ਰਾਹ ’ਚ ਬਹੁਤ ਸਾਰੇ ਅੜਿੱਕੇ ਤੇ ਪਰੇਸ਼ਾਨੀਆਂ ਆ ਸਕਦੀਆਂ ਹਨ ਪਰ ਸਾਨੂੰ ਆਪਣਾ ਰਾਹ ਨਹੀਂ ਛੱਡਣਾ ਚਾਹੀਦਾ। ਲਗਾਤਾਰ ਆਪਣੀ ਮੰਜ਼ਿਲ ਵੱਲ ਕਦਮ ਵਧਾਉਣੇ ਚਾਹੀਦੇ ਹਨ। ਇਸ ਲਈ ਸਾਨੂੰ ਆਪਣੇ ਅੰਦਰ ਧੀਰਜ ਅਤੇ ਸਬਰ ਦੇ ਗੁਣ ਪੈਦਾ ਕਰਨੇ ਪੈਣਗੇ।

ਸਫ਼ਲਤਾਵਾਂ ਤੇ ਅਸਫ਼ਲਤਾਵਾਂ ਮਨੁੱਖੀ ਜ਼ਿੰਦਗੀ ਦਾ ਹਿੱਸਾ ਹਨ। ਜ਼ਿੰਦਗੀ ਵਿਚ ਸਫ਼ਲ ਹੋਣ ਲਈ ਸਕਾਰਾਤਮਕ ਰਹਿਣਾ ਬਹੁਤ ਜ਼ਰੂਰੀ ਹੈ। ਮਨੁੱਖ ਅਸਫ਼ਲਤਾਵਾਂ ਤੋਂ ਘਬਰਾਉਂਦਾ ਹੋਇਆ ਚੁਣੌਤੀਆਂ ਨਾਲ ਬਿਨਾਂ ਲੜੇ ਹਾਰਦਾ ਨਜ਼ਰ ਆਉਂਦਾ ਹੈ। ਸਾਨੂੰ ਆਪਣੇ ਆਪ ਵਿਚ ਦੇਖਣ ਦੀ ਜ਼ਰੂਰਤ ਹੈ ਕਿ ਸਾਡੇ ਵਿਚ ਘਾਟ ਕਿੱਥੇ ਹੈ। ਜਦੋਂ ਤੁਸੀਂ ਆਪਣੇ ਵਿਚਾਰਾਂ ਵਿਚੋਂ ਨਾਂਹ ਸ਼ਬਦ ਨੂੰ ਹਟਾ ਦਿੰਦੇ ਹੋ ਤਾਂ ਜਿੱਤ ਦਾ ਅਗਲਾ ਨੰਬਰ ਤੁਹਾਡਾ ਹੁੰਦਾ ਹੈ। ਕਾਮਯਾਬ ਹੋਏ ਨੌਜਵਾਨਾਂ ਨੇ ਨਕਾਰਾਤਮਕ ਸੋਚ ਤੋਂ ਬਚ ਕੇ ਜ਼ਿੰਦਗੀ ਵਿਚ ਕਾਮਯਾਬੀ ਦਾ ਮੀਲ ਪੱਥਰ ਗੱਡਿਆ। ਜਦੋਂ ਅਸੀਂ ਆਪਣੀ ਉਸਾਰੂ ਸੋਚ ਨੂੰ ਸਹੀ ਢੰਗ ਨਾਲ ਵਰਤਦੇ ਹਾਂ ਤਾਂ ਅਸੀਂ ਹਰ ਖੇਤਰ ਵਿਚ ਕਾਮਯਾਬ ਹੁੰਦੇ ਚਲੇ ਜਾਂਦੇ ਹਾਂ। ਨੌਜਵਾਨਾਂ ਨੂੰ ਜ਼ਰੂਰਤ ਹੈ ਆਪਣੇ ਵਿਚਾਰਾਂ ਵਿਚ ਸਕਾਰਾਤਮਕ ਸੋਚ ਨੂੰ ਲਿਆਉਣ ਦੀ। ਤੁਸੀਂ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਦਿਨ-ਰਾਤ ਮਿਹਨਤ ਕਰੋ। ਤੁਹਾਡੇ ਵੱਲੋਂ ਸਕਾਰਾਤਮਕ ਤਰੀਕੇ ਨਾਲ ਕੀਤੇ ਕੰਮ ਦੇ ਚੰਗੇ ਨਤੀਜੇ ਵਧੇਰੇ ਆਉਣਗੇ। ਜਿਹੜੇ ਵਿਅਕਤੀ ਦੂਜਿਆਂ ਕਾਰਨ ਪਰੇਸ਼ਾਨ ਰਹਿੰਦੇ ਹਨ, ਉਨ੍ਹਾਂ ਨੂੰ ਦੂਜਿਆਂ ਬਾਰੇ ਸੋਚਣਾ ਬੰਦ ਕਰ ਦੇਣਾ ਚਾਹੀਦਾ ਹੈ। ਕਿਉਂਕਿ ਇਹ ਜ਼ਿੰਦਗੀ ਤੁਹਾਡੀ ਹੈ, ਇਸ ਜ਼ਿੰਦਗੀ ਦੇ ਮਾਲਕ ਤੁਸੀਂ ਆਪ ਹੋ। ਆਪਣੇ ਆਪ ਨਾਲ ਖ਼ੁਸ਼ ਰਹਿਣ ਦੀ ਆਦਤ ਪਾ ਲਵੋ ਤਾਂ ਜ਼ਿੰਦਗੀ ਵਿਚ ਅੱਗੇ ਵਧਦੇ ਜਾਓਗੇ। ਅਸੀਂ ਦੇਖਦੇ ਹਾਂ ਕਿ ਜੋ ਮਨੁੱਖ ਜ਼ਿੰਦਗੀ ਵਿਚ ਕਾਮਯਾਬ ਹੈ ਉਸ ਵਿਚ ਨਿਮਰਤਾ ਵਧੇਰੇ ਹੈ। ਨਿਮਰ ਰਹਿਣ ਦੇ ਲਈ ਆਪਣੇ ਆਪ ਨੂੰ ਖ਼ੁਸ਼ ਰੱਖਣ ਦੀ ਆਦਤ ਪਾਓ। ਖ਼ੁਸ਼ ਰਹਿਣ ਲਈ ਆਪਣੇ ਵਿਹਲੇ ਸਮੇਂ ਦੀ ਸਹੀ ਵਰਤੋਂ ਕਰੋ। ਵਿਹਲੇ ਸਮੇਂ ਦੀ ਵਰਤੋਂ ਤੁਸੀਂ ਆਮ ਲੋਕਾਂ ਦੀ ਮਦਦ ਕਰ ਕੇ ਵੀ ਕਰ ਸਕਦੇ ਹੋ। ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ ਵਿਚ ਰੁੱਝਿਆ ਰੱਖੋ। ਜੇਕਰ ਤੁਸੀਂ ਇਕ ਟੀਚਾ ਤੈਅ ਕੀਤਾ ਹੈ ਤਾਂ ਤੁਹਾਨੂੰ ਮਾੜੀ ਸੰਗਤ ਤੋਂ ਬਚਣਾ ਚਾਹੀਦਾ ਹੈ। ਇਸ ਦਾ ਇਕੋ-ਇਕ ਤਰੀਕਾ ਹੈ ਕਿ ਆਪਣੇ ਟੀਚਿਆਂ ਪ੍ਰਤੀ ਜਨੂਨ ਪੈਦਾ ਕਰੋ। ਤੁਸੀਂ ਵਿਹਲੇ ਰਹਿੰਦੇ ਹੋ ਤਾਂ ਮਾੜੇ ਕੰਮਾਂ ਵੱਲ ਧਿਆਨ ਵੱਧ ਜਾਂਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਜੋ ਕੁਝ ਕਰਨਾ ਚਾਹੁੰਦੇ ਹਾਂ ਉਹ ਕਰ ਨਹੀਂ ਪਾਉਂਦੇ। ਅਸੀਂ ਜਾਣਦੇ ਹਾਂ ਕਿ ਸਾਨੂੰ ਸਖ਼ਤ ਮਿਹਨਤ ਦੀ ਜ਼ਰੂਰਤ ਹੈ ਪਰ ਫਿਰ ਵੀ ਅਸੀਂ ਮਿਹਨਤ ਤੋਂ ਦੂਰ ਭੱਜਦੇ ਹਾਂ ਤੇ ਕਾਮਯਾਬੀ ਸਾਡੇ ਤੋਂ ਦੂਰ ਹੁੰਦੀ ਜਾਂਦੀ ਹੈ। ਸਾਨੂੰ ਪਤਾ ਹੈ ਕਿ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਪਰ ਫਿਰ ਵੀ ਅਸੀਂ ਇਸ ਨੂੰ ਟਾਲ਼ਦੇ ਹਾਂ ਤੇ ਬਹੁਤ ਸਾਰਾ ਸਮਾਂ ਸੋਸ਼ਲ ਸਾਈਟਸ ’ਤੇ ਜਾ ਕੇ ਖ਼ਰਾਬ ਕਰ ਦਿੰਦੇ ਹਾਂ । ਅਸੀਂ ਸਮੇਂ ਦੀ ਕਦਰ ਨਹੀਂ ਕਰਦੇ ਹਾਂ। ਸਾਨੂੰ ਖ਼ੁਦ ਨੂੰ ਸਕਾਰਾਤਮਕ ਰੱਖਣ ਲਈ ਅਜਿਹੇ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਲਗਾਤਾਰ ਸਾਨੂੰ ਟੀਚੇ ਤੋਂ ਦੂਰ ਲਿਜਾਣ ਦੀ ਕੋਸ਼ਿਸ਼ ਕਰਦੇ ਹਨ। ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਕਾਮਯਾਬੀ ਜਲਦ ਨਹੀਂ ਮਿਲਦੀ। ਇਸ ਲਈ ਲੰਬੇ ਸਮੇਂ ਤੱਕ ਮਿਹਨਤ ਕਰਨੀ ਪੈਂਦੀ ਹੈ।
ਰਾਹ ’ਚ ਬਹੁਤ ਸਾਰੇ ਅੜਿੱਕੇ ਤੇ ਪਰੇਸ਼ਾਨੀਆਂ ਆ ਸਕਦੀਆਂ ਹਨ ਪਰ ਸਾਨੂੰ ਆਪਣਾ ਰਾਹ ਨਹੀਂ ਛੱਡਣਾ ਚਾਹੀਦਾ। ਲਗਾਤਾਰ ਆਪਣੀ ਮੰਜ਼ਿਲ ਵੱਲ ਕਦਮ ਵਧਾਉਣੇ ਚਾਹੀਦੇ ਹਨ। ਇਸ ਲਈ ਸਾਨੂੰ ਆਪਣੇ ਅੰਦਰ ਧੀਰਜ ਅਤੇ ਸਬਰ ਦੇ ਗੁਣ ਪੈਦਾ ਕਰਨੇ ਪੈਣਗੇ। ਜੇ ਹਾਲਾਤ ਸਾਡੇ ਹਿਤ ’ਚ ਨਹੀਂ ਹਨ ਤਾਂ ਉਨ੍ਹਾਂ ਨੂੰ ਆਪਣੇ ਹਿਤ ’ਚ ਕਰਨ ਲਈ ਮਿਹਨਤ ਕਰਨੀ ਚਾਹੀਦੀ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਵਿਸ਼ਵ ’ਚ ਅਜਿਹਾ ਕੋਈ ਕੰਮ ਨਹੀਂ ਹੈ, ਜਿਸ ਨੂੰ ਇਨਸਾਨ ਨਾ ਕਰ ਸਕੇ। ਦਿਲ ’ਚ ਕੰਮਾਂ ਪ੍ਰਤੀ ਜਨੂਨ ਤੇ ਲਗਨ ਹੋਣੀ ਚਾਹੀਦੀ ਹੈ।
ਸਕਾਰਾਤਮਕਤਾ ਆਪਣੇ ’ਤੇ ਵਿਸ਼ਵਾਸ ਕਰਨ ਨਾਲ ਹੀ ਪੈਦਾ ਹੁੰਦੀ ਹੈ। ਵੱਧ ਮਿਹਨਤ ਕਰਨ ਦੀ ਸਮਰੱਥਾ ਹੀ ਸਾਨੂੰ ਸਕਾਰਾਤਮਕ ਬਣਾ ਸਕਦੀ ਹੈ। ਇਹ ਯਾਦ ਰੱਖੋ ਕਿ ਤੁਹਾਡੇ ਵੱਲੋਂ ਕੀਤਾ ਗਿਆ ਕੋਈ ਕੰਮ ਫਲ ਨਾ ਦੇਵੇ, ਇਹ ਹੋ ਹੀ ਨਹੀਂ ਸਕਦਾ। ਸਭ ਕੁਝ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕੰਮ ਨੂੰ ਕਿਵੇਂ ਕਰਦੇ ਹੋ। ਜ਼ਿੰਦਗੀ ਪ੍ਰਤੀ ਤੁਹਾਡਾ ਨਜ਼ਰੀਆ ਬਹੁਤ ਮਹੱਤਵਪੂਰਨ ਹੁੰਦਾ ਹੈ। ਜ਼ਿੰਦਗੀ ’ਚ ਸਕਾਰਾਤਮਕਤਾ ਲਿਆ ਕੇ ਤੁਸੀਂ ਜੀਵਨ ਨੂੰ ਆਨੰਦਿਤ ਬਣਾ ਸਕਦੇ ਹੋ ਤੇ ਕੋਈ ਵੀ ਟੀਚਾ ਹਾਸਲ ਕਰ ਸਕਦੇ ਹੋੋ।
-ਡਾ. ਬਿਕਰਮਜੀਤ।