ਅਮਰੀਕੀ ਸਿੱਖਿਆ ਵਿਭਾਗ ਦੀ ਮੁੱਖ ਏਜੰਸੀ ਨੈਸ਼ਨਲ ਸੈਂਟਰ ਫਾਰ ਐਜੂਕੇਸ਼ਨ ਸਟੈਟਿਸਟਿਕਸ ਮੁਤਾਬਕ ਕਰਜ਼ੇ ਦੀ ਇਹ ਰਕਮ ਹਰ ਸਾਲ ਵਧਦੀ ਹੀ ਜਾਂਦੀ ਹੈ। ਅੱਜ ਇਹ ਰਕਮ ਅਰਬਾਂ ’ਚ ਜਾ ਪੁੱਜੀ ਹੈ। ਇਸ ’ਤੇ ਲੱਗਣ ਵਾਲੇ ਵਿਆਜ ਦੀ ਦਰ ਵੀ ਬਹੁਤ ਵੱਧ ਹੁੰਦੀ ਹੈ।

ਇਕ ਅੰਕੜੇ ਮੁਤਾਬਕ ਅਮਰੀਕਾ ਦੀਆਂ ਨਿੱਜੀ ਯੂਨੀਵਰਸਿਟੀਆਂ ’ਚ ਪੜ੍ਹਣ ਵਾਲੇ ਵਿਦਿਆਰਥੀਆਂ ’ਚ 61 ਫ਼ੀਸਦੀ ਤੋਂ ਲੈ ਕੇ 83 ਫ਼ੀਸਦੀ ਤੱਕ ਵਿਦਿਆਰਥੀ ਕਰਜ਼ਾ ਲੈਂਦੇ ਹਨ। ਜੋ ਕਾਲਜ ਨਿੱਜੀ ਤੇ ਸਰਕਾਰੀ ਮਦਦ, ਦੋਵਾਂ ਨਾਲ ਚੱਲਦੇ ਹਨ, ਉਥੇ 54 ਤੋਂ 61 ਫ਼ੀਸਦੀ ਤੇ ਸਰਕਾਰੀ ਅਦਾਰੇ ਜਿਨ੍ਹਾਂ ਨੂੰ ਪਬਲਿਕ ਇੰਸਟੀਟਿਊਸ਼ਨ ਕਿਹਾ ਜਾਂਦਾ ਹੈ, ਉਥੇ ਵੀ 33 ਤੋਂ 49 ਫ਼ੀਸਦੀ ਵਿਦਿਆਰਥੀਆਂ ਨੂੰ ਕਰਜ਼ਾ ਲੈਣਾ ਪੈਂਦਾ ਹੈ। ਅਮਰੀਕੀ ਸਿੱਖਿਆ ਵਿਭਾਗ ਦੀ ਮੁੱਖ ਏਜੰਸੀ ਨੈਸ਼ਨਲ ਸੈਂਟਰ ਫਾਰ ਐਜੂਕੇਸ਼ਨ ਸਟੈਟਿਸਟਿਕਸ ਮੁਤਾਬਕ ਕਰਜ਼ੇ ਦੀ ਇਹ ਰਕਮ ਹਰ ਸਾਲ ਵਧਦੀ ਹੀ ਜਾਂਦੀ ਹੈ। ਅੱਜ ਇਹ ਰਕਮ ਅਰਬਾਂ ’ਚ ਜਾ ਪੁੱਜੀ ਹੈ। ਇਸ ’ਤੇ ਲੱਗਣ ਵਾਲੇ ਵਿਆਜ ਦੀ ਦਰ ਵੀ ਬਹੁਤ ਵੱਧ ਹੁੰਦੀ ਹੈ। ਪਿਛਲੇ ਸਾਲ ਅਮਰੀਕਾ ’ਚ ਹਰ ਵਿਦਿਆਰਥੀ ’ਤੇ 39,375 ਡਾਲਰ ਦਾ ਕਰਜ਼ਾ ਸੀ। ਸਾਲ 2007 ਦੀ ਤੁਲਨਾ ’ਚ ਇਹ ਤਿੰਨ ਗੁਣਾ ਵੱਧ ਹੈ। ਆਮ ਤੌਰ ’ਤੇ ਉਥੇ ਮੱਧ ਵਰਗ ਦੇ ਬੱਚੇ ਕਰਜ਼ੇ ਦੇ ਭਾਰ ਨਾਲ ਦੱਬੇ ਰਹਿੰਦੇ ਹਨ।
