ਇਹ ਬਹੁਤ ਪੁਰਾਣਾ ਰੁਝਾਨ ਹੈ ਕਿ ਪੰਜਾਬ ’ਚ ਵਾਪਰੀਆਂ ਅਪਰਾਧਕ ਘਟਨਾਵਾਂ ਤੋਂ ਬਾਅਦ ਬਹੁਤੇ ਅਪਰਾਧੀ ਵਿਦੇਸ਼ ਭੱਜ ਜਾਂਦੇ ਹਨ। ਉੱਥੇ ਬੈਠ ਕੇ ਵੀ ਇਹ ਗੈਂਗਸਟਰ ਸੂਬੇ ’ਚ ਵੱਡੀਆਂ ਘਟਨਾਵਾਂ ਕਰਵਾ ਰਹੇ ਹਨ। ਉੱਥੇ ਵੀ ਇਨ੍ਹਾਂ ਦੀਆਂ ਅਪਰਾਧਕ ਹਰਕਤਾਂ ਪਰੇਸ਼ਾਨੀਆਂ ਖੜ੍ਹੀਆਂ ਕਰਦੀਆਂ ਹਨ।

ਪੰਜਾਬ ’ਚ ਵਾਪਰੀਆਂ ਜ਼ਿਆਦਾਤਰ ਵਾਰਦਾਤਾਂ ਪਿੱਛੇ ਵਿਦੇਸ਼ਾਂ ’ਚ ਲੁਕੇ ਗੈਂਗਸਟਰ ਜ਼ਿੰਮੇਵਾਰ ਹਨ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਕਈ ਗੈਂਗਸਟਰਾਂ ਦੇ ਨਾਂ ਚਰਚਾ ’ਚ ਆਏ ਹਨ। ਇਨ੍ਹਾਂ ’ਚ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦਾ ਨਾਂ ਜ਼ਿਕਰਯੋਗ ਹੈ। ਅਨਮੋਲ ਦੀ ਅਮਰੀਕਾ ਨੇ ਭਾਰਤ ਨੂੰ ਹਵਾਲਗੀ ਕੀਤੀ ਹੈ ਅਤੇ ਉਸ ਨੂੰ ਐੱਨਆਈਏ ਨੇ ਅਦਾਲਤ ’ਚ ਪੇਸ਼ ਕਰਨ ਮਗਰੋਂ 11 ਦਿਨਾਂ ਲਈ ਹਿਰਾਸਤ ’ਚ ਲੈ ਲਿਆ ਹੈ। ਅਨਮੋਲ ’ਤੇ ਮੂਸੇਵਾਲਾ ਦੇ ਸਾਲ 2022 ’ਚ ਹੋਏ ਕਤਲ ਸਣੇ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਦੇ ਵੱਡੇ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਉਸ ਦਾ 35 ਤੋਂ ਵੱਧ ਕਤਲਾਂ ਤੇ 20 ਤੋਂ ਜ਼ਿਆਦਾ ਕਿਡਨੈਪਿੰਗ, ਧਮਕੀਆਂ ਦੇਣ ਤੇ ਹਿੰਸਾ ਦੇ ਮਾਮਲਿਆਂ ’ਚ ਨਾਂ ਬੋਲਦਾ ਹੈ। ਐੱਨਆਈਏ ਨੇ ਉਸ ਨੂੰ ਅੱਤਵਾਦੀ ਸਾਜ਼ਿਸ਼ਾਂ ਦਾ ਸਮਰਥਨ ਕਰਨ ਦੇ ਇਲਜ਼ਾਮਾਂ ’ਚ ਮਾਰਚ 2023 ’ਚ ਚਾਰਜਸ਼ੀਟ ਕੀਤਾ ਸੀ। ਹਾਈ-ਪ੍ਰੋਫਾਈਲ ਬਾਬਾ ਸਿੱਦੀਕੀ ਕਤਲ ਕੇਸ ’ਚ ਉਸ ਦਾ ਹੱਥ ਹੋਣ ਦੇ ਦੋਸ਼ ਲੱਗੇ ਹਨ। ਐੱਨਆਈਏ ਦਾ ਦਾਅਵਾ ਹੈ ਕਿ ਉਹ ਦਹਿਸ਼ਤਗਰਦੀ ਸਾਜ਼ਿਸ਼ਾਂ ’ਚ ਭਾਈਵਾਲ ਹੈ ਤੇ ਉਸ ਨੇ ਗਿਰੋਹ ਦੇ ਗੁਰਗਿਆਂ ਨੂੰ ਪਨਾਹ ਅਤੇ ਹਥਿਆਰਾਂ ਦੀ ਸਹਾਇਤਾ ਦਿੱਤੀ ਹੈ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਉਹ ਫ਼ਰਜ਼ੀ ਪਾਸਪੋਰਟ ਦੀ ਵਰਤੋਂ ਕਰ ਕੇ ਭਾਰਤ ਤੋਂ ਅਮਰੀਕਾ ਫਰਾਰ ਹੋਇਆ ਸੀ। ਅਨਮੋਲ ’ਤੇ 10 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਸੀ। ਉਸ ਦੀ ਹਵਾਲਗੀ ਨਾਲ ਇਸ ਗੱਲ ਦਾ ਵੀ ਖ਼ੁਲਾਸਾ ਹੋ ਸਕਦਾ ਹੈ ਕਿ ਉਸ ਦੀ ਅੰਤਰਰਾਸ਼ਟਰੀ ਫੰਡਿੰਗ ਨਾਲ ਜੁੜੇ ਨੈੱਟਵਰਕ ’ਚ ਕੌਣ-ਕੌਣ ਸ਼ਾਮਲ ਹੈ। ਵਿਦੇਸ਼ਾਂ ’ਚ ਜਿਹੜੀਆਂ ਅਪਰਾਧਕ ਘਟਨਾਵਾਂ ਵਾਪਰੀਆਂ ਹਨ, ਉਨ੍ਹਾਂ ’ਚ ਇਸ ਦੀ ਕਿੰਨੀ ਸ਼ਮੂਲੀਅਤ ਹੈ, ਉਸ ਬਾਰੇ ਵੀ ਪਤਾ ਲੱਗਣ ਦੇ ਆਸਾਰ ਹਨ।
ਇਹ ਬਹੁਤ ਪੁਰਾਣਾ ਰੁਝਾਨ ਹੈ ਕਿ ਪੰਜਾਬ ’ਚ ਵਾਪਰੀਆਂ ਅਪਰਾਧਕ ਘਟਨਾਵਾਂ ਤੋਂ ਬਾਅਦ ਬਹੁਤੇ ਅਪਰਾਧੀ ਵਿਦੇਸ਼ ਭੱਜ ਜਾਂਦੇ ਹਨ। ਉੱਥੇ ਬੈਠ ਕੇ ਵੀ ਇਹ ਗੈਂਗਸਟਰ ਸੂਬੇ ’ਚ ਵੱਡੀਆਂ ਘਟਨਾਵਾਂ ਕਰਵਾ ਰਹੇ ਹਨ। ਉੱਥੇ ਵੀ ਇਨ੍ਹਾਂ ਦੀਆਂ ਅਪਰਾਧਕ ਹਰਕਤਾਂ ਪਰੇਸ਼ਾਨੀਆਂ ਖੜ੍ਹੀਆਂ ਕਰਦੀਆਂ ਹਨ। ਲੁਧਿਆਣਾ ’ਚ ਜਲੰਧਰ-ਪਾਨੀਪਤ ਨੈਸ਼ਨਲ ਹਾਈਵੇ ’ਤੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਪੁਲਿਸ ਮੁਕਾਬਲੇ ਦੌਰਾਨ ਦੋ ਅੱਤਵਾਦੀ ਗ੍ਰਿਫ਼ਤਾਰ ਕੀਤੇ ਗਏ ਹਨ। ਇਨ੍ਹਾਂ ਕੋਲੋਂ ਚਾਈਨਾ ਮੇਡ ਗ੍ਰਨੇਡ, ਪੰਜ ਪਿਸਤੌਲਾਂ ਤੇ ਵੱਡੀ ਮਾਤਰਾ ’ਚ ਕਾਰਤੂਸ ਬਰਾਮਦ ਹੋਏ ਹਨ। ਇਸ ਪੁਲਿਸ ਮੁਕਾਬਲੇ ’ਚ ਜਿਹੜੇ ਅੱਤਵਾਦੀ ਫੜੇ ਗਏ ਹਨ, ਉਨ੍ਹਾਂ ਦੀਆਂ ਤਾਰਾਂ ਵੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੀਆਂ ਹੋਈਆਂ ਦੱਸੀਆਂ ਜਾ ਰਹੀਆਂ ਹਨ। ਵਿਦੇਸ਼ਾਂ ’ਚ ਲੁਕ ਕੇ ਅਜਿਹੀਆਂ ਵਾਰਦਾਤਾਂ ਕਰਵਾਉਣ ਵਾਲੇ ਅਪਰਾਧੀਆਂ ਨੂੰ ਨੱਪਣ ਲਈ ਇਸੇ ਸਾਲ ਫਰਵਰੀ ਮਹੀਨੇ ਪੰਜਾਬ ਪੁਲਿਸ ਨੇ 46 ਅਜਿਹੇ ਗੈਂਗਸਟਰਾਂ ਦੀ ਸੂਚੀ ਤਿਆਰ ਕੀਤੀ ਸੀ ਜਿਨ੍ਹਾਂ ਨੂੰ ਭਾਰਤ ਲਿਆਉਣ ਦੀ ਤਿਆਰੀ ਹੈ। ਇਨ੍ਹਾਂ ’ਚ 22 ਗੈਂਗਸਟਰ ਗੋਲਡੀ ਬਰਾੜ ਗੈਂਗ ਨਾਲ ਸਬੰਧਤ ਹਨ। ਦਵਿੰਦਰ ਬੰਬੀਹਾ, ਲੱਕੀ ਪਟਿਆਲਾ ਦੇ 10 ਗੁਰਗੇ ਹਨ। ਅੱਠ ਹਰਵਿੰਦਰ ਰਿੰਦਾ-ਲਖਬੀਰ ਲੰਡਾ ਗੈਂਗ ਨਾਲ, 4 ਜੱਗੂ ਭਗਵਾਨਪੁਰੀਆ ਅਤੇ 4 ਹੈਰੀ ਚੱਠਾ ਗੈਂਗ ਨਾਲ ਜੁੜੇ ਹੋਏ ਹਨ। ਇਨ੍ਹਾਂ ’ਚ ਬਹੁਤੇ ਉਹ ਹਨ ਜਿਨ੍ਹਾਂ ਦਾ ਨਾਂ ਫਿਰੌਤੀਆਂ, ਜਬਰਨ ਵਸੂਲੀ ਤੇ ਵੱਡੇ ਕਤਲਾਂ ਦੇ ਮਾਮਲਿਆਂ ’ਚ ਸ਼ਾਮਲ ਹੈ। ਹੁਣ ਫਿਰ ਪੰਜਾਬ ਪੁਲਿਸ ਤੇ ਕੇਂਦਰੀ ਏਜੰਸੀਆਂ ਅਮਰੀਕਾ ’ਚ ਲੁਕੇ ਹੋਏ 50 ਤੋਂ ਵੱਧ ਗੈਂਗਸਟਰਾਂ ਨੂੰ ਭਾਰਤ ਲਿਆਉਣ ਦੀ ਤਿਆਰੀ ਕਰ ਰਹੀਆਂ ਹਨ। ਹਾਲਾਂਕਿ ਇਨ੍ਹਾਂ ’ਤੇ ਇਹ ਇਲਜ਼ਾਮ ਵੀ ਲੱਗਦੇ ਰਹੇ ਹਨ ਕਿ ਇਹ ਗੈਂਗਸਟਰ ਪੰਜਾਬ ਦੀਆਂ ਜੇਲ੍ਹਾਂ ’ਚ ਬੈਠੇ ਅਪਰਾਧੀਆਂ ਨਾਲ ਸਿੱਧੇ ਸੰਪਰਕ ’ਚ ਹਨ। ਹੁਣ ਅਨਮੋਲ ਬਿਸ਼ਨੋਈ ਦਾ ਐੱਨਆਈਏ ਨੂੰ ਰਿਮਾਂਡ ਮਿਲਣ ਨਾਲ ਕਈ ਵੱਡੀਆਂ ਵਾਰਦਾਤਾਂ ਦੇ ਅਸਲ ਗੁਨਾਹਗਾਰਾਂ ਤੱਕ ਪੁੱਜਣ ਲਈ ਰਾਹ ਪੱਧਰਾ ਹੋਣ ਦੀ ਆਸ ਬੱਝ ਰਹੀ ਹੈ।