ਅਮਰੀਕਾ ਅਤੇ ਨਾਟੋ ਇਤਿਹਾਦੀਆਂ ਵੱਲੋਂ ਰੂਸ ਨੂੰ ਯੂਕਰੇਨ ਜੰਗ ਵਿਚ ਉਲਝਾਉਣ ਤੋਂ ਬਾਅਦ ਅਸਦ ਦੇ ਤਖ਼ਤਾ ਪਲਟਣ ਦੀ ਯੋਜਨਾ ਘੜੀ ਗਈ। ਰੂਸ ਦੀ ਗ਼ੈਰ-ਹਾਜ਼ਰੀ ਵਿਚ ਈਰਾਨ ਅਤੇ ਹਿਜ਼ਬੁੱਲਾ ਲੜਾਕੂ ਸੀਰੀਆ ਦੀ ਢਾਲ ਦਾ ਕੰਮ ਕਰ ਰਹੇ ਸਨ। ਸੱਤ ਅਕਤੂਬਰ 2023 ਨੂੰ ਹਮਾਸ ਵੱਲੋਂ ਇਜ਼ਰਾਈਲ ਅੰਦਰ ਘੁਸ ਕੇ ਕੀਤੀ ਬੱਜਰ ਗ਼ਲਤੀ ਇਜ਼ਰਾਈਲ-ਅਮਰੀਕੀ ਮਨਸੂਬੇ ਦਾ ਹਿੱਸਾ ਸੀ।

ਅੱਠ ਦਸੰਬਰ 2024 ਦਾ ਦਿਨ ਸੀਰੀਅਨ ਹੀ ਨਹੀਂ ਬਲਕਿ ਅਰਥ ਇਤਿਹਾਸ ਵਿਚ ਇਕ ਮਹਾਨ ਮੀਲ ਪੱਥਰ ਹੈ। ਵਿਰੋਧੀ ਅਲਕਾਇਦਾਈ ਲੜਾਕੂਆਂ ਤੋਂ ਪਾਸਾ ਵੱਟ ਕੇ ਰਾਸ਼ਟਰਵਾਦੀ ਲੜਾਕੂ ਬਣੇ ਮਿਲੀਟੈਂਟ ਗਰੁੱਪ ‘ਹਯਾਤ ਤਹਿਰੀਰ ਅਲ-ਸ਼ਾਮ’ (ਐੱਚਟੀਐੱਸ) ਨੇ ਇਸ ਦਿਨ ਆਪਣੇ ਆਗੂ ਮੁਹੰਮਦ ਅਲ-ਜੋਲਾਨੀ ਦੀ ਅਗਵਾਈ ਵਿਚ ਸੀਰੀਆ ਦੀ ਰਾਜਧਾਨੀ ਦਮਸ਼ਿਕ ’ਤੇ ਕਬਜ਼ਾ ਕਰ ਲਿਆ। ਇਹ ਸਭ ਕੁਝ ਏਨੀ ਤੇਜ਼ੀ ਨਾਲ ਤੂਫ਼ਾਨੀ ਪੱਧਰ ’ਤੇ ਵਾਪਰਿਆ ਕਿ ਇਸ ਕਬਜ਼ੇ ਤੋਂ ਸਾਰਾ ਵਿਸ਼ਵ ਹੈਰਾਨ ਹੋ ਗਿਆ। ਇਵੇਂ ਸੰਨ 1971 ਵਿਚ ਅਸਦ ਦੇ ਪਿਤਾ ਹਾਫਜ਼ ਵੱਲੋਂ ਕਾਇਮ ਜ਼ਾਲਮ ਸ਼ਾਸਨ ਦਾ ਸੂਰਜ ਡੁੱਬ ਗਿਆ।
ਲਗਪਗ 50 ਸਾਲਾਂ ਤੋਂ ਅਸਦ ਖਾਨਦਾਨ ਦੀ ਬਰਬਰਤਾਪੂਰਵਕ ਫ਼ੌਜੀ ਡਿਕਟੇਟਰਸ਼ਿਪ ਸੀਰੀਆ ’ਤੇ ਕਾਬਜ਼ ਸੀ। ਇਹ ਵੀ ਇਰਾਕ ਅੰਦਰ ਸੱਦਾਮ ਹੁਸੈਨ ਅਤੇ ਲੀਬੀਆ ਅੰਦਰ ਮੁਅੱਮਰ ਗੱਦਾਫ਼ੀ ਦੀ ਕਈ ਹੋਰ ਅਰਬ ਰਾਸ਼ਟਰਾਂ ਵਾਂਗ ਅਣਮਨੁੱਖੀ, ਮਾਨਵ ਅਧਿਕਾਰਾਂ ਦੇ ਘਾਣ ਅਤੇ ਮਾਨਵ ਲਾਸ਼ਾਂ ਦੇ ਅੰਬਾਰ ਭਰੀ ਡਿਕਟੇਟਰਸ਼ਿਪ ਸੀ ਜਿਸ ਮਾੜਲ ਦੀ ਨੀਂਹ ਕਰਨਲ ਅਬਦਲ ਨਾਸਰ ਨੇ ‘ਮੁਸਲਿਮ ਬ੍ਰਦਰਹੁੱਡ’ ਤਨਜ਼ੀਮ ਦੀ ਮਦਦ ਨਾਲ 18 ਜੂਨ 1952 ਨੂੰ ਮਿਸਰ ਵਿਚ ਰਾਜੇ ਫਾਰੂਕ ਦੀ ਬਾਦਸ਼ਾਹਤ ਖ਼ਤਮ ਕਰ ਕੇ ਰੱਖੀ ਸੀ। ਬਸ਼ਰ ਅਲ-ਅਸਦ ਦੇਸ਼ ਛੱਡ ਕੇ ਭੱਜ ਗਿਆ ਭਾਵੇਂ ਉਸ ਦੀ ਇਕ ਲੱਖ 30 ਹਜ਼ਾਰ ਸੈਨਾ ਅਜੇ ਵੀ ਦੇਸ਼ ਦੇ ਕੁਝ ਹਿੱਸਿਆਂ ਵਿਚ ਮੋਰਚੇ ਸੰਭਾਲ ਕੇ ਲੜ ਰਹੀ ਸੀ। ਐੱਚਟੀਐੱਸ ਦੇ ਰਾਜਧਾਨੀ ’ਤੇ ਕਬਜ਼ੇ ਤੋਂ ਬਾਅਦ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਦੇਸ਼ ਵਿਚ ਪਿਛਲੇ 13 ਸਾਲਾਂ ਤੋਂ ਚੱਲ ਰਹੀ ਅੰਦਰੂਨੀ ਜੰਗ ਖ਼ਤਮ ਹੋ ਜਾਵੇਗੀ। ਡਿਕਟੇਟਰ ਅਸਦ ਨੇ ਰੂਸ ਅੰਦਰ ਜਾ ਕੇ ਸਿਆਸੀ ਪਨਾਹ ਲੈ ਲਈ ਹੈ।
ਦੇਸ਼-ਵਿਦੇਸ਼ ’ਚ ਵਸਦੇ ਸੀਰੀਅਨ ਲੋਕਾਂ ਨੇ ਡਿਕਟੇਟਰ ਅਸਦ ਦੇ ਦੇਸ਼ ਭੱਜ ਕੇ ਨੱਸਣ ਦੀ ਖ਼ੁਸ਼ੀ ਉਵੇਂ ਹੀ ਮਨਾਉਣੀ ਸ਼ੁਰੂ ਕੀਤੀ ਜਿਵੇਂ ਇਰਾਕ ਵਿਚ ਸੱਦਾਮ ਹੁਸੈਨ ਤੋਂ ਬਾਅਦ ‘ਅਰਬ ਬਹਾਰ’ ਇਨਕਲਾਬੀਆਂ ਨੇ ਟਿਊਨੀਸ਼ੀਆ ਦੇ ਡਿਕਟੇਟਰ ਅਬੀਦੀਨ ਬੇਨ ਅਲੀ, ਲੀਬੀਆ ਦੇ ਮੁਅੱਮਰ ਗੱਦਾਫੀ, ਮਿਸਰ ਦੇ ਹੋਸਨੀ ਮੁਬਾਰਕ ਡਿਕਟੇਟਰਾਂ ਨੂੰ ਸੰਨ 2011 ਅਤੇ ਯਮਨ ਦੇ ਡਿਕਟੇਟਰ ਅਲੀ ਅਬਦੁੱਲਾ ਸਾਲੇਹ ਨੂੰ ਸੰਨ 2012 ਵਿਚ ਸੱਤਾ ਵਿੱਚੋਂ ਵਗਾਹ ਕੇ ਬਾਹਰ ਮਾਰਨ ਸਮੇਂ ਮਨਾਈ ਸੀ। ਇਸ ਸਮੇਂ ਲੋਕ ਦੇਸ਼-ਵਿਦੇਸ਼ ਵਿਚ ਇਹ ਵੀ ਗਿਣ-ਗਿਣ ਕੇ ਦੱਸ ਰਹੇ ਸਨ ਕਿ ਕਿਵੇਂ ਉਨ੍ਹਾਂ ਦੇ ਪਰਿਵਾਰ, ਨਜ਼ਦੀਕੀ ਰਿਸ਼ਤੇਦਾਰ ਅਤੇ ਸੱਜਣ-ਮਿੱਤਰ ਇਸ ਜ਼ਾਲਮ ਸ਼ਾਸਨ ਨੇ ਤਸ਼ੱਦਦ, ਗੋਲ਼ੀਬਾਰੀ ਅਤੇ ਫਾਂਸੀਆਂ ’ਤੇ ਚਾੜ੍ਹ ਕੇ ਮਾਰ ਮੁਕਾਏ।
