ਇਸੇ ਤਰ੍ਹਾਂ ਸੁਖੋਈ ਐੱਸਯੂ-30 ਜਹਾਜ਼ ਨੂੰ ਭਾਰਤੀ ਹਵਾਈ ਫ਼ੌਜ ਦੀ ਰੀੜ੍ਹ ਮੰਨਿਆ ਜਾਂਦਾ ਹੈ। ਬ੍ਰਹਮੋਸ ਮਿਜ਼ਾਈਲ ਨੂੰ ਜੇ ਦੋਵਾਂ ਦੇਸ਼ਾਂ ਦੇ ਰੱਖਿਆ ਸਹਿਯੋਗ ਅਤੇ ਸੰਯੁਕਤ ਉਤਪਾਦਨ ਸਮਰੱਥਾਵਾਂ ਦਾ ਸਿਖਰ ਕਹਿ ਦਿੱਤਾ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ। ਇਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਨੇ ਆਪ੍ਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ’ਤੇ ਅਜਿਹਾ ਕਹਿਰ ਢਾਹਿਆ ਸੀ ਕਿ ਦੁਨੀਆ ਦੇ ਤਮਾਮ ਦੇਸ਼ ਇਸ ਨੂੰ ਖ਼ਰੀਦਣ ਲਈ ਕਤਾਰਬੱਧ ਹਨ।

ਅੱਜ ਤੋਂ ਦੋ ਰੋਜ਼ਾ ਭਾਰਤ-ਰੂਸ ਸਿਖਰ ਸੰਮੇਲਨ ਆਰੰਭ ਹੋਣ ਜਾ ਰਿਹਾ ਹੈ। ਇਸ ਵਿਚ ਹੋਰ ਅਨੇਕ ਮੁੱਦਿਆਂ ਦੇ ਨਾਲ ਹੀ ਰੱਖਿਆ ਸਹਿਯੋਗ ’ਤੇ ਡੂੰਘੀ ਚਰਚਾ ਹੋਣ ਦੀ ਉਮੀਦ ਹੈ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਵਿਚਾਲੇ ਬੈਠਕ ਵੀ ਹੋਵੇਗੀ। ਦੋਵਾਂ ਰੱਖਿਆ ਮੰਤਰੀਆਂ ਵਿਚਾਲੇ ਇਹ ਇਸ ਸਾਲ ਦੀ ਦੂਜੀ ਬੈਠਕ ਹੈ। ਇਸ ਦੌਰਾਨ ਕਈ ਸਮਝੌਤਿਆਂ ’ਤੇ ਮੰਥਨ ਹੋਵੇਗਾ। ਸਮਝੌਤਿਆਂ ਲਈ ਵਾਰਤਾ ਦੇ ਇਸ ਕ੍ਰਮ ਵਿਚ ਸਤ੍ਹਾ ਤੋਂ ਹਵਾ ਵਿਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ ਐੱਸ-400, ਪੰਜਵੀਂ ਪੀੜ੍ਹੀ ਦੇ ਸੁਖੋਈ ਜਹਾਜ਼ਾਂ ਦੀ ਖ਼ਰੀਦ ਅਤੇ ਵੱਖ-ਵੱਖ ਰੱਖਿਆ ਉਪਕਰਨਾਂ ਦੇ ਸਾਂਝੇ ਉਤਪਾਦਨ ਵਰਗੇ ਮੁੱਖ ਪਹਿਲੂ ਸ਼ਾਮਲ ਹੋਣਗੇ। ਠੰਢੀ ਜੰਗ ਦੇ ਦੌਰ ਤੋਂ ਹੀ ਰੂਸ ਭਾਰਤ ਦਾ ਸਭ ਤੋਂ ਪ੍ਰਮੁੱਖ ਰੱਖਿਆ ਜੋਟੀਦਾਰ ਬਣ ਕੇ ਉੱਭਰਿਆ ਹੈ, ਜਿਸ ਨੇ ਸਮੇਂ-ਸਮੇਂ ’ਤੇ ਭਾਰਤ ਨੂੰ ਪ੍ਰਮੁੱਖ ਹਥਿਆਰਾਂ ਦੀ ਸਪਲਾਈ ਨਿਰਵਿਘਨ ਜਾਰੀ ਰੱਖੀ ਹੈ। ਗੂੜ੍ਹੇ ਹੁੰਦੇ ਦੁਵੱਲੇ ਰੱਖਿਆ ਸਹਿਯੋਗ ਨੂੰ ਕਈ ਪਹਿਲੂਆਂ ਨੇ ਪ੍ਰੇਰਿਤ ਕੀਤਾ ਹੈ। ਮਾਸਕੋ ਨੇ ਨਵੀਂ ਦਿੱਲੀ ਨਾਲ ਫ਼ੌਜੀ ਤਕਨੀਕ ਸਾਂਝੀ ਕਰਨ ਅਤੇ ਭਾਰਤ ਵਿਚ ਨਿਰਮਾਣ ਦੀ ਮਨਸ਼ਾ ਨਾਲ 1962 ਵਿਚ ਮਿਗ-21 ਦੇ ਉਤਪਾਦਨ ਦੀ ਦਿਸ਼ਾ ਵਿਚ ਪਹਿਲ ਕੀਤੀ ਸੀ। ਉਸੇ ਦੌਰ ਵਿਚ ਅਮਰੀਕਾ ਫ਼ੌਜੀ ਸਾਜ਼ੋ-ਸਾਮਾਨ ਦੀ ਸਪਲਾਈ ’ਤੇ ਪਾਬੰਦੀ ਲਗਾਉਣ ਵਿਚ ਲੱਗਾ ਹੋਇਆ ਸੀ।
ਅਮਰੀਕਾ ਦੁਆਰਾ 1965 ਵਿਚ ਲਗਾਈਆਂ ਗਈਆਂ ਅਜਿਹੀਆਂ ਪਾਬੰਦੀਆਂ ਦੇ ਉਲਟ ਪਹਿਲਾਂ ਵਾਲੇ ਸੋਵੀਅਤ ਸੰਘ ਨੇ 1967 ਵਿਚ ਭਾਰਤੀ ਹਵਾਈ ਫ਼ੌਜ ਨੂੰ ਸੁਖੋਈ-7 ਬੰਬਾਰ ਜਹਾਜ਼ਾਂ ਦੀ ਸਪਲਾਈ ਕਰ ਕੇ ਉਸ ਨੂੰ ਮਜ਼ਬੂਤ ਬਣਾਇਆ। ਇਹ ਜਹਾਜ਼ ਸਾਡੇ ਗੁਆਂਢੀ ਤੇ ਦੁਸ਼ਮਣ ਮੁਲਕ ਪਾਕਿਸਤਾਨ ਕੋਲ ਉਸ ਸਮੇਂ ਉਪਲਬਧ ਜਹਾਜ਼ਾਂ ਦੀ ਤੁਲਨਾ ਵਿਚ ਕਿਤੇ ਜ਼ਿਆਦਾ ਉੱਨਤ ਸਨ। ਉਸ ਦੇ ਅਗਲੇ ਦਹਾਕੇ ਵਿਚ ਸੋਵੀਅਤ ਸੰਘ ਨੇ ਰੱਖਿਆ ਵੰਨ-ਸੁਵੰਨਤਾ ਨਾਲ ਜੁੜੀ ਭਾਰਤ ਦੀ ਸੰਵੇਦਨਸ਼ੀਲਤਾ ਅਤੇ ਜ਼ਰੂਰਤਾਂ ਨੂੰ ਸਮਝਦੇ ਹੋਏ ਉਸ ਨੂੰ ਉੱਨਤ ਹਥਿਆਰਾਂ ਅਤੇ ਤਕਨੀਕ ਨਾਲ ਲੈਸ ਕਰਨ ਦੇ ਯਤਨ ਤੇਜ਼ ਕੀਤੇ।
ਇਨ੍ਹਾਂ ਵਿਚ ਟੈਂਕ, ਜੰਗੀ ਜਹਾਜ਼ਾਂ, ਮਿਜ਼ਾਈਲਾਂ ਦੀ ਸਪਲਾਈ ਦੇ ਨਾਲ ਹੀ ਜੰਗੀ ਬੇੜਿਆਂ ਨੂੰ ਉੱਨਤ ਬਣਾਇਆ ਗਿਆ। ਦੋਵਾਂ ਦੇਸ਼ਾਂ ਵਿਚਾਲੇ ਭਰੋਸੇ ਦਾ ਅਜਿਹਾ ਭਾਵ ਵਧਿਆ ਕਿ ਸੋਵੀਅਤ ਸੰਘ ਨੇ 1987 ਵਿਚ ਭਾਰਤ ਨੂੰ ਪਰਮਾਣੂ ਸੰਚਾਲਿਤ ਪਣਡੁੱਬੀ ਵੀ ਲੀਜ਼ ’ਤੇ ਦਿੱਤੀ। ਇਸ ਤੋਂ ਬਾਅਦ ਇਕ ਅਜਿਹਾ ਸਮਾਂ ਆਇਆ ਕਿ ਸੋਵੀਅਤ ਸੰਘ ਖ਼ੁਦ ਅੰਦਰੂਨੀ ਉਥਲ-ਪੁਥਲ ਤੋਂ ਗ੍ਰਸਤ ਹੋਇਆ ਅਤੇ ਉਸ ਦਾ ਸੁਭਾਵਕ ਅਸਰ ਭਾਰਤ ਦੇ ਨਾਲ ਰੱਖਿਆ ਸਹਿਯੋਗ ’ਤੇ ਵੀ ਪਿਆ। ਹਾਲਾਂਕਿ ਇਸ ਸਦੀ ਦੇ ਪਹਿਲੇ ਦਹਾਕੇ ਵਿਚ ਨਵੇਂ ਰੂਪ ਵਿਚ ਰੂਸ ਨੇ ਇਸ ਸਾਂਝੇਦਾਰੀ ਨੂੰ ਨਵੇਂ ਸਿਰੇ ਤੋਂ ਅੱਗੇ ਵਧਾਉਣਾ ਸ਼ੁਰੂ ਕੀਤਾ। ਇਸ ਅਰਸੇ ਵਿਚ ਰੂਸ ਦੁਆਰਾ ਉਪਲਬਧ ਕਰਵਾਏ ਗਏ ਹਥਿਆਰਾਂ ਅਤੇ ਉਪਕਰਨਾਂ ਵਿਚ ਜਹਾਜ਼, ਹੈਲੀਕਾਪਟਰ, ਜੰਗੀ ਟੈਂਕ, ਮਿਜ਼ਾਈਲਾਂ, ਫ੍ਰਿਗੇਟ ਅਤੇ ਪਣਡੁੱਬੀਆਂ ਸ਼ਾਮਲ ਸਨ। ਰੂਸ ਨੇ ਇਕ ਨਵੀਂ ਪਰਮਾਣੂ ਸੰਚਾਲਤ ਪਣਡੁੱਬੀ ਲੀਜ਼ ’ਤੇ ਦੇਣ ਤੋਂ ਇਲਾਵਾ ਜਹਾਜ਼ ਵਾਹਕ ਬੇੜੇ ਦੇ ਪੱਧਰ ’ਤੇ ਵੀ ਸਹਿਯੋਗ ਕੀਤਾ।
ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਸਬੰਧਾਂ ਦੀ ਮਜ਼ਬੂਤੀ ਦਾ ਮੁਲਾਂਕਣ ਇਸੇ ਤੋਂ ਕੀਤਾ ਜਾ ਸਕਦਾ ਹੈ ਕਿ ਤਮਾਮ ਜ਼ਰੂਰਤਾਂ ਲਈ ਭਾਰਤ ਅੱਜ ਵੀ ਰੂਸੀ ਪਲੇਟਫਾਰਮ ਵੱਲ ਦੇਖਦਾ ਹੈ। ਟੀ-72 ਅਤੇ ਟੀ-90 ਵਰਗੇ ਜੰਗੀ ਟੈਂਕ ਭਾਰਤੀ ਫ਼ੌਜ ਦੇ ਟੈਂਕ ਬੇੜੇ ਦੀ ਬੁਨਿਆਦ ਬਣੇ ਹੋਏ ਹਨ।
ਇਸੇ ਤਰ੍ਹਾਂ ਸੁਖੋਈ ਐੱਸਯੂ-30 ਜਹਾਜ਼ ਨੂੰ ਭਾਰਤੀ ਹਵਾਈ ਫ਼ੌਜ ਦੀ ਰੀੜ੍ਹ ਮੰਨਿਆ ਜਾਂਦਾ ਹੈ। ਬ੍ਰਹਮੋਸ ਮਿਜ਼ਾਈਲ ਨੂੰ ਜੇ ਦੋਵਾਂ ਦੇਸ਼ਾਂ ਦੇ ਰੱਖਿਆ ਸਹਿਯੋਗ ਅਤੇ ਸੰਯੁਕਤ ਉਤਪਾਦਨ ਸਮਰੱਥਾਵਾਂ ਦਾ ਸਿਖਰ ਕਹਿ ਦਿੱਤਾ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ। ਇਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਨੇ ਆਪ੍ਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ’ਤੇ ਅਜਿਹਾ ਕਹਿਰ ਢਾਹਿਆ ਸੀ ਕਿ ਦੁਨੀਆ ਦੇ ਤਮਾਮ ਦੇਸ਼ ਇਸ ਨੂੰ ਖ਼ਰੀਦਣ ਲਈ ਕਤਾਰਬੱਧ ਹਨ।
ਬ੍ਰਹਮੋਸ ਨੂੰ ਹੋਰ ਉੱਨਤ ਅਤੇ ਮਾਰੂ ਬਣਾਉਣ ਦੀ ਪ੍ਰਕਿਰਿਆ ਵੀ ਪ੍ਰਗਤੀ ’ਤੇ ਹੈ। ਭਾਰਤ-ਰੂਸ ਰੱਖਿਆ ਸਾਂਝੇਦਾਰੀ ਦੀ ਨਿਰੰਤਰਤਾ ਅਤੇ ਸਥਿਰਤਾ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਇਹ ਸਾਂਝੇਦਾਰੀ ਹਰ ਕਸੌਟੀ ’ਤੇ ਖ਼ਰੀ ਉਤਰੀ ਹੈ। ਇਸ ਵਿਚ ਕਦੇ ਅੜਿੱਕਾ ਜਾਂ ਬੇਭਰੋਸਗੀ ਦਾ ਭਾਵ ਨਹੀਂ ਰਿਹਾ। ਇਹੀ ਕਾਰਨ ਹੈ ਕਿ ਦੂਜੇ ਦੇਸ਼ਾਂ ਤੋਂ ਰੱਖਿਆ ਖ਼ਰੀਦ ਦੇ ਨਾਲ ਹੀ ਅੱਜ ਵੀ ਭਾਰਤ ਲਈ ਰੂਸੀ ਫ਼ੌਜੀ ਸਾਜ਼ੋ-ਸਾਮਾਨ ਲਈ ਰੱਖ-ਰਖਾਅ ਅਤੇ ਪੁਰਜ਼ਿਆਂ ਦੀ ਜ਼ਰੂਰਤ ਬਣੀ ਹੋਈ ਹੈ। ਚੰਗੀ ਗੱਲ ਹੈ ਕਿ ਭਾਰਤ ਹੁਣ ਟੈਂਕਾਂ ਤੇ ਜੰਗੀ ਜਹਾਜ਼ਾਂ ਲਈ ਨਵੇਂ ਇੰਜਣਾਂ ਨੂੰ ਅਪਣਾਉਣ ਦੀ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ। ਰੂਸ ਦੁਆਰਾ ਨਵੇਂ ਇੰਜਣਾਂ ਦੇ ਵਿਕਾਸ ਕਾਰਨ ਭਾਰਤ ਨੂੰ ਵੀ ਆਪਣਾ ਬੇੜਾ ਉੱਨਤ ਬਣਾਉਣ ਦਾ ਮੌਕਾ ਮਿਲ ਰਿਹਾ ਹੈ। ਮਾਸਕੋ ਦੁਆਰਾ ਸੁਖੋਈ ਐੱਸਯੂ-30 ਐੱਮਕੇਆਈ ਬੇੜੇ ਲਈ ਉੱਨਤ ਏਐੱਲ-41 ਇੰਜਣਾਂ ਦੀ ਸਪਲਾਈ ਦਾ ਪ੍ਰਸਤਾਵ ਇਸੇ ਪਹਿਲ ਨਾਲ ਜੁੜਿਆ ਹੈ। ਕੋਈ ਵੀ ਸਾਂਝੇਦਾਰੀ ਪਰਸਪਰ ਹਿੱਤਾਂ ਨੂੰ ਸਨਮਾਨ ਦੇਣ ’ਤੇ ਹੀ ਵਧਦੀ-ਫੁੱਲਦੀ ਹੈ ਅਤੇ ਇਸ ਮਾਮਲੇ ਵਿਚ ਮਾਸਕੋ ਨੇ ਕਦੇ ਨਿਰਾਸ਼ ਨਹੀਂ ਕੀਤਾ। ਤਕਨੀਕੀ ਤਬਾਦਲੇ ਅਤੇ ਸਥਾਨਕ ਉਤਪਾਦਨ ਦੀ ਭਾਰਤ ਦੀ ਜ਼ਰੂਰਤ ਨੂੰ ਸਮਝਦੇ ਹੋਏ ਰੂਸ ਦੀ ਪ੍ਰਤੀਕਿਰਿਆ ਬਹੁਤ ਹਾਂ-ਪੱਖੀ ਰਹੀ ਹੈ।
ਸੁਖੋਈ ਐੱਸਯੂ-57 ਜਹਾਜ਼ਾਂ ਦੇ ਹਾਲੀਆ ਸੌਦੇ ਵਿਚ ਇਸ ਦੇ ਸੰਕੇਤ ਵੀ ਮਿਲੇ ਹਨ। ਸਮੁੰਦਰੀ ਮੁਹਾਜ਼ ’ਤੇ ਭਾਰਤ ਦੀਆਂ ਫ਼ੌਜੀ ਚੁਣੌਤੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਆਧੁਨਿਕ ਬੇੜਾ ਬਣਾਉਣ ਲਈ ਗੈਸ ਟਰਬਾਈਨ ਵਰਗੇ ਮੁੱਖ ਤੱਤਾਂ ਦੀ ਸਪਲਾਈ ਨੂੰ ਲੈ ਕੇ ਵੀ ਰੂਸ ਨੇ ਅਸਰਦਾਰ ਹੱਲ ਕੱਢਣ ਵਾਲੇ ਪਾਸੇ ਕਦਮ ਵਧਾਏ ਹਨ। ਆਪ੍ਰੇਸ਼ਨ ਸਿੰਧੂਰ ਦੌਰਾਨ ਐੱਸ-400 ਪ੍ਰਣਾਲੀ ਕਿੰਨੀ ਉਪਯੋਗੀ ਸਾਬਿਤ ਹੋਈ, ਉਸ ਨੂੰ ਫਿਰ ਤੋਂ ਦੱਸਣ ਦੀ ਜ਼ਰੂਰਤ ਨਹੀਂ।
