ਅਮਰੀਕਾ ਨਾਲ ਵਪਾਰ ਸਮਝੌਤਾ ਪਾਕਿਸਤਾਨ ਖ਼ਿਲਾਫ਼ ਭਾਰਤ ਨੂੰ ਇਕ ਰਣਨੀਤਕ ਢਾਲ ਪ੍ਰਦਾਨ ਕਰੇਗਾ। ਤਦ ਪਾਕਿਸਤਾਨ ਖ਼ਿਲਾਫ਼ ਕਿਸੇ ਸੰਭਾਵਤ ਕਾਰਵਾਈ ਦੇ ਮਾਮਲੇ ਵਿਚ ਭਾਰਤ ਦੇ ਸਾਹਮਣੇ ਅਮਰੀਕੀ ਦਖ਼ਲ ਦਾ ਖ਼ਦਸ਼ਾ ਕਮਜ਼ੋਰ ਹੋ ਜਾਵੇਗਾ।

ਭਾਰਤ ਦੇ ਪ੍ਰਧਾਨ ਮੰਤਰੀ ਹਰ ਸੁਤੰਤਰਤਾ ਦਿਵਸ ’ਤੇ ਲਾਲ ਕਿਲ੍ਹੇ ਦੀ ਜਿਸ ਫਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕਰਦੇ ਹਨ, ਉੱਥੇ ਇਕ ਭਿਅੰਕਰ ਅੱਤਵਾਦੀ ਹਮਲੇ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਅੱਤਵਾਦ ਖ਼ਿਲਾਫ਼ ਜ਼ੀਰੋ ਟਾਲਰੈਂਸ ਦੀ ਸਰਕਾਰ ਦੀ ਨੀਤੀ ਅਤੇ ਸੁਰੱਖਿਆ ਸੰਸਥਾਵਾਂ ਦੀ ਸਰਗਰਮੀ ਕਾਰਨ ਪਿਛਲੇ ਕੁਝ ਸਾਲਾਂ ਤੋਂ ਦੇਸ਼ ਅੱਤਵਾਦੀ ਹਮਲਿਆਂ ਤੋਂ ਇਕ ਵੱਡੀ ਹੱਦ ਤੱਕ ਸੁਰੱਖਿਅਤ ਰਿਹਾ ਹੈ ਪਰ ਇਸ ਹਮਲੇ ਨੇ ਸੁਰੱਖਿਆ ਦੇ ਮਾਮਲੇ ‘ਚ ਬਣੇ ਭਰੋਸੇ ’ਚ ਸੰਨ੍ਹਮਾਰੀ ਕਰਨ ਦਾ ਕੰਮ ਕੀਤਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁਰੱਖਿਆ ਏਜੰਸੀਆਂ ਨੇ ਇਕ ਵੱਡੀ ਸਾਜ਼ਿਸ਼ ਨੂੰ ਬੇਨਕਾਬ ਕਰ ਦਿੱਤਾ ਹੈ ਅਤੇ ਦਿੱਲੀ ਵਿਚ ਹੋਇਆ ਧਮਾਕਾ ਉਸੇ ਹਤਾਸ਼ਾ-ਨਿਰਾਸ਼ਾ ਦਾ ਨਤੀਜਾ ਸੀ। ਇਸ ਤੋਂ ਕੁਝ ਸਮਾਂ ਪਹਿਲਾਂ ਹੀ ਸੁਰੱਖਿਆ ਏਜੰਸੀਆਂ ਨੇ ਫਰੀਦਾਬਾਦ ਵਿਚ ਡਾਕਟਰਾਂ ਦੇ ਇਕ ਅੱਤਵਾਦੀ ਮਾਡਿਊਲ ਨੂੰ ਬੇਨਕਾਬ ਕਰਨ ਦੇ ਨਾਲ ਹੀ ਭਾਰੀ ਮਾਤਰਾ ਵਿਚ ਵਿਸਫੋਟਕ ਪਦਾਰਥ ਵੀ ਜ਼ਬਤ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਅਚਾਨਕ ਕਾਰਵਾਈ ਕਾਰਨ ਹੈਰਾਨ-ਪਰੇਸ਼ਾਨ ਹੋਏ ਅੱਤਵਾਦੀਆਂ ਨੇ ਦਿੱਲੀ ਵਿਚ ਬਿਨਾਂ ਕਿਸੇ ਯੋਜਨਾ ਦੇ ਧਮਾਕਾ ਕਰ ਕੇ ਆਪਣੀ ਭੜਾਸ ਕੱਢੀ। ਹਾਲਾਂਕਿ ਇਸ ਨੂੰ ਇਕ ਅਚਾਨਕ ਕੀਤਾ ਗਿਆ ਅੱਤਵਾਦੀ ਹਮਲਾ ਕਿਹਾ ਜਾ ਰਿਹਾ ਹੈ ਪਰ ਇਸ ਵਿਚ ਸ਼ਾਮਲ ਕੁਝ ਪਹਿਲੂਆਂ ਨੂੰ ਹਰਗਿਜ਼ ਅਣਡਿੱਠ ਨਹੀਂ ਕੀਤਾ ਜਾ ਸਕਦਾ। ਰਾਸ਼ਟਰੀ ਰਾਜਧਾਨੀ ਖੇਤਰ ਵਿਚ ਕਈ ਜਗ੍ਹਾਂ ਬੇਰੋਕ-ਟੋਕ ਆਵਾਜਾਈ ਤੋਂ ਬਾਅਦ ਅੱਤਵਾਦੀਆਂ ਨੇ ਧਮਾਕੇ ਲਈ ਦਿੱਲੀ ਦੇ ਇਕ ਪ੍ਰਮੁੱਖ ਸਥਾਨ ਨੂੰ ਚੁਣਿਆ। ਇਹ ਇਲਾਕਾ ਨਾ ਸਿਰਫ਼ ਇਤਿਹਾਸਕ ਤੌਰ ‘ਤੇ ਮਹੱਤਵ ਰੱਖਦਾ ਹੈ ਸਗੋਂ ਵਣਜ-ਸੰਸਕ੍ਰਿਤਿਕ ਅਤੇ ਸੈਰ-ਸਪਾਟਾ ਗਤੀਵਿਧੀਆਂ ਦਾ ਵੀ ਪ੍ਰਮੁੱਖ ਕੇਂਦਰ ਹੈ। ਧਮਾਕੇ ਲਈ ਜੋ ਸਮਾਂ ਚੁਣਿਆ ਗਿਆ, ਉਹ ਤੁਲਨਾਤਮਕ ਤੌਰ ’ਤੇ ਰੁਝੇਵਿਆਂ ਵਾਲਾ ਹੁੰਦਾ ਹੈ। ਜ਼ਾਹਰ ਹੈ ਕਿ ਅੱਤਵਾਦੀ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ। ਇਸ ਨਾਲ ਅੱਤਵਾਦ ਤੋਂ ਸੁਰੱਖਿਆ ਨੂੰ ਲੈ ਕੇ ਬਣੇ ਮਾਹੌਲ ਅਤੇ ਭਰੋਸੇ ਦੇ ਭਾਵ ’ਤੇ ਯਕੀਨੀ ਤੌਰ ’ਤੇ ਸੱਟ ਵੱਜੀ ਹੈ।
ਜਾਂਚ ਏਜੰਸੀਆਂ ਹਰ ਸੰਭਵ ਪਹਿਲੂ ਤੋਂ ਜਾਂਚ ਵਿਚ ਜੁਟੀਆਂ ਹਨ, ਪਰ ਇਹ ਮੰਨਣ ਦੇ ਚੰਗੇ-ਭਲੇ ਕਾਰਨ ਹਨ ਕਿ ਇਸ ਦੇ ਪਿੱਛੇ ਪਾਕਿਸਤਾਨ ਹੀ ਹੈ। ਪਾਕਿਸਤਾਨ ਅੱਤਵਾਦ ਨੂੰ ਆਪਣੀ ਸਰਕਾਰੀ-ਨੀਤੀ ਦੇ ਤੌਰ ’ਤੇ ਵਰਤਦਾ ਹੈ ਪਰ ਅਜਿਹਾ ਲੱਗਦਾ ਹੈ ਕਿ ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਭਾਰਤ ਦੀ ਕਾਰਵਾਈ ਤੋਂ ਡਰੇ ਪਾਕਿਸਤਾਨ ਨੇ ਆਪਣੀ ਰਣਨੀਤੀ ਕੁਝ ਬਦਲੀ ਹੈ। ਇਹੀ ਕਾਰਨ ਹੈ ਕਿ ਸ਼ੁਰੂਆਤੀ ਜਾਂਚ ਦੌਰਾਨ ਇਸ ਹਮਲੇ ਦੇ ਤਾਰ ਬੰਗਲਾਦੇਸ਼ ਤੋਂ ਲੈ ਕੇ ਤੁਰਕੀ ਤੱਕ ਜੁੜਦੇ ਦਿਖਾਈ ਦਿੱਤੇ। ਇਸ ਦੇ ਨਾਲ ਹੀ ਮਕਬੂਜ਼ਾ ਕਸ਼ਮੀਰ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਇੰਕਸ਼ਾਫ਼ ਵੀ ਪਾਕਿਸਤਾਨ ਦੀ ਬਦਨੀਅਤੀ ਦੀ ਪੁਸ਼ਟੀ ਕਰਨ ਵਾਲਾ ਰਿਹਾ ਹੈ। ਹਮਲੇ ਵਾਲੇ ਦਿਨ ਸੁਰੱਖਿਆ ਏਜੰਸੀਆਂ ਨੂੰ ਇਸ ਗੱਲ ਦਾ ਭਰੋਸਾ ਨਹੀਂ ਸੀ ਕਿ ਇਹ ਅੱਤਵਾਦੀ ਹਮਲਾ ਹੈ ਜਾਂ ਨਹੀਂ ਪਰ ਜਿਵੇਂ-ਜਿਵੇਂ ਜਾਂਚ ਪ੍ਰਕਿਰਿਆ ਅੱਗੇ ਵਧੀ ਤਾਂ ਇਸ ਨੂੰ ਲੈ ਕੇ ਖ਼ਦਸ਼ਿਆਂ ਦੇ ਬੱਦਲ ਵੀ ਹਟਣ ਲੱਗੇ। ਬਚੀ-ਖੁਚੀ ਕਸਰ ਆਤਮਘਾਤੀ ਹਮਲਾਵਰ ਡਾਕਟਰ ਉਮਰ ਦੇ ਵੀਡੀਓ ਨੇ ਕੱਢ ਦਿੱਤੀ ਕਿ ਇਸ ਦੇ ਪਿੱਛੇ ਤਬਾਹਕੁੰਨ ਜੇਹਾਦੀ ਮਾਨਸਿਕਤਾ ਹੀ ਸੀ।
ਦਿੱਲੀ ਵਿਚ ਅੱਤਵਾਦੀ ਹਮਲੇ ਦੇ ਕੁਝ ਸਮੇਂ ਬਾਅਦ ਹੀ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਵੀ ਧਮਾਕਾ ਹੋਇਆ। ਇਹ ਧਮਾਕਾ ਇਕ ਨਿਆਇਕ ਅਦਾਰੇ ਲਾਗੇ ਹੋਇਆ। ਇਹ ਖੇਤਰ ਵੀਆਈਪੀਜ਼ ਦੀ ਮੌਜੂਦਗੀ ਅਤੇ ਆਵਾਜਾਈ ਵਾਲਾ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਯਾਨੀ ਟੀਟੀਪੀ ਨਾਲ ਜੁੜੇ ਰਹੇ ਜਮਾਤ-ਉਲ-ਅਹਰਾਰ ਨੇ ਲਈ ਹੈ। ਪਾਕਿਸਤਾਨ ਨੇ ਦੋਸ਼ ਲਾਇਆ ਕਿ ਭਾਰਤ ਦੀ ਸ਼ਹਿ ’ਤੇ ਇਹ ਅੱਤਵਾਦੀ ਹਮਲਾ ਹੋਇਆ ਹੈ। ਇਸ ਦੇ ਪਿੱਛੇ ਪਾਕਿਸਤਾਨ ਦੀ ਮਨਸ਼ਾ ਕਾਊਂਟਰ ਨੈਰੇਟਿਵ ਤਿਆਰ ਕਰਨ ਦੀ ਹੀ ਲੱਗਦੀ ਹੈ। ਉਸ ਦਾ ਫਾਰਮੂਲਾ ਇਕਦਮ ਸਿੱਧਾ ਹੈ ਕਿ ਇਸ ਤੋਂ ਪਹਿਲਾਂ ਕਿ ਦਿੱਲੀ ਹਮਲੇ ਨੂੰ ਲੈ ਕੇ ਪਾਕਿਸਤਾਨ ’ਤੇ ਸਵਾਲ ਉੱਠਣ, ਉਹ ਇਸਲਾਮਾਬਾਦ ਧਮਾਕੇ ਨੂੰ ਲੈ ਕੇ ਭਾਰਤ ਨੂੰ ਨਿਸ਼ਾਨੇ ’ਤੇ ਲੈ ਲਵੇ। ਅਫ਼ਗਾਨਿਸਤਾਨ ਵਿਚ ਹੁਕਮਰਾਨ ਤਾਲਿਬਾਨ ਨਾਲ ਵੀ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਦੀ ਗੱਡੀ ਲੀਹ ’ਤੇ ਨਹੀਂ ਚੜ੍ਹ ਰਹੀ ਤਾਂ ਉਹ ਇਕ ਤੀਰ ਨਾਲ ਦੋ ਸ਼ਿਕਾਰ ਕਰਨ ਦੀ ਫਿਰਾਕ ਵਿਚ ਹੈ ਕਿ ਭਾਰਤ ਦੀ ਸ਼ਹਿ ’ਤੇ ਅਫ਼ਗਾਨਿਸਤਾਨ ਉਸ ਦੇ ਇੱਥੇ ਅਸ਼ਾਂਤੀ ਫੈਲਾਉਣ ਵਿਚ ਲੱਗਾ ਹੋਇਆ ਹੈ। ਪੂਰੀ ਦੁਨੀਆ ਵਿਚ ਅੱਤਵਾਦ ਦੇ ਸਭ ਤੋਂ ਵੱਡੇ ਬਰਾਮਦਕਾਰ ਦੇ ਤੌਰ ’ਤੇ ਬਦਨਾਮ ਪਾਕਿਸਤਾਨ ਇਹੀ ਚਾਹੁੰਦਾ ਹੈ ਕਿ ਅੱਤਵਾਦ ਨੂੰ ਲੈ ਕੇ ਦੁਨੀਆ ਭਾਰਤ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗੇ। ਮੌਜੂਦਾ ਮੁਹਾਂਦਰੇ ਵਿਚ ਇਸ ਰੁਝਾਨ ਨੂੰ ਵੀ ਅਣਡਿੱਠ ਨਹੀਂ ਕੀਤਾ ਜਾ ਸਕਦਾ ਕਿ ਜਦੋਂ ਵੀ ਪਾਕਿਸਤਾਨ ਦੀ ਪਿੱਠ ’ਤੇ ਅਮਰੀਕਾ ਦਾ ਹੱਥ ਹੁੰਦਾ ਹੈ ਤਾਂ ਉੱਥੇ ਅੱਤਵਾਦੀ ਗਤੀਵਿਧੀਆਂ ਨੂੰ ਹੱਲਾਸ਼ੇਰੀ ਮਿਲਦੀ ਹੈ। ਦੂਜੇ ਕਾਰਜਕਾਲ ਵਿਚ ਟਰੰਪ ਪ੍ਰਸ਼ਾਸਨ ਦਾ ਪਾਕਿਸਤਾਨ ਪ੍ਰਤੀ ਬਦਲਿਆ ਹੋਇਆ ਰਵੱਈਆ ਇਸ ਦਾ ਜਿਉਂਦਾ-ਜਾਗਦਾ ਸਬੂਤ ਹੈ। ਇਸ ਸਾਲ ਅਪ੍ਰੈਲ ਵਿਚ ਹੋਇਆ ਪਹਿਲਗਾਮ ਅੱਤਵਾਦੀ ਹਮਲਾ ਇਸ ਦੀ ਇਕ ਉਦਾਹਰਨ ਰਿਹਾ। ਆਪ੍ਰੇਸ਼ਨ ਸਿੰਧੂਰ ਅਤੇ ਫਿਰ ਜੰਗਬੰਦੀ ਅਤੇ ਵਿਚੋਲਗੀ ਦੇ ਮਾਮਲੇ ਵਿਚ ਰਾਸ਼ਟਰਪਤੀ ਟਰੰਪ ਦੀ ਜੀ-ਹਜ਼ੂਰੀ ਨੇ ਵੀ ਪਾਕਿਸਤਾਨ ਲਈ ਹਾਲਾਤ ਅਨੁਕੂਲ ਬਣਾ ਦਿੱਤੇ। ਜਦਕਿ ਟਰੰਪ ਦੇ ਦਾਅਵਿਆਂ ਨੂੰ ਵਾਰ-ਵਾਰ ਖ਼ਾਰਜ ਕਰ ਕੇ ਅਮਰੀਕਾ ਦੇ ਨਾਲ ਭਾਰਤ ਦੇ ਸਬੰਧਾਂ ਵਿਚ ਕੁਝ ਕੁੜੱਤਣ ਆ ਗਈ। ਅਮਰੀਕਾ ਨਾਲ ਵਪਾਰ ਸਮਝੌਤੇ ’ਤੇ ਸ਼ੰਕਾ ਵਿਚ ਵੀ ਇਸ ਦੀ ਛਾਪ ਦਿਖਾਈ ਦਿੱਤੀ। ਇਹ ਚੰਗੀ ਗੱਲ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਭਾਰਤ ਪ੍ਰਤੀ ਰਾਸ਼ਟਰਪਤੀ ਟਰੰਪ ਦਾ ਰਵੱਈਆ ਕੁਝ ਨਰਮ ਹੋਇਆ ਹੈ। ਵਪਾਰ ਸਮਝੌਤੇ ਨੂੰ ਲੈ ਕੇ ਵੀ ਉਮੀਦ ਵਧੀ ਹੈ ਜਿਸ ਨੂੰ ਅੰਤਿਮ ਰੂਪ ਦੇਣ ਲਈ ਭਾਰਤ ਨੂੰ ਆਪਣੇ ਯਤਨਾਂ ਵਿਚ ਤੇਜ਼ੀ ਲਿਆਉਣੀ ਹੋਵੇਗੀ। ਅਮਰੀਕਾ ਨਾਲ ਵਪਾਰ ਸਮਝੌਤਾ ਪਾਕਿਸਤਾਨ ਖ਼ਿਲਾਫ਼ ਭਾਰਤ ਨੂੰ ਇਕ ਰਣਨੀਤਕ ਢਾਲ ਪ੍ਰਦਾਨ ਕਰੇਗਾ। ਤਦ ਪਾਕਿਸਤਾਨ ਖ਼ਿਲਾਫ਼ ਕਿਸੇ ਸੰਭਾਵਤ ਕਾਰਵਾਈ ਦੇ ਮਾਮਲੇ ਵਿਚ ਭਾਰਤ ਦੇ ਸਾਹਮਣੇ ਅਮਰੀਕੀ ਦਖ਼ਲ ਦਾ ਖ਼ਦਸ਼ਾ ਕਮਜ਼ੋਰ ਹੋ ਜਾਵੇਗਾ। ਨਹੀਂ ਤਾਂ ਟਰੰਪ ਦਾ ਰਵੱਈਆ ਪਰੇਸ਼ਾਨੀ ਖੜ੍ਹੀ ਕਰਦਾ ਰਹੇਗਾ।