ਤੇਰਾਂ ਸਾਲਾ ਅੰਦਰੂਨੀ ਗ੍ਰਹਿ ਯੁੱਧ ਦੀ ਸ਼ੁਰੂਆਤ ਦੱਖਣੀ-ਪੱਛਮੀ ਸੀਰੀਆ ਦੇ ਦਰਾਅ ਖਿੱਤੇ ਵਿਚ 2011 ਵਿਚ ਅਰਬ ਬਹਾਰ ਤੋਂ ਪ੍ਰਭਾਵਿਤ ਜਨਤਕ ਵਿਦਰੋਹ ਤੋਂ ਸ਼ੁਰੂ ਹੋਈ ਸੀ ਜੋ ਅਸਦ ਦੇ ਅਣਮਨੁੱਖੀ ਡਿਕਟੇਟਰਾਨਾ ਸ਼ਾਸਨ ਦਾ ਤਖ਼ਤਾ ਪਲਟਣਾ ਚਾਹੁੰਦੇ ਸਨ। ਇਹ ਸੀਰੀਆ ਦੇ ਲੋਕਾਂ ਵੱਲੋਂ ਗਲੋਂ ਗੁਲਾਮੀ ਦਾ ਜੂਲਾ ਪਰ੍ਹਾਂ ਵਗਾਹ ਮਾਰਨ ਲਈ ਠਾਠਾਂ ਮਾਰ ਰਿਹਾ ਵਿਦਰੋਹ ਸੀ। ਲੇਕਿਨ ਇਸ ਨੂੰ ਇਦਲੀਬ ਖਿੱਤੇ ਵਿਚ ਕਾਬਜ਼ ਮਿਲੀਟੈਂਟ ਗਰੁੱਪ ਐੱਚਟੀਐੱਸ ਨੇ ਹੀ ਦਬਾਅ ਦਿਤਾ ਸੀ ਜਿਸ ਦਾ ਆਗੂ ਮੁਹੰਮਦ ਅਲ-ਜੋਲਾਲੀ ਹੈ।
ਬਤਾਲੀ ਸਾਲਾ ਮੁਹੰਮਦ ਅਲ-ਭੋਲਾਨੀ ਦਾ ਅਸਲ ਨਾਮ ਅਹਿਮਦ ਅਲ ਸ਼ਰਾਅ ਹੈ ਜੋ 1982 ਵਿਚ ਇਜ਼ਰਾਈਲ ਦੇ ਕਬਜ਼ੇ ਵਾਲੇ ਗੋਲਾਨ ਪਹਾੜੀਆਂ ਦੇ ਇਲਾਕੇ ਵਿਚ ਪੈਦਾ ਹੋਇਆ ਸੀ। ਓਸਾਮਾਬਿਨ ਲਾਦੇਨ ਦੀ ਅਲ ਕਾਇਦਾ ਜਮਾਤ ਨਾਲ ਜੁੜਿਆ ਹੋਇਆ ਸੀ ਜੋ ਅਮਰੀਕਾ ਦੇ ਸੰਨ 2003 ਵਿਚ ਇਰਾਕ ’ਤੇ ਹਮਲੇ ਵੇਲੇ ਅਮਰੀਕਾ ਵਿਰੁੱਧ ਲੜਿਆ ਸੀ। ਪਕੜੇ ਜਾਣ ਤੋਂ ਬਾਅਦ ਬਦਨਾਮ ਅਮਰੀਕੀ ਜੇਲ੍ਹ ਅਬੂ ਗ਼ਰੀਬ ਵਿਚ ਰਿਹਾ। ਸੰਨ 2024 ਵਿਚ ਆਪਣੀ ਪਹਿਲੀ ਇੰਟਰਵਿਊ ਵਿਚ ਅਲ ਬਗਦਾਦੀ ਦੇ ਹੁਕਮਾਂ ’ਤੇ ‘ਨੁਸਰਾ ਫਰੇਟ’ ਦਾ ਆਗੂ ਹੁੰਦੇ ਉਸ ਨੇ ਕਿਹਾ ਸੀ ਉਸ ਦਾ ਨਿਸ਼ਾਨਾ ਸੀਰੀਆ ਵਿਚ ਇਸਲਾਮਿਕ ਕਾਨੂੰਨ ਵਾਲਾ ਰਾਜ ਕਾਇਮ ਕਰਨਾ ਹੈ।
ਇਸ ਰਾਸ਼ਟਰ ਵਿਚ ਅਲਵਾਈਟ, ਸ਼ੀਆ, ਡਰੂਜ਼ ਅਤੇ ਈਸਾਈ ਘੱਟ ਗਿਣਤੀਆਂ ਦੀ ਕੋਈ ਥਾਂ ਨਹੀਂ ਹੋਵੇਗੀ।
ਸੰਨ 2016 ਵਿਚ ਉਸ ਨੇ ਜਨਤਕ ਤੌਰ ’ਤੇ ਅਲ ਕਾਇਦਾ ਜਮਾਤ ਨਾਲੋਂ ਨਾਤਾ ਤੋੜਨ ਦਾ ਐਲਾਨ ਕਰਕੇ ‘ਜਬਤ ਫਤਿਹ ਅਲ ਸ਼ਾਮ’ ਮਿਲੀਟੈਂਟ ਗਰੁੱਪ ਗਠਿਤ ਕੀਤਾ। ਬਾਅਦ ਵਿਚ ਕੁਝ ਹੋਰ ਗਰੁੱਪਾਂ ਅਤੇ ਇਦਲੀਬ ’ਤੇ ਪੂਰਨ ਕਬਜ਼ੇ ਤੋਂ ਬਾਅਦ ਅਜੋਕਾ ਐੱਚਟੀਐੱਸ ਸੰਗਠਨ ਸੀਰੀਆ ਦੀ ਆਜ਼ਾਦੀ ਲਈ ਗਠਿਤ ਕੀਤਾ। ਉਸ ਨੇ ਪੱਛਮੀ ਦੇਸ਼ਾਂ ਵਿਰੁੱਧ ਜਹਾਦ ਤੋਂ ਵੀ ਕਿਨਾਰਾ ਕਰ ਲਿਆ। ਪਰ ਇੱਥੇ ਵਰਣਨਯੋਗ ਹੈ ਕਿ ਅਮਰੀਕਾ ਵੱਲੋਂ ਉਸ ਨੂੰ ਖੂੰਖਾਰ ਅੱਤਵਾਦੀ ਗਰਦਾਨਿਆ ਗਿਆ ਹੈ ਜਿਸ ਦੇ ਸਿਰ ’ਤੇ 10 ਮਿਲੀਅਨ ਡਾਲਰ ਦਾ ਇਨਾਮ ਰੱਖਿਆ ਹੋਇਆ ਹੈ। ਇਦਲੀਬ ਅੰਦਰ ਉਸ ਦੇ ਡਿਕਟੇਟਰਾਨਾ ਰਾਜ ਅਤੇ ਮੁੱਨਖੀ ਅਧਿਕਾਰਾਂ ਦੇ ਘਾਣ ਭਰੇ ਸ਼ਾਸਨ ਤੋਂ ਇੰਜ ਲੱਗਦਾ ਹੈ ਕਿ ਜਿਵੇਂ ਸੀਰੀਅਨ ਲੋਕ ਇਕ ਆਫ਼ਤ ਤੋਂ ਖਹਿੜਾ ਛੁਡਾਉਣ ਤੋਂ ਬਾਅਦ ਕਿਸੇ ਦੂਸਰੀ ਆਫ਼ਤ ਦਾ ਸ਼ਿਕਾਰ ਬਣਨ ਜਾ ਰਹੇ ਹੋਣ।
ਜਿਵੇਂ ਪਾਕਿਸਤਾਨੀ ਫ਼ੌਜ ਨੇ ਪੂਰਬੀ ਪਾਕਿਸਤਾਨ ਵਿਚ ਬੰਗਲਾਦੇਸ਼ ਬਣਨ ਤੋਂ ਪਹਿਲਾਂ ਬੇਇੰਤਹਾ ਜ਼ੁਲਮ ਢਾਹੇ ਉਵੇਂ ਹੀ ਅਸਦ ਪ੍ਰਸ਼ਾਸਨ ਨੇ ਸੀਰੀਆ ਅੰਦਰ ਢਾਹੇ। ਗ੍ਰਹਿ ਯੁੱਧ ਵਿਚ 6 ਕੁ ਲੱਖ ਲੋਕ ਮਾਰੇ ਗਏ। ਸੰਨ 2011 ਤੋਂ ਵਿਦਰੋਹ ਉੱਠਣ ਤੋਂ ਬਾਅਦ ਇਕ ਲੱਖ ਲੋਕ ਲਾਪਤਾ ਜਾਂ ਜਬਰੀ ਖ਼ਤਮ ਕੀਤੇ ਗਏ। ਦੇਸ਼ ਦੀ ਅੱਧੀ ਆਬਾਦੀ ਕਰੀਬ ਇਕ ਕਰੋੜ, 20 ਲੱਖ ਲੋਕ ਘਰੋਂ-ਬੇਘਰ ਹੋ ਗਏ। ਨੌਜਵਾਨ ਵਿਦੇਸ਼ਾਂ ਵਿਚ ਨੱਠਣ ਲੱਗੇ। ਲੱਖਾਂ ਸੀਰੀਅਨ ਤੁਰਕੀ ਅਤੇ ਜਾਰਡਨ ਵਿਚ ਪਨਾਹ ਲਈ ਬੈਠੇ ਹਨ।
ਦਮਸ਼ਿਕ ਨੇੜੇ ਸੈਂਡ ਨਯਾ ਜੇਲ੍ਹ ਤਾਂ ਸੀਰੀਅਨਾਂ ਲਈ ਜਿੰਦਾ ਨਰਕ ਸੀ। ਇਕ ਮੁਨੱਖੀ ਕਤਲਗਾਹ ਦੇ ਚੱਲਦਿਆਂ ਜਿਉਂਦੇ ਕੈਦੀ ਭੁੰਨਣਗਾਹ ਅਤੇ ਰੋਜ਼ਾਨਾ 100 ਕੁ ਲੋਕਾਂ ਨੂੰ ਫਾਂਸੀ ਚੜ੍ਹਾਉਣਗਾਹ ਸੀ। ਇਸ ਦੀਆਂ ਬੇਸਮੈਂਟਾਂ ਵਿਚ ਕਈ ਲੋਕ ਸਾਲਾਂ ਤੋਂ ਗਲ-ਸੜ ਕੇ ਮਰ ਰਹੇ ਸਨ। ਇਸ ਵਿਚ ਹੁਣ ਤੱਕ ਲਗਪਗ 25000 ਕੈਦੀ ਰਿਹਾਅ ਕੀਤੇ ਗਏ ਹਨ। ਇਸ ਤੋਂ ਇਲਾਵਾ 100 ਹੋਰ ਕੇਂਦਰ ਹਨ। ਇਨ੍ਹਾਂ ਵਿੱਚੋਂ ਟਲਮੋਰ, ਅਲੈਪੋ, ਇਦਲੀਥ, ਹਾਮਾ, ਲਾਟਾਕੀਆ, ਰੱਕਾ, ਹੋਮਜ਼, ਟਾਰਟੋਸ ਆਦਿ ਭਿਆਨਕ ਜੇਲ੍ਹਾਂ ਹਨ।
ਮਾਰਚ 2011 ਤੋਂ ਅਗਸਤ 2024 ਤੱਕ 157634 ਸੀਰੀਅਨ ਗ੍ਰਿਫ਼ਤਾਰ ਕੀਤੇ ਗਏ। ਇਨ੍ਹਾਂ ਵਿਚ 5274 ਬੱਚੇ ਅਤੇ 10221 ਔਰਤਾਂ ਵੀ ਸ਼ਾਮਲ ਸਨ। ਐੱਚਟੀਐੱਸ ਨੇ ਦਮਸ਼ਿਕ ’ਤੇ ਕਬਜ਼ੇ ਤੋਂ ਬਾਅਦ ਆਪਣਾ ਸ਼ਾਸਨ ਕਾਇਮ ਕਰਨ ਲਈ ਮੁਹੰਮਦ ਅਲ ਬਸ਼ਰ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਇਹ ਐੱਚਟੀਐੱਸ ਸ਼ਾਸਨ ਦਾ 5ਵਾਂ ਪ੍ਰਧਾਨ ਮੰਤਰੀ ਹੈ। ਇਹ ਇਲੈਕਟ੍ਰਾਨਿਕ ਇੰਜੀਨੀਅਰ ਅਤੇ ਅੰਗਰੇਜ਼ੀ ਵਿਸ਼ੇ ਦੀ ਖ਼ੂਬ ਮੁਹਾਰਤ ਰੱਖਦਾ ਹੈ। ਇਸਲਾਮਿਕ ਦੇਸ਼ਾਂ ਵਿਚ ਸ਼ਰੀਅਤ ਕਾਨੂੰਨ ਲਾਜ਼ਮੀ ਹੋਣ ਕਰ ਕੇ ਇਸ ਨੇ ਇਦਲੀਬ ਯੂਨੀਵਰਸਿਟੀ ਤੋਂ ਸੰਨ 2021 ਵਿਚ ਸ਼ਰੀਆ ਅਤੇ ਕਾਨੂੰਨ ਦੀ ਡਿਗਰੀ ਆਨਰਜ਼ ਸਾਹਿਤ ਪ੍ਰਾਪਤ ਕਰ ਰੱਖੀ ਹੈ। ਜਨਵਰੀ 2024 ਵਿਚ ਸ਼ੂਰਾ ਕੌਂਸਲ ਵੱਲੋਂ ਉਸ ਨੂੰ ਐੱਚਟੀਐੱਸ ਦੀ ਸਾਲਵੇਸ਼ਨ ਸਰਕਾਰ ਦਾ ਪ੍ਰਧਾਨ ਮੰਤਰੀ ਨਿਯਕੁਤ ਕੀਤਾ ਗਿਆ ਸੀ।
ਅਮਰੀਕਾ ਅਤੇ ਨਾਟੋ ਇਤਿਹਾਦੀਆਂ ਵੱਲੋਂ ਰੂਸ ਨੂੰ ਯੂਕਰੇਨ ਜੰਗ ਵਿਚ ਉਲਝਾਉਣ ਤੋਂ ਬਾਅਦ ਅਸਦ ਦੇ ਤਖ਼ਤਾ ਪਲਟਣ ਦੀ ਯੋਜਨਾ ਘੜੀ ਗਈ। ਰੂਸ ਦੀ ਗ਼ੈਰ-ਹਾਜ਼ਰੀ ਵਿਚ ਈਰਾਨ ਅਤੇ ਹਿਜ਼ਬੁੱਲਾ ਲੜਾਕੂ ਸੀਰੀਆ ਦੀ ਢਾਲ ਦਾ ਕੰਮ ਕਰ ਰਹੇ ਸਨ। ਸੱਤ ਅਕਤੂਬਰ 2023 ਨੂੰ ਹਮਾਸ ਵੱਲੋਂ ਇਜ਼ਰਾਈਲ ਅੰਦਰ ਘੁਸ ਕੇ ਕੀਤੀ ਬੱਜਰ ਗ਼ਲਤੀ ਇਜ਼ਰਾਈਲ-ਅਮਰੀਕੀ ਮਨਸੂਬੇ ਦਾ ਹਿੱਸਾ ਸੀ। ਹਮਾਸ ਦਾ ਮਲੀਆਮੇਟ ਗਾਜ਼ਾ ਪੱਟੀ ਅੰਦਰ ਅਤੇ ਕੁਝ ਦਿਨਾਂ ਵਿਚ ਹਿਜ਼ਬੁੱਲਾ ਦਾ ਲਿਬਨਾਨ ਅੰਦਰ ਇਸੇ ਯੋਜਨਾ ਦਾ ਹਿੱਸਾ ਸੀ ਜਿਸ ਵਿਚ ਈਰਾਨ ਵੀ ਪਕਾਅ ਕੇ ਰੱਖ ਦਿੱਤਾ। ਜਦੋਂ ਸੀਰੀਆ ਦੇ ਹਮਾਇਤੀ ਖ਼ਤਮ ਅਤੇ ਉਲਝਾ ਕੇ ਰੱਖ ਦਿੱਤੇ, ਅਸਦ ਸੈਨਿਕ ਵਿਰੋਧੀ ਗਰੁੱਪਾਂ ਦੀ ਤਾਬ ਨਾ ਝੱਲ ਸਕੇ। ਸੀਰੀਆ ਦੇ ਵੱਡੇ-ਵੱਡੇ ਗੜ੍ਹ ਤਾਸ਼ ਦੇ ਪੱਤਿਆਂ ਵਾਂਗ ਗਿਰਨ ਲੱਗੇ।
ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹ ਸੀਰੀਆ ਵਿਚ ਦਖ਼ਲ ਨਹੀਂ ਦੇਵੇਗਾ। ਉਸੇ ਵੇਲੇ ਬਾਇਡਨ ਪ੍ਰਸ਼ਾਸਨ ਨੇ 75 ਸੀਰੀਆਈ ਟਿਕਾਣਿਆਂ ’ਤੇ ਬੰਬਾਰੀ ਕੀਤੀ। ਈਰਾਨ ਤੋਂ ਇਲਾਵਾ ਸੀਰੀਆ ਜੋ ਰੂਸ ਦਾ ਇਸ ਅਰਬ ਖੇਤਰ ਵਿਚ ਵੱਡਾ ਹਮਾਇਤੀ ਸੀ, ਨੂੰ ਇਜ਼ਰਾਈਲ-ਯੂਐੱਸ ਪਲਾਨ ਨੇ ਖ਼ਤਮ ਕਰ ਦਿੱਤਾ।
