ਟਰੰਪ ਦੇ ਧੌਂਸ ਭਰੇ ਰਵੱਈਏ ਨੇ ਰੂਸ, ਚੀਨ ਤੇ ਭਾਰਤ ਨੂੰ ਇਕ-ਦੂਜੇ ਦੇ ਨੇੜੇ ਲਿਆ ਦਿਤਾ। ਇਸ ਤਿੱਕੜੀ ਨੂੰ ਨਵੀਂ ਵਿਸ਼ਵ ਵਿਵਸਥਾ ਦੀ ਉੱਭਰਦੀ ਧੁਰੀ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।

ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਇਕ ਭਾਸ਼ਣ ਵਿਚ ਕਿਹਾ ਸੀ ਕਿ ਪੱਛਮ ਦੀ ਰਾਜਨੀਤਕ ਅਤੇ ਆਰਥਿਕ ਚੜ੍ਹਤ ਖ਼ਤਮ ਹੋ ਰਹੀ ਹੈ ਅਤੇ ਦੁਨੀਆ ਦੀ ਅਗਲੀ ਵਿਵਸਥਾ ਘੱਟੋ-ਘੱਟ ਦੋ-ਧਰੁਵੀ ਜਾਂ ਬਹੁ-ਧਰੁਵੀ ਹੋਵੇਗੀ। ਯੂਰਪੀ ਕਮਿਸ਼ਨ ਦੀ ਮੁਖੀ ਉਰਸੁਲਾ ਵਾਨ ਡਰ ਲੇਨ ਨੇ ਕਿਹਾ ਕਿ ਇਸ ਵਿਚ ਕੋਈ ਬੁਰਾਈ ਨਹੀਂ ਹੈ, ਕਿਉਂਕਿ ਇਸ ਨਾਲ ਪੱਛਮ ਅਤੇ ਬਾਕੀ ਦੁਨੀਆ ਵਿਚਕਾਰ ਸਹਿਯੋਗ ਦੇ ਨਵੇਂ ਦਿਸਹੱਦੇ ਖੁੱਲ੍ਹ ਸਕਣਗੇ।
ਪਿਛਲੇ ਸਤੰਬਰ ਵਿਚ ਤਿਆਨਜਿਨ ਦੇ ਐੱਸਸੀਓ ਸਿਖਰ ਸੰਮੇਲਨ ਵਿਚ ਸ਼ਿਰਕਤ ਕਰਨ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਐੱਸਸੀਓ ਇਕ ਬਹੁ-ਪੱਖੀ ਅਤੇ ਸਮਾਵੇਸ਼ੀ ਵਿਸ਼ਵ ਵਿਵਸਥਾ ਨੂੰ ਅੱਗੇ ਵਧਾਉਣ ਵਿਚ ਮੋਹਰੀ ਭੂਮਿਕਾ ਨਿਭਾ ਸਕਦਾ ਹੈ। ਉਸੇ ਸੰਮੇਲਨ ਵਿਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਕ ਵਿਸ਼ਵ ਸੰਚਾਲਨ ਪਹਿਲ ਦਾ ਪ੍ਰਸਤਾਵ ਰੱਖਿਆ ਸੀ ਅਤੇ ਹਸਤੀਵਾਦ ਅਤੇ ਧੌਂਸ ਦੀ ਰਾਜਨੀਤੀ ਖ਼ਿਲਾਫ਼ ਖੜ੍ਹੇ ਹੋ ਕੇ ਸੱਚੀ ਬਹੁ-ਪੱਖਤਾ ’ਤੇ ਚੱਲਣ ਦਾ ਸੱਦਾ ਦਿੱਤਾ ਸੀ। ਡੋਨਾਲਡ ਟਰੰਪ ਨੇ ਇਸ ’ਤੇ ਤਨਜ਼ ਕੱਸਦਿਆਂ ਇਸ ਨੂੰ ਅਮਰੀਕਾ ਖ਼ਿਲਾਫ਼ ਸਾਜ਼ਿਸ਼ ਕਿਹਾ ਪਰ ਦੁਨੀਆ ਭਰ ਦੇ ਡਿਪਲੋਮੈਟਾਂ ਨੇ ਇਸ ਨੂੰ ਇਕ ਨਵੀਂ ਉੱਭਰਦੀ ਵਿਸ਼ਵ ਵਿਵਸਥਾ ਦੀ ਦਸਤਕ ਦੇ ਤੌਰ 'ਤੇ ਦੇਖਿਆ।
ਰਾਸ਼ਟਰਪਤੀ ਪੁਤਿਨ ਦੇ ਭਾਰਤ ਦੌਰੇ ਨੂੰ ਇਸ ਸੰਦਰਭ ਵਿਚ ਇਕ ਹੋਰ ਕੜੀ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਟਰੰਪ ਨੇ ਭਾਰਤ ਨਾਲ 25 ਸਾਲਾਂ ਦੀ ਦੋਸਤੀ ਨੂੰ ਪਾਸੇ ਰੱਖਦਿਆਂ ਰੂਸ ਤੋਂ ਤੇਲ ਖ਼ਰੀਦਣ ਦੇ ਖ਼ਿਲਾਫ਼ ਟੈਰਿਫ ਵਧਾ ਦਿੱਤੇ ਜਿਸ ਨਾਲ ਭਾਰਤ ਦਾ ਅਰਬਾਂ ਡਾਲਰ ਦਾ ਨਿਰਯਾਤ ਪ੍ਰਭਾਵਿਤ ਹੋਇਆ ਹੈ। ਪਿਛਲੇ ਕੁਝ ਸਾਲਾਂ ਵਿਚ ਅਮਰੀਕਾ ਭਾਰਤੀ ਵਸਤਾਂ ਦੀ ਸਭ ਤੋਂ ਵੱਡੀ ਮੰਡੀ ਬਣ ਕੇ ਉੱਭਰਿਆ, ਜਿੱਥੇ ਪਿਛਲੇ ਸਾਲ ਤੱਕ 87 ਅਰਬ ਡਾਲਰ ਦਾ ਨਿਰਯਾਤ ਹੁੰਦਾ ਸੀ ਜੋ ਭਾਰਤ ਦੇ ਕੁੱਲ ਨਿਰਯਾਤ ਦਾ ਲਗਪਗ 20 ਪ੍ਰਤੀਸ਼ਤ ਹੈ।
ਦੂਜੇ ਪਾਸੇ, ਰੂਸ ਦੀਆਂ ਦੋ ਵੱਡੀਆਂ ਤੇਲ ਕੰਪਨੀਆਂ ਰੋਸਨੇਫਟ ਅਤੇ ਲੁਕ ਆਇਲ ’ਤੇ ਪਾਬੰਦੀ ਲਗਾਈ ਗਈ ਹੈ ਜਿਸ ਨਾਲ ਰੂਸ ਨੂੰ ਅਰਬਾਂ ਡਾਲਰ ਦਾ ਨੁਕਸਾਨ ਹੋ ਰਿਹਾ ਹੈ। ਟਰੰਪ ਦੀ ਸ਼ੈਲੀ ਵੀ ਧੌਂਸ ਦਿਖਾਉਣ ਵਾਲੀ ਹੈ। ਇਹੀ ਸ਼ਿਕਾਇਤ ਚੀਨ ਨੂੰ ਵੀ ਹੈ। ਇਸ ਲਈ, ਜਿੱਥੇ ਉਹ ਸੱਤਾ ਸੰਭਾਲਦੇ ਹੀ ਕਿਸਿੰਜਰ ਨੀਤੀ 'ਤੇ ਚੱਲਦੇ ਹੋਏ ਰੂਸ ਨੂੰ ਚੀਨ ਦੇ ਪ੍ਰਭਾਵ ਤੋਂ ਬਾਹਰ ਕੱਢਣ ਦਾ ਦਾਅਵਾ ਕਰ ਰਹੇ ਸਨ, ਉੱਥੇ ਹੀ ਉਨ੍ਹਾਂ ਦੀਆਂ ਅਣਕਿਆਸੀਆਂ ਨੀਤੀਆਂ ਅਤੇ ਧੌਂਸ ਨੇ ਰੂਸ, ਚੀਨ ਅਤੇ ਭਾਰਤ ਨੂੰ ਇਕ-ਦੂਜੇ ਦੇ ਨੇੜੇ ਕਰ ਦਿੱਤਾ ਹੈ। ਰੂਸ, ਭਾਰਤ ਅਤੇ ਚੀਨ ਦੀ ਇਸ ਯੂਰੇਸ਼ਿਆਈ ਤਿੱਕੜੀ ਜਾਂ ਰਿਕ ਨੂੰ ਨਵੀਂ ਵਿਸ਼ਵ ਵਿਵਸਥਾ ਦੀ ਉੱਭਰਦੀ ਧੁਰੀ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਦੁਨੀਆ ਦੀ 40 ਪ੍ਰਤੀਸ਼ਤ ਜੀਡੀਪੀ ਅਤੇ ਜਨ-ਸ਼ਕਤੀ, ਮਜ਼ਬੂਤ ਫ਼ੌਜੀ ਸ਼ਕਤੀ ਅਤੇ ਦੱਖਣੀ ਦੇਸ਼ਾਂ ਵਿਚ ਪ੍ਰਭਾਵ ਅਤੇ ਸਾਖ਼ ਹੋਣ ਕਾਰਨ ਇਨ੍ਹਾਂ ਤਿੰਨਾਂ ਦੇ ਵਧਦੇ ਪ੍ਰਭਾਵ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ।
ਆਧੁਨਿਕ ਚੀਨ ਦਾ ਟੀਚਾ ਆਪਣੇ ਸ਼ਤਾਬਦੀ ਸਾਲ 2049 ਤੱਕ ਵਿਸ਼ਵ ਵਿਚ ਰਾਜਨੀਤਕ ਅਤੇ ਆਰਥਿਕ ਸ਼ਕਤੀ ਦੀ ਧੁਰੀ ਬਣ ਕੇ ਆਪਣੇ ਸੱਭਿਆਚਾਰਕ ਅਤੇ ਇਤਿਹਾਸਕ ਕੱਦ ਦੀ ਬਰਾਬਰੀ 'ਤੇ ਆਉਣਾ ਹੈ। ਟਰੰਪ ਦੀਆਂ ਮਨਮਾਨੀਆਂ ਨੀਤੀਆਂ ਨੇ ਇਸ ਨੂੰ ਹੋਰ ਆਸਾਨ ਬਣਾ ਦਿੱਤਾ ਹੈ। ਰੂਸ ਦਾ ਟੀਚਾ ਸੋਵੀਅਤ ਯੂਨੀਅਨ ਦੇ ਪਾਟੋਧਾੜ ਹੋਣ ਕਾਰਨ ਖੁੱਸ ਚੁੱਕੀ ਚੜ੍ਹਤ ਨੂੰ ਦੁਬਾਰਾ ਬਹਾਲ ਕਰਨਾ ਹੈ ਜਿਸ ਨੂੰ ਉਹ ਨਾਟੋ ਦਾ ਵਿਸਥਾਰ ਰੋਕ ਕੇ ਅਤੇ ਯੂਰੇਸ਼ਿਆ ਵਿਚ ਆਪਣਾ ਪ੍ਰਭਾਵ ਵਧਾ ਕੇ ਹਾਸਲ ਕਰਨਾ ਚਾਹੁੰਦਾ ਹੈ। ਉਸ ਨੇ ਯੂਕਰੇਨ ਯੁੱਧ ਵਿਚ ਅਮਰੀਕਾ ਅਤੇ ਨਾਟੋ ਨੂੰ ਚੁਣੌਤੀ ਦੇ ਕੇ ਆਪਣੀ ਫ਼ੌਜੀ ਅਤੇ ਆਰਥਿਕ ਧਾਂਕ ਨੂੰ ਕਾਫ਼ੀ ਹੱਦ ਤੱਕ ਬਹਾਲ ਕਰ ਲਿਆ ਹੈ।
ਲਗਪਗ ਢਾਈ ਲੱਖ ਸੈਨਿਕਾਂ ਅਤੇ 1200 ਅਰਬ ਡਾਲਰ ਦੇ ਨੁਕਸਾਨ ਦੇ ਬਾਵਜੂਦ ਉਸ ਦੀ ਫ਼ੌਜ ਅੱਗੇ ਵਧ ਰਹੀ ਹੈ। ਆਰਥਿਕਤਾ ਠੱਪ ਨਹੀਂ ਹੋਈ ਹੈ ਅਤੇ ਪੱਛਮੀ ਦੇਸ਼ ਉਸ ਦੀ ਘੇਰਾਬੰਦੀ ਵਿਚ ਨਾਕਾਮ ਰਹੇ ਹਨ। ਰੂਸ ਅਤੇ ਚੀਨ ਦੋਵੇਂ ਆਪਣੀ ਰੱਖਿਆ ਤਕਨੀਕ ਅਤੇ ਫ਼ੌਜੀ ਸਾਜੋ-ਸਾਮਾਨ ਦੇ ਮਾਮਲੇ ਵਿਚ ਨਾਟੋ ਅਤੇ ਅਮਰੀਕਾ ਦੀ ਤਰ੍ਹਾਂ ਆਤਮ-ਨਿਰਭਰ ਹਨ। ਚੀਨੀ ਫ਼ੌਜੀ ਸਮਰੱਥਾ ਦੀ ਹਾਲੇ ਤੱਕ ਰੂਸ ਦੀ ਤਰ੍ਹਾਂ ਯੁੱਧ ਦੇ ਮੈਦਾਨ ਵਿਚ ਪਰਖ ਨਹੀਂ ਹੋਈ ਹੈ ਪਰ ਉਸ ਨੇ ਆਰਥਿਕ ਅਤੇ ਤਕਨੀਕੀ ਸ਼ਕਤੀ ਦੇ ਮਾਮਲੇ ਵਿਚ ਟਰੰਪ ਨੂੰ ਝੁਕਣ ਲਈ ਮਜਬੂਰ ਕਰ ਕੇ ਆਪਣੀ ਸ਼ਕਤੀ ਦਿਖਾ ਦਿੱਤੀ ਹੈ।
ਜਾਰਜ ਆਰਵੇਲ ਦੇ ਨਾਵਲ '1984' ਦੀ ਤਰ੍ਹਾਂ ਹੁਣ ਸ਼ਕਤੀ ਦੀਆਂ ਤਿੰਨ ਧੁਰੀਆਂ ਬਣਦੀਆਂ ਦਿਖਾਈ ਦੇ ਰਹੀਆਂ ਹਨ। ਭਾਰਤ ਨੂੰ ਚੌਥੀ ਧੁਰੀ ਬਣਨ ਲਈ ਫ਼ੌਜੀ ਅਤੇ ਆਰਥਿਕ ਮੋਰਚੇ ’ਤੇ ਬਹੁਤ ਕੁਝ ਕਰਨਾ ਪਵੇਗਾ ਪਰ ਇਸ ਦੀ ਜਨ-ਸ਼ਕਤੀ ਅਤੇ ਆਰਥਿਕ ਅਤੇ ਤਕਨੀਕੀ ਵਿਕਾਸ ਦੀ ਸੰਭਾਵਨਾਵਾਂ ਇਸ ਨੂੰ ਕਿਸੇ ਵੀ ਨਵੀਂ ਵਿਸ਼ਵ ਵਿਵਸਥਾ ਵਿਚ ਲਾਜ਼ਮੀ ਬਣਾਉਂਦੀਆਂ ਹਨ। ਇਸੇ ਵੱਲ ਇਸ਼ਾਰਾ ਕਰਦਿਆਂ ਹੋਇਆਂ ਰਾਸ਼ਟਰਪਤੀ ਪੁਤਿਨ ਨੇ ਭਾਰਤ ਦੌਰੇ ਤੋਂ ਪਹਿਲਾਂ ਦਿੱਤੇ ਇਕ ਇੰਟਰਵਿਊ ਵਿਚ ਜੀ-7 ਵਰਗੇ ਸੰਗਠਨਾਂ ਦੀ ਪ੍ਰਸੰਗਿਕਤਾ ’ਤੇ ਸਵਾਲ ਚੁੱਕਿਆ ਸੀ ਜਿਨ੍ਹਾਂ ਵਿਚ ਨਾ ਭਾਰਤ ਹੈ ਅਤੇ ਨਾ ਰੂਸ ਅਤੇ ਚੀਨ।
ਕੋਈ ਵੀ ਨਵੀਂ ਵਿਵਸਥਾ ਸਿਰਫ਼ ਪੁਰਾਣੀ ਵਿਵਸਥਾ ਦੇ ਵਿਰੋਧ ਦੀ ਨੀਂਹ ’ਤੇ ਖੜ੍ਹੀ ਨਹੀਂ ਹੋ ਸਕਦੀ। ਇਹ ਸਹੀ ਹੈ ਕਿ ਟਰੰਪ ਨੇ ਪਹਿਲਾਂ ਤੋਂ ਹੀ ਅਮਰੀਕਾ ਅਤੇ ਨਾਟੋ ਦੀਆਂ ਦੋਹਰੀਆਂ ਨੀਤੀਆਂ ਕਾਰਨ ਕਮਜ਼ੋਰ ਅਤੇ ਗ਼ੈਰ-ਪ੍ਰਸੰਗਿਕ ਹੁੰਦੀ ਆ ਰਹੀ ਵਿਸ਼ਵ ਵਿਵਸਥਾ ਨੂੰ ਆਪਣੀ ਮਨਮਾਨੀ ਅਤੇ ਅਸਥਿਰ ਨੀਤੀਆਂ ਨਾਲ ਹੋਰ ਤਹਿਸ-ਨਹਿਸ ਕਰ ਦਿੱਤਾ ਹੈ।
ਪਹਿਲਾਂ ਸੰਯੁਕਤ ਰਾਸ਼ਟਰ ਦੀ ਕਿਸੇ ਵੀ ਸੰਸਥਾ ਵਿਚ ਦਿਖਾਵੇ ਲਈ ਵੀ ਕੋਈ ਪ੍ਰਸਤਾਵ ਰੱਖੇ ਬਿਨਾਂ ਈਰਾਨ 'ਤੇ ਹਮਲਾ ਕੀਤਾ ਅਤੇ ਹੁਣ ਵੈਨੇਜ਼ੁਏਲਾ ਦੀਆਂ ਬੇੜੀਆਂ ’ਤੇ ਹਮਲੇ ਕਰ ਰਹੇ ਹਨ। ਯੂਕਰੇਨ ਦੀ ਮਰਜ਼ੀ ਤੋਂ ਬਿਨਾਂ ਉਸ ਦੀ ਜ਼ਮੀਨ ਰੂਸ ਨੂੰ ਸੌਂਪ ਕੇ ਸ਼ਾਂਤੀ ਸਮਝੌਤਾ ਥੋਪਣਾ ਚਾਹੁੰਦੇ ਹਨ। ਮਨਮਾਨੇ ਟੈਰਿਫ ਥੋਪ ਕੇ ਵਿਸ਼ਵ ਵਪਾਰ ਸੰਗਠਨ ਨੂੰ ਗ਼ੈਰ-ਪ੍ਰਸੰਗਿਕ ਬਣਾ ਦਿੱਤਾ ਹੈ। ਜਲਵਾਯੂ ਸੰਧੀ, ਵਿਸ਼ਵ ਸਿਹਤ ਸੰਗਠਨ ਅਤੇ ਯੂਨੈਸਕੋ ਦੀ ਮੈਂਬਰਸ਼ਿਪ ਛੱਡ ਦਿੱਤੀ ਜਿਸ ਕਾਰਨ ਜਲਵਾਯੂ ਬਦਲਾਅ ਅਤੇ ਮਹਾਮਾਰੀਆਂ ਦਾ ਸਾਹਮਣਾ ਕਰ ਸਕਣਾ ਅਤੇ ਵਿਸ਼ਵ ਧਰੋਹਰਾਂ ਦੀ ਰੱਖਿਆ ਕਰਨਾ ਮੁਸ਼ਕਲ ਹੋ ਗਿਆ ਹੈ। ਅਮਰੀਕਾ ਨੇ ਆਪਣੀ ਅਗਵਾਈ ਵਿਚ ਜੋ ਨਿਯਮਬੱਧ ਵਿਸ਼ਵ ਵਿਵਸਥਾ ਸ਼ੁਰੂ ਕੀਤੀ ਸੀ, ਉਸ ਨੂੰ ਟਰੰਪ 'ਜਿਸ ਦੀ ਲਾਠੀ-ਉਸ ਦੀ ਮੱਝ' ਵਾਲੀ ਵਿਵਸਥਾ ਵਿਚ ਬਦਲ ਰਹੇ ਹਨ।
ਇਸ ਤੋਂ ਚਿੰਤਤ ਹੋ ਕੇ ਚੀਨ, ਰੂਸ ਅਤੇ ਭਾਰਤ ਨੇੜੇ ਜ਼ਰੂਰ ਆਏ ਹਨ ਪਰ ਵਿਸ਼ਵ ਵਿਵਸਥਾ ਨੂੰ ਲੈ ਕੇ ਤਿੰਨਾਂ ਵਿਚਕਾਰ ਡੂੰਘੇ ਆਪਾ-ਵਿਰੋਧ ਰਹੇ ਹਨ। ਚੀਨ ਜੇਹਾਦੀ ਅੱਤਵਾਦ, ਪਰਮਾਣੂ ਨਿਸ਼ਸਤਰੀਕਰਨ ਅਤੇ ਸੁਰੱਖਿਆ ਕੌਂਸਲ ਵਿਚ ਭਾਰਤ ਦੀ ਸਥਾਈ ਮੈਂਬਰਸ਼ਿਪ ਨੂੰ ਲੈ ਕੇ ਟੰਗ ਅੜਾਉਂਦਾ ਰਿਹਾ ਹੈ। ਰੂਸ ਨੇ ਸੁਤੰਤਰ ਦੇਸ਼ਾਂ ਦੀ ਸਰਬ-ਭੌਮਿਕਤਾ ਅਤੇ ਅਖੰਡਤਾ ਦੇ ਸਿਧਾਂਤ ਨੂੰ ਛਿੱਕੇ ਟੰਗ ਕੇ ਯੂਕਰੇਨ ’ਤੇ ਹਮਲਾ ਕੀਤਾ ਹੈ ਅਤੇ ਚੀਨ ਤਾਇਵਾਨ ’ਤੇ ਹਮਲੇ ਦੀ ਤਾਕ ਵਿਚ ਹੈ।
