ਮੈਨੂੰ ਫੁੱਲ ਤੇ ਬੱਚੇ ਬੜੇ ਪਿਆਰੇ ਲੱਗਦੇ ਹਨ। ਤੁਹਾਨੂੰ ਵੀ ਜ਼ਰੂਰ ਲੱਗਦੇ ਹੋਣਗੇ। ਫੁੱਲ ਸੁੰਦਰਤਾ, ਖੇੜੇ ਤੇ ਮਹਿਕ ਦੇ ਪ੍ਰਤੀਕ ਹਨ। ਪ੍ਰਕਿਰਤੀ ਦੀ ਹੋਂਦ ਦੀ ਗਵਾਹੀ ਭਰਨ ਵਿਚ ਫੁੱਲ ਸੁੱਚਮਤਾ ਦਾ ਬਿੰਬ ਹਨ। ਧਰਮ ਅਸਥਾਨਾਂ ’ਤੇ ਇਸੇ ਕਰਕੇ ਫੁੱਲ ਚੜ੍ਹਾਏ ਜਾਂਦੇ ਹਨ। ਫੁੱਲਾਂ ਵਾਂਗ ਖਿੜਨਾ ਕੌਣ ਨਹੀਂ ਚਾਹੁੰਦਾ ਤੇ ਬੱਚੇ ਕਿਸ ਨੂੰ ਪਿਆਰੇ ਨਹੀਂ। ਬੱਚਾ ਮੈਨੂੰ ਇਸ ਲਈ ਪਿਆਰਾ ਨਹੀਂ ਕਿ ਉਹ ਸੋਹਣਾ ਹੈ ਸਗੋਂ ਇਸ ਲਈ ਕਿ ਉਹ ਬੱਚਾ ਹੈ। ਕਾਦਰ ਦੇ ਨੂਰ ਦੀ ਮਾਸੂਮ, ਨਿਰਛਲ ਤੇ ਨਿਰਮਲ ਆਕ੍ਰਿਤੀ। ਇਸੇ ਕਰਕੇ ਮਨੁੱਖ ਨੂੰ ਆਪਣਾ ਬਚਪਨ ਚੇਤੇ ਕਰਨਾ ਚੰਗਾ-ਚੰਗਾ ਲੱਗਦਾ ਹੈ। ਗੱਲ ਮੈਂ ਫੁੱਲ ਤੋਂ ਸ਼ੁਰੂ ਕੀਤੀ ਹੈ। ਮੈਂ ਆਪਣੇ ਘਰ ਦੇ ਲ

.jpg)
-ਮਨਮੋਹਨ ਸਿੰਘ ਦਾਊਂ
ਮੈਨੂੰ ਫੁੱਲ ਤੇ ਬੱਚੇ ਬੜੇ ਪਿਆਰੇ ਲੱਗਦੇ ਹਨ। ਤੁਹਾਨੂੰ ਵੀ ਜ਼ਰੂਰ ਲੱਗਦੇ ਹੋਣਗੇ। ਫੁੱਲ ਸੁੰਦਰਤਾ, ਖੇੜੇ ਤੇ ਮਹਿਕ ਦੇ ਪ੍ਰਤੀਕ ਹਨ। ਪ੍ਰਕਿਰਤੀ ਦੀ ਹੋਂਦ ਦੀ ਗਵਾਹੀ ਭਰਨ ਵਿਚ ਫੁੱਲ ਸੁੱਚਮਤਾ ਦਾ ਬਿੰਬ ਹਨ। ਧਰਮ ਅਸਥਾਨਾਂ ’ਤੇ ਇਸੇ ਕਰਕੇ ਫੁੱਲ ਚੜ੍ਹਾਏ ਜਾਂਦੇ ਹਨ। ਫੁੱਲਾਂ ਵਾਂਗ ਖਿੜਨਾ ਕੌਣ ਨਹੀਂ ਚਾਹੁੰਦਾ ਤੇ ਬੱਚੇ ਕਿਸ ਨੂੰ ਪਿਆਰੇ ਨਹੀਂ। ਬੱਚਾ ਮੈਨੂੰ ਇਸ ਲਈ ਪਿਆਰਾ ਨਹੀਂ ਕਿ ਉਹ ਸੋਹਣਾ ਹੈ ਸਗੋਂ ਇਸ ਲਈ ਕਿ ਉਹ ਬੱਚਾ ਹੈ। ਕਾਦਰ ਦੇ ਨੂਰ ਦੀ ਮਾਸੂਮ, ਨਿਰਛਲ ਤੇ ਨਿਰਮਲ ਆਕ੍ਰਿਤੀ। ਇਸੇ ਕਰਕੇ ਮਨੁੱਖ ਨੂੰ ਆਪਣਾ ਬਚਪਨ ਚੇਤੇ ਕਰਨਾ ਚੰਗਾ-ਚੰਗਾ ਲੱਗਦਾ ਹੈ। ਗੱਲ ਮੈਂ ਫੁੱਲ ਤੋਂ ਸ਼ੁਰੂ ਕੀਤੀ ਹੈ। ਮੈਂ ਆਪਣੇ ਘਰ ਦੇ ਲਾਅਨ ਨੂੰ ਖ਼ੂਬਸੂਰਤ ਬਣਾਉਣ ਲਈ ਭਾਂਤ-ਭਾਂਤ ਦੇ ਫੁੱਲ-ਬੂਟੇ ਚੁਣ-ਚੁਣ ਕੇ ਲਾਉਣਾ ਚਾਹੁੰਦਾ ਸਾਂ।
ਦੋਸਤਾਂ ਤੋਂ ਸਲਾਹ ਲਈ। ਕਈ ਮਾਲੀਆਂ ਨੂੰ ਪੁੱਛਿਆ-ਗਿੱਛਿਆ। ਪਰ ਹਰ ਚੀਜ਼ ਲਈ ਚੋਣ ਮਨੁੱਖ ਨੂੰ ਆਪਣੀ ਪਸੰਦ ਅਨੁਸਾਰ ਹੀ ਕਰਨੀ ਹੁੰਦੀ ਹੈ। ਦੂਜਿਆਂ ਤੋਂ ਲਿਆ ਸਲਾਹ-ਮਸ਼ਵਰਾ ਲਾਹੇਵੰਦ ਜ਼ਰੂਰ ਹੁੰਦਾ। ਲਾਅਨ ’ਚ ਮੈਂ ਅੰਗਰੇਜ਼ੀ ਘਾਹ ਦੁਬਾਰਾ ਲੁਆਇਆ ਤੇ ਮਾਲੀ ਦੀ ਸਲਾਹ ਨਾਲ ਹੋਰ ਬੂਟੇ ਨਰਸਰੀ ਤੋਂ ਸਜਾਏ, ਕੁਝ ਗਮਲਿਆਂ ’ਚ ਤੇ ਕੁਝ ਕਿਆਰੀਆਂ ’ਚ। ਗੁਲਾਬ ਮੈਨੂੰ ਬਹੁਤ ਚੰਗਾ ਲੱਗਦਾ, ਫੁੱਲਾਂ ਦਾ ਬਾਦਸ਼ਾਹ ਜੋ ਹੋਇਆ। ਗੁਲਾਬ ਨਾਲ ਪੰਜਾਬ ਤੇ ਪੰਜਾਬੀਅਤ ਵਰਗਾ ਮੋਹ ਹੈ। ਗੁਲਾਬ ਦੀ ਗੱਲ ਕਰਦਿਆਂ ਮੈਨੂੰ ਚੰਡੀਗੜ੍ਹ ਦਾ ਜ਼ਾਕਿਰ ਹੁਸੈਨ ਰੋਜ਼ ਗਾਰਡਨ ਯਾਦ ਆ ਜਾਂਦਾ ਹੈ।
ਗੁਲਾਬ ਦੀਆਂ ਅਨੇਕ ਕਿਸਮਾਂ ਮੇਰੀ ਸਿਮਰਤੀ ’ਚ ਖ਼ੁਸ਼ਬੋਈਆਂ ਵੰਡਣ ਲੱਗਦੀਆਂ ਹਨ। ਰੰਗਾਂ ਦੀ ਵਚਿੱਤਰ ਲੀਲ੍ਹਾ ਮੇਰੀ ਕਲਪਨਾ ਨੂੰ ਰੰਗੋ-ਰੰਗ ਕਰਨ ਲੱਗ ਪੈਂਦੀ ਹੈ। ਅੰਮ੍ਰਿਤਾ ਪ੍ਰੀਤਮ ਦੀ ‘ਕਾਲਾ ਗੁਲਾਬ’ ਪੁਸਤਕ ਯਾਦ ਆਉਂਦੀ ਹੈ। ਚੁਪਕਿਆਂ ਹੀ ਫਿਰੋਜ਼ਦੀਨ ਸ਼ਰਫ਼ ਦੀ ਕਾਵਿ-ਟੁਕੜੀ ਬੁੱਲ੍ਹੀਆਂ ’ਚੋਂ ਟੁਣਕਣ ਲੱਗਦੀ ਹੈ : ‘‘ਸੁਹਣੇ ਦੇਸਾਂ ਵਿੱਚੋਂ ਦੇਸ ਪੰਜਾਬ ਨੀ ਸਈਓ, ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨੀ ਸਈਓ।’’ ਮੇਰੇ ਮੂੰਹੋਂ ਇਹ ਵੀ ਨਿਕਲਦਾ ਹੈ : ‘‘ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ।’’
ਮੈਂ ਵੀ ਲਾਅਨ ਦੇ ਦੋਵੇਂ ਖੂੰਜਿਆਂ ’ਤੇ ਇਕ-ਇਕ ਗੁਲਾਬ ਦਾ ਬੂਟਾ ਲਾਉਣਾ ਜ਼ਰੂਰੀ ਸਮਝਿਆ। ਫੁੱਲ-ਬੂਟੇ ਵੀ ਬੱਚਿਆਂ ਵਾਂਗ ਪਾਲਣ-ਪੋਸਣ ਮੰਗਦੇ, ਸੰਗ-ਸਾਥ ਲੋੜਦੇ ਹਨ। ਇਹ ਗੱਲ ਵੱਖਰੀ ਹੈ ਕਿ ਉਹ ਬੋਲ ਨਹੀਂ ਸਕਦੇ। ਪਰ ਵਿਗਿਆਨੀ ਇਹ ਮੰਨਦੇ ਹਨ ਕਿ ਫੁੱਲ-ਬੂਟਿਆਂ ’ਤੇ ਵੀ ਸੰਗੀਤ ਦਾ ਚੰਗਾ ਪ੍ਰਭਾਵ ਪੈਂਦਾ ਹੈ। ਮੈਂ ਫੁੱਲ-ਬੂਟਿਆਂ ਦੇ ਨਾਲ-ਨਾਲ ਗੁਲਾਬ ਦੀਆਂ ਵਧੀਆ ਕਿਸਮਾਂ ਦੇ ਦੋ ਗੁਲਾਬ ਦੇ ਬੂਟੇ ਚੁਣ ਕੇ ਲਾ ਦਿੱਤੇ। ਸਵੇਰੇ-ਸਵੇਰੇ ਮੈਂ ਲਾਅਨ ’ਚ ਝਾਤ ਮਾਰਦਾ। ਕੁਝ ਹੀ ਦਿਨਾਂ ਵਿਚ ਲਾਅਨ ਸਰ-ਸਬਜ਼ ਹੋ ਉੱਠਿਆ। ਘਰ ਦਾ ਮੱਥਾ ਹੋਰ ਵੀ ਸੁੰਦਰ ਲੱਗਣ ਲੱਗਿਆ। ਦੋ-ਤਿੰਨ ਮਹੀਨਿਆਂ ’ਚ ਸਾਰੇ ਫੁੱਲ-ਬੂਟੇ ਚੰਗੇ ਚੱਲ ਪਏ। ਹਰ ਕੋਈ ਵੇਖ ਕੇ ਤਾਰੀਫ਼ ਕਰਦਾ। ਮੈਨੂੰ ਖ਼ੁਸ਼ੀ ਚੜ੍ਹਦੀ। ਮਕਾਨ ਦੀ ਸੁੰਦਰਤਾ ’ਚ ਫੁੱਲ-ਬੂਟਿਆਂ ਦੀ ਆਪਣੀ ਅਹਿਮੀਅਤ ਹੁੰਦੀ। ਰੁਝੇਵਿਆਂ ਭਰੇ ਜੀਵਨ ’ਚ ਪ੍ਰਕਿਰਤੀ ਨਾਲ ਜਿੰਨਾ ਵੱਧ ਜੁੜਿਆ ਜਾਵੇ, ਉਤਨਾ ਵੱਧ ਸਕੂਨ ਪ੍ਰਾਪਤ ਹੁੰਦਾ ਹੈ ਪਰ ਅੱਜ ਦਾ ਮਨੁੱਖ ਚਿੰਤਾਵਾਂ ਵਿਚ ਘਿਰਿਆ ਹੋਇਆ ਰਾਹਤ ਭਾਲਦਾ ਹੈ। ਹਰੇ ਕਚੂਰ ਪੱਤੇ ਤੇ ਰੰਗਦਾਰ ਫੁੱਲ ਘਰ ਦੀ ਰੌਣਕ ਨੂੰ ਸਜੀਵਤਾ ਪ੍ਰਦਾਨ ਕਰਦੇ ਹਨ।
