ਦੂਜੇ ਪਾਸੇ ਐੱਨਡੀਏ ਲਈ ਕਾਂਗਰਸ ਬੋਝ ਸਾਬਿਤ ਹੋਈ। ਉਸ ਨੂੰ ਸਿਰਫ਼ ਛੇ ਸੀਟਾਂ ਮਿਲੀਆਂ। ਜੇ ਭਾਜਪਾ ਜੇਡੀਯੂ ਦੀ ਤਾਕਤ ਬਣੀ ਤਾਂ ਪ੍ਰਧਾਨ ਮੰਤਰੀ ਮੋਦੀ ਦੇ ਮਜ਼ਬੂਤ ਆਗੂ ਦੇ ਅਕਸ ਤੇ ਉਨ੍ਹਾਂ ਦੀ ਸਰਕਾਰ ਦੇ ਕੰਮਕਾਰ ਦੇ ਕਾਰਨ। ਐੱਨਡੀਏ ਦੀ ਜਿੱਤ ’ਚ ਮੋਦੀ ਦੀ ਹਰਮਨਪਿਆਰਤਾ ਇਕ ਵੱਡਾ ਕਾਰਨ ਰਹੀ।

ਬਿਹਾਰ ’ਚ ਰਾਸ਼ਟਰੀ ਲੋਕਤੰਤਰੀ ਗੱਠਜੋੜ ਦੀ ਜੋ ਵੱਡੀ ਜਿੱਤ ਹੋਈ, ਉਸ ਨੇ ਬਿਹਾਰ ਦਾ ਇਹ ਅਕਸ ਤੋੜਨ ਦਾ ਕੰਮ ਕੀਤਾ ਕਿ ਇੱਥੇ ਦੇ ਵੋਟਰ ਜਾਤ ਤੇ ਮਜ਼ਹਬ ਦੇ ਆਧਾਰ ’ਤੇ ਵੋਟ ਦਿੰਦੇ ਹਨ। ਜੇ ਬਿਹਾਰ ਦੇ ਨਤੀਜਿਆਂ ’ਚ ਸੱਤਾ ਵਿਰੋਧੀ ਅਸਰ ਨਹੀਂ ਦਿਖਾਈ ਦਿੱਤਾ ਤਾਂ ਇਸ ਦਾ ਮੁੱਖ ਕਾਰਨ ਇਹ ਰਿਹਾ ਕਿ ਇੱਥੇ ਦੇ ਵੋਟਰਾਂ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਅਦਿਆਂ ’ਤੇ ਵੱਧ ਭਰੋਸਾ ਕੀਤਾ।
ਇੱਥੇ ਆਰਜੇਡੀ ਵੱਲੋਂ ਔਰਤਾਂ ਨੂੰ ਤੀਹ ਹਜ਼ਾਰ ਰੁਪਏ ਸਾਲਾਨਾ ਤੇ ਹਰ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਾ ਵਾਅਦਾ ਸੀ, ਉਥੇ ਭਾਜਪਾ-ਜੇਡੀਯੂ ਦੀ ਅਗਵਾਈ ਵਾਲੀ ਐੱਨਡੀਏ ਨੇ ਔਰਤਾਂ ਨੂੰ ਦਸ ਹਜ਼ਾਰ ਰੁਪਏ ਦੇਣ ਦਾ ਵਾਅਦਾ ਤਾਂ ਕੀਤਾ ਹੀ, ਉਸ ’ਤੇ ਅਮਲ ਵੀ ਸ਼ੁਰੂ ਕਰ ਕੇ ਇਹ ਸੁਨੇਹਾ ਦਿੱਤਾ ਕਿ ਉਹ ਜੋ ਕਹਿ ਰਿਹਾ ਹੈ, ਉਸ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਮਹਾਗੱਠਜੋੜ ਦਾ ਵਾਅਦਾ ਵੱਧ ਲੁਭਾਉਣਾ ਤਾਂ ਸੀ, ਪਰ ਉਹ ਪੂਰਾ ਕੀਤੇ ਜਾਣ ਲਾਇਕ ਨਹੀਂ ਦਿਖਾਈ ਦੇ ਰਿਹਾ ਸੀ। ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖ਼ਰ ਹਰ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣਾ ਕਿਵੇਂ ਸੰਭਵ ਹੈ?
ਸਿਆਸਤ ’ਚ ਲੋਕ-ਲੁਭਾਉਣੇ ਵਾਅਦੇ ਤੋਂ ਵੱਧ ਇਹ ਮਹੱਤਵ ਰੱਖਦਾ ਹੈ ਕਿ ਉਸ ਨੂੰ ਕਰ ਕੌਣ ਰਿਹਾ ਹੈ ਤੇ ਉਹ ਪੂਰਾ ਕਰਨ ਲਾਇਕ ਹੈ ਜਾਂ ਨਹੀਂ? ਇਸ ਮਾਮਲੇ ’ਚ ਬਿਹਾਰ ਦੀ ਜਨਤਾ ਨੇ ਨਿਤੀਸ਼ ਤੇ ਮੋਦੀ ’ਤੇ ਵੱਧ ਭਰੋਸਾ ਕੀਤਾ। ਅਜਿਹਾ ਉਨ੍ਹਾਂ ਨੇ ਉਨ੍ਹਾਂ ਦੇ ਪਿਛਲੇ ਰਿਕਾਰਡ ਦੇ ਕਾਰਨ ਕੀਤਾ। ਇਹ ਵੀ ਸਪੱਸ਼ਟ ਹੈ ਕਿ ਡਬਲ ਇੰਜਣ ਸਰਕਾਰ ਦੇ ਨਾਅਰੇ ਨੇ ਬਿਹਾਰ ’ਚ ਅਸਰ ਦਿਖਾਇਆ।
ਜੇਡੀਯੂ ਲਈ ਭਾਜਪਾ ਕਿਸ ਤਰ੍ਹਾਂ ਇਕ ਤਾਕਤ ਤੇ ਸਹਾਰਾ ਬਣੀ, ਇਸ ਦਾ ਸਬੂਤ ਇਹ ਹੈ ਕਿ ਉਹ ਸਭ ਤੋਂ ਵੱਡੀ ਪਾਰਟੀ ਦੇ ਰੂਪ ’ਚ ਸਾਹਮਣੇ ਆਈ।
ਦੂਜੇ ਪਾਸੇ ਐੱਨਡੀਏ ਲਈ ਕਾਂਗਰਸ ਬੋਝ ਸਾਬਿਤ ਹੋਈ। ਉਸ ਨੂੰ ਸਿਰਫ਼ ਛੇ ਸੀਟਾਂ ਮਿਲੀਆਂ। ਜੇ ਭਾਜਪਾ ਜੇਡੀਯੂ ਦੀ ਤਾਕਤ ਬਣੀ ਤਾਂ ਪ੍ਰਧਾਨ ਮੰਤਰੀ ਮੋਦੀ ਦੇ ਮਜ਼ਬੂਤ ਆਗੂ ਦੇ ਅਕਸ ਤੇ ਉਨ੍ਹਾਂ ਦੀ ਸਰਕਾਰ ਦੇ ਕੰਮਕਾਰ ਦੇ ਕਾਰਨ। ਐੱਨਡੀਏ ਦੀ ਜਿੱਤ ’ਚ ਮੋਦੀ ਦੀ ਹਰਮਨਪਿਆਰਤਾ ਇਕ ਵੱਡਾ ਕਾਰਨ ਰਹੀ। ਬਿਹਾਰ ਦੀ ਜਨਤਾ ਇਹ ਦੇਖ ਰਹੀ ਸੀ ਕਿ ਜਿੱਥੇ ਮੋਦੀ ਦੇ ਕਾਰਨ ਭਾਜਪਾ ਦੇਸ਼ ਭਰ ’ਚ ਆਪਣੀ ਸਿਆਸੀ ਜ਼ਮੀਨ ਮਜ਼ਬੂਤ ਕਰਦੀ ਜਾ ਰਹੀ ਹੈ, ਉਥੇ ਕਾਂਗਰਸ ਗੁਆਉਂਦੀ ਜਾ ਰਹੀ ਹੈ। ਰਾਹੁਲ ਗਾਂਧੀ ਨੇ ਜਿੱਥੇ ਵੋਟ ਚੋਰੀ ਦਾ ਮੁੱਦਾ ਚੁੱਕ ਕੇ ਬਿਹਾਰ ਦੇ ਲੋਕਾਂ ਨੂੰ ਭੁਲੇਖਾ ਪਾਉਣ ਦੀ ਨਾਕਾਮ ਕੋਸ਼ਿਸ਼ ਕੀਤੀ, ਉਥੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣਾਂ ਨਾਲ ਸੂਬੇ ਦੇ ਲੋਕਾਂ ਦੀ ਨਬਜ਼ ’ਤੇ ਹੱਥ ਰੱਖਿਆ।
ਜਦ ਪ੍ਰਧਾਨ ਮੰਤਰੀ ਨੇ ਜੰਗਲ ਰਾਜ ਦੀ ਚਰਚਾ ਕੀਤੀ ਤਾਂ ਕਾਂਗਰਸ ਉਸ ’ਤੇ ਸਫ਼ਾਈ ਦਿੰਦੀ ਦਿਖਾਈ ਦਿੱਤੀ। ਜੰਗਲ ਰਾਜ ਦੀ ਚਰਚਾ ਨਾਲ ਆਰਜੇਡੀ ਨੂੰ ਇਸ ਲਈ ਵੀ ਨੁਕਸਾਨ ਉਠਾਉਣਾ ਪਿਆ, ਕਿਉਂਕਿ ਉਸ ਦੇ ਕਈ ਸਮਰਥਕਾਂ ਨੇ ਇਹ ਦਿਖਾਇਆ ਕਿ ਜੇ ਮਹਾਗੱਠਜੋੜ ਸੱਤਾ ’ਚ ਆਇਆ ਤਾਂ ਕਾਨੂੰਨ ਅਤੇ ਵਿਵਸਥਾ ਨੂੰ ਚੁਣੌਤੀ ਦਿੱਤੀ ਜਾਵੇਗੀ। ਆਰਜੇਡੀ ਦਾ ਜੋ ਅਕਸ ਲਾਲੂ ਯਾਦਵ ਦੇ ਸਮੇਂ ਬਣਿਆ, ਉਸ ਤੋਂ ਉਹ ਹੁਣ ਵੀ ਮੁਕਤ ਨਹੀਂ ਹੋ ਸਕਿਆ।
ਇਹ ਅਕਸ ਉਸ ਲਈ ਮੁੜ ਤੋਂ ਪਰੇਸ਼ਾਨੀ ਦਾ ਕਾਰਨ ਬਣਿਆ। ਤੇਜਸਵੀ ਯਾਦਵ ਤੋਂ ਉਮੀਦ ਸੀ ਕਿ ਉਹ ਵੀਹ ਸਾਲ ਪੁਰਾਣੇ ਆਰਜੇਡੀ ਦੇ ਅਕਸ ਨੂੰ ਤੋੜ ਕੇ ਇਕ ਸਾਰਥਕ ਤੇ ਤਾਲਮੇਲ ਵਾਲੀ ਰਾਜਨੀਤੀ ਵੱਲ ਅੱਗੇ ਵਧਣਗੇ, ਪਰ ਉਹ ਅਜਿਹਾ ਕਰ ਨਹੀਂ ਸਕੇ। ਉਹ ਆਪਣੇ ਸਮਰਥਕਾਂ ਨੂੰ ਧੀਰਜ ਵਾਲੇ ਵਤੀਰੇ ਲਈ ਵੀ ਸਮਝਾ ਨਹੀਂ ਸਕੇ। ਇਸ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਚੌਕਸ ਕੀਤਾ ਕਿ ਕੱਟੇ ਵਾਲੀ ਸਰਕਾਰ ਦੀ ਵਾਪਸੀ ਨਹੀਂ ਹੋਣੀ ਚਾਹੀਦੀ।
ਐੱਨਡੀਏ ਦੀ ਵੱਡੀ ਜਿੱਤ ’ਚ ਜਿੱਥੇ ਪ੍ਰਧਾਨ ਮੰਤਰੀ ਮੋਦੀ ਦੇ ਮਜ਼ਬੂਤ ਆਗੂ ਦਾ ਅਕਸ ਕੰਮ ਆਇਆ, ਉਥੇ ਮੁੱਖ ਮੰਤਰੀ ਿਨਤੀਸ਼ ਕੁਮਾਰ ਦਾ ਯੋਗ ਪ੍ਰਸ਼ਾਸਕ ਤੇ ਬੇਦਾਗ਼ ਆਗੂ ਦਾ ਅਕਸ ਵੀ ਇਕ ਵੱਡਾ ਆਧਾਰ ਬਣਿਆ। ਨਿਤੀਸ਼ ਨੇ ਵੋਟਰਾਂ ਦੇ ਇਕ ਵੱਡੇ ਵਰਗ ਨੂੰ ਆਪਣੇ ਪੱਖ ’ਚ ਗੋਲਬੰਦ ਕੀਤਾ ਹੈ। ਇਸ ’ਚ ਸਭ ਤੋਂ ਅਸਰਦਾਰ ਵਰਗ ਹੈ ਔਰਤਾਂ ਦਾ। ਮੋਦੀ ਦੀ ਤਰ੍ਹਾਂ ਨਿਤੀਸ਼ ਵੀ ਔਰਤਾਂ ਨੂੰ ਆਪਣੇ ਪੱਖ ’ਚ ਲਿਆਉਣ ਲਈ ਸਰਗਰਮ ਹਨ।
ਆਪਣੇ ਸ਼ਾਸਨ ਕਾਲ ਦੇ ਸ਼ੁਰੂ ’ਚ ਉਨ੍ਹਾਂ ਨੇ ਸਕੂਲੀ ਕੁੜੀਆਂ ਨੂੰ ਸਾਈਕਿਲ ਦੇ ਕੇ ਔਰਤ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਤ ਕੀਤਾ, ਫਿਰ ਉਨ੍ਹਾਂ ਨੇ ਸਥਾਨਕ ਸੰਸਥਾਵਾਂ ਦੇ ਨਾਲ ਨੌਕਰੀ ’ਚ ਰਾਖਵਾਂਕਰਨ ਦੇਣ ਦੇ ਨਾਲ ਉਨ੍ਹਾਂ ਦੇ ਹਿਤ ’ਚ ਹੋਰ ਕਈ ਫ਼ੈਸਲੇ ਕੀਤੇ। ਇਨ੍ਹਾਂ ’ਚ ਇਕ ਵੱਡਾ ਫ਼ੈਸਲਾ ਸ਼ਰਾਬ ਬੰਦੀ ਦਾ ਰਿਹਾ। ਸ਼ਰਾਬ ਬੰਦੀ ਚਾਹੇ ਹੀ ਅਸਰਦਾਰ ਢੰਗ ਨਾਲ ਲਾਗੂ ਨਾ ਹੋ ਸਕੀ ਹੋਵੇ, ਪਰ ਔਰਤਾਂ ਉਸ ਨੂੰ ਆਪਣੇ ਹਿਤ ’ਚ ਮੰਨਦੀਆਂ ਹਨ।
ਬਿਹਾਰ ’ਚ ਸੜਕਾਂ ਦਾ ਜੋ ਜਾਲ ਵਿਛਿਆ ਹੈ ਤੇ ਬਿਜਲੀ, ਪਾਣੀ ਦੀ ਸਹੂਲਤ ਵਧਣ ਦੇ ਨਾਲ ਕਾਨੂੰਨ ਅਤੇ ਵਿਵਸਥਾ ’ਚ ਜੋ ਸੁਧਾਰ ਹੋਇਆ ਹੈ, ਉਸ ਦਾ ਸਿਹਰਾ ਨਿਤੀਸ਼ ਕੁਮਾਰ ਨੂੰ ਜਾਂਦਾ ਹੈ। ਜੇਡੀਯੂ-ਭਾਜਪਾ ਨੇ ਇਹ ਜੋ ਦਿਖਾਇਆ ਕਿ ਨਿਤੀਸ਼ ਪਹਿਲਾਂ ਤੋਂ ਵੱਧ ਸਮਰੱਥ ਤੇ ਅਸਰਦਾਰ ਸਰਕਾਰ ਦੇ ਸਕਦੇ ਹਨ, ਉਸ ਕਾਰਨ ਹੀ ਐੱਨਡੀਏ ਨੂੰ ਵੱਡੀ ਜਿੱਤ ਮਿਲੀ।
