਨਾਲ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ ਲੈ ਕੇ ਇਨ੍ਹਾਂ ਨੂੰ ਨਾ ਦਹੁਰਾਉਣ ਵੱਲ ਤੁਰਨਾ ਚਾਹੀਦਾ ਹੈ।
ਭਵਿੱਖ ਦੀਆਂ ਯੋਜਨਾਵਾਂ ਤਿਆਰ ਕਰਨ ਵਾਲੇ ਪਾਸੇ ਦਿਮਾਗ਼ ਦੀ ਸ਼ਕਤੀ ਨੂੰ ਵਰਤਿਆ ਜਾਵੇ ਤਾਂ ਮਨੁੱਖਤਾ ਦਾ ਭਲਾ ਹੋ ਸਕਦਾ ਹੈ। ਲੰਘੇ ਵਰ੍ਹੇ ਕਈ ਮੁਲਕਾਂ ਦੀਆਂ ਹੱਦਾਂ-ਬੰਨਿਆਂ ’ਤੇ ਹੈਂਕੜਬਾਜ਼ੀਆਂ ਨੇ ਮਨੁੱਖੀ ਸੱਭਿਅਤਾ ਦਾ ਹੱਦੋਂ ਵੱਧ ਨੁਕਸਾਨ ਕੀਤਾ ਹੈ। ਕਈ ਮੁਲਕਾਂ ਨੇ ਭਿਆਨਕ ਯੁੱਧ ਵੇਖੇ ਹਨ।
ਹਥਿਆਰਾਂ ਦੇ ਪਰਛਾਵਿਆਂ ’ਚ ਭੁੱਖਮਰੀ ਨੇ ਬੇਕਸੂਰ ਲੋਕਾਂ ਨੂੰ ਖ਼ੂਬ ਤੜਫਾਇਆ ਹੈ। ਇਸ ਗੱਲ ਨੂੰ ਪੱਲੇ ਬੰਨ੍ਹ ਲੈਣਾ ਚਾਹੀਦਾ ਹੈ ਕਿ ਇਹ ਧਰਤੀ ਸਭ ਦੀ ਸਾਂਝੀ ਹੈ। ਇਸ ’ਤੇ ਸਾਰਿਆਂ ਦਾ ਬਰਾਬਰ ਦਾ ਹੱਕ ਹੈ। ਵਿਨਾਸ਼ ਨਹੀਂ, ਅੱਜ ਤੋਂ ਵਿਕਾਸ ਬਾਰੇ ਸੋਚਣ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਸ਼ਾਲਾ! ਇਹ ਸਾਲ ਸਾਰਿਆਂ ਲਈ ਖੁਸ਼ੀਆਂ-ਖੇੜੇ ਲੈ ਕੇ ਆਵੇ ਤੇ ਕੁੱਲ-ਕਾਇਨਾਤ ’ਚ ਅਪਣੱਤ ਦਾ ਪਸਾਰਾ ਹੋਵੇ। ਇਸ ਉਮੀਦ ਨਾਲ ਸਾਰਿਆਂ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ।