ਪ੍ਰਭਾਕਰ ਨੇ 1972 ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਦਰਮਿਆਨ ਹੋਏ ਇੰਡੋ-ਪਾਕਿ ਸਮਿਟ ਜੋ ‘ਸ਼ਿਮਲਾ ਐਗਰੀਮੈਂਟ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੀ ਰਿਪੋਟਿੰਗ ਬਾਖ਼ੂਬੀ ਕੀਤੀ ਸੀ।

ਵਿੱਦਿਆ ਪ੍ਰਕਾਸ਼ ਪ੍ਰਭਾਕਰ (ਵੀਪੀ ਪ੍ਰਭਾਕਰ) ਸਾਊ ਤੇ ਸੰਜੀਦਾ ਪੱਤਰਕਾਰੀ ਦਾ ਬਾਬਾ ਬੋਹੜ ਸੀ। ਉਨ੍ਹਾਂ ਨੇ 60 ਸਾਲ ਸੰਜੀਦਗੀ, ਸਲੀਕੇ, ਹਲੀਮੀ ਅਤੇ ਨੈਤਿਕਤਾ ਨਾਲ ਪੱਤਰਕਾਰੀ ਕੀਤੀ। ਉਨ੍ਹਾਂ ਨੂੰ ‘ਜੈਂਟਲਮੈਨ ਜਰਨਲਿਸਟ’ ਦੇ ਤੌਰ ’ਤੇ ਜਾਣਿਆਂ ਜਾਂਦਾ ਸੀ। ਤਿੰਨ ਦਹਾਕੇ ਉਹ ਇਕ ਅੰਗਰੇਜ਼ੀ ਅਖ਼ਬਾਰ ਵਿਚ ਪੱਤਰਕਾਰੀ ਕਰਦੇ ਰਹੇ। ਪ੍ਰਭਾਕਰ ਨੇ 1972 ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਦਰਮਿਆਨ ਹੋਏ ਇੰਡੋ-ਪਾਕਿ ਸਮਿਟ ਜੋ ‘ਸ਼ਿਮਲਾ ਐਗਰੀਮੈਂਟ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੀ ਰਿਪੋਟਿੰਗ ਬਾਖ਼ੂਬੀ ਕੀਤੀ ਸੀ।
ਇਸੇ ਤਰ੍ਹਾਂ ਉਨ੍ਹਾਂ ਨੇ ਅਮਰੀਕਾ, ਕੈਨੇਡਾ ਅਤੇ ਕੁਵੈਤ ਵਿਚ ਜਾ ਕੇ ਵੀ ਰਿਪੋਰਟਿੰਗ ਕੀਤੀ ਅਤੇ ਜਦੋਂ ਇੰਦਰ ਕੁਮਾਰ ਗੁਜਰਾਲ ਭਾਰਤ ਦੇ ਵਿਦੇਸ਼ ਮੰਤਰੀ ਸਨ ਤਾਂ ਪ੍ਰਭਾਕਰ ਨੇ ਯੂਐੱਨ ਜਨਰਲ ਅਸੈਂਬਲੀ ਦੀ ਰਿਪੋਰਟਿੰਗ ਵੀ ਕੀਤੀ ਸੀ। ਪੰਜਾਬ ਵਿਚ ਕਥਿਤ ਅੱਤਵਾਦ ਦੇ ਦੌਰ ਸਮੇਂ ਉਨ੍ਹਾਂ ਨੇ ਜੋਖ਼ਮ ਭਰੇ ਸਮੇਂ ਪਟਿਆਲਾ ਵਿਖੇ ਆਪਣੇ ਫ਼ਰਜ਼ ਨਿਭਾਏ ਸਨ। ਉਹ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਦੋ ਵਾਰੀ 1995 ਅਤੇ 1997 ਵਿਚ ਪ੍ਰਧਾਨ ਰਹੇ।
ਚੰਡੀਗੜ੍ਹ ਪ੍ਰੈੱਸ ਕਲੱਬ ਦਾ ਪ੍ਰਧਾਨ ਹੁੰਦਿਆਂ ਉਨ੍ਹਾਂ ਨੇ ਪ੍ਰੈੱਸ ਕਲੱਬ ਦੇ ਰੈਗੂਲਰ ਮੈਂਬਰਾਂ ਦੀ ਐਮਰਜੈਂਸੀ ਮੈਡੀਕਲ ਸਹੂਲਤ ਲਈ ਵੈਲਫ਼ੇਅਰ ਫੰਡ ਸਥਾਪਤ ਕਰਵਾਇਆ ਜਿਸ ