ਜ਼ਿੰਦਗੀ ਦੇ ਅੰਤਿਮ ਦਿਨਾਂ ਵਿਚ ਜੇਲ੍ਹ ਵਿਚ ਭਗਤ ਸਿੰਘ, ਰੂਸ ਦੇ ਮਹਾਨ ਕ੍ਰਾਂਤੀਕਾਰੀ ਵੀ. ਆਈ ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀ, ਜੋ ਪੜ੍ਹਨੋਂ ਅਧੂਰੀ ਰਹਿ ਗਈ ਸੀ। ਉਸ ਸਮੇਂ ਜੇਲ੍ਹਰ ਮੁਹੰਮਦ ਅਕਬਰ ਨੂੰ ਭਗਤ ਸਿੰਘ ਨੇ ਕਿਤਾਬ ਫੜਾਉਂਦਿਆਂ ਕਿਹਾ ਸੀ ‘ਮੇਰੀ ਇਹ ਅੰਤਿਮ ਨਿਸ਼ਾਨੀ ਤੇ ਸੰਦੇਸ਼ ਕੌਮ ਦੇ ਵਾਰਸਾਂ ਨੂੰ ਦੇ ਦੇਣਾ। 24 ਮਾਰਚ 1931 ਨੂੰ ਸਵੇਰੇ 7 ਵਜੇ ਫ਼ਾਂਸੀ ਦਿੱਤੀ ਜਾਣੀ ਸੀ ਪਰ ਲੋਕਾਂ ਦੇ ਵਿਦਰੋਹ ਦੇ ਡਰੋਂ 23 ਮਾਰਚ 1931 ਨੂੰ ਸ਼ਾਮ ਦੇ ਕਰੀਬ ਸਾਢੇ ਸੱਤ ਵਜੇ ਫ਼ਾਂਸੀ ਦਿੱਤੀ ਗਈ।
ਜਦੋਂ ਚੱਪੇ-ਚੱਪੇ ’ਤੇ ਅੰਗਰੇਜ਼ ਪੈਲਾਂ ਪਾ ਰਹੇ ਸਨ ਤਾਂ ਇਥੋਂ ਦੇ ਵਸਨੀਕ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਪਿਆ ਸੀ। ਸਮੇਂ-ਸਮੇਂ ਤੇ ਦੇਸ਼ ਦੇ ਸੂਰਬੀਰਾਂ ਨੇ ਜਨਮ ਲਿਆ ਤੇ ਬ੍ਰਿਟਿਸ਼ ਸਰਕਾਰ ਨਾਲ ਟਾਕਰਾ ਲੈਂਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ। ਦੇਸ਼ ਦੀ ਆਜ਼ਾਦੀ ਵਿਚ ਹਿੱਸਾ ਪਾਉਣ ਵਾਲੇ ਸੂਰਮੇ ਕਿਸ਼ਨ ਸਿੰਘ, ਅਜੀਤ ਸਿੰਘ, ਸਰਬਨ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ, ਸੁਭਾਸ਼ ਚੰਦਰ ਬੋਸ, ਚੰਦਰ ਸੇਖ਼ਰ ਆਜ਼ਾਦ, ਸ੍ਰੀਮਤੀ ਬਸੰਤੀ ਦੇਵੀ, ਪੰਡਤ ਰਾਮ ਪ੍ਰਸ਼ਾਦ ਬਿਸਮਿਲਾ, ਬੁਕਟੇਸ਼ਵਰ ਦੱਤ, ਕਿਸ਼ੋਰ ਲਾਲ, ਜੈ ਗੁਪਾਲ, ਜਤਿੰਦਰ ਨਾਥ ਦਾਸ (ਜਤਿਨ ਦਾਸ) ਭਗਵਤੀ ਚਰਨ ਵੋਹਰਾ, ਦੁਰਗਾ ਦੇਵੀ ਵੋਹਰਾ (ਦੁਰਗਾ ਭਾਬੀ), ਸ਼ਿਵ ਵਰਮਾ, ਵਿਜੈ ਕੁਮਾਰ ਸਿਨਹਾ, ਅਜੇ ਕੁਮਾਰ ਘੋਸ਼, ਜੈ ਦੇਵ ਕਪੂਰ, ਪ੍ਰੇਮ ਦੱਤ ਵਰਮਾ, ਐਸ.ਐਨ. ਪਾਂਡੇ ਸਹੋਣ ਸਿੰਘ ਭਕਨਾ ਆਦਿ। ਸੂਰਬੀਰਾਂ ਵਿਚੋਂ ਇਕ ਸੂਰਮਾ ਨਿਖਰ ਕੇ ਸਾਹਮਣੇ ਆਇਆ, ਜਿਸ ਨੇ ਬ੍ਰਿਟਿਸ਼ ਸਰਕਾਰ ਦੇ ਨੱਕ ਵਿਚ ਦਮ ਕਰ ਦਿੱਤਾ। ਉਹ ਨਾਂ ਹੈ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ।
ਖਟਕੜ ਕਲਾਂ ਦੀ ਧਰਤੀ ਨੂੰ ਲਾਏ ਭਾਗ
