ਪਹਿਲਾਂ ਮਨੁੱਖ ਜੋ ਕਦੇ ਘੜੀਆਂ ਦਾ ਗ਼ੁਲਾਮ ਸੀ, ਅੱਜ ਨੋਟੀਫਿਕੇਸ਼ਨਾਂ ਦੀ ਕੈਦ ਵਿਚ ਬੰਦ ਹੋ ਕੇ ਰਹਿ ਗਿਆ ਹੈ। ਕਿਸੇ ਵਕਤ ਚਿੱਠੀ-ਪੱਤਰਾਂ ਦੀ ਉਡੀਕ ਕਰਨ ਵਾਲਾ ਇਨਸਾਨ, ਹੁਣ ਹਰ ਵੇਲੇ ਦੂਜੇ ਦੇ ‘ਆਨਲਾਈਨ’ ਹੋਣ ਦਾ ਇੰਤਜ਼ਾਰ ਕਰਦਾ ਰਹਿੰਦਾ ਹੈ। ਹੁਣ ਹਰ ਸਵੇਰ ਦੀ ਸ਼ੁਰੂਆਤ ਸੂਰਜ ਦੀ ਕਿਰਨ ਦੇ ਨਾਲ-ਨਾਲ ਫੋਨ ਦੀ ਚਮਕ ਨਾਲ ਹੁੰਦੀ ਹੈ।

ਅੱਜ ਦਾ ਮਨੁੱਖ ਤਕਨੀਕ ਦੇ ਸੁਵਿਧਾਜਨਕ ਜਗਤ ਵਿਚ ਰਹਿੰਦਾ ਹੋਇਆ ਵੀ ਇਕ ਅਜਿਹੇ ਅਦਿੱਖ ਕੈਦਖਾਨੇ ਦਾ ਬੰਦੀ ਬਣ ਗਿਆ ਹੈ ਜਿਸ ਦੀਆਂ ਜੰਜ਼ੀਰਾਂ ਉਸ ਨੇ ਆਪਣੇ ਹੀ ਹੱਥਾਂ ਨਾਲ ਬੰਨ੍ਹੀਆਂ ਹਨ ਤੇ ਇਹ ਜੰਜ਼ੀਰਾਂ ਹਨ ਮੋਬਾਈਲ ਅਤੇ ਸੋਸ਼ਲ ਮੀਡੀਆ ਦੀ ਚੇਟਕ ਦੀਆਂ। ਜਿੱਥੇ ਇਕ ਪਾਸੇ ਮੋਬਾਈਲ ਨੇ ਸਾਨੂੰ ਪੂਰੀ ਦੁਨੀਆ ਨਾਲ ਜੋੜਿਆ ਹੈ, ਉੱਥੇ ਦੂਜੇ ਪਾਸੇ ਇਸ ਨੇ ਸਾਡੇ ਮਨ ਨੂੰ ਬੇਹਿਸਾਬ ਬੰਧਨਾਂ ਵਿਚ ਵੀ ਜਕੜ ਦਿੱਤਾ ਹੈ।
ਪਹਿਲਾਂ ਮਨੁੱਖ ਜੋ ਕਦੇ ਘੜੀਆਂ ਦਾ ਗ਼ੁਲਾਮ ਸੀ, ਅੱਜ ਨੋਟੀਫਿਕੇਸ਼ਨਾਂ ਦੀ ਕੈਦ ਵਿਚ ਬੰਦ ਹੋ ਕੇ ਰਹਿ ਗਿਆ ਹੈ। ਕਿਸੇ ਵਕਤ ਚਿੱਠੀ-ਪੱਤਰਾਂ ਦੀ ਉਡੀਕ ਕਰਨ ਵਾਲਾ ਇਨਸਾਨ, ਹੁਣ ਹਰ ਵੇਲੇ ਦੂਜੇ ਦੇ ‘ਆਨਲਾਈਨ’ ਹੋਣ ਦਾ ਇੰਤਜ਼ਾਰ ਕਰਦਾ ਰਹਿੰਦਾ ਹੈ। ਹੁਣ ਹਰ ਸਵੇਰ ਦੀ ਸ਼ੁਰੂਆਤ ਸੂਰਜ ਦੀ ਕਿਰਨ ਦੇ ਨਾਲ-ਨਾਲ ਫੋਨ ਦੀ ਚਮਕ ਨਾਲ ਹੁੰਦੀ ਹੈ। ਖਾਣੇ ਤੋਂ ਪਹਿਲਾਂ ਤਸਵੀਰ ਖਿੱਚਣੀ, ਦੁੱਖ ਤੋਂ ਪਹਿਲਾਂ ਸਟੇਟਸ ਲਾਉਣਾ ਅਤੇ ਖ਼ੁਸ਼ੀ ਤੋਂ ਪਹਿਲਾਂ ਰੀਲ੍ਹ ਬਣਾਉਣਾ ਇਹ ਸਾਡੀ ਨਵੀਂ ਜ਼ਿੰਦਗੀ ਦਾ ਪੱਕਾ ਨਿਯਮ ਬਣ ਗਿਆ ਹੈ।
ਸੋਸ਼ਲ ਮੀਡੀਆ ਨੇ ਸਾਨੂੰ ਇਕ ਅਜਿਹੀ ਭੀੜ ਦਾ ਹਿੱਸਾ ਬਣਾ ਦਿੱਤਾ ਹੈ ਜਿੱਥੇ ਹਰ ਕੋਈ ਚੀਖ ਰਿਹਾ ਹੈ ਪਰ ਸਾਡੇ ਕੰਨਾਂ ਨੂੰ ਕਿਸੇ ਦੀ ਆਵਾਜ਼ ਸੁਣਾਈ ਨਹੀਂ ਦਿੰਦੀ। ਅਸੀਂ ਆਪਣੀ ਇਕ ਵੱਖਰੀ ਦਿੱਖ ਨੂੰ ਦਿਖਾਉਣ ਦੀ ਦੌੜ ਵਿਚ ਆਪਣੇ ਅਸਲੀ ਰੂਪ ਨੂੰ ਭੁਲਾ ਬੈਠੇ ਹਾਂ। ਅੱਜ ਇੰਸਟਾਗ੍ਰਾਮ ਦੇ ਲਾਈਕ ਤੇ ਫੇਸਬੁੱਕ ਦੀਆਂ ਟਿੱਪਣੀਆਂ ਨੇ ਮਨੁੱਖੀ ਕਦਰਾਂ-ਕੀਮਤਾਂ ਦੇ ਮਾਪ ਦੀ ਇਕ ਨਵੀਂ ਇਕਾਈ ਤਿਆਰ ਕਰ ਕੇ ਰੱਖ ਦਿੱਤੀ ਹੈ। ਅੱਜ ਦੀ ਜਵਾਨੀ ਆਪਣੀ ਕਾਬਲੀਅਤ ਤੋਂ ਵੱਧ ਫਿਲਟਰਾਂ ਵਿੱਚੋਂ ਸੁੰਦਰਤਾ ਅਤੇ ਆਪਣੀ ਪਹਿਚਾਣ ਤੋਂ ਵੱਧ ਪ੍ਰੋਫਾਈਲ ਵਿਚ ਸਤਿਕਾਰ ਲੱਭ ਰਹੀ ਹੈ।
ਇਹ ਇਕ ਅਜੀਬ ਵਿਡੰਬਨਾ ਹੈ ਕਿ ਜਿੰਨਾ ਅਸੀਂ ਤਰੱਕੀ ਕਰ ਕੇ ਆਨਲਾਈਨ ਹੋਏ ਹਾਂ, ਓਨਾ ਹੀ ਆਫਲਾਈਨ ਅਤੇ ਖ਼ੁਸ਼ੀਆਂ ਭਰੇ ਜੀਵਨ ਤੋਂ ਦੂਰ ਹੋ ਗਏ ਹਾਂ। ਮੋਬਾਈਲ ਨੇ ਪਰਿਵਾਰਾਂ ਦੇ ਵਿਚਕਾਰ ਦੀਆਂ ਗੱਲਾਂ-ਬਾਤਾਂ ਨੂੰ ਖ਼ਾਮੋਸ਼ ਕਰ ਦਿੱਤਾ ਹੈ ਤੇ ਅੱਜ ਮਾਪੇ ਵੀ ਆਪਣੇ ਬੱਚਿਆਂ ਦੇ ਖਿੜੇ ਹੋਏ ਚਿਹਰੇ ਦੇਖਣ ਦੀ ਬਜਾਏ ਮੋਬਾਈਲ ਵਿਚ ਉਨ੍ਹਾਂ ਦਾ ‘ਲਾਸਟ ਸੀਨ’ ਦੇਖਦੇ ਹਨ। ਜਿਸ ਤਕਨੀਕ ਨੇ ਸਾਨੂੰ ਆਜ਼ਾਦੀ ਦੇਣੀ ਸੀ, ਉਸ ਨੇ ਹੀ ਸਾਡੇ ਵਿਚਾਰਾਂ, ਸਮੇਂ ਅਤੇ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਕੈਦ ਕਰ ਲਿਆ ਹੈ। ਅਸੀਂ ਮੋਬਾਈਲ ਫੋਨ ਉੱਪਰ ‘ਸਕ੍ਰੋਲ’ ਕਰਦੇ-ਕਰਦੇ ਆਪਣੀ ਸੂਝ-ਬੂਝ, ਆਪਣਾ ਧੀਰਜ ਅਤੇ ਕੀਮਤੀ ਸਮਾਂ ਖ਼ਤਮ ਕਰ ਰਹੇ ਹਾਂ। ਅਜਿਹੇ ਹਾਲਾਤ ਵਿਚ ਸੋਸ਼ਲ ਮੀਡੀਆ ਹੁਣ ਸਿਰਫ਼ ਸੰਚਾਰ ਦਾ ਸਾਧਨ ਨਹੀਂ, ਬਲਕਿ ਮਨੁੱਖੀ ਮਨੋਵਿਗਿਆਨ ’ਤੇ ਰਾਜ ਕਰਨ ਵਾਲੀ ਇਕ ਵੱਡੀ ਤਾਕਤ ਬਣ ਚੁੱਕਾ ਹੈ।
ਇਸ ਨੇ ਸਾਡੀ ਸੋਚ ਨੂੰ ਇੰਨਾ ਪ੍ਰਭਾਵਿਤ ਕਰ ਦਿੱਤਾ ਹੈ ਕਿ ਅਸੀਂ ਕਿਸੇ ਵੀ ਸੱਚ ਨੂੰ ਹੁਣ ਲਾਈਕ ਅਤੇ ਵਿਊਜ਼ ਦੀ ਗਿਣਤੀ-ਮਿਣਤੀ ਨਾਲ ਮਾਪਣ ਲੱਗ ਪਏ ਹਾਂ। ਅੱਜਕੱਲ੍ਹ ਖ਼ਬਰਾਂ ਤੋਂ ਵੱਧ ਅਫ਼ਵਾਹਾਂ ਅਤੇ ਗਿਆਨ ਤੋਂ ਵੱਧ ਪ੍ਰਦਰਸ਼ਨ ਪ੍ਰਸਿੱਧ ਹੁੰਦਾ ਹੈ ਤੇ ਹਰ ਪਾਸੇ ਸੱਚਾਈ ਤੋਂ ਵੱਧ ਝੂਠ ਦੀ ਚਮਕ ਚਮਕਦੀ ਹੈ। ਅਸੀਂ ਇਸ ਡਿਜੀਟਲ ਦੁਨੀਆ ਵਿਚ ਇੰਨੇ ਗੁਆਚ ਗਏ ਹਾਂ ਕਿ ਸਾਡੇ ਲਈ ਚੁੱਪ ਦਾ ਮਤਲਬ ਹੁਣ ਸਿਗਨਲ ਨਾ ਹੋਣਾ ਬਣ ਗਿਆ ਹੈ। ਬਿਨਾਂ ਪਾਣੀ ਦੇ ਮੱਛੀ ਵਾਂਗ ਹੀ ਮੋਬਾਈਲ ਬਿਨਾਂ ਰਹਿਣਾ ਅੱਜ ਦੇ ਮਨੁੱਖ ਲਈ ਉਸੇ ਤਰ੍ਹਾਂ ਦਾ ਡਰ ਬਣਿਆ ਹੋਇਆ ਹੈ।