ਐੱਨਡੀਏ ਦੇ ਮੁਕਾਬਲੇ ਮਹਾਗੱਠਜੋੜ ਨੇ ਜਿਨ੍ਹਾਂ ਮੁੱਦਿਆਂ ਨੂੰ ਚੋਣ ਮੁੱਦਾ ਬਣਾਇਆ, ਉਨ੍ਹਾਂ ਨੇ ਸੁਰਖੀਆਂ ਤਾਂ ਹਾਸਲ ਕੀਤੀਆਂ, ਪਰ ਜਨਤਾ ਨੇ ਉਨ੍ਹਾਂ ਨੂੰ ਅਹਿਮੀਅਤ ਨਹੀਂ ਦਿੱਤੀ। ਅਜਿਹਾ ਹੀ ਇਕ ਮੁੱਦਾ ਸੀ ਵੋਟ ਚੋਰੀ ਦਾ। ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਦੀ ਵਿਸ਼ੇਸ਼ ਸਮੀਖਿਆ ਭਾਵ ਐੱਸਆਈਆਰ ਨੂੰ ਵੋਟ ਚੋਰੀ ਕਰਾਰ ਦਿੱਤਾ ਗਿਆ। ਇਸ ਨੂੰ ਲੈ ਕੇ ਰਾਹੁਲ ਅਤੇ ਤੇਜਸਵੀ ਨੇ ਵੋਟਰ ਅਧਿਕਾਰ ਯਾਤਰਾ ਕੱਢੀ ਤੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਚੋਣ ਕਮਿਸ਼ਨ ਗ਼ਲਤ ਕੰਮ ਕਰ ਰਿਹਾ ਹੈ। ਐੱਸਆਈਆਰ ਨੂੰ ਸੁਪਰੀਮ ਕੋਰਟ ’ਚ ਵੀ ਚੁਣੌਤੀ ਦਿੱਤੀ ਗਈ, ਪਰ ਵਿਰੋਧੀ ਧਿਰ ਨੂੰ ਉਥੋਂ ਵੀ ਕੋਈ ਰਾਹਤ ਨਹੀਂ ਮਿਲੀ। ਕਾਂਗਰਸ ਤੇ ਆਰਜੇਡੀ ਨੇ ਜਿਸ ਮੁੱਦੇ ਨੂੰ ਬਹੁਤ ਚੁੱਕਿਆ, ਉਸ ਦੀ ਚੋਣਾਂ ਆਉਂਦੇ-ਆਉਂਦੇ ਹਵਾ ਨਿਕਲ ਗਈ, ਕਿਉਂਕਿ ਬਿਹਾਰ ਦੇ ਲੋਕ ਸਮਝ ਗਏ ਕਿ ਐੱਸਆਈਆਰ ਇਕ ਜ਼ਰੂਰੀ ਪ੍ਰਕਿਰਿਆ ਹੈ।
ਬਿਹਾਰ ’ਚ ਐੱਨਡੀਏ ਦੀ ਜਿੱਤ ਸਿਰਫ਼ ਨਰਿੰਦਰ ਮੋਦੀ ਤੇ ਨਿਤੀਸ਼ ਕੁਮਾਰ ਦੀ ਕਮੈਸਟ੍ਰੀ ਦਾ ਹੀ ਨਤੀਜਾ ਨਹੀਂ, ਉਹ ਇਸ ਗੱਠਜੋੜ ਦੇ ਸਾਰੇ ਭਾਈਵਾਲਾਂ ਵਿਚਾਲੇ ਬਿਹਤਰ ਤਾਲਮੇਲ ਦਾ ਵੀ ਨਤੀਜਾ ਹੈ। ਐੱਨਡੀਏ ਦੇ ਮੁਕਾਬਲੇ ਮਹਾਗੱਠਜੋੜ ਵਿਵਾਦ ਤੇ ਗ਼ੈਰਯਕੀਨੀ ਨਾਲ ਭਰਿਆ ਦਿਖਾਈ ਦਿੱਤਾ। ਇਸ ਦਾ ਇਕ ਨਤੀਜਾ ਇਹ ਰਿਹਾ ਕਿ 11 ਸੀਟਾਂ ’ਤੇ ਉਸ ਦੇ ਉਮੀਦਵਾਰ ਆਹਮੋ-ਸਾਹਮਣੇ ਸਨ। ਇਸ ਦੀ ਤੁਲਨਾ ’ਚ ਐੱਨਡੀਏ ਨੇ ਸੀਟ ਬਟਵਾਰੇ ਤੋਂ ਲੈ ਕੇ ਚੋਣ ਪ੍ਰਚਾਰ ’ਚ ਤਾਲਮੇਲ ਦਿਖਾਇਆ। ਇਸੇ ਕਾਰਨ ਭਾਜਪਾ, ਜੇਡੀਯੂ ਦੇ ਨਾਲ-ਨਾਲ ਚਿਰਾਗ ਪਾਸਵਾਨ, ਜੀਤਨ ਰਾਮ ਮਾਂਝੀ, ਉਪੇਂਦਰ ਕੁਸ਼ਵਾਹਾ ਦੀਆਂ ਪਾਰਟੀਆਂ ਨੇ ਵੀ ਬਿਹਤਰ ਪ੍ਰਦਰਸ਼ਨ ਕੀਤਾ। ਪਿਛਲੀ ਵਾਰ ਜੇਡੀਯੂ ਇਸ ਲਈ ਕਮਜ਼ੋਰ ਸਾਬਿਤ ਹੋਇਆ ਸੀ, ਕਿਉਂਕਿ ਚਿਰਾਗ ਪਾਸਵਾਨ ਨੇ ਨਿਤੀਸ਼ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਚੋਣ ਲੜੀ ਸੀ।
ਕਿਉਂਕੀ ਐੱਨਡੀਏ ਨੇ ਵੱਡੀ ਜਿੱਤ ਹਾਸਲ ਕੀਤੀ ਹੈ, ਇਸ ਲਈ ਬਿਹਾਰ ਦੇ ਲੋਕਾਂ ਦੀਆਂ ਨਿਤੀਸ਼ ਸਰਕਾਰ ਤੋਂ ਉਮੀਦਾਂ ਬਹੁਤ ਵਧ ਗਈਆਂ ਹਨ। ਬਿਹਾਰ ਅਜੇ ਵੀ ਇਕ ਪੱਛੜਿਆ ਹੋਇਆ ਸੂਬਾ ਹੈ ਤੇ ਇੱਥੇ ਬਹੁਤ ਕੁਝ ਕਰਨਾ ਬਾਕੀ ਹੈ। ਇੰਨੀ ਵੱਡੀ ਜਿੱਤ ਦੇ ਨਾਲ ਜੋ ਸਰਕਾਰ ਬਣੇਗੀ,
ਉਸ ਨੂੰ ਲੋਕਾਂ ਦੀਆਂ ਵਧੀਆਂ ਹੋਈਆਂ ਉਮੀਦਾਂ ਨੂੰ ਪੂਰਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਠੀਕ ਹੈ ਕਿ ਹੌਲੀ-ਹੌਲੀ ਬਿਹਾਰ ਸਹੀ ਰਾਹ ’ਤੇ ਆ ਗਿਆ ਹੈ, ਪਰ ਉਸ ਨੂੰ ਪੱਛੜੇ ਸੂਬੇ ਦੇ ਅਕਸ ਤੋਂ ਮੁਕਤ
ਹੋਣ ਦੀ ਜ਼ਰੂਰਤ ਹੈ। ਬਿਹਾਰ ਦੇ ਲੋਕਾਂ ’ਚ ਜੋ ਸਮਝ ਹੈ, ਉਸ ਦਾ ਕੋਈ ਮੁਕਾਬਲਾ ਨਹੀਂ, ਪਰ ਉਦਯੋਗ-ਧੰਦਿਆਂ ਦੀ ਥੁੜ੍ਹ ਨਾਲ ਸੂਬਾ ਪੱਛੜ ਗਿਆ ਹੈ। ਹੁਣ ਇੱਥੇ ਦੀ ਡਬਲ ਇੰਜਣ ਦੀ ਸਰਕਾਰ ਤੋਂ ਉਮੀਦ ਹੈ ਕਿ ਉਹ ਬਿਹਾਰ ਨੂੰ ਤੇਜ਼ੀ ਨਾਲ ਵਿਕਾਸ ਵੱਲ ਲੈ ਕੇ ਜਾਏ।
ਸੰਜੇ ਗੁਪਤ
-response@jagran.com