ਸਰਦਾਰ ਭਗਤ ਸਿੰਘ ਦਾ ਜਨਮ 28 ਸਤੰਬਰ, 1907 ਈ: ਵਿਚ ਅਣਵੰਡੇ ਭਾਰਤ ਦੇ ਸੂਬਾ ਪੰਜਾਬ ਵਿਚ ਜ਼ਿਲ੍ਹਾ ਲਾਇਲਪੁਰ (ਹੁਣ ਪਾਕਿਸਤਾਨ) ਦੇ ਪਿੰਡ ਬੰਗਾ (ਚੱਕ ਨੰ: 105) ਵਿਖੇ ਮਾਤਾ ਵਿਦਿਆਵਤੀ ਦੇ ਪੇਟੋਂ, ਪਿਤਾ ਕਿਸ਼ਨ ਸਿੰਘ ਦੇ ਘਰ, ਦਾਦਾ ਅਰਜਨ ਸਿੰਘ ਦੇ ਖੇੜੇ ਹੋਇਆ। ਭਗਤ ਸਿੰਘ, ਸੱਤ ਭੈਣ-ਭਰਾਵਾਂ ਵਿਚੋਂ ਦੂਜੇ ਨੰਬਰ ’ਤੇ ਸੀ। ਉਨ੍ਹਾਂ ਦਾ ਪਿਛਲਾ ਜੱਦੀ ਪਿੰਡ ਖਟਕੜ ਕਲਾਂ, ਤਹਿਸੀਲ ਬੰਗਾ, ਨਵਾਂ ਸ਼ਹਿਰ,(ਅੱਜ-ਕੱਲ੍ਹ ਜ਼ਿਲ੍ਹਾ ਭਗਤ ਸਿੰਘ ਨਗਰ) ਹੈ। ਖਟਕੜ ਕਲਾਂ, ਬੰਗਾ ਤੋਂ ਤਿੰਨ ਕਿਲੋਮੀਟਰ ਦੀ ਦੂਰੀ ਤੇ ਨਵਾਂ ਸ਼ਹਿਰ ਤੋਂ ਫਗਵਾੜਾ ਹਾਈਵੇ ’ਤੇ 11 ਕਿਲੋਮੀਟਰ ’ਤੇ ਘੁੱਗ ਵਸਦਾ ਹੈ। ਇਹ ਪਿੰਡ 825 ਏਕੜ ਵਿਚ ਫੈਲਿਆ ਹੋਇਆ ਸਦੀਆਂ ਪੁਰਾਣਾ ਹੈ। ਪਹਿਲਾਂ ਇਸ ਦਾ ਨਾਂ ਖੱਟ-ਗੜ੍ਹ ਸੀ ਤੇ ਸਮਾਂ ਬੀਤਣ ’ਤੇ ਇਸ ਦਾ ਨਾਂ ਖਟਕੜ ਕਲਾਂ ਪੈ ਗਿਆ। ਇਸ ਪਿੰਡ ਨੂੰ ਵਸਾਉਣ ਵਿਚ ਭਗਤ ਸਿੰਘ ਦੇ ਪੁਰਖਿਆਂ ਦਾ ਵੀ ਯੋਗਦਾਨ ਰਿਹਾ। ਇੱਥੇ ਭਗਤ ਸਿੰਘ ਦੇ ਘਰ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅਜਾਇਬ ਘਰ ਵਜੋਂ ਜਾਣਿਆ ਜਾਂਦਾ ਹੈ। ਇਹ ਘਰ (ਮਕਾਨ) ਦੇਸ਼-ਭਗਤ ਪਰਿਵਾਰ ਦੀਆਂ ਨਿੱਘੀਆਂ ਪਿਆਰੀਆਂ-ਪਿਆਰੀਆਂ ਯਾਦਾਂ ਨੂੰ ਸੰਭਾਲੀ ਬੈਠਾ ਹੈ। ਭਗਤ ਸਿੰਘ ਦਾ ਪਰਿਵਾਰ ਆਰੀਆ ਸਮਾਜ ਦੇ ਵਿਚਾਰਾਂ ਤੋਂ ਪ੍ਰਭਾਵਿਤ ਸੀ। ਇਹ ਦੇਸ਼ ਭਗਤਾਂ ਦਾ ਪਰਿਵਾਰ ਸੀ। ਜਦ ਭਗਤ ਸਿੰਘ ਦਾ ਜਨਮ ਹੋਇਆ ਸੀ ਤਾਂ ਉਸ ਦਾ ਪਿਤਾ ਕਿਸ਼ਨ ਸਿੰਘ, ਚਾਚਾ ਅਜੀਤ ਸਿੰਘ ਤੇ ਸਰਬਨ ਸਿੰਘ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਆਏ ਸਨ। ਜਿਸ ਕਰਕੇ ਨਵ-ਜੰਮੇ ਬੱਚੇ ਭਗਤ ਸਿੰਘ ਨੂੰ ਬਹੁਤ ਹੀ ਭਾਗਾਂ ਵਾਲਾ ਪਰਿਵਾਰ ਦੇ ਜੀ ਤੇ ਹੋਰ ਲੋਕ ਕਹਿਣ ਲੱਗ ਪਏ ਸਨ। ਇਸੇ ਕਰਕੇ ਉਨ੍ਹਾਂ ਦਾ ਨਾਂ ਭਗਤ ਸਿੰਘ ਪਿਆ। ਭਗਤ ਸਿੰਘ ਹੋਰੀਂ ਸੱਤ ਭੈਣ-ਭਰਾ ਸਨ। ਭਗਤ ਸਿੰਘ ਰੇਸ ਲਾਉਣ ਦਾ ਅਭਿਆਸ ਕਰਿਆ ਕਰਦਾ ਸੀ। ਉਹ ਬਹੁਤ ਤੇਜ਼ ਦੌੜਦਾ ਸੀ ਤੇ ਸਾਈਕਲ ਵੀ ਬਹੁਤ ਤੇਜ਼ ਚਲਾਉਂਦਾ ਸੀ। ਕਿਸ਼ਤੀ ਦਾ ਚਾਪੂ ਫੁਰਤੀ ਨਾਲ ਚਲਾਉਣ ਵਿਚ ਪੂਰਾ ਮਾਹਿਰ ਸੀ। ਇਸੇ ਤਰ੍ਹਾਂ ਬੰਦੂਕ, ਪਿਸਤੌਲ, ਹੱਥ ਗੋਲਿਆਂ ਦਾ ਮੌਕੇ ਅਨੁਸਾਰ ਵਰਤੋਂ ਕਰਨ ਵਿਚ ਨਿਪੁੰਨ ਸੀ। ਭਗਤ ਸਿੰਘ ਬਾਲੜੀ ਉਮਰ 'ਚ ਜਦ ਗਲੀਆਂ 'ਚ ਖੇਡਦਾ ਤਾਂ ਕੱਕੇ ਰੇਤੇ ਦੀਆਂ ਢੇਰੀਆਂ ਬਣਾ ਵਿਚ ਡੱਕੇ ਗੱਡ ਦਿੰਦਾ। ਜਦ ਕੋਈ ਪੁੱਛਦਾ ਕਿ ‘ਭਗਤ ਸਿਆਂ ਇਹ ਕੀ ਖੇਡਦੈ’ ਤਾਂ ਭਗਤ ਸਿੰਘ ਅੱਗੋਂ ਕਹਿੰਦਾ ‘ਬੰਦੂਖਾਂ ਬੀਜਦਾ ਹਾਂ’। ‘ਇਨ੍ਹਾਂ ਦਾ ਕੀ ਕਰੇਗਾ’? ਅੱਗੋ ਸਵਾਲ ਕਰਨ ਵਾਲਾ ਪੁੱਛਦਾ ਤਾਂ ਭਗਤ ਸਿੰਘ ਦਾ ਜਵਾਬ ਹੁੰਦਾ ਕਿ ‘ਇਨ੍ਹਾਂ ਬੰਦੂਖਾਂ ਨਾਲ ਗੋਰੇ ਬਲੈਤੀਆਂ ਨੂੰ ਭਾਰਤ ਵਿਚੋਂ ਬਾਹਰ ਕੱਢਾਂਗਾ’।
ਜਦੋਂ ਗ਼ਦਰ ਪਾਰਟੀ ਹੋਂਦ ’ਚ ਆਈ
21 ਅਪ੍ਰੈਲ 1913 ਵਿਚ ਗ਼ਦਰ ਪਾਰਟੀ ਹੋਂਦ ਵਿਚ ਆਈ । ਕੁਝ ਸਮੇਂ ਬਾਅਦ ਭਗਤ ਸਿੰਘ ਵੀ ਗ਼ਦਰ ਪਾਰਟੀ ਵਿਚ ਸਰਗਰਮ ਹੋਇਆ। ਫਿਰ 2 ਜੂਨ 1913 ਨੂੰ ਬਾਬਾ ਸੋਹਣ ਸਿੰਘ ਭਕਨਾ ਦੀ ਪ੍ਰਧਾਨਗੀ ਹੇਠ ਸਾਂਨਫਰਾਂਸਿਸਕੋ ਵਿਚ ਗ਼ਦਰ ਪਾਰਟੀ ਦੀ ਨੀਂਹ ਰੱਖੀ ਗਈ। ਸੰਨ 1914 ਦਾ ‘ਕਾਮਾਗਾਟਾਮਾਰੂ ਜਹਾਜ਼’ ਦੀ ਕਲਕੱਤਾ ਦੇ ਬਜਬਜ ਘਾਟ (ਬੰਦਰਗਾਹ) ਉੱਤੇ ਵਾਪਰੇ ਅੰਗਰੇਜ਼ ਸਰਕਾਰ ਦੇ ਵਿਤਕਰੇ ਭਰੀ ਘਟਨਾ ਸੰਨ 1914-15 ਦੇ ਲਾਹੌਰ ਸਾਜ਼ਿਸ਼ ਕੇਸ ਜਿਸ ਵਿਚ ਕਰਤਾਰ ਸਿੰਘ ਸਰਾਭੇ ਤੇ 63 ਹੋਰ ਭਾਰਤੀਆਂ ਨੂੰ ਫ਼ਾਂਸੀ ਦੀ ਸਜ਼ਾ ਤੇ ਕੁਝ ਨੂੰ ਕਾਲੇ ਪਾਣੀ, ਉਮਰ ਕੈਦ ਬੋਲੀ। ਇਸ ਵਿਤਕਰੇ ਭਰੀ ਘਟਨਾ ਨੇ ਭਗਤ ਸਿੰਘ ਨੂੰ ਪੂਰੀ ਤਰ੍ਹਾਂ ਝੰਜੋੜਿਆ। ਸੰੰਨ 1917 ਦੇ ਸੋਵੀਅਤ ਯੂਨੀਅਨ ਵਿਚ ਹੋਏ ਕਮਿਊਨਿਸਟ ਇਨਕਲਾਬ ਤੋਂ ਪ੍ਰਭਾਵਿਤ ਹੋ ਕੇ ਉਹ ਕਮਿਊਨਿਸਟ ਵਿਚਾਰਧਾਰਾ ਵੱਲ ਖਿੱਚਿਆ ਗਿਆ। ਜਦ ਭਗਤ ਸਿੰਘ ਦੇ ਮਾਪੇ, ਉਸ ਦੇ ਵਿਆਹ ਲਈ ਜ਼ੋਰ ਪਾਉਣ ਲੱਗੇ, ਭਗਤ ਸਿੰਘ ਦੀ ਦਾਦੀ ਨੇ, ਉਸ ਲਈ ਇਕ ਲੜਕੀ ਦੀ ਚੋਣ ਕਰ ਰੱਖੀ ਸੀ ਪਰ ਭਗਤ ਸਿੰਘ ਨੇ ਇਉਂ ਆਖ ਕੇ ਖਹਿੜਾ ਛੁਡਾਇਆ ਕਿ ਮੈਂ ਵਿਆਹ ਆਜ਼ਾਦੀ ਤੋਂ ਬਾਅਦ ਕਰਵਾਵਾਂਗਾ। ਭਗਤ ਸਿੰਘ ਨੇ ਆਪਣੇ ਇਕ ਦੋਸਤ ਰਾਜਾ ਰਾਮ ਸ਼ਾਸਤਰੀ ਕੋਲ ਆਪਣੇ ਵਿਆਹ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਸਨ। ਭਗਤ ਸਿੰਘ ਨੂੰ ਪਤਾ ਸੀ ਕਿ ਮੇਰੀ ਸ਼ਹੀਦੀ ਆਜ਼ਾਦੀ ਲਈ ਪੱਕੀ ਹੈ, ਮੈਂ ਕਿਉਂ ਇੱਕ ਨੌਜਵਾਨ ਵਿਧਵਾ ਨੂੰ ਉਮਰ ਭਰ ਲਈ ਦੁੱਖ ਸਹਿਣ ਲਈ ਛੱਡ ਕੇ ਜਾਵਾਂ। ਭਗਤ ਸਿੰਘ ਦੀ ਬਣਨ ਵਾਲੀ ਮੰਗੇਤਰ ਪਤਨੀ ਦਾ ਨਾਂ ਇਤਿਹਾਸ ਵਿਚ ਜ਼ਿਕਰ ਹੈ। ਉਸ ਨੇ ਸ਼ਾਦੀ ਨਹੀਂ ਕਰਵਾਈ ਪਰ ਭਗਤ ਸਿੰਘ ਤਾਂ ਮੰਗਣੇ ਤੋਂ ਪਹਿਲਾ ਹੀ ਘਰ ਛੱਡ ਲਾਹੌਰ ਚਲਾ ਗਿਆ। ਥੋੜ੍ਹੇ ਸਮੇਂ ਬਾਅਦ ਭਗਤ ਸਿੰਘ ਕਾਨਪੁਰ ਚਲਾ ਗਿਆ।
ਨੌਜਵਾਨ ਭਾਰਤ ਸਭਾ ਤੇ ਲਾਲਾ ਲਾਜਪਤ ਰਾਏ ਦੀ ਸ਼ਹੀਦੀ
1926 ਵਿਚ ਨੌਜਵਾਨ ਭਾਰਤ ਸਭਾ ਹੋਂਦ ਆਈ, ਭਗਤ ਸਿੰਘ ਦਾ ਵਿਚਾਰ ਸੀ ਕਿ ਨੌਜਵਾਨ ਹੀ ਆਜ਼ਾਦੀ ਲਈ ਸਭ ਤੋਂ ਵੱਧ ਆਪਣਾ ਰੋਲ ਅਦਾ ਕਰ ਸਕਦੇ ਹਨ। ਨੌਜਵਾਨ ਭਾਰਤ ਸਭਾ ਨਾਲ ਭਗਵੰਤੀ ਚਰਨ ਵੋਹਰਾ, ਰਾਜਗੁਰੂ, ਚੰਦਰ ਸ਼ੇਖਰ ਆਜ਼ਾਦ, ਜੈਪਾਲ ਸਬੀਲ ਦਾਸ, ਯਸਪਾਲ ਆਦਿ ਸਰਗਰਮ ਨੌਜਵਾਨ ਸਨ। ਨੌਜਵਾਨਾਂ ਨੂੰ ਹੌਂਸਲਾ ਦੇਣ ਲਈ ਸੋਹਣ ਸਿੰਘ ਜੋਸ਼ ਵਰਗੀਆਂ ਸ਼ਖ਼ਸੀਅਤਾਂ ਵੀ ਨਾਲ਼ ਜੁੜ ਗਈਆਂ। ਮਿਤੀ 11,12,13 ਅਪ੍ਰੈਲ 1928 ਨੂੰ ਨੌਜਵਾਨ ਭਾਰਤ ਸਭਾ ਦੀ ਬਕਾਇਦਾ ਕਾਨਫਰੰਸ ਹੋਈ। ਜਿਸ ਵਿਚ ਜਥੇਬੰਦੀ ਦਾ ਮੈਨੀਫੈਸਟੋ ਲਿਖਿਆ ਗਿਆ। ਦੇਸ਼ ਵਿਚ ਹੋ ਰਹੀਆਂ ਗ਼ਲਤ ਵਾਰਦਾਤਾਂ ਵਿਚ ਸੁਧਾਰ ਲਿਆਉਣਾ, ਦੇਸ਼ ਨੂੰ ਆਜ਼ਾਦ ਕਰਵਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਜਦ ਬਰਤਾਨੀਆਂ ਦੀ ਪਾਰਲੀਮੈਂਟ ਦੇ ਸੱਤ ਮੈਂਬਰ ’ਤੇ ਅਧਾਰਤ ਵਿਧਾਨਕ ਕਮਿਸ਼ਨ ਭਾਰਤ ਭੇਜਿਆ ਗਿਆ। ਜਿਸ ਦੇ ਚੇਅਰਮੈਨ ਸਰ ਜੌਹਨ ਸਾਈਮਨ ਸਨ। ਉਨ੍ਹਾਂ ਦਾ ਕੁਝ ਜਥੇਬੰਦੀਆਂ ਨੇ ਵਿਰੋਧ ਕਰਨਾ ਸ਼ਰੂ ਕਰ ਦਿੱਤਾ। ਜਦੋਂ 4 ਫਰਵਰੀ 1928 ਨੂੰ ਸਾਈਮਨ ਕਮਿਸ਼ਨ ਦੇ ਮੈਂਬਰ ਬੰਬਈ ਪਹੁੰਚੇ ਤਾਂ ਭਾਰੀ ਜਨਤਕ ਵਿਰੋਧ ਸ਼ੁਰੂ ਹੋ ਗਿਆ। ਜਦੋਂ 30 ਅਕਤੂਬਰ 1928 ਨੂੰ ਲਾਹੌਰ ਪਹੁੰਚਿਆ ਤਾਂ ਪ੍ਰਦਰਸ਼ਨਕਾਰੀਆਂ ਨੇ ਕਮਿਸ਼ਨ ਦੇ ਮੈਂਬਰਾਂ ਨੂੰ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਣ ਤੋਂ ਰਸਤਾ ਰੋਕ ਲਿਆ। ਉਸ ਸਮੇਂ ਭਾਰੀ ਇਕੱਠ ਦੀ ਅਗਵਾਈ ਲਾਲਾ ਲਾਜਪਤ ਰਾਏ ਕਰ ਰਹੇ ਸਨ। ਭਗਤ ਸਿੰਘ ਤੇ ਹੋਰ ਨੌਜਵਾਨ ਵੀ ਸ਼ਾਮਿਲ ਸਨ। ਉਸ ਸਮੇਂ ਲੋਕਾਂ ’ਤੇ ਪੁਲਿਸ ਸੁਪਰਡੈਂਟ ਜੇਮਜ਼ ਸਕਾਟ ਦੀ ਅਗਵਾਈ ਵਿਚ ਲਾਠੀਚਾਰਜ ਸ਼ੁਰੂ ਕਰ ਦਿੱਤਾ। ਉਨ੍ਹਾਂ ਲਾਲਾ ਲਾਜਪਤ ਰਾਏ ਨੂੰ ਨਿਸ਼ਾਨਾ ਬਣਾਇਆ। ਲਾਲਾ ਜੀ ਦੇ ਸਰੀਰ 'ਤੇ ਲਾਠੀਆਂ ਦਾ ਮੀਂਹ ਵਰ੍ਹਾ ਦਿੱਤਾ। ਲਾਲਾ ਲਾਜਪਤ ਰਾਏ ਗੰਭੀਰ ਜ਼ਖ਼ਮੀ ਹੋ ਗਿਆ। 17 ਨਵੰਬਰ, 1928 ਨੂੰ ਸਿਰ ਵਿਚ ਲੱਗੀ ਡੂੰਘੀ ਸੱਟ ਕਾਰਨ, ਉਨ੍ਹਾਂ ਦਾ ਦਿਹਾਂਤ ਹੋ ਗਿਆ। ਲਾਲ ਜੀ ਦੀ ਮੌਤ ਦੀ ਖ਼ਬਰ ਦੇਸ਼ ਭਰ ਵਿਚ ਫੈਲ ਗਈ। ਲੋਕਾਂ ਵਿਚ ਰੋਸ ਵੱਧ ਗਿਆ। ਭਗਤ ਸਿੰਘ ਨੇ ਰਾਜਗੁਰੂ ਨੂੰ ਨਾਲ ਲੈ ਕੇ ਪੁਲਿਸ ਅਧਿਕਾਰੀ ਸਾਂਡਰਸ ਨੂੰ ਗੋਲੀਆਂ ਮਾਰ ਮੌਤ ਦੇ ਘਾਟ ਉਤਾਰ ਦਿੱਤਾ। ਭਗਤ ਸਿੰਘ ਦੇ ਪਿਸਤੌਲ ਦਾ ਨੰਬਰ 168896 ਹੈ ਜੋ ਸਾਂਡਰਸ ਨੂੰ ਮਾਰਨ ਲਈ ਵਰਤਿਆ ਸੀ। ਇਹ ਹੁਸੈਨੀਵਾਲਾ ਮਿਊਜ਼ੀਅਮ ’ਚ ਰੱਖਿਆ ਹੋਇਆ ਹੈ ਜੋ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਜ਼ਿੰਦਗੀ ਦੇ ਆਖ਼ਰੀ ਦਿਨ
