ਦੂਸਰੇ ਸੰਸਾਰ ਯੁੱਧ ਸਮੇਂ ਹੋਰਨਾਂ ਦੇਸ਼ ਭਗਤਾਂ ਦੇ ਨਾਲ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਪਰ ਉਨ੍ਹਾਂ ਦੀ ਵਿਗੜਦੀ ਸਿਹਤ ਨੂੰ ਵੇਖ ਕੇ ਸਰਕਾਰ ਨੇ ਉਨ੍ਹਾਂ ਨੂੰ ਨਵੰਬਰ 1941 ਵਿਚ ਰਿਹਾਅ ਕਰ ਦਿੱਤਾ। ਫਰਵਰੀ 1942 ਵਿਚ ਉਨ੍ਹਾਂ ਨੂੰ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਮੁਲਤਾਨ ਅਤੇ ਧਰਮਸ਼ਾਲਾ ਦੀ ਜੇਲ੍ਹ ਵਿਚ ਰੱਖਿਆ ਗਿਆ।

ਬਾਬਾ ਵਿਸਾਖਾ ਸਿੰਘ ਗ਼ਦਰ ਲਹਿਰ ਦੇ ਸਿਰਕੱਢ ਆਗੂ ਅਤੇ ਪ੍ਰਸਿੱਧ ਪੰਥਕ ਸ਼ਖ਼ਸੀਅਤ ਸਨ। ਉਨ੍ਹਾਂ ਦਾ ਜਨਮ 13 ਅਪ੍ਰੈਲ 1877 ਨੂੰ ਵਿਸਾਖੀ ਵਾਲੇ ਦਿਨ ਦਿਆਲ ਸਿੰਘ ਸੰਧੂ ਤੇ ਮਾਤਾ ਇੰਦ ਕੌਰ ਦੇ ਗ੍ਰਹਿ ਵਿਖੇ ਪਿੰਡ ਦਦੇਹਰ ਸਾਹਿਬ, ਜ਼ਿਲ੍ਹਾ ਤਰਨਤਾਰਨ ਵਿਚ ਹੋਇਆ। ਵਿਸਾਖੀ ਵਾਲੇ ਦਿਨ ਜਨਮ ਹੋਣ ਕਰਕੇ ਉਨ੍ਹਾਂ ਦਾ ਨਾਂ ਵਿਸਾਖਾ ਸਿੰਘ ਰੱਖਿਆ ਗਿਆ। ਉਨ੍ਹਾਂ ਦੇ ਪਿਤਾ ਸਰਦਾਰ ਦਿਆਲ ਸਿੰਘ ਹੱਥੀਂ ਕਿਰਤ ਕਰਨ ਤੇ ਵੰਡ ਛਕਣ ਵਿਚ ਵਿਸ਼ਵਾਸ ਰੱਖਦੇ ਸਨ। ਉਨ੍ਹਾਂ ਦੀ ਮਾਤਾ ਧਾਰਮਿਕ ਵਿਚਾਰਾਂ ਵਾਲੀ ਗੁਰਸਿੱਖ ਸੀ। ਘਰੇਲੂ ਸੰਸਕਾਰਾਂ ਦਾ ਬਾਬਾ ਜੀ ’ਤੇ ਬਹੁਤ ਪ੍ਰਭਾਵ ਪਿਆ। ਵਿਸਾਖਾ ਸਿੰਘ ਨੂੰ ਛੇ ਸਾਲ ਦੀ ਉਮਰ ਵਿਚ ਪਿੰਡ ਦੇ ਗ੍ਰੰਥੀ ਕੋਲ ਪੜ੍ਹਨ ਲਾਇਆ ਗਿਆ। ਥੋੜ੍ਹੇ ਸਮੇਂ ਵਿਚ ਹੀ ਉਨ੍ਹਾਂ ਪੰਜ ਗ੍ਰੰਥੀ, ਜਾਪ ਸਾਹਿਬ, ਸਵੱਯੇ ਆਦਿ ਬਾਣੀਆਂ ਜ਼ੁਬਾਨੀ ਯਾਦ ਕਰ ਲਈਆਂ। ਉਹ ਬਚਪਨ ਤੋਂ ਹੀ ਵਡੇਰੀ ਉਮਰ ਦੇ ਵਿਅਕਤੀਆਂ ਦੀ ਸੰਗਤ ਦਾ ਆਨੰਦ ਮਾਣਦੇ ਰਹੇ। ਉਨ੍ਹਾਂ ਨੇ ਬਾਕਾਇਦਾ ਕੋਈ ਸਕੂਲੀ ਵਿੱਦਿਆ ਪ੍ਰਾਪਤ ਨਹੀਂ ਕੀਤੀ ਪਰ ਉਨ੍ਹਾਂ ਨੂੰ ਗੁਰਬਾਣੀ ਬਾਰੇ ਚੋਖਾ ਗਿਆਨ ਹਾਸਲ ਸੀ। ਜਵਾਨੀ ਦੀ ਦਹਿਲੀਜ਼ ’ਤੇ ਪੈਰ ਧਰਦਿਆਂ ਹੀ ਉਨ੍ਹਾਂ ਦੀ ਸ਼ਾਦੀ ਕਾਲਾ ਸਿੰਘ ਦੀ ਸਪੁੱਤਰੀ ਬੀਬੀ ਰਾਮ ਕੌਰ ਨਾਲ ਕਰ ਦਿੱਤੀ ਗਈ। ਵਿਆਹ ਤੋਂ ਕੁਝ ਸਮਾਂ ਪਿੱਛੋਂ ਹੀ ਉਹ ਅਕਾਲ ਚਲਾਣਾ ਕਰ ਗਈ ਪਰ ਬਾਬਾ ਜੀ ਨੇ ਦੁਬਾਰਾ ਸ਼ਾਦੀ ਨਹੀਂ ਕੀਤੀ।
ਉਹ 1896 ’ਚ ਬ੍ਰਿਟਿਸ਼ ਇੰਡੀਅਨ ਆਰਮੀ ਵਿਚ ਭਰਤੀ ਹੋਏ ਅਤੇ ਉਨ੍ਹਾਂ 11 ਨੰਬਰ ਰਸਾਲੇ ਵਿਚ ਗ੍ਰੰਥੀ ਦੀ ਜ਼ਿੰਮੇਵਾਰੀ ਨਿਭਾਈ। ਸੰਨ 1907 ਵਿਚ ਪੰਜਾਬ ਵਿਚ ਚੱਲੀ ‘ਪਗੜੀ ਸੰਭਾਲ ਜੱਟਾ’ ਲਹਿਰ ਦੇ ਪ੍ਰਭਾਵ ਹੇਠ ਉਨ੍ਹਾਂ ਫ਼ੌਜ ਦੀ ਨੌਕਰੀ ਛੱਡ ਦਿੱਤੀ ਅਤੇ ਬਾਅਦ ਵਿਚ ਨੌਕਰੀ ਦੀ ਤਲਾਸ਼ ਵਿਚ ਚੀਨ ਚਲੇ ਗਏ। ਉਨ੍ਹਾਂ ਸ਼ੰਘਾਈ ਵਿਚ ਪੁਲਿਸ ਦੀ ਨੌਕਰੀ ਕੀਤੀ ਪਰ ਜਲਦੀ ਹੀ ਅਸਤੀਫ਼ਾ ਦੇ ਦਿੱਤਾ। ਉਹ 1909 ਵਿਚ ਯੂਐੱਸਏ ਚਲੇ ਗਏ। ਉਨ੍ਹਾਂ ਸਰਦਾਰ ਜਵਾਲਾ ਸਿੰਘ ਠੱਠੀਆਂ ਨਾਲ ਮਿਲ ਕੇ ਸਾਨ ਫਰਾਂਸਿਸਕੋ ਤੋਂ 50 ਕੁ ਮੀਲ ਦੂਰ ਸਟਾਕਟਨ ਵਿਖੇ ਫਾਰਮ ਬਣਾ ਕੇ ਖੇਤੀਬਾੜੀ ਕਰਨੀ ਸ਼ੁਰੂ ਕੀਤੀ। ਇਸ ਫਾਰਮ ਵਿਚ ਭਾਰਤੀਆਂ ਦੇ ਲੰਗਰ ਅਤੇ ਠਹਿਰਨ ਦਾ ਪ੍ਰਬੰਧ ਵੀ ਸੀ ਇੱਥੇ ਹੀ ਗ਼ਦਰ ਪਾਰਟੀ ਬਣਨ ਤੋਂ ਪਹਿਲਾਂ ਦੇਸ਼ ਦਰਦੀ ਆਪੋ ਵਿਚ ਵਿਚਾਰਾਂ ਕਰਦੇ ਰਹੇ। ਇੱਕੀ ਅਪ੍ਰੈਲ 1913 ਨੂੰ ਗ਼ਦਰ ਪਾਰਟੀ ਹੋਂਦ ਵਿਚ ਆਈ। ਬਾਬਾ ਵਿਸਾਖਾ ਸਿੰਘ ਬੜੇ ਉਤਸ਼ਾਹ ਨਾਲ ਜਥੇਬੰਦੀ ਦੇ ਮੈਂਬਰ ਬਣ ਗਏ। ਸਾਨ ਫਰਾਂਸਿਸਕੋ ਵਿਖੇ ਗ਼ਦਰ ਪਾਰਟੀ ਦਾ ਹੈੱਡ ਕੁਆਰਟਰ ਬਣਾਇਆ ਗਿਆ ਅਤੇ ਕਈ ਭਾਸ਼ਾਵਾਂ ਵਿਚ ਛਪਣ ਵਾਲਾ ਗ਼ਦਰ ਅਖ਼ਬਾਰ ਜਾਰੀ ਕੀਤਾ ਗਿਆ। ਸ਼ੰਘਾਈ ਵਿਖੇ ਭਾਰਤੀਆਂ ਅੰਦਰ ਇਨਕਲਾਬੀ ਰੰਗ ਚਾੜ੍ਹਨ ਵਾਲਿਆਂ ਵਿੱਚੋਂ ਬਾਬਾ ਵਿਸਾਖਾ ਸਿੰਘ ਪ੍ਰਮੁੱਖ ਸਨ। ਪੰਜ ਅਗਸਤ 1914 ਦੇ ਗ਼ਦਰ ਦੇ ਅੰਕ ਵਿਚ ਐਲਾਨ-ਏ-ਜੰਗ ਛਪਣ ਪਿੱਛੋਂ ਗ਼ਦਰੀਆਂ ਨੇ ਦੇਸ਼ ਵੱਲ ਵਹੀਰਾਂ ਘੱਤੀਆਂ ਤਾਂ ਬਾਬਾ ਜੀ ਵੀ 7 ਜਨਵਰੀ 1915 ਨੂੰ ਮਦਰਾਸ ਪਹੁੰਚ ਗਏ। ਉੱਥੇ ਪਹੁੰਚਦਿਆਂ ਸਾਰ ਹੀ ਉਨ੍ਹਾਂ ਨੂੰ ਪੁੱਛ-ਪੜਤਾਲ ਲਈ ਲੁਧਿਆਣੇ ਲਿਆਂਦਾ ਗਿਆ ਅਤੇ ਬਾਅਦ ਵਿਚ 12 ਜਨਵਰੀ ਨੂੰ ਪਿੰਡ ਦਦੇਹਰ ਵਿਖੇ ਪਹੁੰਚਣ ’ਤੇ ਜੂਹ ਬੰਦ ਕਰ ਦਿੱਤਾ ਗਿਆ। ਫਰਵਰੀ 1915 ਦੀ ਕ੍ਰਾਂਤੀ ਵਾਪਰਨ ਤੋਂ ਪਹਿਲਾਂ ਹੀ ਬਹੁਤ ਸਾਰੇ ਸਰਗਰਮ ਵਰਕਰ ਫੜ ਲਏ ਗਏ। ਇਸ ਸਮੇਂ ਬਾਬਾ ਜੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਉੱਪਰ ‘ਲਾਹੌਰ ਸਾਜ਼ਿਸ਼ ਕੇਸ’ ਅਧੀਨ ਮੁਕੱਦਮਾ ਚਲਾਇਆ ਗਿਆ। ਤੇਰਾਂ ਸਤੰਬਰ 1915 ਨੂੰ ਇਸ ਕੇਸ ਦੇ ਫ਼ੈਸਲੇ ਅਨੁਸਾਰ ਬਾਬਾ ਜੀ ਨੂੰ ਉਮਰ ਕੈਦ ਅਤੇ ਕਾਲੇ ਪਾਣੀ ਦੀ ਸਜ਼ਾ ਸਮੇਤ ਜਾਇਦਾਦ ਜ਼ਬਤੀ ਸੁਣਾਈ ਗਈ। ਉਨ੍ਹਾਂ ਨੂੰ ਹੋਰਨਾਂ ਗ਼ਦਰੀਆਂ ਨਾਲ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਰੱਖਿਆ ਗਿਆ ਅਤੇ 7 ਦਸੰਬਰ 1915 ਨੂੰ ਮਹਾਰਾਜਾ ਜਹਾਜ਼ ਰਾਹੀਂ ਹੋਰਨਾਂ ਗ਼ਦਰੀਆਂ ਨਾਲ ਉਨ੍ਹਾਂ ਨੂੰ ਅੰਡੇਮਾਨ ਭੇਜ ਦਿੱਤਾ ਗਿਆ। ਬਾਬਾ ਜੀ 10 ਦਸੰਬਰ ਨੂੰ ਅੰਡੇਮਾਨ ਦੇ ਕਾਲੇ ਪਾਣੀਆਂ ਵਿਚ ਪਹੁੰਚ ਗਏ। ਇਸ ਜੇਲ੍ਹ ਵਿਚ ਗ਼ਦਰੀਆਂ ਨੇ ਜੇਲ੍ਹ ਅਧਿਕਾਰੀਆਂ ਦੇ ਭੈੜੇ ਵਤੀਰੇ ਵਿਰੁੱਧ ਕਈ ਵਾਰ ਭੁੱਖ ਹੜਤਾਲ ਕੀਤੀ ਜਿਸ ਵਿਚ ਬਾਬਾ ਜੀ ਵੀ ਸ਼ਿਰਕਤ ਕਰਦੇ ਰਹੇ। ਇਸ ਕਰਕੇ ਉਨ੍ਹਾਂ ਦੀ ਸਿਹਤ ਬਹੁਤ ਵਿਗੜ ਗਈ ਤੇ 14 ਅਪ੍ਰੈਲ 1920 ਨੂੰ ਬਾਬਾ ਜੀ ਨੂੰ ਰਿਹਾਅ ਕਰ ਕੇ ਪੁਲਿਸ ਦੀ ਨਿਗਰਾਨੀ ਹੇਠ ਪਿੰਡ ਦਦੇਹਰ ਪਹੁੰਚਾ ਦਿੱਤਾ ਗਿਆ। ਪਿੰਡ ਪਰਤ ਕੇ ਉਨ੍ਹਾਂ 1920 ਵਿਚ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਬਣਾ ਕੇ ਦੇਸ਼ ਭਗਤਾਂ ਦੇ ਪਰਿਵਾਰਾਂ ਦੀ ਸਹਾਇਤਾ ਕੀਤੀ ਅਤੇ ਆਖ਼ਰੀ ਸਮੇਂ ਤੱਕ ਕਮੇਟੀ ਦੇ ਪ੍ਰਧਾਨ ਰਹੇ। ਬਾਬਾ ਜੀ ਦੇ ਉੱਦਮ ਸਦਕਾ ਸਟਾਕਟਨ ਵਿਖੇ 1910-11 ਵਿਚ ਸ਼ਾਨਦਾਰ ਗੁਰਦੁਆਰੇ ਦਾ ਨਿਰਮਾਣ ਹੋਇਆ। ਗੁਰਦੁਆਰਾ ਕਮੇਟੀ ਦੇ ਪਹਿਲੇ ਪ੍ਰਧਾਨ ਬਾਬਾ ਜਵਾਲਾ ਸਿੰਘ ਠੱਠੀਆਂ ਅਤੇ ਖ਼ਜ਼ਾਨਚੀ ਬਾਬਾ ਵਿਸਾਖਾ ਸਿੰਘ ਜੀ ਬਣਾਏ ਗਏ। ਇਹ ਗੁਰਦੁਆਰਾ ਗ਼ਦਰੀ ਸਰਗਰਮੀਆਂ ਦਾ ਮੁੱਖ ਕੇਂਦਰ ਸੀ। ਬਾਬਾ ਜੀ ਦੀ ਧਾਰਮਿਕ ਸ਼ਖ਼ਸੀਅਤ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੂੰ ਤਰਨਤਾਰਨ ਦੇ ਸਰੋਵਰ ਦੀ ਕਾਰ ਸੇਵਾ (10 ਜਨਵਰੀ1931), ਗੁਰਦੁਆਰਾ ਪੰਜਾ ਸਾਹਿਬ ਦੇ ਨੀਂਹ ਪੱਥਰ ਰੱਖਣ ਸਮੇਂ (14 ਅਕਤੂਬਰ 1931)ਅਤੇ ਹੋਰ ਕਈ ਗੁਰਦੁਆਰਿਆਂ ਦੇ ਨੀਂਹ ਪੱਥਰ ਰੱਖਣ ਸਮੇਂ ਪੰਜ ਪਿਆਰਿਆਂ ਵਿਚ ਸ਼ਾਮਲ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ 21 ਅਕਤੂਬਰ 1934 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪਿਆ ਗਿਆ। ਚੌਵੀ ਦਸੰਬਰ 1934 ਨੂੰ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ ਪੰਜਾਬ ਦੇ ਰਿਫਾਰਮਰ ਕਮਿਸ਼ਨਰ ਖਾਨ ਬਹਾਦਰ ਨਵਾਬ ਮੁਜ਼ੱਫਰ ਖਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਰੋਪਾ ਦਿੱਤਾ ਗਿਆ ਤਾਂ ਉਨ੍ਹਾਂ ਨੇ ਜਥੇਦਾਰੀ ਤੋਂ ਅਸਤੀਫ਼ਾ ਦੇ ਦਿੱਤਾ। ਸੰਨ 1935 ’ਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਅਕਾਲੀ ਦਲ ਦੇ ਦੋ ਧੜੇ ਬਣ ਗਏ ਪਰ ਵਿਸਾਖਾ ਸਿੰਘ ਜੀ ਨੇ ਬਾਬਾ ਸੋਹਣ ਸਿੰਘ ਭਕਨਾ ਨਾਲ ਮਿਲ ਕੇ ਅਕਾਲੀ ਦਲ ਨੂੰ ਦੋਫਾੜ ਹੋਣ ਤੋਂ ਬਚਾਅ ਲਿਆ।
ਦੂਸਰੇ ਸੰਸਾਰ ਯੁੱਧ ਸਮੇਂ ਹੋਰਨਾਂ ਦੇਸ਼ ਭਗਤਾਂ ਦੇ ਨਾਲ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਪਰ ਉਨ੍ਹਾਂ ਦੀ ਵਿਗੜਦੀ ਸਿਹਤ ਨੂੰ ਵੇਖ ਕੇ ਸਰਕਾਰ ਨੇ ਉਨ੍ਹਾਂ ਨੂੰ ਨਵੰਬਰ 1941 ਵਿਚ ਰਿਹਾਅ ਕਰ ਦਿੱਤਾ। ਫਰਵਰੀ 1942 ਵਿਚ ਉਨ੍ਹਾਂ ਨੂੰ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਮੁਲਤਾਨ ਅਤੇ ਧਰਮਸ਼ਾਲਾ ਦੀ ਜੇਲ੍ਹ ਵਿਚ ਰੱਖਿਆ ਗਿਆ। ਉਨ੍ਹਾਂ ਦੀ ਸਿਹਤ ਦਿਨ-ਬ-ਦਿਨ ਵਿਗੜਦੀ ਗਈ ਜਿਸ ਕਾਰਨ ਸਰਕਾਰ ਨੇ ਉਨ੍ਹਾਂ ਨੂੰ 14 ਜੁਲਾਈ 1942 ਨੂੰ ਰਿਹਾਅ ਕਰ ਦਿੱਤਾ। ਦੇਸ਼ ਦੀ ਵੰਡ ਹੋਣ ਸਮੇਂ ਉਨ੍ਹਾਂ ਫ਼ਿਰਕੂ ਇਕਸੁਰਤਾ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਅਤੇ ਪਾਕਿਸਤਾਨ ਤੋਂ ਆਏ ਹੋਏ ਸ਼ਰਨਾਰਥੀਆਂ ਦੇ ਮੁੜ ਵਸੇਬੇ ਲਈ ਯਤਨ ਕੀਤੇ। ਦੇਸ਼ ਦੀ ਆਜ਼ਾਦੀ ਮਗਰੋਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਬਾਬਾ ਸੋਹਣ ਸਿੰਘ ਭਕਨਾ ਤੇ ਹੋਰ ਆਗੂਆਂ ਨੂੰ ਜਦੋਂ ਕਾਂਗਰਸ ਦੀ ਸਰਕਾਰ ਨੇ ਯੋਲ ਕੈਂਪ ਜੇਲ੍ਹ ਵਿਚ ਨਜ਼ਰਬੰਦ ਕੀਤਾ ਹੋਇਆ ਸੀ ਤਾਂ ਬਾਬਾ ਵਿਸਾਖਾ ਸਿੰਘ ਦਦੇਹਰ ਉਚੇਚੇ ਤੌਰ ’ਤੇ ਦਿੱਲੀ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮਿਲੇ ਅਤੇ ਨਜ਼ਰਬੰਦ ਆਗੂਆਂ ਦੀ ਰਿਹਾਈ ਕਰਵਾਈ। ਅੰਤ ਬਾਬਾ ਵਿਸਾਖਾ ਸਿੰਘ ਦਦੇਹਰ 5 ਦਸੰਬਰ 1957 ਨੂੰ ਆਪਣੀ ਜੀਵਨ ਯਾਤਰਾ ਸਮਾਪਤ ਕਰ ਕੇ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦਦੇਹਰ ਸਾਹਿਬ ਵਿਖੇ ਤਪ ਅਸਥਾਨ ਵਾਲੇ ਗੁਰਦੁਆਰੇ ਦੇ ਅਹਾਤੇ ਵਿਚ ਕੀਤਾ ਗਿਆ ਜਿੱਥੇ ਹਰ ਸਾਲ ਪੰਜ ਦਸੰਬਰ ਨੂੰ ਉਨ੍ਹਾਂ ਦੀ ਬਰਸੀ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ।
-ਦਲਜੀਤ ਰਾਏ ਕਾਲੀਆ,
ਜ਼ੀਰਾ। -ਮੋਬਾਈਲ : 97812-00168