ਅੱਗ ਲਾਉਣ ਵਾਲੇ ਕਿਸਾਨਾਂ ਦੀਆਂ ਆਪਣੀਆਂ ਦਲੀਲਾਂ ਹਨ। ਝੋਨੇ ਤੇ ਕਣਕ ਦੀ ਰਹਿੰਦ-ਖੂੰਹਦ ਨੂੰ ਟਿਕਾਣੇ ਲਾਉਣ ਦਾ ਆਰਥਿਕ ਖ਼ਰਚਾ ਕਾਫ਼ੀ ਦੱਸਿਆ ਜਾਂਦਾ ਹੈ। ਪਰ ਦੂਜੇ ਪਾਸੇ ਅਜਿਹੇੇ ਕਿਸਾਨ ਵੀ ਹਨ ਜਿਹੜੇ ਵਰ੍ਹਿਆਂ ਤੋਂ ਖੇਤਾਂ ਵਿਚ ਅੱਗ ਨਹੀਂ ਲਾ ਰਹੇ। ਉਨ੍ਹਾਂ ਦਾ ਤਰਕ ਹੈ ਕਿ ਇਹ ਕੋਈ ਵੱਡੀ ਸਮੱਸਿਆ ਨਹੀਂ।
ਪਿਛਲੇ ਕੁਝ ਸਾਲਾਂ ਤੋਂ ਝੋਨੇ ਦੀ ਪਰਾਲੀ ਤੇ ਕਣਕ ਦੇ ਨਾੜ ਨੂੰ ਖੇਤਾਂ ਵਿਚ ਅੱਗ ਲਾਏ ਜਾਣ ਦਾ ਮਸਲਾ ਉੱਭਰਵੇਂ ਰੂਪ ਵਿਚ ਸਾਹਮਣੇ ਆਇਆ ਹੈ। ਕੰਬਾਈਨਾਂ ਰਾਹੀਂ ਕਣਕ ਜਾਂ ਝੋਨੇ ਦੀ ਕਟਾਈ ਕਾਰਨ ਇਹ ਸਮੱਸਿਆ ਆਉਣ ਲੱਗੀ ਹੈ। ਇਸ ਨਾਲ ਵਾਤਾਵਰਨ ਸਬੰਧੀ ਵੱਡੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ । ਓਥੇ ਹੀ ਧੂੰਏਂ ਅਤੇ ਅੱਗ ਕਾਰਨ ਕਈ ਵਾਰ ਹਾਦਸੇ ਵੀ ਵਾਪਰਦੇ ਹਨ, ਜਿਨ੍ਹਾਂ ਵਿਚ ਮਨੁੱਖੀ ਜਾਨਾਂ ਚਲੀਆਂ ਜਾਂਦੀਆਂ ਹਨ। ਪਰਾਲੀ ਜਾਂ ਨਾੜ ਸਾੜੇ ਜਾਣ ਕਾਰਨ ਪੈਦਾ ਹੋਇਆ ਧੂੰਆਂ ਅੰਤਰਰਾਜੀ ਟਕਰਾਅ ਦਾ ਕਾਰਨ ਵੀ ਬਣਦਾ ਹੈ। ਅਕਤੂਬਰ-ਨਵੰਬਰ ਦੇ ਮਹੀਨਿਆਂ ਵਿਚ ਦਿੱਲੀ ਦਾ ਪ੍ਰਦੂਸ਼ਣ ਜਦੋਂ ਹੱਦਾਂ ਟੱਪਦਾ ਹੈ ਉਦੋਂ ਇਸ ਲਈ ਪੰਜਾਬ ਵਿਚ ਸਾੜੀ ਜਾ ਰਹੀ ਪਰਾਲੀ ਦੇ ਧੂੰਏਂ ਨੂੰ ਜ਼ਿੰਮੇਵਾਰ ਦੱਸਿਆ ਜਾਂਦਾ ਹੈ।
ਅਕਤੂਬਰ ਮਹੀਨੇ ਜਦੋਂ ਦਿੱਲੀ ਦਾ ਏਕਿਊਆਈ 500 ਤੱਕ ਜਾ ਢੁੱਕਾ ਤਾਂ ਓਥੋਂ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਦੱਸਿਆ, ਜਦਕਿ ਪੰਜਾਬ ਸਰਕਾਰ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਝੂਠਾ ਇਲਜ਼ਾਮ ਹੈ, ਕਿਉਂਕਿ ਉਦੋਂ ਅਜੇ 70 ਫ਼ੀਸਦੀ ਦੇ ਆਸ-ਪਾਸ ਝੋਨੇ ਦੀ ਫ਼ਸਲ ਦੀ ਕਟਾਈ ਹੋਣੀ ਬਾਕੀ ਸੀ। ਸਰਕਾਰ ਦਾ ਇਹ ਵੀ ਦਾਅਵਾ ਹੈ ਕਿ ਇਸ ਵਾਰ ਅੱਗ ਲਾਉਣ ਦੇ ਮਾਮਲਿਆਂ ਵਿਚ ਚਾਰ ਗੁਣਾ ਤੱਕ ਕਮੀ ਆਈ ਹੈ। ਮਾਮਲਾ ਮਾਣਯੋਗ ਸੁਪਰੀਮ ਕੋਰਟ ਦੇ ਧਿਆਨ ਵਿਚ ਵੀ ਹੈ। ਉਥੋਂ ਵੀ ਇਸ ਵਰਤਾਰੇ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ ਦੇ ਆਦੇਸ਼ ਆ ਰਹੇ ਹਨ। ਗਰੀਨ ਟ੍ਰਿਬਿਊਨਲ ਵੀ ਇਸ ’ਤੇ ਬਾਕਾਇਦਾ ਨਜ਼ਰ ਰੱਖ ਰਿਹਾ ਹੈ। ਖੇਤਾਂ ਵਿਚ ਰਹਿੰਦ-ਖੂੰਹਦ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਪ੍ਰਤੀ ਸਖ਼ਤੀ ਵਰਤੀ ਜਾ ਰਹੀ ਹੈ। ਸੈਟੇਲਾਈਟ ਰਾਹੀਂ ਅੱਗ ਲਾਉਣ ਦੇ ਮਾਮਲਿਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਕਿਸਾਨਾਂ ਨੂੰ ਜੁਰਮਾਨੇ ਕੀਤੇ ਜਾ ਰਹੇ ਹਨ। ਜਿਸ ਕਰਕੇ ਕਿਸਾਨ ਯੂਨੀਅਨਾਂ ਦਾ ਵੀ ਪ੍ਰਸ਼ਾਸਨ ਤੇ ਸਰਕਾਰ ਨਾਲ ਟਕਰਾਅ ਚੱਲਦਾ ਹੈ।
ਅੱਗ ਲਾਉਣ ਵਾਲੇ ਕਿਸਾਨਾਂ ਦੀਆਂ ਆਪਣੀਆਂ ਦਲੀਲਾਂ ਹਨ। ਝੋਨੇ ਤੇ ਕਣਕ ਦੀ ਰਹਿੰਦ-ਖੂੰਹਦ ਨੂੰ ਟਿਕਾਣੇ ਲਾਉਣ ਦਾ ਆਰਥਿਕ ਖ਼ਰਚਾ ਕਾਫ਼ੀ ਦੱਸਿਆ ਜਾਂਦਾ ਹੈ। ਪਰ ਦੂਜੇ ਪਾਸੇ ਅਜਿਹੇੇ ਕਿਸਾਨ ਵੀ ਹਨ ਜਿਹੜੇ ਵਰ੍ਹਿਆਂ ਤੋਂ ਖੇਤਾਂ ਵਿਚ ਅੱਗ ਨਹੀਂ ਲਾ ਰਹੇ। ਉਨ੍ਹਾਂ ਦਾ ਤਰਕ ਹੈ ਕਿ ਇਹ ਕੋਈ ਵੱਡੀ ਸਮੱਸਿਆ ਨਹੀਂ। ਇਸ ਰਹਿੰਦ-ਖੂੰਹਦ ਦਾ ਸਹਿਜੇ ਹੱਲ ਹੋ ਸਕਦਾ ਹੈ, ਬੱਸ ਇੱਛਾ ਅਤੇ ਦਿੜ੍ਹ ਇਰਾਦੇ ਦੀ ਲੋੜ ਹੈ। ਖੇਤੀ ਵਿਰਾਸਤ ਮਿਸ਼ਨ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਕਿਸਾਨਾਂ ਨੂੰ ਅੱਗ ਨਾ ਲਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਮਿਸ਼ਨ ਵੱਲੋਂ ਸਿਰਫ਼ ਜ਼ੁਬਾਨੀ ਸਲਾਹ ਨਹੀਂ ਦਿੱਤੀ ਜਾ ਰਹੀ ਸਗੋਂ ਇਸ ਲਈ ਲੁੜੀਂਦੀ ਮਸ਼ੀਨਰੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਵਾਰ ਇਸ ਸੰਸਥਾ ਵੱਲੋਂ ਸ੍ਰੀ ਮੁਕਤਸਰ ਜ਼ਿਲ੍ਹੇ ਅੰਦਰ ਇਹ ਕੰਮ ਕੀਤਾ ਜਾ ਰਿਹਾ ਹੈ। ਸੰਸਥਾ ਵੱਲੋਂ ਜ਼ਿਲ੍ਹੇ ਦੇ 16 ਪਿੰਡਾਂ ਵਿਚ ਕਿਸਾਨਾਂ ਨੂੰ ਪਰਾਲੀ ਖੇਤਾਂ ਵਿਚੋਂ ਹਟਾਏ ਬਿਨਾਂ ਹੀ ਕਣਕ ਦੀ ਬਿਜਾਈ ਦੀ ਟਰੇਨਿੰਗ ਤੇ ਸੰਦ ਮੁਹੱਈਆ ਕਰਵਾਏ ਜਾ ਰਹੇ ਹਨ। ਖੇਤੀ ਵਿਰਾਸਤ ਮਿਸ਼ਨ ਦੇ ਇਸ ਪ੍ਰੋਜੈਕਟ ਦੇ ਇੰਚਾਰਜ ਸੌਰਭ ਸੈਣੀ ਦੱਸਦੇ ਹਨ ਕਿ ਇਸ ਕੋਸ਼ਿਸ਼ ਤਹਿਤ ਇਨ੍ਹਾਂ 16 ਪਿੰਡਾਂ ਵਿਚ 300 ਏਕੜ ਤੋਂ ਵੱਧ ਖੇਤਾਂ ਵਿਚ ਪਰਾਲੀ ਨਹੀਂ ਸਾੜੀ ਗਈ ਤੇ ਵਿਸ਼ੇਸ਼ ਮਸ਼ੀਨਾਂ ਰਾਹੀਂ ਪਰਾਲੀ ਖੇਤ ਵਿੱਚੋਂ ਹਟਾਏ ਬਿਨਾਂ ਕਣਕ ਬੀਜੀ ਗਈ ਹੈ।
ਟਰੇਨਰ ਗੋਰਾ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ 16 ਪਿੰਡਾਂ ਦੇ 160 ਕਿਸਾਨਾਂ ਨੂੰ ਇਸ ਲਈ ਤਿਆਰ ਕੀਤਾ ਗਿਆ। ਇਸ ਤਹਿਤ 160 ਏਕੜ ਰਕਬੇ ਵਿਚ ਪਰਾਲੀ ਸਾੜੇ ਬਿਨਾਂ ਬਿਜਾਈ ਦਾ ਟੀਚਾ ਸੀ ਪਰ ਇਸ ਪਹਿਲ ਨੂੰ ਉਤਸ਼ਾਹਜਨਕ ਹੁੰਗਾਰਾ ਮਿਲਿਆ ਤੇ ਹੁਣ ਤੱਕ 300 ਤੋਂ ਵੱੱਧ ਏਕੜ ਵਿਚ ਇਸ ਤਰੀਕੇ ਨਾਲ ਬਿਜਾਈ ਕੀਤੀ ਜਾ ਚੁੱਕੀ ਹੈ। ਬਹੁਤ ਸਾਰੇ ਹੋਰ ਕਿਸਾਨਾਂ ਨੇ ਇਨ੍ਹਾਂ ਕਿਸਾਨਾਂ ਤੋਂ ਪ੍ਰਭਾਵਿਤ ਹੋ ਕੇ ਪਰਾਲੀ ਨਹੀਂ ਸਾੜੀ। ਇਸ ਕੰਮ ਵਿਚ 3ਐੱਸ, ਸਮਾਰਟ ਸੀਡਰ ਅਤੇ ਹੈਪੀ ਸੀਡਰ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਲਈ ਤਿੰਨ-ਤਿੰਨ 3 ਐੱਸ ਅਤੇ ਸਮਾਰਟ ਸੀਡਰ ਖੇਤੀ ਵਿਰਾਸਤ ਮਿਸ਼ਨ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਹਨ। ਪਰਾਲੀ ਗਾਲਣ ਲਈ ਡੀਕੰਪੋਜ਼ਰ ਵੀ ਖੇਤੀ ਵਿਰਾਸਤ ਮਿਸ਼ਨ ਵੱਲੋਂ ਇਕ-ਇਕ ਏਕੜ ਲਈ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਪਿੰਡ ਗੁੜ੍ਹੀ ਸੰਘਰ ਦੇ ਕਿਸਾਨ ਪ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਖੇਤ ਵਿਚੋਂ ਪਰਾਲੀ ਹਟਾਏ ਬਿਗੈਰ ਚੌਪਰ ਸੀਡਰ ਨਾਲ ਕਣਕ ਬੀਜਣ ਦਾ ਤਜਰਬਾ ਬਹੁਤ ਵਧੀਆ ਰਿਹਾ ਹੈ। ਪਿੰਡ ਵਿਚ 25 ਏਕੜ ਕਣਕ ਇਸ ਤਕਨੀਕ ਨਾਲ ਬੀਜੀ ਗਈ ਹੈ। ਕਣਕ ਬਹੁਤ ਵਧੀਆ ਉੱਗੀ ਹੈ। ਇਸ ਤਰ੍ਹਾਂ ਪਰਾਲੀ ਰੂਪ ਵਿਚ ਪੋਸ਼ਕ ਤੱਤ ਖੇਤ ਵਿਚ ਹੀ ਰਹਿ ਗਏ ਜਿਸ ਨਾਲ ਕਣਕ ਤੇ ਉਸ ਤੋਂ ਅਗਲੀ ਫ਼ਸਲ ਵਧੀਆ ਹੋਵੇਗੀ। ਉਨ੍ਹਾਂ ਕਿਹਾ ਕਿ ਮਲਚਿੰਗ ਕਰਕੇ (ਖੇਤ ਨੂੰ ਪਰਾਲੀ ਨਾਲ ਢੱਕ ਕੇ) ਕਣਕ ਬੀਜਣ ਨਾਲ ਪਰਾਲੀ ਦੀ ਸਮੱਸਿਆ ਦਾ ਹੱਲ ਹੋ ਜਾਂਦਾ ਹੈ ਤੇ ਫ਼ਸਲ ਵੀ ਚੰਗੀ ਹੁੰਦੀ ਹੈ।
ਵਾਤਾਵਰਨ ਦੇ ਪੱਖ ਤੋਂ ਇਹ ਕਾਫ਼ੀ ਵੱਡੀ ਸਮੱਸਿਆ ਹੈ। ਇਸ ਦਾ ਹੱਲ ਲੱਭਿਆ ਹੀ ਜਾਣਾ ਚਾਹੀਦਾ ਹੈ। ਕਿਸਾਨਾਂ ਨੂੰ ਇਹ ਕੰਮ ਕਿਸੇ ਹੋਰ ਲਈ ਨਹੀਂ ਸਗੋਂ ਆਪਣੇ ਲਈ ਕਰਨਾ ਚਾਹੀਦਾ ਹੈ, ਕਿਉਂਕਿ ਧੂੰਏਂ ਜਾਂ ਅੱਗ ਦਾ ਸਭ ਤੋਂ ਪਹਿਲਾ ਸ਼ਿਕਾਰ ਉਹ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੀ ਹੁੰਦੇ ਹਨ। ਕਿੰਨੇ ਹੀ ਜੀਵ ਜੰਤੂ ਤੇ ਪੰਛੀ ਇਸ ਅੱਗ ਦਾ ਸ਼ਿਕਾਰ ਹੁੰਦੇ ਹਨ। ਖੇਤਾਂ ਦੇ ਆਲੇ-ਦੁਆਲੇ ਜਾਂ ਸੜਕਾਂ ਕਿਨਾਰੇ ਲੱਗੇ ਰੁੱਖ ਝੁਲਸ ਜਾਂਦੇ ਹਨ। ਇਸ ਤੋਂ ਵੱਡੀ ਗੱਲ ਕਿ ਅੱਗ ਲਾਉਣ ਨਾਲ ਖੇਤਾਂ ਵਿਚਲੇ ਕਿੰਨੇ ਪੋਸ਼ਕ ਤੱਤ ਤੇ ਸੂਖਮ ਜੀਵ ਮਰ ਜਾਂਦੇ ਹਨ ਅਤੇ ਇਨ੍ਹਾਂ ਦੀ ਪੂਰਤੀ ਲਈ ਮਗਰੋਂ ਰੇਹਾਂ ਤੇ ਹੋਰ ਜੈਵਿਕ ਪਦਾਰਥਾਂ ’ਤੇ ਖ਼ਰਚਾ ਕਰਨਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦੀਆਂ ਖੇਤੀ ਲਾਗਤਾਂ ਲਗਾਤਾਰ ਵਧ ਰਹੀਆਂ ਹਨ। ਇਹ ਇਕ ਅਜਿਹੀ ਸਮੱਸਿਆ ਹੈ ਜਿਸ ਦਾ ਹੱਲ ਸਭ ਨੂੰ ਰਲ਼ ਮਿਲ ਕੇ ਕੱਢਣਾ ਚਾਹੀਦਾ ਹੈ।
ਇਕ-ਦੂਜੀ ਧਿਰ ਨੂੰ ਜ਼ਿੰਮੇਵਾਰ ਦੱਸ ਕੇ, ਕਿਸਾਨਾਂ ਨੂੰ ਸਜ਼ਾਵਾਂ ਦੇ ਕੇ ਇਹ ਮਸਲਾ ਹੱਲ ਨਹੀਂ ਹੋ ਸਕਦਾ। ਪਰਾਲੀ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਕਿਸਾਨਾਂ ਨੂੰ ਆਰਥਿਕ ਸਹਾਇਤਾ, ਲੋੜੀਂਦੀ ਮਸ਼ੀਨਰੀ ਤੇ ਤਕਨੀਕੀ ਸਹਿਯੋਗ ਵੱਡੇ ਪੱਧਰ ’ਤੇ ਮੁਹੱਈਆ ਕਰਵਾਉਣ ਦੇ ਉਪਰਾਲੇ ਹੋਣੇ ਚਾਹੀਦੇ ਹਨ। ਕਿਸਾਨ ਜਿਹੜੀਆਂ ਦਿੱਕਤਾਂ ਦਾ ਜ਼ਿਕਰ ਕਰਦੇ ਹਨ, ਉਨ੍ਹਾਂ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ। ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਆਰਥਿਕ ਪ੍ਰੋਤਸਾਹਨ ਤੇ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ, ਜਿਸ ਨਾਲ ਹੋਰਨਾਂ ਨੂੰ ਪ੍ਰੇਰਨਾ ਮਿਲੇਗੀ।
-ਹਰਮੇਲ ਪਰੀਤ
ਮੋਬਾਈਲ : 94173-33316