ਜੀਵਨ ਵਿਚ ਪ੍ਰਸ਼ੰਸਾ ਤੇ ਨਿੰਦਾ, ਸਫ਼ਲਤਾ ਤੇ ਅਸਫ਼ਲਤਾ ਦੋਵੇਂ ਆਉਂਦੀਆਂ ਹਨ। ਕ੍ਰਿਸ਼ਨ ਸਿਖਾਉਂਦੇ ਹਨ ਕਿ ਦੋਵੇਂ ਹਾਲਤਾਂ ਵਿਚ ਮਨ ਸ਼ਾਂਤ ਰਹੇ। ਮਨ ਦੀ ਇਕਸਾਰਤਾ ਹੀ ਸੱਚਾ ਯੋਗ ਹੈ, ਅੰਦਰੂਨੀ ਸ਼ਾਂਤੀ ਅਤੇ ਬਾਹਰੀ ਕਰਮ ਦਾ ਮਿਲਾਪ।

ਭਗਵਦ ਗੀਤਾ ਭਗਵਾਨ ਕ੍ਰਿਸ਼ਨ ਅਤੇ ਅਰਜੁਨ ਵਿਚਕਾਰ ਦਾ ਸੰਵਾਦ ਹੈ, ਜੋ ਰਣਭੂਮੀ ’ਤੇ ਹੋਇਆ ਸੀ। ਪਰ ਇਸ ਦਾ ਅਸਲੀ ਸੰਦੇਸ਼ ਜੰਗ ਬਾਰੇ ਨਹੀਂ, ਸਗੋਂ ਰੋਜ਼ਾਨਾ ਜੀਵਨ ਨੂੰ ਸਿਆਣਪ ਨਾਲ ਜੀਊਣ ਬਾਰੇ ਹੈ। ਇਸ ਦੇ ਸਭ ਤੋਂ ਸ਼ਕਤੀਸ਼ਾਲੀ ਉਪਦੇਸ਼ਾਂ ਵਿਚੋਂ ਇਕ ਹੈ ਨਿਸ਼ਕਾਮ ਕਰਮ, ਭਾਵ ਨਤੀਜਿਆਂ ਬਾਰੇ ਸੋਚੇ ਬਿਨਾਂ ਆਪਣਾ ਸਰਬੋਤਮ ਕਰਮ ਕਰਨ ਦੀ ਕਲਾ। ਸ਼੍ਰੀ ਸ਼੍ਰੀ ਪਰਮਹੰਸ ਯੋਗਾਨੰਦ, ਜੋ ਇਕ ਮਹਾਨ ਭਾਰਤੀ ਅਧਿਆਤਮਕ ਗੁਰੂ ਸਨ, ਮੁਤਾਬਕ ਇੱਛਾ ਤੋਂ ਰਹਿਤ ਕਰਮ ਕਰਨਾ ਯੋਗ ਦਾ ਅਹਿਮ ਅੰਗ ਹੈ।
ਆਪਣੀ ਮਹਾਨ ਵਿਆਖਿਆ ‘ਈਸ਼ਵਰ -ਅਰਜੁਨ ਸੰਵਾਦ : ਸ਼੍ਰੀਮਦਭਗਵਦਗੀਤਾ” ਵਿਚ, ਉਨ੍ਹਾਂ ਨੇ ਸਮਝਾਇਆ ਕਿ ਭਗਵਾਨ ਕ੍ਰਿਸ਼ਨ ਦਾ ਸੰਦੇਸ਼ ਸਿਰਫ਼ ਦਰਸ਼ਨ ਸ਼ਾਸਤਰ ਨਹੀਂ, ਸਗੋਂ ਵਿਹਾਰਕ ਮਾਰਗਦਰਸ਼ਨ ਹੈ। ਚਾਹੇ ਕੋਈ ਘਰ ਸੰਭਾਲ ਰਿਹਾ ਹੋਵੇ, ਕੰਪਨੀ ਚਲਾ ਰਿਹਾ ਹੋਵੇ ਜਾਂ ਪਰਮਾਤਮਾ ਦੀ ਭਗਤੀ ਕਰ ਰਿਹਾ ਹੋਵੇ। ਗੀਤਾ ਦੇ ਦੂਜੇ ਅਧਿਆਇ ਦੇ 47ਵੇਂ ਸ਼ਲੋਕ ਵਿਚ ਕ੍ਰਿਸ਼ਨ ਅਰਜੁਨ ਨੂੰ ਕਹਿੰਦੇ ਹਨ ‘ਕਰਮ ਕਰਨਾ ਤੇਰਾ ਅਧਿਕਾਰ ਹੈ।
ਉਸ ਦੇ ਫ਼ਲ ਦੀ ਪ੍ਰਾਪਤੀ ਦੀ ਆਸ ਕਰਨਾ ਨਹੀਂ। ਤੂੰ ਕਰਮ ਫ਼ਲ ਦੀ ਇੱਛਾ ਰੱਖਣ ਵਾਲਾ ਨਾ ਬਣ। ਨਾ ਹੀ ਤੂੰ ਆਪਣੇ ਕਰਮਾਂ ਦੇ ਫ਼ਲ ਦਾ ਆਪਣੇ ਆਪ ਨੂੰ ਭਾਗੀਦਾਰ ਸਮਝ। ਆਪਣੇ ਫ਼ਰਜ਼ਾਂ ਨੂੰ ਨਾ ਕਰਨ ਲਈ ਆਪਣੇ ਆਪ ਨੂੰ ਕਦੇ ਵੀ ਨਾ ਜੋੜ।’ ਇਸ ਦਾ ਅਰਥ ਹੈ ਕਿ ਆਪਣਾ ਫ਼ਰਜ਼ ਨਿਭਾਓ ਚਾਹੇ ਉਹ ਤੁਹਾਡਾ ਕੰਮ ਹੋਵੇ, ਪਰਿਵਾਰ ਦੀ ਸੰਭਾਲ ਹੋਵੇ ਜਾਂ ਹੋਰ ਕੋਈ ਜ਼ਿੰਮੇਵਾਰੀ, ਪਰ ਨਤੀਜਿਆਂ ਜਾਂ ਇਨਾਮਾਂ ਦੀ ਚਿੰਤਾ ਵਿਚ ਨਾ ਰਹੋ।
‘ਮੈਨੂੰ ਕੀ ਮਿਲੇਗਾ?” ਦੀ ਚਿੰਤਾ ਸਿਰਫ਼ ਤਣਾਅ ਪੈਦਾ ਕਰਦੀ ਹੈ। ਅਸਲ ਆਜ਼ਾਦੀ ਉਦੋਂ ਮਿਲਦੀ ਹੈ ਜਦੋਂ ਧਿਆਨ ਕਰਮ ’ਤੇ ਹੋਵੇ, ਨਾ ਕਿ ਫ਼ਲ ’ਤੇ। ਨਾਲ ਹੀ ਅਸੀਂ ਆਲਸੀ ਜਾਂ ਬੇਕਾਰ ਨਾ ਬਣੀਏ। ਅਗਲੇ ਸ਼ਲੋਕ (2.48) ਵਿਚ ਕ੍ਰਿਸ਼ਨ ਕਹਿੰਦੇ ਹਨ ‘ਹੇ ਧਨੰਜਯ (ਅਰਜੁਨ)! ਯੋਗ ਧਾਰਨ ਕਰਨ ਵਿਚ ਪਰਪੱਕ ਰਹਿ ਤੇ ਆਪਣੇ ਫ਼ਰਜਾਂ ਦੀ ਪੂਰਤੀ ਕਰ। ਫ਼ਲਤਾ-ਅਸਫ਼ਲਤਾ ਦੇ ਮੋਹ ਤੋਂ ਦੂਰ ਰਹਿ। ਮਨ ਦੀ ਅਜਿਹੀ ਸਹਿਜ-ਸਥਿਤੀ ਨੂੰ ਹੀ ਯੋਗ ਕਿਹਾ ਜਾਂਦਾ ਹੈ।’
