ਉਮਰ ਆਤਮਘਾਤੀ ਹਮਲਿਆਂ ਨੂੰ ਜਾਇਜ਼ ਠਹਿਰਾਉਣ ਵਾਲਾ ਪਹਿਲਾ ਅੱਤਵਾਦੀ ਨਹੀਂ ਹੈ। ਦੁਨੀਆ ਭਰ ਦੇ ਅੱਤਵਾਦੀ ਸੰਗਠਨ ਆਤਮਘਾਤੀ ਹਮਲਿਆਂ ਨੂੰ ਜਾਇਜ਼ ਠਹਿਰਾਉਣ ਦੇ ਨਾਲ ਹੀ ਇਨ੍ਹਾਂ ਨੂੰ ਜੇਹਾਦ ਯਾਨੀ ਇਕ ਕਿਸਮ ਦੇ ਮਜ਼ਹਬੀ ਕਾਰਜ ਦਾ ਨਾਂ ਦਿੰਦੇ ਰਹਿੰਦੇ ਹਨ।

ਫਰੀਦਾਬਾਦ ਦੇ ਅੱਤਵਾਦੀ ਮਾਡਿਊਲ ਵਿਚ ਸ਼ਾਮਲ ਅਤੇ ਦਿੱਲੀ ਵਿਚ ਲਾਲ ਕਿਲ੍ਹੇ ਦੇ ਨੇੜੇ ਕਾਰ ਵਿਚ ਧਮਾਕਾ ਕਰ ਕੇ 15 ਲੋਕਾਂ ਦੀ ਜਾਨ ਲੈਣ ਵਾਲੇ ਦਹਿਸ਼ਤਗਰਦ ਉਮਰ ਦਾ ਜੋ ਸਨਸਨੀਖੇਜ਼ ਵੀਡੀਓ ਸਾਹਮਣੇ ਆਇਆ ਹੈ, ਉਹ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਉਹ ਇਕ ਅਜਿਹਾ ਫਿਦਾਈਨ ਹਮਲਾਵਰ ਬਣ ਗਿਆ ਸੀ ਜੋ ਮਜ਼ਹਬੀ ਕੱਟੜਤਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੀ। ਇਸ ਵੀਡੀਓ ਵਿਚ ਉਹ ਸਿਰਫ਼ ਆਤਮਘਾਤੀ ਹਮਲੇ ਨੂੰ ਜਾਇਜ਼ ਹੀ ਨਹੀਂ ਠਹਿਰਾ ਰਿਹਾ ਸਗੋਂ ਇਸ ਗੱਲ ’ਤੇ ਵੀ ਜ਼ੋਰ ਦੇ ਰਿਹਾ ਹੈ ਕਿ ਇਸਲਾਮ ਦੀ ਉਸ ਮਾਨਤਾ ਨੂੰ ਸਹੀ ਤਰੀਕੇ ਨਾਲ ਨਹੀਂ ਸਮਝਿਆ ਜਾ ਰਿਹਾ ਜਿਸ ਮੁਤਾਬਕ ਫਿਦਾਈਨ ਹਮਲਿਆਂ ਨੂੰ ਗ਼ੈਰ-ਇਸਲਾਮੀ ਕਾਰਾ ਕਿਹਾ ਜਾਂਦਾ ਹੈ।
ਉਮਰ ਆਤਮਘਾਤੀ ਹਮਲਿਆਂ ਨੂੰ ਜਾਇਜ਼ ਠਹਿਰਾਉਣ ਵਾਲਾ ਪਹਿਲਾ ਅੱਤਵਾਦੀ ਨਹੀਂ ਹੈ। ਦੁਨੀਆ ਭਰ ਦੇ ਅੱਤਵਾਦੀ ਸੰਗਠਨ ਆਤਮਘਾਤੀ ਹਮਲਿਆਂ ਨੂੰ ਜਾਇਜ਼ ਠਹਿਰਾਉਣ ਦੇ ਨਾਲ ਹੀ ਇਨ੍ਹਾਂ ਨੂੰ ਜੇਹਾਦ ਯਾਨੀ ਇਕ ਕਿਸਮ ਦੇ ਮਜ਼ਹਬੀ ਕਾਰਜ ਦਾ ਨਾਂ ਦਿੰਦੇ ਰਹਿੰਦੇ ਹਨ। ਦਰਅਸਲ, ਇਸੇ ਕਾਰਨ ਉਨ੍ਹਾਂ ਦੇ ਆਤਮਘਾਤੀ ਹਮਲੇ ਰੁਕ ਨਹੀਂ ਰਹੇ ਹਨ। ਅੱਤਵਾਦੀ ਡਾਕਟਰ ਉਮਰ ਦੇ ਸਨਸਨੀਖੇਜ਼ ਵੀਡੀਓ ਨੇ ਉਨ੍ਹਾਂ ਇਸਲਾਮੀ ਜਥੇਬੰਦੀਆਂ ਅਤੇ ਮਜ਼ਹਬੀ ਵਿਦਵਾਨਾਂ ਦੀ ਚੁਣੌਤੀ ਵਧਾ ਦਿੱਤੀ ਹੈ ਜੋ ਇਸਲਾਮੀ ਮਾਨਤਾਵਾਂ ਦਾ ਹਵਾਲਾ ਦੇ ਕੇ ਅੱਤਵਾਦ ਖ਼ਿਲਾਫ਼ ਫ਼ਤਵੇ ਜਾਰੀ ਕਰਨ ਦੇ ਨਾਲ-ਨਾਲ ਮੁਸਲਿਮ ਨੌਜਵਾਨ ਵਰਗ ਨੂੰ ਮਜ਼ਹਬੀ ਕੱਟੜਤਾ ਤੋਂ ਬਚਾਉਣ ਦੇ ਯਤਨ ਕਰਦੇ ਰਹੇ ਹਨ।
ਹੁਣ ਉਨ੍ਹਾਂ ਦਾ ਕੰਮ ਹੋਰ ਮੁਸ਼ਕਲ ਹੋ ਜਾਵੇਗਾ ਪਰ ਇਹ ਕਠਿਨਾਈ ਸਿਰਫ਼ ਉਨ੍ਹਾਂ ਦੇ ਸਾਹਮਣੇ ਹੀ ਨਹੀਂ ਸਗੋਂ ਸਰਕਾਰਾਂ ਤੇ ਸੁਰੱਖਿਆ ਏਜੰਸੀਆਂ ਦੇ ਸਾਹਮਣੇ ਵੀ ਖੜ੍ਹੀ ਹੋ ਗਈ ਹੈ। ਸਰਕਾਰਾਂ ਤੇ ਉਨ੍ਹਾਂ ਦਾ ਤੰਤਰ ਉਸ ਮੁਸਲਿਮ ਨੌਜਵਾਨ ਵਰਗ ਨੂੰ ਤਾਂ ਮਜ਼ਹਬੀ ਕੱਟੜਤਾ ਦਾ ਸ਼ਿਕਾਰ ਹੋਣ ਤੋਂ ਬਚਾ ਸਕਦੇ ਹਨ ਜੋ ਅਨਪੜ੍ਹ ਹੈ ਪਰ ਉਮਰ ਜਿਹੇ ਉੱਚ ਸਿੱਖਿਆ ਪ੍ਰਾਪਤ ਨੌਜਵਾਨਾਂ ਨੂੰ ਸਹੀ ਰਾਹ ’ਤੇ ਲਿਆਉਣਾ ਬਹੁਤ ਮੁਸ਼ਕਲ ਕੰਮ ਹੈ ਕਿਉਂਕਿ ਉਹ ਇਸਲਾਮੀ ਮਾਨਤਾਵਾਂ ਦੀ ਆਪਣੀ ਮਰਜ਼ੀ ਮੁਤਾਬਕ ਵਿਆਖਿਆ ਕਰਨ ਦੇ ਨਾਲ-ਨਾਲ ਉਸ ਨੂੰ ਹੀ ਸਹੀ ਦੱਸਣ ’ਤੇ ਜ਼ੋਰ ਦੇ ਰਹੇ ਹਨ। ਇਹ ਸਹਿਜੇ ਹੀ ਸਮਝਿਆ ਜਾ ਸਕਦਾ ਹੈ ਕਿ ਉਮਰ ਜਿਹੀ ਕੱਟੜਤਾ ਤੋਂ ਉਸ ਦੇ ਸਾਥੀ ਵੀ ਗ੍ਰਸਤ ਹੋਣਗੇ।
ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਜੇਹਾਦੀ ਅੱਤਵਾਦ ਇਕ ਕੱਟੜ ਵਿਚਾਰਧਾਰਾ ਦੀ ਉਪਜ ਹੈ। ਅਜਿਹੇ ਅੱਤਵਾਦ ਦਾ ਸਾਹਮਣਾ ਸਿਰਫ਼ ਪੁਲਿਸ ਤੇ ਖ਼ੁਫ਼ੀਆ ਏਜੰਸੀਆਂ ਨਹੀਂ ਕਰ ਸਕਦੀਆਂ। ਸੱਚ ਇਹ ਹੈ ਕਿ ਦੁਨੀਆ ’ਚ ਕਿਤੇ ਵੀ ਇਸ ਦਾ ਸਾਹਮਣਾ ਕਰਨ ’ਚ ਅਸਮਰੱਥਾ ਜ਼ਾਹਰ ਕੀਤੀ ਜਾ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਜੇਹਾਦੀ ਅੱਤਵਾਦ ਨਾਲ ਨਿਪਟਣ ਦੇ ਤੌਰ-ਤਰੀਕਿਆਂ ’ਤੇ ਆਮ ਰਾਇ ਨਹੀਂ ਹੈ।
ਬਦਕਿਸਮਤੀ ਨਾਲ ਭਾਰਤ ’ਚ ਵੀ ਅਜਿਹਾ ਹੀ ਹੈ। ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਫਰੀਦਾਬਾਦ ਅੱਤਵਾਦੀ ਮਾਡਿਊਲ ਦੇ ਉਜਾਗਰ ਹੋਣ ਮਗਰੋਂ ਕਈ ਅਜਿਹੇ ਬਿਆਨ ਸਾਹਮਣੇ ਆ ਚੁੱਕੇ ਹਨ ਜੋ ਇਸ ਮਾਡਿਊਲ ’ਚ ਸ਼ਾਮਲ ਡਾਕਟਰਾਂ ਦੇ ਅੱਤਵਾਦੀ ਬਣਨ ਲਈ ਸਰਕਾਰ ਤੇ ਸੁਰੱਖਿਆ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਅਜਿਹੇ ਗ਼ੈਰ-ਜ਼ਿੰਮੇਵਾਰਾਨਾ ਬਿਆਨ ਸਿਰਫ਼ ਸੁਰੱਖਿਆ ਏਜੰਸੀਆਂ ਦੀ ਸਮੱਸਿਆ ਵਧਾਉਣ ਵਾਲੇ ਹੀ ਨਹੀਂ, ਸਗੋਂ ਅੱਤਵਾਦ ਦੇ ਰਾਹ ’ਤੇ ਚੱਲਣ ਵਾਲਿਆਂ ਦੀ ਹਿਮਾਕਤ ਵਧਾਉਣ ਵਾਲੇ ਵੀ ਹਨ। ਜੇ ਮਜ਼ਹਬੀ ਕੱਟੜਤਾ ਤੋਂ ਉਪਜੇ ਅੱਤਵਾਦ ਦਾ ਟਾਕਰਾ ਕਰਨਾ ਹੈ ਤਾਂ ਦੇਸ਼ ਦੇ ਸਿਆਸੀ ਵਰਗ ਨੂੰ ਇਸ ਨਾਲ ਨਿਪਟਣ ਦੇ ਉਪਾਵਾਂ ’ਤੇ ਆਮ ਰਾਇ ਬਣਾਉਣੀ ਹੀ ਹੋਵੇਗੀ।