ਸੁਪਰੀਮ ਕੋਰਟ ਦਾ ਹੁਕਮ ਪੂਰੇ ਦੇਸ਼ ਦੇ ਨਗਰ ਨਿਗਮਾਂ ’ਤੇ ਲਾਗੂ ਹੋਣਾ ਚਾਹੀਦਾ ਹੈ। ਇਹ ਸਹੀ ਹੋਵੇਗਾ ਕਿ ਸਾਰੀਆਂ ਸੂਬਾ ਸਰਕਾਰਾਂ ਆਪਣੇ ਨਗਰ ਨਿਗਮਾਂ ਨੂੰ ਕਹਿਣ ਕਿ ਉਹ ਵੀ ਉਹੀ ਕਰਨ, ਜੋ ਦਿੱਲੀ-ਐੱਨਸੀਆਰ ਦੇ ਨਗਰ ਨਿਗਮਾਂ ਨੂੰ ਕਰਨ ਲਈ ਕਿਹਾ ਗਿਆ ਹੈ।

ਇਹ ਸਵਾਗਤਯੋਗ ਹੈ ਕਿ ਸੁਪਰੀਮ ਕੋਰਟ ਨੇ ਦਿੱਲੀ ਤੇ ਕੌਮੀ ਰਾਜਧਾਨੀ ਖੇਤਰ ਯਾਨੀ ਐੱਨਸੀਆਰ ਵਿਚ ਅਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਹ ਸਪਸ਼ਟ ਹੁਕਮ ਦਿੱਤਾ ਹੈ ਕਿ ਇਨ੍ਹਾਂ ਕੁੱਤਿਆਂ ਨੂੰ ਅੱਠ ਹਫ਼ਤਿਆਂ ਵਿਚ ਸ਼ੈਲਟਰ ਹੋਮਜ਼ ਵਿਚ ਭੇਜਣ ਦੇ ਨਾਲ-ਨਾਲ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਵਿਅਕਤੀ ਅਜਿਹੀ ਕਿਸੇ ਮੁਹਿੰਮ ਵਿਚ ਅੜਿੱਕਾ ਨਾ ਪਾਵੇ।
ਹੁਣ ਦੇਖਣਾ ਇਹ ਹੈ ਕਿ ਦਿੱਲੀ, ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਆਦਿ ਦੇ ਨਗਰ ਨਿਗਮ ਇਸ ਹੁਕਮ ਦੀ ਪਾਲਣਾ ਕਿਵੇਂ ਕਰਦੇ ਹਨ? ਇਹ ਪ੍ਰਸ਼ਨ ਇਸ ਲਈ, ਕਿਉਂਕਿ ਦਿੱਲੀ-ਐੱਨਸੀਆਰ ਦੇ ਨਗਰ ਨਿਗਮ ਅਵਾਰਾ ਕੁੱਤਿਆਂ ਨੂੰ ਫੜਨ, ਉਨ੍ਹਾਂ ਦੀ ਨਸਬੰਦੀ ਅਤੇ ਟੀਕਾਕਰਨ ਕਰਨ ਵਿਚ ਸਮਰੱਥ ਹੀ ਨਹੀਂ ਹਨ। ਤੱਥ ਇਹ ਵੀ ਹੈ ਕਿ ਅਵਾਰਾ ਕੁੱਤਿਆਂ ਲਈ ਲੋੜੀਂਦੀ ਗਿਣਤੀ ਵਿਚ ਸ਼ੈਲਟਰ ਹੋਮ ਵੀ ਨਹੀਂ ਹਨ।
ਹੈਰਾਨੀ ਹੈ ਕਿ ਦੇਸ਼ ਦੀ ਰਾਜਧਾਨੀ ਵਿਚ ਵੀ ਉਨ੍ਹਾਂ ਲਈ ਕੋਈ ਸ਼ੈਲਟਰ ਹੋਮ ਨਹੀਂ ਹਨ। ਇਸ ਦਾ ਮਤਲਬ ਹੈ ਕਿ ਅਵਾਰਾ ਕੁੱਤਿਆਂ ਨੇ ਜਿਹੜੀ ਦਹਿਸ਼ਤ ਪੈਦਾ ਕੀਤੀ ਹੋਈ ਹੈ, ਉਸ ਦੀ ਕੋਈ ਚਿੰਤਾ ਕਰਨ ਵਾਲਾ ਨਹੀਂ ਸੀ ਅਤੇ ਸ਼ਾਇਦ ਇਸੇ ਲਈ ਕੁੱਤਿਆਂ ਦੇ ਵੱਢਣ, ਉਨ੍ਹਾਂ ਕਾਰਨ ਹਾਦਸੇ ਹੋਣ, ਕੁਝ ਇਲਾਕਿਆਂ ਵਿਚ ਬੱਚਿਆਂ, ਔਰਤਾਂ, ਬਜ਼ੁਰਗਾਂ ਤੇ ਕੋਰੀਅਰ ਵਾਲਿਆਂ ਲਈ ਆਫ਼ਤ ਖੜ੍ਹੀ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਸਵਾਲ ਇਹ ਵੀ ਹੈ ਕਿ ਆਖ਼ਰ ਸਾਡੇ ਨਗਰ ਨਿਗਮ ਆਪਣਾ ਕਿਹੜਾ ਕੰਮ ਸਹੀ ਢੰਗ ਨਾਲ ਕਰ ਰਹੇ ਹਨ?
ਇਹ ਬਹੁਤ ਚੰਗਾ ਹੋਇਆ ਕਿ ਸੁਪਰੀਮ ਕੋਰਟ ਨੇ ਅਵਾਰਾ ਕੁੱਤਿਆਂ ਦੀ ਲਗਾਤਾਰ ਗੰਭੀਰ ਹੁੰਦੀ ਸਮੱਸਿਆ ਦਾ ਖ਼ੁਦ ਨੋਟਿਸ ਲਿਆ ਪਰ ਉਸ ਦਾ ਹੁਕਮ ਸਿਰਫ਼ ਦਿੱਲੀ-ਐੱਨਸੀਆਰ ਲਈ ਹੀ ਕਿਉਂ? ਇਨ੍ਹਾਂ ਦੀ ਜਿਹੜੀ ਸਮੱਸਿਆ ਦਿੱਲੀ-ਐੱਨਸੀਆਰ ਵਿਚ ਹੈ, ਉਹ ਤਾਂ ਲਗਪਗ ਪੂਰੇ ਦੇਸ਼ ਅਤੇ ਖ਼ਾਸ ਤੌਰ ’ਤੇ ਸ਼ਹਿਰਾਂ ਅਤੇ ਕਸਬਿਆਂ ਵਿਚ ਵੀ ਹੈ। ਦਿੱਲੀ ਜਾਂ ਫਿਰ ਉਸ ਨਾਲ ਲੱਗਦੇ ਸ਼ਹਿਰ ਹੀ ਦੇਸ਼ ਨਹੀਂ ਹਨ।
ਸੁਪਰੀਮ ਕੋਰਟ ਦਾ ਹੁਕਮ ਪੂਰੇ ਦੇਸ਼ ਦੇ ਨਗਰ ਨਿਗਮਾਂ ’ਤੇ ਲਾਗੂ ਹੋਣਾ ਚਾਹੀਦਾ ਹੈ। ਇਹ ਸਹੀ ਹੋਵੇਗਾ ਕਿ ਸਾਰੀਆਂ ਸੂਬਾ ਸਰਕਾਰਾਂ ਆਪਣੇ ਨਗਰ ਨਿਗਮਾਂ ਨੂੰ ਕਹਿਣ ਕਿ ਉਹ ਵੀ ਉਹੀ ਕਰਨ, ਜੋ ਦਿੱਲੀ-ਐੱਨਸੀਆਰ ਦੇ ਨਗਰ ਨਿਗਮਾਂ ਨੂੰ ਕਰਨ ਲਈ ਕਿਹਾ ਗਿਆ ਹੈ। ਕੇਂਦਰ ਤੇ ਸੂਬਿਆਂ ਨੂੰ ਮਿਲ ਕੇ ਇਹ ਵੀ ਦੇਖਣਾ ਹੋਵੇਗਾ ਕਿ ਉਨ੍ਹਾਂ ਨੇ ਅਵਾਰਾ ਕੁੱਤਿਆਂ ਦੀ ਨਸਬੰਦੀ ਅਤੇ ਉਨ੍ਹਾਂ ਦੇ ਟੀਕਾਕਰਨ ਦਾ ਜਿਹੜਾ ਕੰਮ ਗ਼ੈਰ-ਸਰਕਾਰੀ ਸੰਗਠਨਾਂ ਜਾਂ ਪਸ਼ੂ ਪ੍ਰੇਮੀ ਸੰਗਠਨਾਂ ਨੂੰ ਸੌਂਪਿਆ ਹੋਇਆ ਹੈ, ਉਹ ਖ਼ਾਨਾਪੂਰਤੀ ਤਾਂ ਨਹੀਂ ਕਰ ਰਹੇ ਹਨ?
