ਰਾਸ਼ਟਰੀ ਵੋਟਰ ਦਿਵਸ ਹਰ ਸਾਲ ਪੱਚੀ ਜਨਵਰੀ ਨੂੰ ਮਨਾਇਆ ਜਾਂਦਾ ਹੈ। ਸੰਨ 1950 ’ਚ ਇਸੇ ਮਿਤੀ ਨੂੰ ਭਾਰਤ ਦੇ ਚੋਣ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ। ਸਾਡੇ ਦੇਸ਼ ਵਿਚ 25 ਜਨਵਰੀ 2011 ਨੂੰ ਪਹਿਲੀ ਵਾਰ ਰਾਸ਼ਟਰੀ ਵੋਟਰ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਦਾ ਮੁੱਖ ਮਕਸਦ ਨੌਜਵਾਨ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਸਬੰਧੀ ਜਾਗਰੂਕ ਕਰਨਾ ਹੈ।

ਰਾਸ਼ਟਰੀ ਵੋਟਰ ਦਿਵਸ ਹਰ ਸਾਲ ਪੱਚੀ ਜਨਵਰੀ ਨੂੰ ਮਨਾਇਆ ਜਾਂਦਾ ਹੈ। ਸੰਨ 1950 ’ਚ ਇਸੇ ਮਿਤੀ ਨੂੰ ਭਾਰਤ ਦੇ ਚੋਣ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ। ਸਾਡੇ ਦੇਸ਼ ਵਿਚ 25 ਜਨਵਰੀ 2011 ਨੂੰ ਪਹਿਲੀ ਵਾਰ ਰਾਸ਼ਟਰੀ ਵੋਟਰ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਦਾ ਮੁੱਖ ਮਕਸਦ ਨੌਜਵਾਨ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਸਬੰਧੀ ਜਾਗਰੂਕ ਕਰਨਾ ਹੈ। ਹਰੇਕ ਸਾਲ ਕੌਮੀ ਵੋਟਰ ਦਿਵਸ ਮੌਕੇ ਨੂੰ ਉਨ੍ਹਾਂ ਨੂੰ ਵਿਸ਼ੇਸ਼ ਸਮਾਰੋਹਾਂ ਰਾਹੀਂ ਵੋਟਰ ਕਾਰਡਾਂ ਦੀ ਵੰਡ ਕੀਤੀ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਸੱਭਿਆਚਾਰਕ ਪ੍ਰੋਗਰਾਮ ਕਰਵਾ ਕੇ ਉਨ੍ਹਾਂ ਵਿਚ ਭਾਰਤੀ ਲੋਕਤੰਤਰੀ ਪ੍ਰਣਾਲੀ ਬਾਰੇ ਜਾਗਰੂਕਤਾ ਫੈਲਾਈ ਜਾਂਦੀ ਹੈ ਅਤੇ ਇਸ ਵਿਚ ਹਿੱਸਾ ਲੈਣ ਲਈ ਉਤਸ਼ਾਹਤ ਕੀਤਾ ਜਾਂਦਾ ਹੈ। ਲੋਕਤੰਤਰ ਨੂੰ ਕਿਉਂਕਿ ਲੋਕਾਂ ਦਾ ਸ਼ਾਸਨ ਕਿਹਾ ਜਾਂਦਾ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਦੇਸ਼ ਦਾ ਹਰ ਨਾਗਰਿਕ ਪਹਿਲਾਂ ਵੋਟਰ ਬਣੇ ਅਤੇ ਫਿਰ ਆਪਣੇ ਵੋਟ ਦੇ ਅਧਿਕਾਰ ਦੀ ਸਮਝਦਾਰੀ ਨਾਲ ਵਰਤੋਂ ਕਰੇ। ਇਸ ਦਿਨ ਵਿਦਿਆਰਥੀਆਂ ਦੇ ਚੋਣ ਪ੍ਰਣਾਲੀ ਸਬੰਧੀ ਜਾਗਰੂਕ ਕਰਨ ਲਈ ਨਿਬੰਧ ਲੇਖਨ, ਪੋਸਟਰ ਮੇਕਿੰਗ (ਸਲੋਗਨ ਰਾਈਟਿੰਗ ਚਿੱਤਰ ਸਹਿਤ), ਭਾਸ਼ਣ (ਸਪੀਚ ਡੈਕਲਾਮੇਸ਼ਨ ਆਦਿ), ਰੰਗੋਲੀ ਮੇਕਿੰਗ, ਨਾਟਕ ਆਦਿ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਅਤੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਜਾਂਦਾ ਹੈ। ਇਸ ਸਮਾਰੋਹ ਦੌਰਾਨ ਨੌਜਵਾਨ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਤਰੀਕੇ ਨਾਲ ਵਰਤੋਂ ਕਰਨ ਲਈ ਸਹੁੰ ਵੀ ਚੁਕਵਾਈ ਜਾਂਦੀ ਹੈ ਕਿ ਉਨ੍ਹਾਂ ਵੱਲੋਂ ਆਪਣੇ ਵੋਟ ਦੇ ਅਧਿਕਾਰ ਦਾ ਨਿਡਰ ਹੋ ਕੇ ਅਤੇ ਧਰਮ, ਵਰਗ, ਜਾਤੀ, ਸਮੁਦਾਇ, ਭਾਸ਼ਾ ਜਾਂ ਕਿਸੇ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਇਸਤੇਮਾਲ ਕੀਤਾ ਜਾਵੇਗਾ। ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਨੂੰ ਸੁਖਾਲਾ ਅਤੇ ਪਾਰਦਰਸ਼ੀ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਉਸ ਵੱਲੋਂ ਚੋਣਾਂ ਦੀ ਪ੍ਰਕਿਰਿਆ ਨੂੰ ਸੁਖਾਲਾ ਅਤੇ ਪਾਰਦਰਸ਼ੀ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਆਮ ਜਨਤਾ ਵਿਚ ਪ੍ਰਚਾਰ ਕਰਨ ਦੇ ਮਕਸਦ ਨਾਲ ਸਵੀਪ ਪ੍ਰੋਗਰਾਮ 2009 ਵਿਚ ਆਰੰਭ ਕੀਤਾ ਗਿਆ ਸੀ ਜਿਸ ਦਾ ਮੁੱਖ ਉਦੇਸ਼ ਵੋਟਰਾਂ ਨੂੰ ਸਿੱਖਿਅਤ ਕਰਨਾ ਅਤੇ ਉਨ੍ਹਾਂ ਦੀ ਚੋਣਾਂ ਵਿਚ ਭਾਗੀਦਾਰੀ ਨੂੰ ਵਧਾਉਣਾ ਹੈ।
ਸਵੀਪ ਪ੍ਰੋਗਰਾਮ ਤਹਿਤ 18 ਸਾਲ ਜਾਂ ਵੱਧ ਉਮਰ ਦੇ ਵਿਅਕਤੀਆਂ ਨੂੰ ਵੋਟ ਬਣਾਉਣ ਲਈ ਸਿੱਖਿਅਤ ਕਰ ਕੇ ਉਤਸ਼ਾਹਤ ਕਰਨਾ ਅਤੇ ਚੋਣਾਂ ਸਮੇਂ ਪਾਰਦਰਸ਼ੀ ਤਰੀਕੇ ਨਾਲ ਬਿਨਾਂ ਕਿਸੇ ਲਾਲਚ, ਜਾਤ-ਪਾਤ, ਧਰਮ ਤੋਂ ਉੱਪਰ ਉਠ ਕੇ ਵੋਟ ਪਾਉਣ ਲਈ ਸਿੱਖਿਅਤ ਕਰਨਾ ਹੈ। ਇਸ ਪ੍ਰੋਗਰਾਮ ਤਹਿਤ ਸਕੂਲਾਂ, ਕਾਲਜਾਂ ਵਿਚ ਇਲੈਕਟੋਰਲ ਕਲੱਬ, ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਦਫ਼ਤਰਾਂ ਵਿਚ ਵੋਟਰ ਅਵੇਅਰਨੈਸ ਫੋਰਮ ਅਤੇ ਬੂਥ ਪੱਧਰ ’ਤੇ ਬੂਥ ਲੈਵਲ ਅਵੇਅਰਨੈਸ ਗਰੁੱਪ ਬਣਾਏ ਗਏ ਹਨ ਤਾਂ ਜੋ ਚੋਣ ਕਮਿਸ਼ਨ ਵੱਲੋਂ ਚੋਣ ਪ੍ਰਕਿਰਿਆ ਸਬੰਧੀ ਚੱਲ ਰਹੀਆਂ ਗਤੀਵਿਧੀਆਂ ਨੂੰ ਇਨ੍ਹਾਂ ਗਰੁੱਪਾਂ ਰਾਹੀਂ ਆਮ ਜਨਤਾ ਵਿਚ ਪਹੁੰਚਾਇਆ ਜਾ ਸਕੇ। ਵੋਟਰ ਸੂਚੀ ਦੀ ਸੁਧਾਈ ਲਈ ਚੋਣ ਕਮਿਸ਼ਨ ਵੱਲੋਂ ਫਰਵਰੀ ਤੇ ਮਾਰਚ ਵਿਚ ਸ਼ੁਰੂ ਕੀਤੀ ਜਾਣ ਵਾਲੀ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐੱਸਆਈਆਰ) ਲਈ ਦਸਤਾਵੇਜ਼ ਤਿਆਰ ਰੱਖੇ ਜਾਣ। ਇਹ ਕੰਮ ਇਸ ਸਮੇਂ ਭਾਰਤ ਦੇ ਕਈ ਸੂਬਿਆਂ ਵਿਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੱਲ ਰਿਹਾ ਹੈ ਜਿਸ ਵਿਚ ਮੌਜੂਦਾ ਵੋਟਰ ਸੂਚੀਆਂ ਦਾ ਮਿਲਾਨ 2003 ਦੀਆਂ ਵੋਟਰ ਸੂਚੀਆਂ ਨਾਲ ਕੀਤਾ ਜਾ ਰਿਹਾ ਹੈ ਕਿਉਂ ਜੋ ਇਸ ਤੋਂ ਪਹਿਲਾਂ 2003 ਵਿਚ ਹੀ ਚੋਣ ਕਮਿਸ਼ਨ ਵੱਲੋਂ ਇਹ ਪ੍ਰਕਿਰਿਆ ਕਰਵਾਈ ਗਈ ਸੀ। ਇਸ ਵਿਚ ਵੋਟਰਾਂ ਦੀ ਪਛਾਣ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਵੇਰਵੇ ਬੀਐੱਲਓ ਦੁਆਰਾ ਵੈਰੀਫਾਈ ਕਰਵਾਉਣ ਉਪਰੰਤ ਯੋਗ ਵੋਟਰਾਂ ਦੀਆਂ ਵੋਟਾਂ ਕਾਇਮ ਰੱਖੀਆਂ ਜਾਣਗੀਆਂ ਅਤੇ ਅਯੋਗ ਵੋਟਰਾਂ ਦੀਆਂ ਵੋਟਾਂ ਨੂੰ ਕੱਟ ਦਿੱਤਾ ਜਾਵੇਗਾ। ਇਸ ਸਬੰਧੀ ਨਾਗਰਿਕਾਂ ਨੂੰ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੀ ਵੋਟਰ ਡਿਟੇਲ ਆਨਲਾਈਨ ਭਾਰਤ ਦੇ ਚੋਣ ਕਮਿਸ਼ਨ ਜਾਂ ਮੁੱਖ ਚੋਣ ਅਫ਼ਸਰ ਦੇ ਪੋਰਟਲ ’ਤੇ ਵੀ ਚੈੱਕ ਕਰ ਸਕਦੇ ਹਨ। ਬੀਐੱਲਓਜ਼ ਨੂੰ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਏ ਜਾਣ ਅਤੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਿਚ ਆਪੋ-ਆਪਣਾ ਪੂਰਾ ਯੋਗਦਾਨ ਦਿੱਤਾ ਜਾਵੇ। ਭਾਰਤੀ ਸੰਵਿਧਾਨ ਦੇ ਆਰਟੀਕਲ 324 ਵਿਚ ਭਾਰਤ ਦੇ ਚੋਣ ਕਮਿਸ਼ਨ ਨੂੰ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਲਈ ਵੋਟਰ ਸੂਚੀਆਂ ਨੂੰ ਤਿਆਰ ਕਰਨਾ ਅਤੇ ਚੋਣਾਂ ਨੂੰ ਨਿਰਪੱਖ ਤੌਰ ’ਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਦੀ ਜ਼ਿੰਮੇਵਾਰੀ ਸੌਂਪੀ ਗਈ ਆਓ! ਅਸੀਂ ਸਾਰੇ ਵੋਟਰ ਰਾਸ਼ਟਰੀ ਵੋਟਰ ਦਿਵਸ ’ਤੇ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿਚ ਯੋਗਦਾਨ ਪਾਈਏ।
-ਸੁਖਦੇਵ ਸਿੰਘ, ਚੋਣ ਤਹਿਸੀਲਦਾਰ, ਜਲੰਧਰ।
-(90410-62757)