ਇਸ ਗੱਲੋਂ ਜਾਪਾਨੀਆਂ ਦਾ ਹਰ ਘਰ ਫੁੱਲਾਂ ਨਾਲ ਮਹਿਮਾਨਾਂ ਦਾ ਸਵਾਗਤ ਕਰਦਾ ਹੈ। ਫੁੱਲ ਉਨ੍ਹਾਂ ਦੇ ਜੀਵਨ ਦਾ ਅੰਗ ਹਨ। ਮੈਂ ਕੀ ਵੇਖਦਾ ਕਿ ਇਕ ਦਿਨ ਗੁਲਾਬ ਦੇ ਬੂਟੇ ’ਤੇ ਇਕ ਗੂੜ੍ਹਾ, ਗੁਲਾਬੀ ਫੁੱਲ ਇਕ ਟਹਿਣੀ ’ਤੇ ਖਿੜ ਉੱਠਿਆ। ਇਹ ਬੂਟਾ ਸੜਕ ਵਾਲੇ ਪਾਸੇ ਲੱਗਿਆ ਹੋਣ ਕਾਰਨ ਮਹਿਕਾਂ ਵੰਡਣ ਲੱਗਿਆ। ਮੈਨੂੰ ਤੱਕ ਕੇ ਚਾਅ ਚੜ੍ਹ ਗਿਆ। ਮੈਂ ਇਸ ਫੁੱਲ ਦੀ ਸੁੰਦਰਤਾ ਤੇ ਰੰਗਾਂ ਦੀ ਲੀਲ੍ਹਾ ਘਰ ਦੇ ਇਕੱਲੇ-ਇਕੱਲੇ ਜੀਅ ਨੂੰ ਵਿਖਾਉਣ ਲੱਗਿਆ।
ਸਾਰਿਆਂ ਨੇ ਫੁੱਲ ਦੇ ਰੰਗ ਦੀ ਸੁੰਦਰਤਾ ਨੂੰ ਨਿਹਾਰਿਆ। ਮੈਂ ਇਸ ਇਕੱਲੇ ਫੁੱਲ ’ਚੋਂ ਕਾਇਨਾਤ ਨੂੰ ਦ੍ਰਿਸ਼ਟੀਮਾਨ ਹੁੰਦਾ ਕਿਆਸਣ ਲੱਗਿਆ। ਬਾਬੇ ਨਾਨਕ ਦੀ ਬਾਣੀ ਉਚਰਨ ਲੱਗੀ : “ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ।।” ਸੋਚ-ਸੋਚ ਕੇ ਮੈਂ ਆਪਣੀ ਦੋਹਤਰੀ (ਸੁਖ਼ਨ) ਨੂੰ ਲਾਅਨ ’ਚ ਫੁੱਲ ਵਿਖਾਉਣਾ ਚਾਹਿਆ। ਇਹ ਤਿੰਨ ਸਾਲਾਂ ਦੀ ਚੇਤੰਨ ਬੱਚੀ ਮੇਰੇ ਨਾਲ ਹੱਸਦੀ-ਖੇਡਦੀ ਰਹਿੰਦੀ।
ਮੈਨੂੰ ਵੀ ਉਸ ਨਾਲ ਗੱਲਾਂ ਕਰਨੀਆਂ, ਬਾਤਾਂ ਸੁਣਾਉਣੀਆਂ ਤੇ ਨਰਸਰੀ ਗੀਤ ਗਾਉਣੇ ਚੰਗੇ ਲੱਗਦੇ। ਬੱਚੇ ਨੂੰ ਸਮਝਣਾ ਵੀ ਦਾਰਸ਼ਨਿਕ ਗਿਆਨ ਪ੍ਰਾਪਤ ਕਰਨ ਵਰਗਾ ਕਾਰਜ ਹੈ। ਮੈਂ ਬੱਚੀ ਨੂੰ ਉਹ ਖਿੜਿਆ ਫੁੱਲ ਵਿਖਾ ਕੇ ਉਸ ਦਾ ਪ੍ਰਤੀਕਰਮ ਜਾਣਨਾ ਚਾਹੁੰਦਾ ਸੀ। ਫੁੱਲ ਵੇਖਦੇ ਹੀ ਉਸ ਦਾ ਮਾਸੂਮ ਚਿਹਰਾ ਖਿੜ ਉੱਠਿਆ। “ਕਿੰਨਾ ਸੁਹਣਾ ਫੁੱਲ ਹੈ”, ਉਸ ਦੀਆਂ ਕੋਮਲ ਪੱਤੀਆਂ ਬੁੱਲ੍ਹੀਆਂ ’ਚੋਂ ਆਪ ਮੁਹਾਰੇ ਨਿਕਲਿਆ। “ਨਾਨਾ ਜੀ, ਮੈਂ ਇਸ ਨੂੰ ਤੋੜ ਲਵਾਂ?” ਉਸ ਨੇ ਇੱਛਾ ਪ੍ਰਗਟ ਕੀਤੀ। ਮੈਂ ਕੁਝ ਛਿਣ ਸੋਚਣ ਲੱਗਿਆ। ਕੀ ਉੱਤਰ ਦੇਵਾਂ? “ਨਹੀਂ ਸੁਖ਼ਨ ਬੇਟੀ, ਫੁੱਲ ਨਹੀਂ ਤੋੜੀ ਦੇ। ਇਨ੍ਹਾਂ ਨੂੰ ਤਾਂ ਪਿਆਰ ਨਾਲ ਵੇਖੀ ਦਾ”, ਮੈਂ ਸਮਝਾਇਆ। ਉਹ ਫੁੱਲ ਤੋੜਨੋਂ ਰੁਕ ਗਈ। ਇਕ ਜੀਅ ਕਰੇ ਕਿ ਬੱਚੀ ਦੀ ਇੱਛਾ ਪੂਰੀ ਕਰ ਦੇਵਾਂ ਪਰੰਤੂ ਇੰਜ ਮੈਂ ਕਰ ਨਾ ਸਕਿਆ। ਕਿੰਨਾ ਹੀ ਚਿਰ ਉਹ ਫੁੱਲ ਨੂੰ ਤੱਕਦੀ ਰਹੀ।
ਫੁੱਲ ਤੇ ਬੱਚੇ ਦੀ ਖ਼ਾਮੋਸ਼ੀ, ਮੈਨੂੰ ਬਹੁਤ ਕੁਝ ਮਹਿਸੂਸ ਕਰਵਾ ਰਹੀ ਸੀ। ਫੁੱਲ ਤੇ ਬੱਚੀ ਦਾ ਚਿਹਰਾ ਮੈਨੂੰ ਇੱਕੋ ਰੂਪ ਦਿਸਣ ਲੱਗਿਆ।
ਦੂਜਾ ਸਵੇਰਾ ਹੋਇਆ। ਮੈਂ ਲਾਅਨ ’ਚ ਝਾਤੀ ਮਾਰਨ ਗਿਆ। ਸੁਖ਼ਨ ਬੇਟੀ ਉਂਗਲ ਫੜੀ ਮੇਰੇ ਨਾਲ ਖੜੋਤੀ ਸੀ। ਮੈਂ ਹੈਰਾਨ ਹੋ ਗਿਆ, ਟਾਹਣੀ ’ਤੇ ਫੁੱਲ ਨਹੀਂ ਸੀ। ਮੈਂ ਇੱਧਰ-ਉੱਧਰ ਵੇਖਿਆ। ਕਿਸੇ ਰਾਹੀ ਨੇ ਉਸ ਫੁੱਲ ਨੂੰ ਚੁਰਾ ਲਿਆ ਸੀ। ਮੇਰਾ ਮਨ ਉਦਾਸ ਹੋ ਗਿਆ। ਮੈਨੂੰ ਲਾਅਨ ਸੁੰਨਾ-ਸੁੰਨਾ ਜਾਪਿਆ ਇਕ ਫੁੱਲ ਦੀ ਅਣਹੋਂਦ ਕਾਰਨ। ਸੁਖ਼ਨ ਝੱਟ ਬੋਲੀ, “ਨਾਨਾ ਜੀ, ਫੁੱਲ ਕੌਣ ਤੋੜ ਕੇ ਲੈ ਗਿਆ?” ਮੈਂ ਉਸ ਦੇ ਪ੍ਰਸ਼ਨ ਦਾ ਉੱਤਰ ਨਾ ਦੇ ਸਕਿਆ।
ਗੂੜ੍ਹਾ ਗੁਲਾਬੀ ਫੁੱਲ ਮੁਹੱਬਤ ਦਾ ਪ੍ਰਤੀਕ ਗ਼ੈਰ-ਹਾਜ਼ਰ ਜਿਵੇਂ ਲਾਅਨ ਨੂੰ ਵੀ ਉਦਾਸ ਕਰ ਗਿਆ ਹੋਵੇ। ਮੈਨੂੰ ਭਾਈ ਵੀਰ ਸਿੰਘ ਦੀ ਕਾਵਿਤਾ ਚੇਤੇ ਆਈ : “ਡਾਲ੍ਹੀ ਨਾਲੋਂ ਤੋੜ ਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ।” ਏਨੇ ਨੂੰ ਇਕ ਰੇਹੜੀ ਵਾਲਾ (ਫੁੱਲ-ਬੂਟੇ ਵੇਚਣ ਵਾਲਾ) ‘ਫੁੱਲ-ਬੂਟੇ ਲੈ ਲਵੋ’ ਦਾ ਹੋਕਾ ਦੇਣ ਵਾਲਾ ਆ ਪੁੱਜਿਆ। ਪਹਿਲਾਂ ਵੀ ਉਹ ਸਾਡੀ ਗਲੀ ਵਿਚ ਆਉਂਦਾ ਹੁੰਦਾ ਸੀ। ਮੈਂ ਉਸ ਨੂੰ ਰੋਕ ਲਿਆ। ਉਸ ਕੋਲ ਬਹੁ-ਭਾਂਤੇ ਫੁੱਲਾਂ ਵਾਲੇ ਬੂਟੇ ਸਨ। ਸੁਖ਼ਨ ਵੀ ਫੁੱਲ ਵੇਖਣ ਲੱਗੀ। ਮੈਂ ਉਸ ਭਾਈ ਕੋਲੋਂ ਖਿੜੇ ਗੁਲਾਬੀ ਰੰਗ ਦਾ ਗੁਲਾਬ ਵਾਲਾ ਗਮਲਾ ਖ਼ਰੀਦ ਲਿਆ। ਚਲੋ, ਚੋਰੀ ਹੋਇਆ ਗੁਲਾਬ ਤਾਂ ਨਹੀਂ ਮਿਲਣਾ, ਘੱਟੋ-ਘੱਟ ਨਵਾਂ ਗੁਲਾਬ ਤਾਂ ਮਿਲ ਹੀ ਗਿਆ।
“ਨਾਨਾ ਜੀ, ਇਸ ਨੂੰ ਵਿਹੜੇ ਵਿਚ ਰੱਖ ਦਿਉ। ਹੁਣ ਇਸ ਨੂੰ ਕੋਈ ਤੋੜੇਗਾ ਨਹੀਂ।” ਮੈਂ ਇਸ ਨੂੰ ਪਾਣੀ ਵੀ ਪਾਇਆ ਕਰੂੰਗੀ।” ਸੁਖ਼ਨ ਖ਼ੁਸ਼ੀ ’ਚ ਬੋਲੀ। ਮੈਂ, ਉਸ ਦੀ ਗੱਲ ਮੰਨ ਕੇ ਗੁਲਾਬ ਦਾ ਗਮਲਾ ਵਿਹੜੇ ਦੇ ਇਕ ਖੂੰਜੇ ਟਿਕਾ ਦਿੱਤਾ। ਬੱਚੇ ਦੀ ਖ਼ੁਸ਼ੀ ਤੇ ਗੁਲਾਬ ਦੇ ਫੁੱਲ ਨਾਲ ਵਿਹੜੇ ’ਚ ਜਿਵੇਂ ਰੌਣਕ ਲੱਗ ਗਈ। ਗੁਲਾਬ ਦੇ ਫੁੱਲ ਬਾਰੇ ਮੈਂ ਸੁਖ਼ਨ ਨੂੰ ਆਪਣੀ ਪੁਸਤਕ ‘ਫੁੱਲਾਂ ਦਾ ਪੰਘੂੜਾ’ ਵਾਲੀ ਕਵਿਤਾ ਸੁਣਾਉਣ ਲੱਗਾ।
-ਮੋਬਾਈਲ : 98151-23900
-response@jagran.com