ਇਹ ਗ਼ੁਲਾਮੀ ਸਾਡੇ ਸਰੀਰ ਦੀ ਨਹੀਂ ਸਾਡੇ ਮਨ ਦੀ ਹੈ ਤੇ ਇਸ ਗ਼ੁਲਾਮੀ ਤੋਂ ਆਜ਼ਾਦੀ ਸਿਰਫ਼ ਤਕਨੀਕ ਨੂੰ ਛੱਡਣ ਨਾਲ ਨਹੀਂ, ਸਗੋਂ ਆਪਣੇ ਆਪ ਨੂੰ ਦੁਬਾਰਾ ਸਮਝਣ ਨਾਲ ਮਿਲੇਗੀ। ਸਾਨੂੰ ਇਹ ਗੱਲ ਪੂਰੀ ਗੰਭੀਰਤਾ ਨਾਲ ਸਮਝਣੀ ਪਵੇਗੀ ਕਿ ਮੋਬਾਈਲ ਸਾਡੀ ਸਹੂਲਤ ਲਈ ਬਣਿਆ ਹੈ। ਜਦ ਤੱਕ ਅਸੀਂ ਇਸ ਗੱਲ ਨੂੰ ਨਹੀਂ ਸਮਝਾਂਗੇ, ਤਦ ਤੱਕ ਅਸੀਂ ਇਸ ਦੇ ਗ਼ੁਲਾਮ ਤੇ ਨਚਾਰ ਬਣ ਕੇ ਹੀ ਰਹਾਂਗੇ।
ਹੁਣ ਸਮਾਂ ਆ ਗਿਆ ਹੈ ਕਿ ਅਸੀਂ ਤਕਨੀਕ ਨੂੰ ਦੋਸ਼ ਦੇਣ ਦੀ ਬਜਾਏ ਆਪਣੇ ਆਪ ’ਤੇ ਕਾਬੂ ਕਰੀਏ, ਕਿਉਂਕਿ ਜੇ ਅਸੀਂ ਆਪਣੇ ਮੋਬਾਈਲ ਦਾ ਸਮਾਂ ਤੈਅ ਨਹੀਂ ਕਰਾਂਗੇ ਤਾਂ ਮੋਬਾਈਲ ਸਾਡੀ ਜ਼ਿੰਦਗੀ ਦਾ ਸਮਾਂ ਤੈਅ ਕਰ ਦੇਵੇਗਾ। ਇਹ ਯੁੱਗ ਤਾਂ ਮਨੁੱਖੀ ਪ੍ਰਗਤੀ ਦਾ ਹੋਣਾ ਚਾਹੀਦਾ ਸੀ, ਪਰ ਅਫ਼ਸੋਸ ਅੱਜ ਇਹ ਆਭਾਸੀ ਪ੍ਰਸਿੱਧੀ ਦਾ ਹੋ ਕੇ ਰਹਿ ਗਿਆ ਹੈ। ਹੁਣ ਸਾਡੇ ਲਈ ਇਕ ਨਵੀਂ ਜਾਗਰੂਕਤਾ ਦੀ ਜ਼ਰੂਰਤ ਹੈ ਜਿੱਥੇ ਮਨੁੱਖ ਦੁਬਾਰਾ ਮਨੁੱਖ ਬਣੇ, ਸਕ੍ਰੀਨ ਤੋਂ ਪਰੇ ਨਜ਼ਰ ਹਟਾ ਕੇ ਆਪਣੇ ਜੀਵਨ ਦੇ ਅਸਲ ਰੰਗ ਦੇਖੇ ਅਤੇ ਇਹ ਸਮਝੇ ਕਿ ਅਸਲ ਖ਼ੁਸ਼ੀ ਸਿਰਫ਼ ਆਨਲਾਈਨ ਨਹੀਂ ਸਗੋਂ ਸਾਡੇ ਆਸ-ਪਾਸ ਦੀ ਦੁਨੀਆ ਵਿਚ ਹੈ। ਇਹ ਉਹੀ ਦੁਨੀਆ ਹੈ ਜਿੱਥੇ ਹਾਸੇ, ਪਿਆਰ ਅਤੇ ਕਈ ਅਣਮੁੱਲੇ ਰਿਸ਼ਤੇ ਅੱਜ ਵੀ ਸਿਰਫ਼ ਸਾਡੀ ਇਕ ਛੋਹ ਦੀ ਉਡੀਕ ਵਿਚ ਜੀ ਰਹੇ ਹਨ।
-ਗੁਰਦੀਪ ਸਿੰਘ ‘ਭੁੱਲਰ’
ਮੋ: 94172-41037