ਉਸ ਸਮੇਂ ਬ੍ਰਿਟਿਸ਼ ਫ਼ੌਜ ਦੀ ਅਗਵਾਈ ਸਰ ਹੈਰੀ ਸਮਿੱਥ ਕਰ ਰਹੇ ਸਨ ਜਦਕਿ ਸਿੱਖ ਫ਼ੌਜ ਦੀ ਅਗਵਾਈ ਰਣਜੋਧ ਸਿੰਘ ਮਜੀਠੀਆ ਕਰ ਰਹੇ ਸਨ। ਇਸ ਯੁੱਧ ਵਿਚ ਬ੍ਰਿਟਿਸ਼ ਸਰਕਾਰ ਦੀ ਜਿੱਤ ਨੂੰ ਕਈ ਵਾਰ ਪਹਿਲੇ ਐਂਗਲੋ-ਸਿੱਖ ਯੁੱਧ ਵਿਚ ਮੋੜ ਮੰਨਿਆ ਜਾਂਦਾ ਹੈ।

ਲੁਧਿਆਣਾ ਤੋਂ 30 ਕੁ ਕਿੱਲੋਮੀਟਰ ਦੂਰ ਲੁਧਿਆਣਾ-ਫਿਰੋਜ਼ਪੁਰ ਬਰਾਸਤਾ ਹੰਬੜਾਂ ਸੜਕ ਉੱਪਰ ਘੁੱਗ ਵਸਦਾ ਇਕ ਛੋਟਾ ਜਿਹਾ ਪਿੰਡ ਆਲੀਵਾਲ ਹੈ ਜਿਸ ਨਾਲ ਸਬੰਧਤ ਲੰਡਨ ਦੀ ਲਾਇਬ੍ਰੇਰੀ ਵਿਚ ਮਹੱਤਵਪੂਰਨ ਇਤਿਹਾਸ ਸਾਂਭਿਆ ਪਿਆ ਹੈ। ਉਸ ਵਿਚ ਇਸ ਪਿੰਡ ਦੀ ਬ੍ਰਿਟਿਸ਼ ਸਰਕਾਰ ਲਈ ਵਿਸ਼ੇਸ਼ ਮਹੱਤਤਾ ਹੈ ਕਿਉਂਕਿ ਇਸ ਦੀ ਧਰਤੀ ਉੱਪਰ 28 ਜਨਵਰੀ 1846 ਨੂੰ ਉੱਤਰੀ ਭਾਰਤ (ਹੁਣ ਪੰਜਾਬ, ਭਾਰਤ) ਵਿਚ ਬ੍ਰਿਟਿਸ਼ ਅਤੇ ਸਿੱਖ ਫ਼ੌਜਾਂ ਵਿਚਕਾਰ ਗਹਿਗੱਚ ਯੁੱਧ ਲੜਿਆ ਗਿਆ ਸੀ ਜਿਸ ਦੇ ਚੱਲਦਿਆਂ ਸਿੱਖਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਉਸ ਸਮੇਂ ਬ੍ਰਿਟਿਸ਼ ਫ਼ੌਜ ਦੀ ਅਗਵਾਈ ਸਰ ਹੈਰੀ ਸਮਿੱਥ ਕਰ ਰਹੇ ਸਨ ਜਦਕਿ ਸਿੱਖ ਫ਼ੌਜ ਦੀ ਅਗਵਾਈ ਰਣਜੋਧ ਸਿੰਘ ਮਜੀਠੀਆ ਕਰ ਰਹੇ ਸਨ। ਇਸ ਯੁੱਧ ਵਿਚ ਬ੍ਰਿਟਿਸ਼ ਸਰਕਾਰ ਦੀ ਜਿੱਤ ਨੂੰ ਕਈ ਵਾਰ ਪਹਿਲੇ ਐਂਗਲੋ-ਸਿੱਖ ਯੁੱਧ ਵਿਚ ਮੋੜ ਮੰਨਿਆ ਜਾਂਦਾ ਹੈ। ਪਹਿਲਾ ਬ੍ਰਿਟਿਸ਼-ਸਿੱਖ ਯੁੱਧ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਛੇ ਸਾਲਾਂ ਬਾਅਦ ਸ਼ੁਰੂ ਹੋਇਆ ਸੀ। ਅੰਗਰੇਜ਼ਾਂ ਨੇ ਪੰਜਾਬ ਨਾਲ ਲੱਗਦੀ ਸਰਹੱਦ ’ਤੇ ਆਪਣੀ ਫ਼ੌਜੀ ਤਾਕਤ ਵਧਾ ਦਿੱਤੀ ਸੀ। ਵਧਦੀ ਅਸ਼ਾਂਤੀ ਨੇ ਸਿੱਖ ਫ਼ੌਜ ਨੂੰ ਸਤਲੁਜ ਦਰਿਆ ਪਾਰ ਕਰਨ ਅਤੇ ਬ੍ਰਿਟਿਸ਼ ਖੇਤਰ ’ਤੇ ਹਮਲਾ ਕਰਨ ਲਈ ਉਕਸਾਇਆ। ਇੱਕੀ ਤੇ 22 ਦਸੰਬਰ 1845 ਨੂੰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀਆਂ ਫ਼ੌਜਾਂ ਨੇ ਸਰ ਹਿਊਗ ਗਫ ਅਤੇ ਬੰਗਾਲ ਦੇ ਗਵਰਨਰ-ਜਨਰਲ ਸਰ ਹੈਨਰੀ ਹਾਰਡਿੰਗ ਦੀ ਕਮਾਂਡ ਹੇਠ ਫਿਰੋਜ਼ਸ਼ਾਹ ਦੀ ਖ਼ੂਨੀ ਲੜਾਈ ਲੜੀ।