ਸੀਰੀਆ ਅੰਦਰ ਭਾਰਤ ਵਾਂਗ ਕਈ ਧਰਮਾਂ, ਬੋਲੀਆਂ, ਸੱਭਿਆਚਾਰਾਂ ਅਤੇ ਇਲਾਕਿਆਂ ਦੇ ਲੋਕ ਵਸਦੇ ਹਨ। ਉਨ੍ਹਾਂ ਦੇ ਆਪੋ-ਆਪਣੇ ਸਿਆਸੀ ਨਿਸ਼ਾਨੇ ਤੇ ਹਿੱਤ ਕਾਇਮ ਹਨ। ਹਰ ਕੋਈ ਅਜੋਕੀ ਸਥਿਤੀ ਦਾ ਲਾਭ ਉਠਾਉਣਾ ਚਾਹੇਗਾ। ਉੱਤਰ-ਪੂਰਬ ਵਿਚ ਕੁਰਦਿਸ਼ ਲੜਾਕੂਆਂ ਦੀ ਅਗਵਾਈ ਤਾਕਤਵਰ ਰਾਸ਼ਟਰਵਾਦੀ ਮਿਲਸ਼ੀਆ ਕਾਇਮ ਹੈ ਜੋ ਆਜ਼ਾਦ ਕੁਰਦਿਸ਼ ਰਾਜ ਲਈ ਜੰਗ ਲੜ ਰਿਹਾ ਹੈ। ਅਮਰੀਕਾ ਦੀ ਸਹਾਇਤਾ ਵਾਲਾ ਸੀਰੀਅਨ ਡੈਮੋਕ੍ਰੈਟਿਕ ਫਰੰਟ ਡਟਿਆ ਪਿਆ ਹੈ। ਤੁਰਕੀ ਦੀ ਹਮਾਇਤ ਹਾਸਲ ਤਾਕਤਵਰ ਸੀਰੀਅਨ ਨੈਸ਼ਨਲ ਆਰਮੀ ਗਰੁੱਪ ਹੈ।
ਦੱਖਣੀ ਖੇਤਰ ਵਿਚ ਵਿਰੋਧੀ ਗਰੁੱਪ ਡਟੇ ਹੋਏ ਹਨ। ਇਸ ਖਿੱਤੇ ਵਿਚ ਰੂਸ ਦੇ ਫ਼ੌਜੀ ਮੌਜੂਦ ਹਨ। ਰੂਸ ਨਵੀਂ ਹਕੂਮਤ ਨਾਲ ਉਨ੍ਹਾਂ ਦੀ ਕਾਇਮੀ ਲਈ ਗੱਲਬਾਤ ਕਰੇਗਾ। ਅਸਦ ਪ੍ਰਸ਼ਾਸਨ ਦੇ ਕੈਮੀਕਲ ਹਥਿਆਰ ਕਿਸ ਦੇ ਕੰਟਰੋਲ ਵਿਚ ਹੋਣਗੇ? ਅਲਕਾਇਦਾ ਇਸਲਾਮੀ ਜਹਾਦੀ ਵੀ ਇਸ ਖਿੱਤੇ ਵਿਚ ਸਰਗਰਮ ਹਨ। ਤੁਰਕੀ ਨਹੀਂ ਚਾਹੁੰਦਾ ਕਿ ਦੱਖਣੀ ਸੀਰੀਆ ਅਤੇ ਇਰਾਕ ਵਿਚ ਵਸਦੇ ਕੁਰਦਿਸ਼ ਆਜ਼ਾਦ ਰਾਜ ਦਾ ਮਨਸੂਬਾ ਸਿਰੇ ਚੜ੍ਹਾਅ ਸਕਣ।