ਜੀਵਨ ਵਿਚ ਪ੍ਰਸ਼ੰਸਾ ਤੇ ਨਿੰਦਾ, ਸਫ਼ਲਤਾ ਤੇ ਅਸਫ਼ਲਤਾ ਦੋਵੇਂ ਆਉਂਦੀਆਂ ਹਨ। ਕ੍ਰਿਸ਼ਨ ਸਿਖਾਉਂਦੇ ਹਨ ਕਿ ਦੋਵੇਂ ਹਾਲਤਾਂ ਵਿਚ ਮਨ ਸ਼ਾਂਤ ਰਹੇ। ਮਨ ਦੀ ਇਕਸਾਰਤਾ ਹੀ ਸੱਚਾ ਯੋਗ ਹੈ, ਅੰਦਰੂਨੀ ਸ਼ਾਂਤੀ ਅਤੇ ਬਾਹਰੀ ਕਰਮ ਦਾ ਮਿਲਾਪ। ਤੀਜੇ ਅਧਿਆਇ ਦੇ 30ਵੇਂ ਸ਼ਲੋਕ ਵਿਚ ਕ੍ਰਿਸ਼ਨ ਇਸ ਅਵਸਥਾ ਨੂੰ ਪ੍ਰਾਪਤ ਕਰਨ ਦੀ ਕੁੰਜੀ ਦਿੰਦੇ ਹਨ ‘ਹੇ ਅਰਜੁਨ! ਸਾਰੇ ਕੰਮਾਂ ਨੂੰ ਅਧਿਆਤਮ ਚਿੱਤ ਰਾਹੀਂ, ਭਾਵ ਆਤਮ ਸਰੂਪ ਵਿਚ ਲੱਗੇ ਹੋਏ ਚਿੱਤ ਦੁਆਰਾ ਮੇਰੇ ਵਿਚ ਅਰਪਿਤ ਕਰਦਿਆਂ (ਪ੍ਰਭੁਤੱਵ ਵਿਚ ਇਕਮਿਕ ਹੋ ਕੇ) ਆਸ ਰਹਿਤ, ਮਮਤਾ ਰਹਿਤ ਤੇ ਸੰਤਾਪ ਰਹਿਤ ਹੋ ਕੇ, ਤੂੰ ਯੁੱਧ ਕਰ।’
ਸਾਧਾਰਨ ਸ਼ਬਦਾਂ ਵਿਚ, ਜੋ ਕੁਝ ਵੀ ਕਰੋ, ਉਸ ਨੂੰ ਪ੍ਰਭੂ ਨੂੰ ਸਮਰਪਿਤ ਕਰੋ। ਇਸ ਤਰ੍ਹਾਂ ਜੀਊਣਾ ਦੁਨੀਆ ਤੋਂ ਮੂੰਹ ਮੋੜਨਾ ਨਹੀਂ, ਸਗੋਂ ਹਰ ਕਰਮ ਨੂੰ ਇਕ ਭੇਟ ਵਜੋਂ ਕਰਨਾ ਹੈ, ਬਿਨਾਂ ਇੱਛਾ, ਹੰਕਾਰ ਜਾਂ ਚਿੰਤਾ ਦੇ। ਇਹੀ ਸ਼ਾਂਤ ਜੀਵਨ ਦਾ ਮਾਰਗ ਹੈ। ਫਿਰ, ਪੰਜਵੇਂ ਅਧਿਆਇ ਦੇ 10ਵੇਂ ਸ਼ਲੋਕ ਵਿਚ ਕ੍ਰਿਸ਼ਨ ਇਕ ਸੁੰਦਰ ਮਿਸਾਲ ਦਿੰਦੇ ਹਨ, ‘ਜਿਹੜਾ ਸਮੁੱਚੇ ਕਰਮਾਂ ਨੂੰ ਬ੍ਰਹਮ ਵਿਚ ਅਰਪਿਤ ਕਰ ਕੇ ਅਤੇ ਮੋਹ ਪਿਆਰ ਤੇ ਰਿਸ਼ਤੇ ਨੂੰ ਤਿਆਗ ਕੇ ਕਰਮ ਕਰਦਾ ਹੈ, ਉਹ ਪਾਣੀ ਵਿਚ ਕੰਵਲ ਫੁੱਲ ਵਾਂਗ, ਪਾਪ ਨਾਲ ਲਿੱਬੜਿਆ ਨਹੀਂ ਹੁੰਦਾ।’
ਜਿਵੇਂ ਕੰਵਲ ਦਾ ਫੁੱਲ ਚਿੱਕੜ ਵਿਚ ਖਿੜਦਾ ਹੈ ਪਰ ਕਦੇ ਗੰਦਾ ਨਹੀਂ ਹੁੰਦਾ, ਉਸੇ ਤਰ੍ਹਾਂ ਮਨੁੱਖ ਦੁਨੀਆ ਦੇ ਸੰਘਰਸ਼ਾਂ ਵਿਚ ਰਹਿ ਕੇ ਵੀ ਸ਼ਾਂਤ ਰਹਿ ਸਕਦਾ ਹੈ, ਜੇਕਰ ਉਹ ਨਿਸ਼ਕਾਮ ਕਰਮ ਅਤੇ ਪ੍ਰਭੂ ਨੂੰ ਸਮਰਪਿਤ ਰਹਿਣ ਦਾ ਅਭਿਆਸ ਕਰੇ। ਯੋਗਾਨੰਦ ਜੀ ਨੇ ਪੱਛਮ ਵਿਚ ਸੈਲਫ-ਰੀਅਲਾਈਜ਼ੇਸ਼ਨ ਫੈਲੋਸ਼ਿਪ (ਐੱਸਆਰਐੱਫ) ਅਤੇ ਭਾਰਤ ਵਿਚ ਯੋਗੋਦਾ ਸਤਿਸੰਗ ਸੁਸਾਇਟੀ (ਵਾਈਐੱਸਐੱਸ) ਦੀ ਸਥਾਪਨਾ ਕੀਤੀ, ਤਾਂ ਜੋ ਇਹ ਅਮਰ ਉਪਦੇਸ਼ ਸੰਸਾਰ ਨਾਲ ਸਾਂਝੇ ਕੀਤੇ ਜਾ ਸਕਣ। ਉਨ੍ਹਾਂ ਦੀ ਅਦੁੱਤੀ ਰਚਨਾ ਇਕ ਯੋਗੀ ਦੀ ਆਤਮਕਥਾ ਨੇ ਲੱਖਾਂ ਲੋਕਾਂ ਨੂੰ ਯੋਗ ਅਤੇ ਧਿਆਨ ਨਾਲ ਜਾਣੂ ਕਰਵਾਇਆ, ਖਾਸ ਤੌਰ ’ਤੇ ਕ੍ਰਿਆ ਯੋਗ ਨਾਲ, ਜਿਸ ਦਾ ਜ਼ਿਕਰ ਗੀਤਾ ਵਿਚ ਕੀਤਾ ਗਿਆ ਹੈ, ਜੋ ਪਰਮਾਤਮਾ ਦੇ ਸਿੱਧੇ ਅਨੁਭਵ ਦਾ ਰਾਹ ਹੈ।
ਨਿਸ਼ਕਾਮ ਕਰਮ ਦਾ ਅਰਥ ਜ਼ਿੰਮੇਵਾਰੀਆਂ ਤੋਂ ਭੱਜਣਾ ਨਹੀਂ, ਸਗੋਂ ਹਰ ਕੰਮ ਪੂਰੇ ਮਨ ਨਾਲ ਕਰਨਾ ਹੈ। ਦਫ਼ਤਰ ਵਿਚ, ਰਿਸ਼ਤਿਆਂ ਵਿਚ ਜਾਂ ਨਿੱਜੀ ਉਦੇਸ਼ਾਂ ਵਿਚ, ਪਰ ਫ਼ਲ ਨਾਲ ਜੁੜੇ ਬਿਨਾਂ। ਏਥੇ ਰਣਭੂਮੀ ਪ੍ਰਤੀਕਾਤਮਕ ਹੈ, ਪਰ ਸੰਘਰਸ਼ ਸੱਚਾ ਹੈ, ਮੋਹ ਤੇ ਮੁਕਤੀ, ਹੰਕਾਰ ਤੇ ਸਮਰਪਣ ਵਿਚਕਾਰ। ਭਗਵਦ ਗੀਤਾ ਸਾਨੂੰ ਸਿਖਾਉਂਦੀ ਹੈ ਕਿ ਅਸਲੀ ਜਿੱਤ ਉਸ ਕਰਮ ਵਿਚ ਹੈ ਜੋ ਨਿਸ਼ਕਾਮ ਹੈ, ਕਿਉਂਕਿ ਸਿਰਫ਼ ਉਹੀ ਸਦੀਵੀ ਆਨੰਦ ਦਿੰਦੀ ਹੈ।
-ਰੇਣੂ ਸਿੰਘ ਪਰਮਾਰ