ਵਜ਼ੀਰ ਲਾਲ ਸਿੰਘ ਤੇ ਕਮਾਂਡਰ-ਇਨ-ਚੀਫ ਤੇਜ ਸਿੰਘ ਦੀ ਅਗਵਾਈ ਵਿਚ ਸਿੱਖ ਫ਼ੌਜਾਂ ਆਖ਼ਰ ਪਿੱਛੇ ਹਟ ਗਈਆਂ ਪਰ ਬ੍ਰਿਟਿਸ਼ ਫ਼ੌਜ ਆਪਣੇ ਭਾਰੀ ਨੁਕਸਾਨ ਕਾਰਨ ਹਿੱਲ ਗਈ। ਬ੍ਰਿਟਿਸ਼ ਤੇ ਸਿੱਖ ਫ਼ੌਜਾਂ ਵਿਚਾਲੇ ਵੱਖ-ਵੱਖ ਥਾਵਾਂ ’ਤੇ ਹੋਏ ਕਈ ਯੁੱਧਾਂ ਦੇ ਉਲਟ ਜਦੋਂ ਸਿੱਖਾਂ ਨੇ ਆਲੀਵਾਲ ਵਿਖੇ ਪਿੱਛੇ ਹਟਣਾ ਸ਼ੁਰੂ ਕੀਤਾ ਤਾਂ ਇਹੀ ਕੰਮ ਇਕ ਅਸੰਗਠਿਤ ਹਾਰ ਵਿਚ ਬਦਲ ਗਿਆ। ਸਰ ਹੈਰੀ ਸਮਿੱਥ ਨੇ ਉਸ ਥਾਂ ’ਤੇ ਜ਼ੋਰਦਾਰ ਹਮਲਾ ਕਰਵਾ ਦਿੱਤਾ ਜਿੱਥੇ ਸਿੱਖ ਬੈਠੇ ਹੋਏ ਸਨ। ਜਿਉਂ ਹੀ ਸਿੱਖਾਂ ਨੇ ਭੂੰਦੜੀ ਵੱਲ ਮੁੜਨ ਦੀ ਕੋਸ਼ਿਸ਼ ਕੀਤੀ ਤਾਂ ਅੱਗਿਓਂ ਬ੍ਰਿਟਿਸ਼ ਫ਼ੌਜ ਨੇ ਜ਼ੋਰਦਾਰ ਧਾਵਾ ਬੋਲ ਦਿੱਤਾ।
ਆਲੀਵਾਲ ਯੁੱਧ ਦੌਰਾਨ ਬ੍ਰਿਟਿਸ਼ ਫ਼ੌਜ ਦੇ ਮੁਕਾਬਲੇ ਸਿੱਖਾਂ ਦਾ ਬਹੁਤ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ। ਇਸ ਯੁੱਧ ’ਚ ਸਿੱਖਾਂ ਦੀ ਵੱਡੀ ਹਾਰ ਹੋਈ ਜਿਸ ’ਚ ਲਗਪਗ 2000 ਸਿੱਖ ਸ਼ਹੀਦ ਗਏ ਅਤੇ 67 ਬੰਦੂਕਾਂ ਦਾ ਨੁਕਸਾਨ ਹੋ ਗਿਆ। ਹਾਰ ਕਾਰਨ ਸਿੱਖਾਂ ਨੂੰ ਆਪਣੇ ਤੰਬੂ ਅਤੇ ਹੋਰ ਰਸਦ ਛੱਡ ਕੇ ਜਾਣ ਲਈ ਮਜਬੂਰ ਹੋਣਾ ਪਿਆ। ਸਿੱਖਾਂ ਦੇ ਮੁਕਾਬਲੇ ਇਸ ਯੁੱਧ ਦੌਰਾਨ ਬ੍ਰਿਟਿਸ਼ ਫ਼ੌਜ ਦੇ 850 ਜਵਾਨ ਮਾਰੇ ਗਏ ਸਨ। ਇਸ ਪਿੰਡ ਦੇ ਲਾਗੇ ਅੰਗਰੇਜ਼ਾਂ ਵੱਲੋਂ ਮਾਰੇ ਗਏ ਫ਼ੌਜੀਆਂ ਦੀ ਯਾਦ ਵਿਚ ਇਕ ਯਾਦਗਾਰ ਉਸਾਰੀ ਗਈ ਹੈ। ਇਸ ਯਾਦਗਾਰ ਨੂੰ ‘ਗੋਰਿਆਂ ਦੀ ਸੀਖ’ ਨਾਲ ਜਾਣਿਆ ਜਾਂਦਾ ਹੈ।
-ਸੁਖਦੇਵ ਸਲੇਮਪੁਰੀ।
-(97806-20233)