ਅਸੀਂ ਕਾਫ਼ੀ ਸਮਾਂ ਅਜਾਇਬਘਰ ਵਿਚ ਲਾਇਆ ਅਤੇ ਜਦੋਂ ਬਾਹਰ ਆਏ ਤਾਂ ਗੇਟ ਦੇ ਬਿਲਕੁਲ ਹੀ ਨਾਲ ਇਕ ਛੋਟੀ ਜਿਹੀ ਕਿਤਾਬਾਂ ਦੀ ਦੁਕਾਨ ਸੀ। ਮੈਂ ਉਨ੍ਹਾਂ ਕਿਤਾਬਾਂ ਨੂੰ ਵੇਖਣ ਲੱਗ ਪਿਆ ਪਰ ਮੇਰੀ ਜ਼ਿਆਦਾ ਦਿਲਚਸਪੀ ਇਹ ਸੀ ਕਿ ਉਨ੍ਹਾਂ ’ਚ ਭਾਰਤੀ ਲੇਖਕਾਂ ਦੀਆਂ ਕਿਹੜੀਆਂ ਕਿਤਾਬਾਂ ਹਨ ਪਰ ਉਨ੍ਹਾਂ ਵਿਚ ਮੈਨੂੰ ਖੁਸ਼ਵੰਤ ਸਿੰਘ ਦੀਆਂ ਕਿਤਾਬਾਂ ਹੀ ਮਿਲੀਆਂ।

ਦਿੱਲੀ ਦੀ ਇੰਸਟੀਟਿਊਟ ਆਫ ਸੋਸ਼ਲ ਸਾਇੰਸਿਜ਼ ਨੂੰ ਇਕ ਵਾਰ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਦੇ ਸਥਾਨਕ ਸਰਕਾਰਾਂ ਦੇ ਪ੍ਰਤੀਨਿਧਾਂ ਨੂੰ ਪਾਕਿਸਤਾਨ ਦੀ ਇਕ ਸੰਸਥਾ ਨੇ ਬੁਲਾਇਆ ਸੀ। ਦਿੱਲੀ ਦੀ ਸੰਸਥਾ ਦੇ ਸੀਨੀਅਰ ਫੈਲੋ ਹੋਣ ਕਰਕੇ ਮੇਰਾ ਨਾਂ ਵੀ ਉਸ ਵਿਚ ਸੀ। ਵੱਖ-ਵੱਖ ਪ੍ਰਾਂਤਾਂ ਦੇ 32 ਮਹਿਲਾਵਾਂ ਅਤੇ ਮਰਦਾਂ ਦੇ ਇਸ ਡੈਲੀਗੇਸ਼ਨ ਨੇ 15 ਦਿਨ ਪਾਕਿਸਤਾਨ ਰਹਿਣਾ ਸੀ ਅਤੇ ਪਹਿਲੇ ਦਿਨ ਅੰਮ੍ਰਿਤਸਰ ਤੋਂ ਲਾਹੌਰ ਪਹੁੰਚਣਾ ਸੀ। ਪ੍ਰੋਗਰਾਮ ਅਨੁਸਾਰ ਅਸੀਂ ਅੰਮ੍ਰਿਤਸਰ ਤੋਂ ਸਵੇਰੇ 9 ਕੁ ਵਜੇ ਚੱਲੇ ਅਤੇ ਸਮਝਦੇ ਸਾਂ ਕਿ 58 ਕੁ ਕਿੱਲੋਮੀਟਰ ਦਾ ਸਫ਼ਰ ਵਾਹਗੇ ਦੀ ਸਰਹੱਦ ’ਤੇ ਹੋਣ ਵਾਲੀਆਂ ਕਾਰਵਾਈਆਂ ਦੇ ਬਾਵਜੂਦ 12 ਕੁ ਵਜੇ ਲਾਹੌਰ ਪਹੁੰਚ ਜਾਵਾਂਗੇ ਜਿੱਥੇ ਉਸ ਦਿਨ ਦਾ ਲੰਚ ਸੀ ਪਰ ਅਸੀਂ ਵਾਹਗੇ ਤੋਂ 5 ਕੁ ਵਜੇ ਵਿਹਲੇ ਹੋਏ ਅਤੇ ਉਸ ਟੂਰ ਦੇ ਕੋਆਰਡੀਨੇਟਰ ਨੇ ਸਾਨੂੰ ਲੈਣ ਆਈ ਬੱਸ ਵਿਚ ਬਿਠਾ ਦਿੱਤਾ।
ਬੱਸ ਵਿਚ ਭਾਰਤ ਦੇ ਮਸ਼ਹੂਰ ਸਿੰਗਰ ਮੁਕੇਸ਼ ਦੇ ਬੜੇ ਦਰਦ ਭਰੇ ਅਤੇ ਮਿੱਠੇ ਗਾਣੇ ਲੱਗੇ ਹੋਏ ਸਨ। ਮੇਰੀ ਸੀਟ ਡਰਾਈਵਰ ਦੀ ਸੀਟ ਦੇ ਕੋਲ ਸੀ। ਇਸ ਲਈ ਮੈਂ ਡਰਾਈਵਰ ਨੂੰ ਕਿਹਾ ਕਿ ਇਹ ਤਾਂ ਸਾਡੇ ਮੁਕੇਸ਼ ਦੇ ਗਾਣੇ ਹਨ ਤਾਂ ਉਸ ਨੇ ਮੁਸਕਰਾ ਕੇ ਜਵਾਬ ਦਿੱਤਾ “ਪਰ ਅਸੀਂ ਤਾਂ ਉਸ ਨੂੰ ਆਪਣਾ ਸਮਝਦੇ ਹਾਂ, ਇਹ ਤੁਹਾਡਾ ਕਿਵੇਂ ਹੋ ਗਿਆ।” ਉਸ ਦਾ ਜਵਾਬ ਬੜਾ ਦਿਲਚਸਪ ਸੀ ਜਿਸ ਤੋਂ ਪਤਾ ਲੱਗਦਾ ਸੀ ਕਿ ਉਹ ਕਲਾਕਾਰਾਂ ਦਾ ਕਿੰਨਾ ਕਦਰਦਾਨ ਸੀ। ਫਿਰ ਉਹ ਦੱਸਣ ਲੱਗਾ ਕਿ ਸੁਰਿੰਦਰ ਕੌਰ ਤਾਂ ਸਾਡੀ ਸੀ। ਉਹ 1947 ਤੱਕ ਤਾਂ ਇੱਧਰ ਹੀ ਗਾਣੇ ਗਾਉਂਦੀ ਸੀ ਪਰ ਉਸ ਨੂੰ ਭਾਰਤ ਮਜਬੂਰਨ ਜਾਣਾ ਪਿਆ। ਅੱਜ ਵੀ ਲਹਿੰਦੇ ਪੰਜਾਬ ਵਿਚ ਹਰ ਥਾਂ ਉਸ ਦੇ ਹੀ ਗਾਣੇ ਸੁਣੇ ਜਾਂਦੇ ਹਨ। ਪਾਕਿਸਤਾਨ ਵਿਚ ਤੁਹਾਡੇ ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ, ਸ਼ਮਸ਼ਾਦ ਬੇਗਮ ਓਨੇ ਹੀ ਸੁਣੇ ਜਾਂਦੇ ਹਨ ਜਿੰਨੀ ਨੂਰਜਹਾਂ ਅਤੇ ਹੋਰ।
ਲੰਚ ਦੀ ਤਾਂ ਕੋਈ ਲੋੜ ਹੀ ਨਹੀਂ ਸੀ ਪਰ ਟੂਰ ਦੇ ਪ੍ਰਬੰਧਕ ਖਾਣੇ ਦੇ ਕੋਲ ਖੜ੍ਹੇ ਸਾਨੂੰ ਉਡੀਕ ਰਹੇ ਸਨ ਅਤੇ ਰਸਮੀ ਤੌਰ ’ਤੇ ਸਵੀਟਡਿਸ਼ ਖਾ ਰਹੇ ਸਨ ਤਾਂ ਇਕ ਸਿਆਣੀ ਉਮਰ ਦਾ ਵਿਅਕਤੀ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ, “ਸਰਦਾਰ ਜੀ, ਤੁਸੀਂ ਜਲੰਧਰ ਤੋਂ ਹੋ, ਜਿੱਥੇ ਸਾਡਾ ਡਾ. ਜਗਤਾਰ ਰਹਿੰਦਾ ਹੈ। ਕਦੇ ਉਨ੍ਹਾਂ ਨੂੰ ਮਿਲੇ ਹੋ?” ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਡਾ. ਜਗਤਾਰ ਨੂੰ ਕਿਵੇਂ ਜਾਣਦੇ ਹੋ? ਤਾਂ ਉਸ ਨੇ ਦੱਸਿਆ ਕਿ ਉਹ ਪਿੱਛੇ ਜਿਹੇ ਆਇਆ ਸੀ। ਉਹ ਬਹੁਤ ਸੋਹਣਾ ਕਵੀ ਹੈ, ਜ਼ਿਆਦਾ ਗ਼ਜ਼ਲਾਂ ਲਿਖਦਾ ਹੈ। ਇੱਧਰ ਉਸ ਦੀਆਂ ਗ਼ਜ਼ਲਾਂ ਨੂੰ ਬੜੇ ਸ਼ੌਕ ਨਾਲ ਪੜ੍ਹਿਆ ਅਤੇ ਗਾਇਆ ਜਾਂਦਾ ਹੈ।
ਦੋ ਦਿਨ ਲਾਹੌਰ ਰਹਿ ਕੇ ਅਸੀਂ ਇਸਲਾਮਾਬਾਦ ਚਲੇ ਗਏ। ਡਿਨਰ ’ਤੇ ਇਕ ਲੜਕਾ ਸਿੱਧਾ ਮੇਰੇ ਕੋਲ ਆਇਆ ਤਾਂ ਉਹੋ ਲਾਹੌਰ ਵਾਲਾ ਸਵਾਲ ਕੀਤਾ। ਤੁਸੀਂ ਡਾ. ਜਗਤਾਰ ਨੂੰ ਜਾਣਦੇ ਹੋ? ਬਹੁਤ ਉੱਚ ਦਰਜੇ ਦਾ ਕਵੀ ਹੈ, ਇੱਧਰ ਉਸ ਦੀਆਂ ਗ਼ਜ਼ਲਾਂ ਨੂੰ ਬਹੁਤ ਸਲਾਹਿਆ ਜਾਂਦਾ ਹੈ। ਕਲਾਕਾਰਾਂ ਅਤੇ ਸਾਹਿਤਕਾਰਾਂ ਸਬੰਧੀ ਉਨ੍ਹਾਂ ਦੇ ਵਿਚਾਰ ਸੁਣ ਕੇ ਮੇਰੇ ਮਨ ਵਿਚ ਇਹ ਗੱਲ ਆਉਣੀ ਸੁਭਾਵਿਕ ਸੀ ਕਿ ਇਨ੍ਹਾਂ ਕਲਾਕਾਰਾਂ ਅਤੇ ਸਾਹਿਤਕਾਰਾਂ ਲਈ ਬਾਰਡਰ ਕੋਈ ਮਾਅਨੇ ਨਹੀਂ ਰੱਖਦੇ, ਚੰਗੀ ਕਲਾ ਅਤੇ ਸਾਹਿਤਕ ਕਿਰਤ ਆਪਣੇ-ਆਪ ਸਰਹੱਦ ਤੋਂ ਪਾਰ ਚਲੀ ਜਾਂਦੀ ਹੈ।
ਇਸਲਾਮਾਬਾਦ ਅਤੇ ਪਿਸ਼ਾਵਰ ਦੀ ਯਾਤਰਾ ਤੋਂ ਬਾਅਦ ਜਦੋਂ ਅਸੀਂ ਵਾਪਸ ਆ ਰਹੇ ਸਾਂ ਤਾਂ ਰਾਵਲਪਿੰਡੀ ਤੋਂ ਅੱਗੇ ਇਕ ਦਰਿਆ ਆਇਆ ਪਰ ਉਹ ਜਿਹਲਮ ਨਹੀਂ ਸੀ। ਇਹ ਛੋਟਾ ਜਿਹਾ ਦਰਿਆ ਸੀ। ਮੈਂ ਪੁੱਛਣਾ ਹੀ ਚਾਹੁੰਦਾ ਸਾਂ ਕਿ ਇਹ ਕਿਹੜਾ ਦਰਿਆ ਹੈ ਪਰ ਇਸ ਤੋਂ ਪਹਿਲਾਂ ਹੀ ਟੂਰ ਦੇ ਕੋਆਰਡੀਨੇਟਰ ਸਬੂਰ ਨੇ ਮੇਰੇ ਮੋਢੇ ’ਤੇ ਹੱਥ ਧਰ ਕੇ ਕਿਹਾ, “ਛੀਨਾ ਜੀ, ਅਹੁ ਜਿਹੜਾ ਖੱਬੇ ਹੱਥ ਦਰਿਆ ਹੈ, ਉਸ ਦਾ ਨਾਂ ਹੈ ‘ਸੁਹਾ’। ਇਹ ਪੋਠੋਹਾਰ ਦੀ ਧਰਤੀ ਨੂੰ ਸਿੰਜਦਾ ਹੈ ਅਤੇ ਉਹ ਜਿਹੜਾ ਖੱਬੇ ਹੱਥ ਵੱਡਾ ਪਿੰਡ ਦਿਸ ਰਿਹਾ ਹੈ, ਉਸ ਦਾ ਨਾਂ ਧਮਿਆਲ ਹੈ ਅਤੇ ਇਹ ਪਿੰਡ ਤੁਹਾਡੀ ਉਸ ਕਵਿੱਤਰੀ ਦਾ ਹੈ ਜਿਸ ਨੇ ਇਹ ਕਵਿਤਾ ਲਿਖੀ ਸੀ, “ਅੱਜ ਆਖਾਂ ਵਾਰਿਸ ਸ਼ਾਹ ਨੂੰ”। ਉਹ ਅੰਮ੍ਰਿਤਾ ਪ੍ਰੀਤਮ ਦਾ ਜ਼ਿਕਰ ਕਰ ਰਿਹਾ ਸੀ ਪਰ ਅਸਲ ਵਿਚ ਉਸ ਨੂੰ ਭੁਲੇਖਾ ਸੀ ਕਿ ਉਹ ਪਿੰਡ ਪ੍ਰੋਫੈਸਰ ਮੋਹਨ ਸਿੰਘ ਦਾ ਸੀ ਜਿਸ ਨੇ ਆਪਣੀ ਕਵਿਤਾ ਵਿਚ ਦਰਿਆ ‘ਸੁਹਾਂ’ ਦਾ ਜ਼ਿਕਰ ਵੀ ਕੀਤਾ ਸੀ।
ਰਸਤੇ ’ਚ ਜਦੋਂ ਇਕ ਖ਼ੂਬਸੂਰਤ ਢਾਬੇ ’ਤੇ ਚਾਹ ਪੀ ਰਹੇ ਸਾਂ ਤਾਂ ਉੱਥੇ ਸੁਰਿੰਦਰ ਕੌਰ ਦੇ ਗਾਏ ਗੀਤ ਲੱਗੇ ਹੋਏ ਸਨ ਜਿਸ ਨੂੰ ਸੁਣ ਕੇ ਭਾਵੇਂ ਉੱਥੇ ਬੈਠੇ ਪਾਕਿਸਤਾਨੀਆਂ ਦੇ ਸਿਰ ਤਾਂ ਝੂਮ ਰਹੇ ਸਨ ਪਰ ਮੇਰੇ ਨਾਲ ਗਏ ਵੱਖ-ਵੱਖ ਡੈਲੀਗੇਟ ਜਿਨ੍ਹਾਂ ਵਿੱਚੋਂ ਸ਼ਾਇਦ ਹੀ ਕੋਈ ਪੰਜਾਬੀ ਬੋਲੀ ਸਮਝਦਾ ਹੋਵੇ, ਉਹ ਵੀ ਝੂਮ ਰਹੇ ਸਨ। ਚਾਹ ਪੀਣ ਤੋਂ ਬਾਅਦ ਜਦੋਂ ਅਸੀਂ ਚੱਲੇ ਤਾਂ ਸਬੂਰ ਨੇ ਗੱਲ ਛੇੜ ਲਈ ਕਿ ਪੰਜਾਬ ਵਿਚ ਬਹੁਤੇ ਗਾਣੇ ਤੁਹਾਡੇ ਚੜ੍ਹਦੇ ਪੰਜਾਬ ਦੇ ਹੀ ਸੁਣੇ ਜਾਂਦੇ ਹਨ ਅਤੇ ਪਾਕਿਸਤਾਨ ਭਰ ਵਿਚ ਭਾਰਤ ਦੀਆਂ ਫਿਲਮਾਂ ਬਹੁਤ ਵੇਖੀਆਂ ਜਾਂਦੀਆਂ ਹਨ। ਅਸਲ ਵਿਚ ਸੰਗੀਤ ਇਹੋ ਜਿਹਾ ਵਰਦਾਨ ਹੈ ਕਿ ਇਸ ਦੀ ਜਾਂ ਤਾਂ ਕੋਈ ਜ਼ੁਬਾਨ ਹੀ ਨਹੀਂ ਹੁੰਦੀ ਜਾਂ ਸਾਰੀਆਂ ਹੀ ਜ਼ੁਬਾਨਾਂ ਸੰਗੀਤ ਦੀਆਂ ਹਨ। ਸੰਗੀਤ ਨੂੰ ਕਿਸੇ ਵੀ ਸਰਹੱਦ ਤੋਂ ਪਾਰ ਜਾਣ ਲਈ ਕਿਸੇ ਵੀਜ਼ੇ, ਕਿਸੇ ਪਾਸਪੋਰਟ ਦੀ ਕੋਈ ਲੋੜ ਨਹੀਂ। ਫਿਰ ਅਸੀਂ ਦੁਨੀਆ ਦੇ ਕੁਝ ਵੱਡੇ ਸਾਹਿਤਕਾਰਾਂ ਦੀਆਂ ਗੱਲਾਂ ਕਰਨ ਲੱਗ ਪਏ ਜਿਨ੍ਹਾਂ ਦੀਆਂ ਪੁਸਤਕਾਂ ਕਈ ਬੋਲੀਆਂ ਵਿਚ ਅਨੁਵਾਦ ਹੋਈਆਂ ਹਨ। ਉਸ ਨੂੰ ਮੈਂ ਆਪਣੀ ਜਾਣਕਾਰੀ ਅਨੁਸਾਰ ਦੱਸਿਆ ਕਿ ਰੂਸ ਦਾ ਲਿਖਾਰੀ ਰਸੂਲ ਹਮਜ਼ਾਤੋਵ, ਜਿਸ ਨੇ ਇਕ ਹੀ ਕਿਤਾਬ ਲਿਖੀ ਸੀ ‘ਮੇਰਾ ਦਾਗਿਸਤਾਨ’ ਜਿਸ ਵਿੱਚੋਂ ਉਹ ਜ਼ਿਆਦਾ ਆਪਣੇ ਪਿੰਡ ਜਾਂ ਆਪਣੇ ਖੇਤਰ ਦੇ ਸੱਭਿਆਚਾਰ ਦੀ ਗੱਲ ਕਰਦਾ ਹੈ। ਉਹ ਪੁਸਤਕ ਦੁਨੀਆ ਦੇ ਹਰ ਦੇਸ਼ ਵਿਚ ਉੱਥੋਂ ਦੀ ਬੋਲੀ ਵਿਚ ਮਿਲਦੀ ਹੈ ਅਤੇ ਇਹ ਵੀ ਦਿਲਚਸਪ ਗੱਲ ਹੈ ਕਿ ਹਮਜ਼ਾਤੋਵ ਨੇ ਆਪਣੀ ਸਾਰੀ ਜ਼ਿੰਦਗੀ ਵਿਚ ਸਿਰਫ਼ ਇਕ ਹੀ ਕਿਤਾਬ ਲਿਖੀ ਸੀ ਜਿਵੇਂ ਸਾਡੇ ਵਾਰਿਸ ਸ਼ਾਹ ਨੇ ਅੱਜ ਤੋਂ 500 ਸਾਲ ਪਹਿਲਾਂ ਇਕ ਹੀ ਕਿੱਸਾ ‘ਹੀਰ’ ਲਿਖਿਆ ਸੀ ਜੋ ਅੱਜ ਵੀ ਓਨੀ ਹੀ ਦਿਲਚਸਪੀ ਨਾਲ ਪੜ੍ਹਿਆ ਜਾਂਦਾ ਹੈ। ਪਾਕਿਸਤਾਨ ਦੀ ਉਸ ਫੇਰੀ ਵਿਚ ਇਕ ਦਿਨ ਲਾਹੌਰ ਦੇ ਅਨਾਰਕਲੀ ਬਾਜ਼ਾਰ ਨੂੰ ਵੇਖ ਕੇ ਅਸੀਂ ਪਾਕਿਸਤਾਨ ਦੇ ਅਜਾਇਬਘਰ ਨੂੰ ਵੇਖਣ ਗਏ। ਉਸ ਵਿਚ ਉਸ ਖੇਤਰ ਦੇ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਦੀਆਂ ਮਹੱਤਵਪੂਰਨ ਲਿਖਤਾਂ ਅਤੇ ਦਸਤਾਵੇਜ਼ ਪਏ ਸਨ। ਉਸ ਅਜਾਇਬਘਰ ਵਿਚ ਸਿੱਖ ਇਤਿਹਾਸ ਨਾਲ ਸਬੰਧਤ ਕਈ ਤਸਵੀਰਾਂ ਅਤੇ ਦਸਤਾਵੇਜ਼ ਵੀ ਸਨ ਜਿਨ੍ਹਾਂ ਨੂੰ ਹਰ ਕੋਈ ਬੜੀ ਦਿਲਚਸਪੀ ਨਾਲ ਵੇਖ ਰਿਹਾ ਸੀ। ਉਨ੍ਹਾਂ ਵੇਖਣ ਵਾਲਿਆਂ ਵਿਚ ਕਈ ਵਿਦੇਸ਼ੀ ਯਾਤਰੀ ਵੀ ਸਨ ਜੋ ਹਰ ਜਗ੍ਹਾ ’ਤੇ ਖੜ੍ਹੇ ਹੋ ਕੇ ਬੜੇ ਗ਼ੌਰ ਨਾਲ ਵੇਖਦੇ ਅਤੇ ਪੜ੍ਹਦੇ ਸਨ। ਅਸੀਂ ਕਾਫ਼ੀ ਸਮਾਂ ਅਜਾਇਬਘਰ ਵਿਚ ਲਾਇਆ ਅਤੇ ਜਦੋਂ ਬਾਹਰ ਆਏ ਤਾਂ ਗੇਟ ਦੇ ਬਿਲਕੁਲ ਹੀ ਨਾਲ ਇਕ ਛੋਟੀ ਜਿਹੀ ਕਿਤਾਬਾਂ ਦੀ ਦੁਕਾਨ ਸੀ। ਮੈਂ ਉਨ੍ਹਾਂ ਕਿਤਾਬਾਂ ਨੂੰ ਵੇਖਣ ਲੱਗ ਪਿਆ ਪਰ ਮੇਰੀ ਜ਼ਿਆਦਾ ਦਿਲਚਸਪੀ ਇਹ ਸੀ ਕਿ ਉਨ੍ਹਾਂ ’ਚ ਭਾਰਤੀ ਲੇਖਕਾਂ ਦੀਆਂ ਕਿਹੜੀਆਂ ਕਿਤਾਬਾਂ ਹਨ ਪਰ ਉਨ੍ਹਾਂ ਵਿਚ ਮੈਨੂੰ ਖੁਸ਼ਵੰਤ ਸਿੰਘ ਦੀਆਂ ਕਿਤਾਬਾਂ ਹੀ ਮਿਲੀਆਂ। ਮੈਂ ਦੁਕਾਨ ’ਤੇ ਬੈਠੇ ਲੜਕੇ ਨੂੰ ਪੁੱਛਿਆ ਕਿ ਇੱਥੇ ਭਾਰਤੀ ਲੇਖਕਾਂ ਵਿੱਚੋਂ ਜ਼ਿਆਦਾ ਕਿਸ ਦੀਆਂ ਕਿਤਾਬਾਂ ਵਿਕਦੀਆਂ ਹਨ ਤਾਂ ਉਸ ਨੇ ਦੋ ਹੋਰ ਨਾਂ ਲਏ ਸਨ ਰਜਿੰਦਰ ਸਿੰਘ ਬੇਦੀ ਅਤੇ ਮੁਨਸ਼ੀ ਪ੍ਰੇਮ ਚੰਦ ਪਰ ਮੈਂ ਵੇਖਿਆ ਕਿ ਉੱਥੇ ਅੰਮ੍ਰਿਤਾ ਸ਼ੇਰਗਿੱਲ ਸਬੰਧੀ ਲਿਖੀਆਂ ਕਈ ਪੁਸਤਕਾਂ ਸਨ ਜਿਹੜੀਆਂ ਵਿਦੇਸ਼ੀ ਲੇਖਕਾਂ ਨੇ ਲਿਖੀਆਂ ਸਨ।
-ਡਾ. ਸ. ਸ. ਛੀਨਾ