ਜ਼ਿੰਦਗੀ ਦੇ ਅੰਤਿਮ ਦਿਨਾਂ ਵਿਚ ਜੇਲ੍ਹ ਵਿਚ ਭਗਤ ਸਿੰਘ, ਰੂਸ ਦੇ ਮਹਾਨ ਕ੍ਰਾਂਤੀਕਾਰੀ ਵੀ. ਆਈ ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀ, ਜੋ ਪੜ੍ਹਨੋਂ ਅਧੂਰੀ ਰਹਿ ਗਈ ਸੀ। ਉਸ ਸਮੇਂ ਜੇਲ੍ਹਰ ਮੁਹੰਮਦ ਅਕਬਰ ਨੂੰ ਭਗਤ ਸਿੰਘ ਨੇ ਕਿਤਾਬ ਫੜਾਉਂਦਿਆਂ ਕਿਹਾ ਸੀ ‘ਮੇਰੀ ਇਹ ਅੰਤਿਮ ਨਿਸ਼ਾਨੀ ਤੇ ਸੰਦੇਸ਼ ਕੌਮ ਦੇ ਵਾਰਸਾਂ ਨੂੰ ਦੇ ਦੇਣਾ। 24 ਮਾਰਚ 1931 ਨੂੰ ਸਵੇਰੇ 7 ਵਜੇ ਫ਼ਾਂਸੀ ਦਿੱਤੀ ਜਾਣੀ ਸੀ ਪਰ ਲੋਕਾਂ ਦੇ ਵਿਦਰੋਹ ਦੇ ਡਰੋਂ 23 ਮਾਰਚ 1931 ਨੂੰ ਸ਼ਾਮ ਦੇ ਕਰੀਬ ਸਾਢੇ ਸੱਤ ਵਜੇ ਫ਼ਾਂਸੀ ਦਿੱਤੀ ਗਈ। ਦੇਸ਼ ਦੇ ਤਿੰਨ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਿੰਘ ਦੀਆਂ ਲਾਸ਼ਾਂ ਦਾ ਸਸਕਾਰ ਸਤਲੁਜ ਦੇ ਕੰਢੇ ਕੀਤਾ ਗਿਆ। ਤਿੰਨੇ ਸੂਰਮਿਆਂ ਦੀਆਂ ਅੱਧ ਸੜੀਆਂ ਲਾਸ਼ਾਂ ਨੂੰ ਸਤਲੁਜ ਵਿਚ ਰੋੜ ਦਿੱਤਾ ਗਿਆ।
ਸਰਾਭੇ ਨੂੰ ਮੰਨਿਆ ਸੀ ਆਦਰਸ਼
ਸ਼ਹੀਦਾਂ ਨੂੰ ਦੇਸ਼ ਕੌਮ ਲਈ ਆਪਾ ਵਾਰਨਾ ਪੈਂਦਾ ਹੈ। ਜੀਵਨ ਦੇ ਸੁੱਖ ਅਨੰਦ ਤਿਆਗਣੇ ਪੈਂਦੇ ਹਨ। ਭਗਤ ਸਿੰਘ ਦਾ ਵਿਚਾਰ ਸੀ ਕਿ ਲੋਕ ਸਾਡੇ ਮਿਸ਼ਨ ਨੂੰ ਸਾਡੀ ਸੋਚ ਨੂੰ ਅੱਗੇ ਵਧਾਉਣਗੇ। ਉਸ ਦਾ ਕਹਿਣਾ ਸੀ ਅਸੀਂ ਮੁੱਠੀ ਭਰ ਕ੍ਰਾਂਤੀਕਾਰੀ ਲੋਕਾਂ ਨੂੰ ਨਾਲ ਲਏ ਬਿਨ ਆਜ਼ਾਦੀ ਨਹੀਂ ਲੈ ਸਕਦੇ। ਜਨਤਾ ਦੀ ਸ਼ਕਤੀ ਦੇ ਨਾਲ ਹੀ ਸਾਡਾ ਮੁਲਕ ਆਜ਼ਾਦ ਹੋਵੇਗਾ। ਭਗਤ ਸਿੰਘ ਨੇ ਕੂਕਾ ਲਹਿਰ ਨੂੰ ‘ਪੰਜਾਬ ਵਿਚ ਮਹਾਨ ਇਨਕਲਾਬ ਦੀ ਪਹਿਲੀ ਜਥੇਬੰਦੀ ਦਾ ਨਾਂ ਦਿੱਤਾ। ਉਨ੍ਹਾਂ ਮਦਨ ਲਾਲ ਢੀਗਰੇ ਨੂੰ ‘ਪੰਜਾਬ ਦੇ ਪਹਿਲੇ ਵਿਦ੍ਰੋਹੀਂ ਸ਼ਹੀਦ’ ਕਿਹਾ ਤੇ ਗਦਰ ਲਹਿਰ ਦੇ ਨੌਜਵਾਨ ਸ਼ਹੀਦ ਕਰਤਾਰ ਸਿੰਘ ਸਰਾਭੇ ਬਾਰੇ ਕਿਹਾ ‘ਭਾਰਤ-ਵਰਸ਼ ਵਿਚ ਐਸੇ ਇਨਸਾਨ ਬਹੁਤ ਘੱਟ ਪੈਂਦਾ ਹੁੰਦੇ ਹਨ’। ਕਰਤਾਰ ਸਿੰਘ ਸਰਾਭੇ ਨੂੰ, ਭਗਤ ਸਿੰਘ ਆਪਣਾ ਆਦਰਸ਼ ਮੰਨਦਾ ਸੀ ਜਿਵੇਂ ਸਰਦਾਰ ਭਗਤ ਸਿੰਘ ਦਾ ਬਚਪਨ ਵਿੱਚ ਉਸ ਦੀ ਬੇਬੇ ਖਿਆਲ ਰੱਖੀ ਸੀ, ਉਸੇ ਤਰ੍ਹਾਂ ਜੇਲ੍ਹ ‘ਚ ਬੋਘਾ, ਭਗਤ ਸਿੰਘ ਦਾ ਖ਼ਿਆਲ ਰੱਖਦਾ ਸੀ। ਇਸ ਕਰ ਕੇ ਭਗਤ ਸਿੰਘ, ਬੋਘਾ ਨੂੰ ਬੇਬੇ ਆਖ ਕੇ ਹੀ ਬੁਲਾਉਂਦਾ ਹੁੰਦਾ ਸੀ।