ਮੈਰੀਲੈਂਡ, ਜਾਰਜੀਆ, ਵਰਜੀਨੀਆ ਵਰਗੇ ਸੂਬਿਆਂ ਦੇ ਵਿਦਿਆਰਥੀ ਵੱਧ ਕਰਜ਼ਾ ਲੈਂਦੇ ਹਨ। ਨੌਕਰੀ ਤੋਂ ਬਾਅਦ ਉਹ ਲੰਬੇ ਸਮੇਂ ਤੱਕ ਕਰਜ਼ੇ ਦੀ ਅਦਾਇਗੀ ਕਰਦੇ ਰਹਿੰਦੇ ਹਨ। ਜ਼ਿਆਦਾਤਰ ਵਿਦਿਆਰਥੀ 35 ਤੋਂ ਲੈ ਕੇ 49 ਸਾਲ ਦੀ ਉਮਰ ਤੱਕ ਕਰਜ਼ੇ ਦੀ ਅਦਾਇਗੀ ਕਰਦੇ ਹਨ। ਇਕ ਤਰ੍ਹਾਂ ਨਾਲ ਉਮਰ ਦਾ ਵੱਡਾ ਹਿੱਸਾ ਕਰਜ਼ੇ ਦੀ ਅਦਾਇਗੀ ’ਚ ਹੀ ਨਿਕਲ ਜਾਂਦਾ ਹੈ। ਇਸੇ ਸੰਦਰਭ ’ਚ ਪਿਛਲੇ ਦਿਨੀਂ ਵਿਚਾਰਕ ਐੱਸ. ਗੁਰੂਮੂਰਤੀ ਇਕ ਇੰਟਰਵਿਊ ’ਚ ਦੱਸ ਰਹੇ ਸਨ ਕਿ ਜ਼ਿਆਦਾਤਰ ਅਮਰੀਕੀ ਬੱਚੇ ਕਰਜ਼ਾ ਲੈ ਕੇ ਪੜ੍ਹਾਈ ਕਰਦੇ ਹਨ। ਜਦਕਿ ਭਾਰਤੀ ਲੋਕ ਆਪਣੇ ਪਰਿਵਾਰ ਨੂੰ ਤਰਜੀਹ ਦਿੰਦੇ ਹਨ। ਇਸ ਲਈ ਬੱਚਿਆਂ ਦੀ ਪੜ੍ਹਾਈ ’ਤੇ ਖ਼ਰਚਾ ਕਰਦੇ ਹਨ। ਅਸਲ ’ਚ ਹਰ ਭਾਰਤੀ ਮਾਤਾ-ਪਿਤਾ ਚਾਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਚੰਗਾ ਪੜ੍ਹ-ਲਿਖ ਜਾਵੇ। ਇਸ ਲਈ ਉਹ ਆਪਣੇ ਸਾਰੇ ਸਾਧਨ ਦਾਅ ’ਤੇ ਲਾ ਦਿੰਦੇ ਹਨ। ਕਈ ਵਾਰ ਉਹ ਆਪਣਾ ਖੇਤ ਤੱਕ ਵੇਚ ਦਿੰਦੇ ਹਨ। ਕਰਜ਼ਾ ਵੀ ਲੈਣਾ ਪਵੇ ਤਾਂ ਉਸ ਦੀ ਜ਼ਿੰਮੇਵਾਰੀ ਖ਼ੁਦ ਹੀ ਉਠਾਉਂਦੇ ਹਨ।
ਕੁਝ ਸਾਲ ਪਹਿਲਾਂ ਜਨੇਵਾ ’ਚ ਕੰਮ ਕਰਨ ਵਾਲੇ ਇਕ ਅਜਿਹੇ ਅਮਰੀਕੀ ਨੂੰ ਮਿਲੀ ਸੀ, ਜੋ 50 ਸਾਲ ਤੋਂ ਵੱਧ ਸੀ, ਪਰ ਅਜੇ ਤੱਕ ਸਿੱਖਿਆ ਦੇ ਲਈ ਕਰਜ਼ੇ ਦੀ ਅਦਾਇਗੀ ਕਰ ਰਿਹਾ ਸੀ। ਉਸ ਦਾ ਕਹਿਣਾ ਸੀ ਕਿ ਉਹ ਇੰਨੇ ਪੈਸੇ ਨਹੀਂ ਕਮਾਉਂਦਾ ਕਿ ਪਰਿਵਾਰ ਦਾ ਭਾਰ ਚੁੱਕ ਸਕੇ ਤੇ ਸਿੱਖਿਆ ਲਈ ਜੋ ਕਰਜ਼ਾ ਲਿਆ ਸੀ, ਉਸ ਦੀ ਕਿਸ਼ਤ ਵੀ ਹਰ ਮਹੀਨੇ ਭਰ ਸਕੇ। ਅਮਰੀਕਾ ’ਚ ਆਮ ਤੌਰ ’ਤੇ ਦਸ ਤੋਂ ਲੈ ਕੇ 30 ਸਾਲ ਤੱਕ ਕਰਜ਼ੇ ਦੀਆਂ ਕਿਸ਼ਤਾਂ ਭਰਨੀਆਂ ਪੈਂਦੀਆਂ ਹਨ। ਉਥੇ ਕਿਹਾ ਜਾਂਦਾ ਹੈ ਕਿ ਇਕ ਵਾਰ ਕਰਜ਼ੇ ਦੇ ਚੱਕਰ ’ਚ ਫਸੇ ਤਾਂ ਜੀਵਨ ਭਰ ਉਸੇ ’ਚ ਫਸੇ ਰਹਿੰਦੇ ਹਾਂ। ਕਰਜ਼ਾ ਅਦਾ ਕਰਨ ’ਚ ਵੱਧ ਸਮਾਂ ਲੱਗਣ ਦਾ ਮਤਲਬ ਵੱਧ ਵਿਆਜ ਦੇਣਾ ਹੈ। ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਕਿ ਕਿਉਂ ਅਮਰੀਕਾ ’ਚ ਬਹੁਤ ਸਾਰੇ ਬੱਚੇ ਸਕੂਲੀ ਸਿੱਖਿਆ ਤੋਂ ਬਾਅਦ ਪੜ੍ਹਾਈ ਛੱਡ ਦਿੰਦੇ ਹਨ, ਕਿਉਂਕਿ ਉੱਚ ਸਿੱਖਿਆ ਦੇ ਸਾਧਨ ਪੈਦਾ ਕਰਨਾ ਉਨ੍ਹਾਂ ਦੇ ਵਸ ਦਾ ਨਹੀਂ ਹੁੰਦਾ।ਇਸ ਲਈ ਬਹੁਤ ਸਾਰੇ ਨੌਜਵਾਨ ਕਿਸੇ ਨਾ ਕਿਸੇ ਕੰਮ ’ਚ ਲੱਗ ਜਾਂਦੇ ਹਨ। ਜਿਸ ਸਿੱਖਿਆ ਬਾਰੇ ਕਿਹਾ ਜਾਂਦਾ ਹੈ ਕਿ ਉਹ ਹਰ ਇਕ ਲਈ ਉਪਲੱਬਧ ਹੋਣੀ ਚਾਹੀਦੀ ਹੈ, ਅਸਲ ’ਚ ਅਜਿਹਾ ਹੈ ਨਹੀਂ।
ਇਨ੍ਹੀਂ ਦਿਨੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਭਾਵ ਏਆਈ ਦੇ ਆਉਣ ਦੇ ਡਰ ਨਾਲ ਅਮਰੀਕਾ ’ਚ ਵੀ ਰੁਜ਼ਗਾਰ ਦੇ ਮੌਕੇ ਲਗਾਤਾਰ ਘੱਟ ਹੋ ਰਹੇ ਹਨ। ਉਥੇ ਵੱਡੀਆਂ-ਵੱਡੀਆਂ ਕੰਪਨੀਆਂ ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਨੂੰ ਨੌਕਰੀ ਤੋਂ ਕੱਢ ਰਹੀਆਂ ਹਨ। ਇਨ੍ਹਾਂ ’ਚੋਂ ਜੋ ਲੋਕ ਅਮਰੀਕੀ ਨਾਗਰਿਕ ਨਹੀਂ ਹਨ, ਉਹ ਰੁਜ਼ਗਾਰ ਲਈ ਲੱਗਣ ਵਾਲੇ ਮੇਲਿਆਂ ’ਚ ਆਪਣਾ ਸੀਵੀ ਲੈ ਕੇ ਜਾ ਰਹੇ ਹਨ, ਤਾਂ ਉਨ੍ਹਾਂ ਤੋਂ ਪਹਿਲਾ ਸਵਾਲ ਇਹੀ ਪੁੱਛਿਆ ਜਾ ਰਿਹਾ ਹੈ ਕਿ ਉਹ ਅਮਰੀਕੀ ਨਾਗਰਿਕ ਹਨ ਜਾਂ ਨਹੀਂ? ਨਾ ਕਹਿੰਦੇ ਹੀ ਉਨ੍ਹਾਂ ਦਾ ਸੀਵੀ ਬਿਨਾਂ ਦੇਖੇ ਮੋੜ ਦਿੱਤਾ ਜਾ ਰਿਹਾ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਉਹ ਲੋਕ ਹਨ, ਜੋ ਅਮਰੀਕਾ ’ਚ ਹੀ ਪੜ੍ਹੇ ਹਨ। ਇਨ੍ਹਾਂ ’ਚੋਂ ਬਹੁਤਿਆਂ ਨੇ ਪੜ੍ਹਣ ਲਈ ਕਰਜ਼ਾ ਵੀ ਲਿਆ ਹੋਵੇਗਾ। ਜਦ ਉਥੇ ਰੁਜ਼ਗਾਰ ਹੀ ਨਹੀਂ ਹੋਵੇਗਾ, ਤਾਂ ਵਿਦਿਆਰਥੀ ਕਰਜ਼ੇ ਦੀਆਂ ਕਿਸ਼ਤਾਂ ਕਿਸ ਤਰ੍ਹਾਂ ਦੇਣਗੇ? ਲਗਦਾ ਹੈ ਕਿ ਉਥੇ ਜਲਦੀ ਹੀ ਉਹ ਸਮਾਂ ਆਵੇਗਾ, ਜਦ ਬੱਚੇ ਉੱਚ ਸਿੱਖਿਆ ਇਸ ਲਈ ਲੈਣਾ ਬੰਦ ਕਰ ਦੇਣਗੇ, ਕਿਉਂਕਿ ਨੌਕਰੀ ਦੀ ਕੋਈ ਗਾਰੰਟੀ ਨਹੀਂ ਹੋਵੇਗੀ।
ਇਸ ਕਾਰਨ ਤਦ ਉਨ੍ਹਾਂ ਯੂਨੀਵਰਸਿਟੀਆਂ ਦਾ ਕੀ ਹੋਵੇਗਾ, ਜਿਨ੍ਹਾਂ ਨੂੰ ਮਸ਼ਹੂਰ ਹੋਣ ਦਾ ਹੰਕਾਰ ਹੈ ਤੇ ਵਿਦਿਆਰਥੀਆਂ ਤੋਂ ਵੱਡੀ ਫੀਸ ਵਸੂਲਦੀਆਂ ਹਨ। ਜਦ ਉਥੇ ਵਿਦਿਆਰਥੀ ਪੜ੍ਹਣ ਹੀ ਨਹੀਂ ਆਉਣਗੇ, ਤਾਂ ਉਹ ਕਰਜ਼ਾ ਵੀ ਨਹੀਂ ਲੈਣਗੇ। ਤਦ ਜ਼ਾਹਰ ਹੈ ਕਿ ਉਹ ਕੰਪਨੀਆਂ ਵੀ ਖ਼ਤਮ ਹੋ ਜਾਣਗੀਆਂ, ਜੋ ਕਰਜ਼ਾ ਦਿੰਦੀਆਂ ਹਨ। ਅਮਰੀਕਾ ਦੇ ਉਲਟ ਭਾਰਤੀ ਲੋਕਾਂ ’ਚ ਪਰਿਵਾਰ ਦੇ ਪ੍ਰਤੀ ਜੋ ਆਸਥਾ ਹੈ, ਉਹ ਬੇਮਿਸਾਲ ਹੈ। ਇੱਥੇ ਅੱਜ ਵੀ ਬਹੁਤ ਸਾਰੇ ਪਰਿਵਾਰਾਂ ’ਚ ਤਿੰਨ ਪੀੜ੍ਹੀਆਂ ਇਕੱਠੀਆਂ ਰਹਿੰਦੀਆਂ ਮਿਲ ਜਾਣਗੀਆਂ। ਜਦਕਿ ਅਮਰੀਕਾ ’ਚ ਇਹ ਸੰਭਵ ਨਹੀਂ ਹੈ। ਨਾ ਸਿਰਫ਼ ਅਮਰੀਕਾ, ਬਲਕਿ ਅਨੇਕਾਂ ਪੱਛਮੀ ਦੇਸ਼ਾਂ ’ਚ ਇਹੀ ਹਾਲ ਹੈ। ਉਥੇ ਇੱਕਲੇਪਣ ਨੂੰ ਇਕ ਗੁਲਾਬੀ ਤਸਵੀਰ ਦੀ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ। ਉਥੇ ਬੱਚੇ ਇਕੱਲੇ ਰਹਿੰਦੇ ਹਨ। ਬੁਢਾਪੇ ’ਚ ਮਾਤਾ-ਪਿਤਾ ਤੇ ਦਾਦਾ-ਦਾਦੀ ਵੀ ਇਕੱਲੇ ਹੀ ਰਹਿੰਦੇ ਹਨ। ਪੱਛਮ ’ਚ ਦੇਖਭਾਲ ਨੂੰ ਹੀ ਪੈਸੇ ਨਾਲ ਜੋੜ ਕੇ ਕੇਅਰ ਇਕੋਨਮੀ ਦਾ ਨਾਂ ਦਿੱਤਾ ਗਿਆ ਹੈ, ਪਰ ਆਪਣੇ ਇੱਥੇ ਪਰਿਵਾਰ ਹੀ ਹੈ, ਜੋ ਕਿਸੇ ਆਫ਼ਤ ’ਚ ਸਭ ਤੋਂ ਪਹਿਲਾਂ ਦੌੜਦਾ ਹੈ।
ਭਾਰਤੀ ਮਾਤਾ-ਪਿਤਾ ਆਪਣੀ ਸਹੂਲਤ ਛੱਡ ਕੇ ਬੱਚਿਆਂ ਲਈ ਸੁੱਖ ’ਤੇ ਧਿਆਨ ਦਿੰਦੇ ਹਨ। ਅਜਿਹਾ ਨਹੀਂ ਹੈ ਕਿ ਅਮਰੀਕਾ ’ਚ ਪਰਿਵਾਰ ਦੇ ਮਹੱਤਵ ਨੂੰ ਪਛਾਣਿਆ ਨਹੀਂ ਜਾਂਦਾ। ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਅਲ ਗੋਰ ਦੀ ਪਤਨੀ ਤਾਂ ਪਰਿਵਾਰ ਦੀ ਵਾਪਸੀ ਦਾ ਨਾਅਰਾ 1993 ਤੋਂ ਲਾ ਰਹੀ ਹੈ। ਰਾਸ਼ਟਰਪਤੀ ਟਰੰਪ ਨੇ ਆਪਣੀ ਚੋਣ ਮੁਹਿੰਮ ’ਚ ਪਰਿਵਾਰ ਦੇ ਮਹੱਤਵ ਨੂੰ ਵਾਰ-ਵਾਰ ਰੇਖਾਂਕਿਤ ਕੀਤਾ ਸੀ, ਪਰ ਪੱਛਮ ਨੇ ਜਿਸ ਪਰਿਵਾਰ ਨੂੰ ਆਪਣੇ ਹੱਥੀਂ ਖ਼ਤਮ ਕੀਤਾ ਹੈ, ਉਹ ਉਸ ਦੀ ਵਾਪਸੀ ਦਾ ਚਾਹੇ ਜਿੰਨਾ ਮਰਜ਼ੀ ਨਾਅਰਾ ਲਾ ਲਵੇ, ਹੁਣ ਵਾਪਸ ਨਹੀਂ ਆਉਣ ਵਾਲਾ। ਅਮਰੀਕੀ ਸਮਾਜ ਤੇ ਵਿਦਿਆਰਥੀਆਂ ਦੀ ਇਸ ਹਾਲਤ ਤੋਂ ਅਸੀਂ ਭਾਰਤੀ ਜ਼ਰੂਰ ਸਬਕ ਲੈ ਸਕਦੇ ਹਾਂ।
ਸ਼ਮਾ ਸ਼ਰਮਾ
(ਲੇਖਿਕਾ ਸਾਹਿਤਕਾਰ ਹੈ)।