ਚੀਨ ਮੁਕਤ ਵਪਾਰ ਦੇ ਨਿਯਮਾਂ ਦੀ ਵੀ ਪਾਲਣਾ ਨਹੀਂ ਕਰਦਾ ਜਿਸ ਕਾਰਨ ਭਾਰਤ ਨੂੰ ਭਾਰੀ ਵਪਾਰ ਘਾਟਾ ਹੋ ਰਿਹਾ ਹੈ। ਅਜਿਹੇ ਵਿਚ ਤਿੰਨਾਂ ਵਿਚਕਾਰ ਕਿਸੇ ਨਿਯਮਬੱਧ ਆਲਮੀ ਵਿਵਸਥਾ ’ਤੇ ਸਹਿਮਤੀ ਕਿਵੇਂ ਸੰਭਵ ਹੋਵੇਗੀ? ਹੋ ਵੀ ਗਈ ਤਾਂ ਅਮਰੀਕਾ ਅਤੇ ਯੂਰਪ ਨੂੰ ਉਸ ਦੀ ਪਾਲਣਾ ਲਈ ਕਿਵੇਂ ਮਨਾਇਆ ਜਾ ਸਕੇਗਾ? ਇਹ ਵੀ ਕਿ ਰੂਸ ਤੋਂ ਮਿਲੀ ਹਾਰ ਅਤੇ ਅਮਰੀਕਾ ਤੋਂ ਮੋਹ ਭੰਗ ਹੋਣ ਤੋਂ ਬਾਅਦ ਹੁਣ ਯੂਰਪ ਦੀ ਭੂਮਿਕਾ ਕੀ ਰਹੇਗੀ?
ਇਹ ਵੱਡੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਭਵਿੱਖ ਦੇ ਗਰਭ ਵਿਚ ਹਨ। ਇਕ ਗੱਲ ਪੱਕੀ ਹੈ ਕਿ ਰੂਸ, ਭਾਰਤ ਤੇ ਚੀਨ ਦੇ ਨੇੜੇ ਆਉਣ ਨਾਲ ਅਮਰੀਕਾ ਲਈ ਚੁਣੌਤੀਆਂ ਜ਼ਰੂਰ ਵਧ ਗਈਆਂ ਹਨ। ਉਸ ਨੂੰ ਆਲਮੀ ਪੱਧਰ ’ਤੇ ਆਪਣੀ ਚੜ੍ਹਤ ਬਣਾਉਣ ਲਈ ਕਾਫ਼ੀ ਜਦੋਜਹਿਦ ਕਰਨੀ ਪੈ ਰਹੀ ਹੈ। ਉਸ ਨੂੰ ਪਾਕਿਸਤਾਨ ਦੀ ਮਦਦ ਲੈ ਕੇ ਭਾਰਤ ’ਤੇ ਦਬਾਅ ਪਾਉਣ ਦੀ ਨੀਤੀ ’ਤੇ ਚੱਲਣਾ ਪੈ ਰਿਹਾ ਹੈ ਪਰ ਇਸ ਦਾ ਤੋੜ ਰੂਸ, ਭਾਰਤ ਤੇ ਚੀਨ ਦਾ ਆਪਸੀ ਸਹਿਯੋਗ ਵਧਣ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਰੂਸੀ ਰਾਸ਼ਟਰਪਤੀ ਦੇ ਸਫਲ ਭਾਰਤ ਦੌਰੇ ਨੇ ਵੀ ਟਰੰਪ ਦੀ ਚਿੰਤਾ ਵਧਾ ਦਿੱਤੀ ਹੈ। ਉਕਤ ਤੋਂ ਸਪਸ਼ਟ ਹੈ ਕਿ ਵਿਸ਼ਵ ਵਿਵਸਥਾ ਵਿਚ ਭਾਰਤ ਦੀ ਅਹਿਮੀਅਤ ਵਧਦੀ ਜਾ ਰਹੀ ਹੈ।
-ਸ਼ਿਵਕਾਂਤ ਸ਼ਰਮਾ
-(ਲੇਖਕ ਬੀਬੀਸੀ ਹਿੰਦੀ ਦਾ ਸਾਬਕਾ ਸੰਪਾਦਕ ਹੈ)।
-response@jagran.com