ਤਮਾਮ ਪਹਿਲੂਆਂ ਨੂੰ ਦੇਖਦੇ ਹੋਏ ਦਿੱਲੀ ਅੱਤਵਾਦੀ ਹਮਲਾ ਇਹ ਦਰਸਾਉਂਦਾ ਹੈ ਕਿ ਅੱਤਵਾਦ ਖ਼ਿਲਾਫ਼ ਮੁਹਿੰਮ ਵਿਚ ਥੋੜ੍ਹੀ ਵੀ ਢਿੱਲ ਨਹੀਂ ਦਿੱਤੀ ਜਾ ਸਕਦੀ। ਕਈ ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਕਰ ਰਹੇ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਸੁਰੱਖਿਆ ਏਜੰਸੀਆਂ ਸ਼ਲਾਘਾ ਦੀਆਂ ਪਾਤਰ ਹਨ ਪਰ ਲਾਲ ਕਿਲ੍ਹੇ ਦੇ ਧਮਾਕੇ ਨੂੰ ਲੈ ਕੇ ਜ਼ਿੰਮੇਵਾਰੀ ਅਤੇ ਜਵਾਬਦੇਹੀ ਤੋਂ ਵੀ ਉਨ੍ਹਾਂ ਨੂੰ ਮੁਕਤ ਨਹੀਂ ਕੀਤਾ ਜਾ ਸਕਦਾ। ਚੰਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉੱਚ ਪੱਧਰ ਤੋਂ ਸਖ਼ਤ ਸੰਦੇਸ਼ ਦਿੱਤੇ ਹਨ ਕਿ ਇਸ ਦਹਿਸ਼ਤਗਰਦ ਹਮਲੇ ਦੇ ਦੋਸ਼ੀਆਂ ਨੂੰ ਕਿਸੇ ਵੀ ਸੂਰਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਪਤਾਲ ਤੋਂ ਵੀ ਲੱਭ ਕੇ ਉਨ੍ਹਾਂ ਨੂੰ ਸਬਕ ਸਿਖਾਇਆ ਜਾਵੇਗਾ। ਇਸ ਦੌਰਾਨ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਸੁਰੱਖਿਆ ਸੰਸਥਾਵਾਂ ਅਤੇ ਖ਼ੁਫ਼ੀਆ ਏਜੰਸੀਆਂ ਨੂੰ ਆਪਣਾ ਮੋਰਚਾ ਹੋਰ ਦਰੁਸਤ ਕਰਨਾ ਹੋਵੇਗਾ। ਇਸ ਦੇ ਨਾਲ ਹੀ ਕੂਟਨੀਤਕ ਯਤਨਾਂ ਨੂੰ ਵੀ ਰਫ਼ਤਾਰ ਦੇਣੀ ਹੋਵੇਗੀ ਤਾਂ ਜੋ ਪਾਕਿਸਤਾਨ ਸਮੇਤ ਭਾਰਤ ਵਿਰੋਧੀ ਸ਼ਕਤੀਆਂ ਦੀ ਵਿਸ਼ਵ ਪੱਧਰ ’ਤੇ ਪੋਲ ਖੋਲ੍ਹਣ ਦਾ ਕੰਮ ਬਾਦਸਤੂਰ ਜਾਰੀ ਰਹੇ ਕਿ ਕਿਵੇਂ ਕੁਝ ਦੇਸ਼ ਖੇਤਰੀ ਅਤੇ ਆਲਮੀ ਸ਼ਾਂਤੀ ਦੇ ਦੁਸ਼ਮਣ ਬਣੇ ਹੋਏ ਹਨ।
-ਹਰਸ਼ ਵੀ. ਪੰਤ
-(ਲੇਖਕ ਅਬਜ਼ਰਵਰ ਰਿਸਰਚ ਫਾਊਂਡੇਸ਼ਨ ਵਿਚ ਉਪ ਮੁਖੀ ਹੈ)। -response@jagran.com