ਜੇਕਰ ਉਹ ਸੁਚੇਤ-ਸਰਗਰਮ ਹੁੰਦੇ ਤਾਂ ਅਵਾਰਾ ਕੁੱਤੇ ਦਹਿਸ਼ਤ ਦਾ ਦੂਜਾ ਨਾਂ ਨਾ ਬਣ ਗਏ ਹੁੰਦੇ। ਉਨ੍ਹਾਂ ਦੀ ਦਹਿਸ਼ਤ ਤੋਂ ਬਾਅਦ ਵੀ ਕੁਝ ਪਸ਼ੂ ਪ੍ਰੇਮੀ ਅਤੇ ਸੰਗਠਨ ਪਸ਼ੂ ਕਲਿਆਣ ਸਬੰਧੀ ਨਿਯਮਾਂ-ਕਾਨੂੰਨਾਂ ਦੀ ਦੁਰਵਰਤੋਂ ਕਰਦੇ ਹਨ। ਅਵਾਰਾ ਕੁੱਤਿਆਂ ਦੇ ਵੱਢਣ ਨਾਲ ਹੋਣ ਵਾਲੀਆਂ ਮੌਤਾਂ ਦੀ ਅਣਦੇਖੀ ਨਹੀਂ ਕੀਤੀ ਜਾਣੀ ਚਾਹੀਦੀ। ਅਵਾਰਾ ਅਤੇ ਖ਼ਾਸ ਤੌਰ ’ਤੇ ਵੱਢਣ ਵਾਲੇ ਕੁੱਤਿਆਂ ਦੀ ਫੜੋ-ਫੜੀ ਤਾਂ ਹਰ ਹਾਲਤ ’ਚ ਹੋਣੀ ਹੀ ਚਾਹੀਦੀ ਹੈ।
ਇਸ ਸਮੱਸਿਆ ਦਾ ਹੱਲ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਅਵਾਰਾ ਕੁੱਤਿਆਂ ਖ਼ਿਲਾਫ਼ ਕਿਸੇ ਤਰ੍ਹਾਂ ਦੀ ਬੇਰਹਿਮੀ ਦੇਖਣ ਨੂੰ ਮਿਲੇ। ਸਾਡਾ ਸੱਭਿਆਚਾਰ ਪਸ਼ੂਆਂ-ਜਾਨਵਰਾਂ ਪ੍ਰਤੀ ਦਿਆ ਭਾਵ ਦਾ ਸੰਦੇਸ਼ ਦਿੰਦਾ ਹੈ। ਇਸ ਸੰਦੇਸ਼ ਦੇ ਬਾਵਜੂਦ, ਕੁੱਤੇ ਅਵਾਰਾ ਹੋਣ ਜਾਂ ਪਾਲਤੂ, ਉਨ੍ਹਾਂ ਨੂੰ ਮਨੁੱਖਾਂ ਤੋਂ ਵੱਧ ਅਹਿਮੀਅਤ ਹਰਗਿਜ਼ ਨਹੀਂ ਮਿਲਣੀ ਚਾਹੀਦੀ।