ਬਾਬਾ ਭਕਨਾ ਨੇ ਕੀਤੀ ਸੀ ਮੁਲਾਕਾਤ
ਬਾਬਾ ਸੋਹਣ ਸਿੰਘ ਭਕਨਾ ਜੇਲ੍ਹ ’ਚ ਭਗਤ ਸਿੰਘ ਨੂੰ ਮਿਲਣ ਗਏ। ਉਨ੍ਹਾਂ, ਭਗਤ ਸਿੰਘ ਨੂੰ ਪੁੱਛਿਆ, ‘ਭਗਤ ਸਿੰਘ, ਤੁਹਾਡਾ ਕੋਈ ਭੈਣ-ਭਾਈ ਰਿਸ਼ਤੇਦਾਰ ਮਿਲਣ ਨਹੀਂ ਆਇਆ।’ ਤਾਂ ਭਗਤ ਸਿੰਘ ਨੇ ਉਤਰ ਦਿੱਤਾ ‘ਬਾਬਾ ਜੀ ਮੇਰਾ ਖ਼ੂਨ ਦਾ ਰਿਸ਼ਤਾ ਤਾਂ ਸ਼ਹੀਦਾਂ ਨਾਲ ਹੈ।
ਕਿਤਾਬਾਂ ਨਾਲ ਸੀ ਜ਼ਿਆਦਾ ਮੋਹ
ਭਗਤ ਸਿੰਘ ਦਾ ਕਿਤਾਬਾਂ ਨਾਲ ਮੋਹ ਜ਼ਿਆਦਾ ਸੀ। ਜੇਲ੍ਹ ਵਿਚ ਉਸ ਨੇ ਬਹੁਤ ਕਿਤਾਬਾਂ ਪੜ੍ਹੀਆਂ। ਉਹ ਗਿਆਨ ਹਾਸਲ ਕਰਨ ਲਈ ਰਾਜਨੀਤਕ, ਵਿਗਿਆਨਕ, ਸਮਾਜਿਕ, ਇਤਿਹਾਸਕ ਕਿਤਾਬਾਂ ਪੜ੍ਹਨ ਵੱਲ ਵਧੇਰੇ ਰੁਚੀ ਰੱਖਦਾ ਸੀ। ਸਮਾਜਵਾਦੀ ਨਾਵਲ ਉਸ ਨੂੰ ਚੰਗੇ ਲੱਗਦੇ ਸਨ। ਸਿਆਸੀ ਤੇ ਆਰਥਿਕ ਸਮੱਸਿਆ ਤੇ ਰੋਸ਼ਨੀ ਪਾਉਣ ਵਾਲੇ ਪੜ੍ਹ ਕੇੇ ਉਹ ਗਿਆਨ ਵਿਚ ਵਾਧਾ ਕਰਦਾ ਸੀ। ਭਗਤ ਸਿੰਘ ਆਪ ਵੀ ਚੰਗੇ ਲੇਖਕ ਸਨ। ਉਨ੍ਹਾਂ ਦੀਆਂ, ‘ਮੈਂ ਨਾਸਤਿਕ ਕਿਉਂ ਹਾਂ’, ਜੇਲ੍ਹ ਡਾਇਰੀ, ਤੇ ਬਹੁਤ ਸਾਰੇ ਪੱਤਰ ਭਗਤ ਸਿੰਘ ਨੇ ਆਪ ਜੇਲ੍ਹ ’ਚ ਲਿਖੇ ਸਨ। ਉਹ ਆਪਣੇ ਸਮੇਂ ਛਪਦੇ ‘ਕੀਰਤੀ’ ‘ਵੀਰ ਅਰਜਨ’ ਵਰਗੇ ਅਖ਼ਬਾਰਾਂ ਤੇ ਹੋਰ ਰਸਾਲਿਆ ਵਿਚ ਵੀ ਛਪਦਾ ਰਿਹਾ। ਉਸ ਨੇ ਕਾਰਲ ਮਾਰਕਸ, ਲੈਨਿਨ, ਚਾਰਲਸ ਡਿੱਕਨਜ਼, ਬਰਨਾਰਡ ਸ਼ਾਹ ਵਰਗੇ ਅਨੇਕਾਂ ਹੀ ਵੱਡੇ ਲੇਖਕ ਨੂੰ ਪੜ੍ਹਿਆ।
ਦੇਸ਼ ਲਈ ਸੀ ਦੁਖਦਾਈ ਸਮਾਂ
ਭਗਤ ਸਿੰਘ ਦੇ ਜਨਮ ਸਮੇਂ ਦੇਸ਼ ਦਾ ਮਾਹੌਲ ਬਹੁਤ ਭਿਆਨਕ ਸੀ। ਅੰਗਰੇਜ਼ਾਂ ਨੇ 1905 ਵਿਚ ਬੰਗਲਾ ਨੂੰ ਅੱਡ ਕਰ ਦਿੱਤਾ। ਹੱਸਦੇ-ਵਸਦੇ ਦੇਸ਼ ਦੇ ਟੁਕੜੇ ਕਰ ਦਿੱਤੇ। ਸੰਨ 1907 ’ਚ ਕਾਗਰਸ ਦੇ ਦੋ ਧੜੇ ਬਣਾ ਦਿੱਤੇ ਇਕ ਗਰਮ ਧੜਾ, ਇਕ ਨਰਮ ਧੜਾ। ਸੰਨ 1908 ਵਿਚ ਰਾਜ ਧ੍ਰੋਹ ਕਾਨੂੰਨ ਜਿਵੇਂ ਪ੍ਰੈਸ ਅਧਿਨਿਯਮ ਤੇ ਫ਼ੌਜਦਾਰੀ ਕਾਨੂੰਨ ਲਿਆਂਦੇ। ਅੰਗਰੇਜ਼ਾਂ ਨੇ ਭਾਰਤੀਆਂ ਨਾਲ ਪਹਿਲੇ ਵਿਸ਼ਵ ਯੁੱਧ ਵੇਲੇ ਬਹੁਤ ਸਾਰੇ ਵਾਅਦੇ ਵੀ ਕੀਤੇ ਜੋ ਫੋਕੇ ਹੀ ਨਿਕਲੇ। 28 ਜੁਲਾਈ 1910 ਨੂੰ ਭਗਤ ਸਿੰਘ ਦਾ ਚਾਚਾ ਸਵਰਨ ਸਿੰਘ ਸ਼ਹੀਦੀ ਪਾ ਗਿਆ। ਸੰਨ 1919 ਵਿਚ ਰੋਲਟ ਐਕਟ ਬਣਾਇਆ ਜਿਸ ਨੇ ਹਰ ਪ੍ਰਕਾਰ ਦੀ ਆਜ਼ਾਦੀ ਦੇ ਬੂਹੇ ਬੰਦ ਕੀਤੇ। 13 ਅਪ੍ਰੈਲ 1919 ਨੂੰ ਜਲ੍ਹਿਆਂ ਵਾਲੇ ਬਾਗ਼ ਦੀ ਖ਼ੂਨੀ ਘਟਨਾ। 1928 ਨੂੰ ਲਾਲ ਲਾਜਪਤ ਰਾਏ ਦਾ ਦੇਹਾਂਤ, ਮਿਤੀ 16 ਜੂਨ 1925 ਨੂੰ ਦੇਸ਼ ਭਗਤ ਦੇਸ਼ ਬੰਧੂ ਚਿਤਰੰਜਨ ਦਾਸ ਦੀ ਮੌਤ, ਮਿਤੀ 9 ਮਾਰਚ 1925 ਨੂੰ ਕਾਕੋਰੀ ਕਾਂਡ ਵਾਪਰਿਆ। ਇਸੇ ਤਰ੍ਹਾਂ ਦੇ ਕਾਂਡ ਭਗਤ ਸਿੰਘ ਨੇ ਕੁਝ ਸੁਣੇ ਤੇ ਕੁਝ ਅੱਖੀਂ ਵੇਖੇ। 21 ਅਪ੍ਰੈਲ 1913 ਨੂੰ ਗ਼ਦਰ ਪਾਰਟੀ ਹੋਂਦ ਵਿਚ ਆਈ। 1923 ਵਿਚ ਡ੍ਰਾਮੈਟਿਕ ਕਲੱਬ ਹੋਂਦ ‘ਚ ਆਇਆ। ਸੰਨ 1924 ਵਿਚ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਦਾ ਗਠਨ, 1928 ਵਿਚ ਨੌਜਵਾਨ ਭਾਰਤ ਸਭਾ ਆਦਿ। ਦੇਸ਼ ਵਿਚ ਹੁੰਦੇ ਇਹ ਕਾਂਡ ਦਾ ਅਸਰ ਭਗਤ ਸਿੰਘ ’ਤੇ ਹੋਇਆ ਤੇ ਇਨ੍ਹਾਂ ਲਹਿਰਾਂ ਵੱਲ ਝੁਕਾਅ ਵੀ ਭਗਤ ਸਿੰਘ ਲਈ ਲਾਜ਼ਮੀ ਬਣਿਆ।
ਭਗਤ ਸਿੰਘ ਵੱਲੋਂ ਨਾਟਕ ਮੰਡਲੀ ਦਾ ਗਠਨ
ਭਗਤ ਸਿੰਘ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ, ਅੱਗੇ ਡੀ.ਏਵੀ. ਹਾਈ ਸਕੂਲ, ਲਾਹੌਰ ਤੇ ਸੰਨ 1923 ਨੂੰ ਨੈਸ਼ਨਲ ਕਾਲਜ, ਲਾਹੌਰ ਵਿਖੇ ਦਾਖ਼ਲਾ ਲਿਆ। ਭਗਤ ਸਿੰਘ ਹੋਰਾਂ ਵੱਲੋਂ ਜਿਸ ਨਾਟਕ ਮੰਡਲੀ ਦਾ ਗਠਨ ਕੀਤਾ ਸੀ। ਉਸ ਦਾ ਨਾਮ ਨੈਸ਼ਨਲ ਡ੍ਰਾਮੈਟਿਕ ਕਲੱਬ ਰੱਖਿਆ ਗਿਆ ਜੋ ਨਾਟਕ ਵਿਖਾਏ ਜਾਂਦੇ ਸੀ, ਉਨ੍ਹਾਂ ਵਿਚ ਭਗਤ ਸਿੰਘ ਦੀ ਮੁੱਖ ਭੂਮਿਕਾ ਹੁੰਦੀ ਸੀ। ਜਦ ਭਗਤ ਸਿੰਘ ਨੌਵੀਂ ਜਮਾਤ ਵਿਚ ਪੜ੍ਹਦਾ ਸੀ, ਉਸ ਸਮੇਂ ਗੁਰਦੁਆਰਾ ਸਾਹਿਬ ਤੇ ਨਾ ਮਿਲਵਰਤਨ ਲਹਿਰਾਂ ਉਠੀਆਂ, ਭਗਤ ਸਿੰਘ, ਕਾਨਪੁਰ, ਦਿੱਲੀ ਦੇ ਸਾਥੀਆਂ ਨਾਲ਼ ਮਿਲ ਕੇ 1919 ਵਿਚ ਮਹਾਤਮਾ ਗਾਧੀ ਦੀ ਨਾ ਮਿਲਵਰਤਨ ਲਹਿਰ ਵਿਚ ਕੁੱਦ ਪਿਆ। ਭਗਤ ਸਿੰਘ ਵੱਧ ਚੜ੍ਹ ਕੇ ਰੈਲੀਆਂ ਵਿੱਚ ਹਿੱਸਾ ਲੈਂਦਾ।
ਅਸੈਂਬਲੀ ’ਚ ਬੰਬ ਸੁੱਟਣ ’ਤੇ ਗ੍ਰਿਫ਼ਤਾਰੀ
ਬ੍ਰਿਟਿਸ਼ ਸਰਕਾਰ ਭਗਤ ਸਿੰਘ ਨੂੰ ਫੜਨ ਲਈ ਉਤਾਵਲੀ ਸੀ। ਐਨੇ ਖ਼ਤਰੇ ਵਿਚ ਨੌਜਵਾਨ ਭਾਰਤ ਸਭਾ ਦੀ ਸਰਗਰਮ ਮੈਂਬਰ ਸ੍ਰੀਮਤੀ ਦੁਰਗਾਵਤੀ (ਦੁਰਗਾ ਭਾਬੀ) ਨੇ ਜਾਨ ਤਲੀ ’ਤੇ ਧਰ ਕੇ ਸ. ਭਗਤ ਸਿੰਘ ਦਾ ਸਾਥ ਦਿੱਤਾ। ਸਤੰਬਰ, 1928 ਨੂੰ ਕ੍ਰਾਂਤੀਕਾਰੀਆਂ ਦੀ ਕਾਨਫਰੰਸ ਦਿੱਲੀ ਹੋਈ, ਜਿਸ ਵਿਚ ਹਿੰਦੋਸਤਾਨ ਸ਼ੋਸ਼ਲਿਸਟ ਰੀਪਬਲਿਕਨ ਆਰਮੀ ਬਣਾਈ ਗਈ, ਜਿਸ ਦੀ ਕਮਾਨ ਚੰਦਰ ਸ਼ੇਖਰ ਆਜ਼ਾਦ ਨੂੰ ਤੇ ਤਾਲਮੇਲ ਕਮੇਟੀ ਮੈਂਬਰ ਸ. ਭਗਤ ਸਿੰਘ ਨੂੰ ਸੌਂਪੀ ਗਈ। ਬ੍ਰਿਟਿਸ਼ ਸਰਕਾਰ ਨੇ ਕੇਂਦਰੀ ਵਿਧਾਨ ਸਭਾ ਦਿੱਲੀ ਵਿਖੇ ਟਰੇਡ ਡਿਸਪਿਊਟ ਬਿੱਲ ਤੇ ਪਬਲਿਕ ਸੇਫਟੀ ਬਿੱਲ ਪੇਸ਼ ਕੀਤੇ। ਇਹ ਬਿੱਲ ਆਉਣ ਨਾਲ ਲੋਕਾਂ ਦੇ ਹੱਕ ਮਾਰੇ ਜਾਣੇ ਸੀ। ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਬਿੱਲਾਂ ਦਾ ਵਿਰੋਧ ਕਰਨ ਲਈ ਵਿਚਾਰਾਂ ਕੀਤੀਆਂ। ਫ਼ੈਸਲਾ ਹੋਇਆ ਕਿ ਵਿਧਾਨ ਸਭਾ ਵਿਚ ਬੰਬ ਧਮਾਕਾ ਕੀਤਾ ਜਾਵੇ, ਕੋਈ ਜਾਨੀ ਨੁਕਸਾਨ ਵੀ ਨਾ ਹੋਵੇ। ਇਸ ਬੰਬ ਧਮਾਕਾ ਕਰਨ ਲਈ ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਨੂੰ ਜ਼ਿੰਮੇਵਾਰੀ ਸੌਂਪੀ ਗਈ। ਦੋਵੇਂ ਨੌਜਵਾਨਾਂ ਨੇ 8 ਅਪ੍ਰੈਲ 1929 ਨੂੰ ਇਹ ਕੰਮ ਨੇਪਰੇ ਚਾੜ੍ਹ ਦਿੱਤਾ ਅਤੇ ਗ੍ਰਿਫ਼ਤਾਰੀ ਦਿੱਤੀ। ਦੋਵਾਂ ਨੌਜਵਾਨਾਂ ਉੱਤੇ ਕੇਸ ਚੱਲਿਆ ਤੇ ਜੀਵਨ ਭਰ ਕਾਰਾਵਾਸ ਦੀ ਸਜ਼ਾ ਦਿੱਤੀ ਤੇ ‘ਕੋਟ ਲੱਖਪਤ ਜੇਲ੍ਹ’ ਲਾਹੌਰ ਵਿਖੇ ਰੱਖਿਆ ਗਿਆ। ਅਖ਼ੀਰ ਕੇਸ ਵਿਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫ਼ਾਂਸੀ ਦੀ ਸਜ਼ਾ ਹੋ ਗਈ।
ਆਜ਼ਾਦੀ ਲਹਿਰ ’ਚ ਪਰਿਵਾਰ ਦਾ ਯੋਗਦਾਨ
ਦੇਸ਼ ਦੀ ਆਜ਼ਾਦੀ ਲਈ ਭਗਤ ਸਿੰਘ ਦੇ ਸਮੁੱਚਾ ਪਰਿਵਾਰ ਦਾ ਯੋਗਦਾਨ ਰਿਹਾ। ਸੰਨ 1907 ਦੀ ‘ਪੱਗੜੀ ਸੰਭਾਲ ਜੱਟਾ’ ਲਹਿਰ ਵਿਚ ਸਮੁੱਚੇ ਪਰਿਵਾਰ ਨੇ ਪੂਰੀ ਸਰਗਰਮੀ ਨਾਲ ਹਿੱਸਾ ਲਿਆ। ਭਗਤ ਸਿੰਘ ਦਾ ਚਾਚਾ ਅਜੀਤ ਸਿੰਘ 1907 ਤੋਂ ਹੀ ਜਲਾਵਤਨ ਸਨ ਤੇ ਚਾਚਾ ਸਵਰਨ ਸਿੰਘ ਜੇਲ੍ਹ ਦੇ ਤਸੀਹਿਆਂ ਕਾਰਨ ਸਰੀਰ ਨੂੰ ਚੁੰਬੜ ਚੁੱਕੀਆਂ ਬਿਮਾਰੀਆਂ ਕਾਰਨ 28 ਜੁਲਾਈ 1910 ਨੂੰ ਸ਼ਹੀਦੀ ਪਾ ਗਿਆ। ਸ਼ਹੀਦੇ ਆਜ਼ਮ ਸ. ਭਗਤ ਸਿੰਘ ਦਾ ਤੇ ਬਾਕੀ ਦੇਸ਼ ਕੌਮ ਲਈ ਪਿਆਰੀਆਂ-ਪਿਆਰੀਆਂ ਜਾਨਾਂ ਵਾਰ ਨਵਾਲੇ ਸ਼ਹੀਦਾਂ ਦਾ ਸੁਪਨਾ ਸੀ ਕਿ ਭ੍ਰਿਸ਼ਟਾਚਾਰ, ਭੁੱਖਮਰੀ, ਬੇਰੁਜ਼ਗਾਰੀ, ਨਸ਼ਾਪ੍ਰਸਤੀ, ਨਸ਼ਾ ਤਸਕਰੀ, ਅਮੀਰ-ਗਰੀਬ ਦਾ ਪਾੜ੍ਹਾ ਤੇ ਹੋਰ ਮੰਦਭਾਗੀਆਂ ਵਧੀਕੀਆਂ ਦਾ ਖ਼ਾਤਮਾ ਹੋਵੇ ਤੇ ਹਰ ਪ੍ਰਾਣੀ ਸੁੱਖੀ ਜੀਵਨ ਬਤੀਤ ਕਰੇ। ਹਰ ਇਕ ਨੂੰ ਆਜ਼ਾਦੀ ਦਾ ਸੱੁਖ ਮਿਲਦਾ ਰਹੇ। ਜਿਨ੍ਹਾਂ ਚਿਰ ਧਰਤੀ ’ਤੇ ਅਸਮਾਨ ਰਹੇਗਾ, ਉਨ੍ਹਾਂ ਚਿਰ ਵਤਨ ਤੋਂ ਜਾਨਾਂ ਵਾਰ ਗਏ ਸ਼ਹੀਦਾਂ ਦਾ ਨਾਂ ਬੜੇ ਅਦਬ ਨਾਲ ਲਿਆ ਜਾਵੇਗਾ।
• ਦਰਸ਼ਨ ਸਿੰਘ ਪ੍ਰੀਤੀਮਾਨ