53 ਸਾਲਾਂ ਦੇ ਡਿਕਟੇਟਰਾਨਾ ਜ਼ਾਲਮ ਅਸਦ ਸਾਸ਼ਨ ਨੇ ਸੀਰੀਆਈ ਲੋਕਾਂ ਦੀ ਆਰਥਿਕਤਾ, ਮੂਲ ਢਾਂਚੇ ਅਤੇ ਰਾਸ਼ਟਰੀ ਇਕਜੁੱਟਤਾ ਦੀ ਇੱਛਾ ਬਰਬਾਦ ਕਰਕੇ ਰੱਖ ਦਿੱਤੀ ਹੋਈ ਹੈ। ਤੇਲ ਖੂਹਾਂ ’ਤੇ ਕਾਬਜ਼ ਕੁਝ ਕੁ ਲੋਕ ਅਰਬ ਦੇ ਦੂਜੇ ਦੇਸ਼ਾਂ ਵਾਂਗ ਵਧੀਆ ਜੀਵਨ ਰੱਖਦੇ ਹਨ, 90 ਪ੍ਰਤੀਸ਼ਤ ਲੋਕ ਗੁਰਬਤ, ਅਨਪੜ੍ਹਤਾ, ਬੇਰੁਜ਼ਗਾਰੀ, ਭੁੱਖਮਰੀ ਦੇ ਸ਼ਿਕਾਰ ਹਨ। ਸਿਹਤ, ਸਾਫ਼ ਪਾਣੀ, ਬਿਜਲੀ ਅਤੇ ਰੋਜ਼ਮੱਰਾ ਦੀਆਂ ਵਸਤਾਂ ਤੋਂ ਮਹਿਰੂਮ ਹਨ। ਲੋਕਾਂ ਦੀ ਆਵਾਜ਼ ਗੁਮ ਹੈ। ਸਿਸਟਮ ਭ੍ਰਿਸ਼ਟਾਚਾਰ, ਰੂੜੀਵਾਦੀ ਕਬਾਇਲੀ, ਕੱਟੜ ਧਾਰਮਿਕਤਾ ਦਾ ਸ਼ਿਕਾਰ ਹੈ। ਦੇਸ਼ ਅੰਦਰ ਨਵੇਂ ਇਸਲਾਮਿਕ ਸ਼ਾਸਨ ਅਧੀਨ ਜਨਤਕ ਆਜ਼ਾਦੀਆਂ, ਲੋਕਸ਼ਾਹੀ, ਇਕਜੁੱਟਤਾ ਅਤੇ ਵਿਕਾਸ, ਵਿੱਦਿਆ, ਸਿਹਤ, ਸੜਕਾਂ, ਬਿਜਲੀ ਦੇ ਆਧੁਨਿਕ ਪ੍ਰਬੰਧ ਦੇ ਕੋਈ ਆਸਾਰ ਨਹੀਂ ਦਿਖਾਈ ਦਿੰਦੇ।
ਸੀਰੀਆ ਅੰਦਰ ਡਿਕਟੇਟਰਸ਼ਿਪ, ਜ਼ੁਲਮ, ਜਬਰ ਵਿਰੁੱਧ ਵਿਦਰੋਹ ਸਾਰੇ ਅਰਬ ਜਗਤ ਦੇ ਸ਼ਾਸਕਾਂ ਲਈ ਇਕ ਤਾਨਾਸ਼ਾਹੀ ਨੀਂਦ ਵਿੱਚੋਂ ਜਾਗਣ ਦਾ ਵੇਲਾ ਹੈ। ਪੂਰੇ ਅਰਬ ਵਿਚ ਇਕ ਵੀ ਅਜਿਹਾ ਦੇਸ਼ ਨਹੀਂ ਜਿੱਥੇ ਲੋਕਾਂ ਦੁਆਰਾ ਚੁਣਿਆ ਸੰਵਿਧਾਨਕ ਲੋਕਤੰਤਰ ਹੋਵੇ। ਅਰਬ ਲੋਕ ਵੀ ਮਾਨਵ ਸਨਮਾਨ, ਆਜ਼ਾਦੀਆਂ ਅਤੇ ਲੋਕਸ਼ਾਹੀ ਦੇ ਤਾਂਘਵਾਨ ਹਨ। ਅਰਬ ਬਹਾਰ ਲਹਿਰ ਜਿੰਦਾ ਹੈ ਅਤੇ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਅਰਬਾਂ ਨੂੰ ਸੰਵਿਧਾਨਕ ਲੋਕਸ਼ਾਹੀ ਸ਼ਾਸਨ ਦੇ ਮੌਕੇ ਪ੍ਰਾਪਤ ਨਹੀਂ ਹੁੰਦੇ।
-ਦਰਬਾਰਾ ਸਿੰਘ ਕਾਹਲੋਂ
-(ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ)।
-ਸੰਪਰਕ : +12898292929