ਰੂਸ ਦੀ ਇਸ ਕਾਰਗਰ ਹਥਿਆਰ ਪ੍ਰਣਾਲੀ ਦੀ ਮਹੱਤਤਾ ਨੂੰ ਸਮਝਦੇ ਹੋਏ ਹੀ ਭਾਰਤ ਨੇ ਇਸ ਦਾ ਬੇੜਾ ਵਧਾਉਣ ਦਾ ਫ਼ੈਸਲਾ ਕੀਤਾ ਹੈ। ਲਗਪਗ 120, 200, 250 ਅਤੇ 380 ਕਿੱਲੋਮੀਟਰ ਤੱਕ ਮਾਰ ਕਰਨ ਦੀ ਕਾਬਲੀਅਤ ਰੱਖਣ ਵਾਲੀ ਐੱਸ-400 ਖ਼ਰੀਦਣ ਨਾਲ ਜੁੜੇ ਸਮਝੌਤੇ ’ਤੇ ਚਰਚਾ ਜਾਰੀ ਹੈ। ਇਹ ਵਾਰਤਾ ਕਿਉਂਕਿ ਹਾਲੇ ਮੁੱਢਲੇ ਗੇੜ ਵਿਚ ਹੈ, ਇਸ ਲਈ ਉਸ ਵਿਚ ਕੁਝ ਸਮਾਂ ਲੱਗ ਸਕਦਾ ਹੈ।
ਇਸ ਤੋਂ ਇਲਾਵਾ ਯੂਕਰੇਨ ਜੰਗ ਵਿਚ ਰੂਸ ਦੇ ਫਸੇ ਹੋਣ ਕਾਰਨ ਵੀ ਇਸ ਵਿਚ ਕੁਝ ਦੇਰੀ ਹੋ ਸਕਦੀ ਹੈ। ਇਹ ਬਹੁਤ ਸੁਭਾਵਿਕ ਹੈ ਕਿ ਯੂਕਰੇਨ ਜੰਗ ਕਾਰਨ ਰੂਸ ਦੀ ਪਹਿਲੀ ਤਰਜੀਹ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਕਰਨ ਦੀ ਹੋਵੇਗੀ। ਇਸ ਦੇ ਬਾਵਜੂਦ ਭਾਰਤ ਦੀਆਂ ਜ਼ਰੂਰਤਾਂ ਨੂੰ ਲੈ ਕੇ ਰੂਸ ਦੀ ਕੋਈ ਉਦਾਸੀਨਤਾ ਨਹੀਂ ਦਿਸੀ।
ਇਹ ਸਿਖਰ ਸੰਮੇਲਨ ਉਸ ਦੀਆਂ ਵਚਨਬੱਧਤਾਵਾਂ ’ਤੇ ਨਵੇਂ ਸਿਰੇ ਤੋਂ ਚਾਨਣਾ ਪਾਉਣ ਦਾ ਹੀ ਕੰਮ ਕਰੇਗਾ। ਇਹ ਸਹੀ ਹੈ ਕਿ ਬਦਲੇ ਹੋਏ ਆਲਮੀ ਹਾਲਾਤ ਅਤੇ ਰੱਖਿਆ ਸਾਜ਼ੋ-ਸਾਮਾਨ ਦੀ ਖ਼ਰੀਦਦਾਰੀ ਵਿਚ ਵੰਨ-ਸੁਵੰਨਤਾ ਦੇ ਭਾਰਤੀ ਯਤਨਾਂ ਦੌਰਾਨ ਰੂਸ ਦੀ ਭਾਰਤੀ ਹਥਿਆਰ ਬਾਜ਼ਾਰ ਵਿਚ ਹਿੱਸੇਦਾਰੀ ਘੱਟ ਹੋ ਰਹੀ ਹੈ, ਪਰ ਉਹ ਇਕ ਪ੍ਰਮੁੱਖ ਸਪਲਾਈਕਰਤਾ ਤਾਂ ਬਣਿਆ ਹੀ ਰਹੇਗਾ।
-ਹਰਸ਼. ਵੀ. ਪੰਤ
-(ਲੇਖਕ ਅਬਜ਼ਰਵਰ ਰਿਸਰਚ ਫਾਊਂਡੇਸ਼ਨ ਵਿਚ ਉਪ ਮੁਖੀ ਹੈ)।
-response@jagran.com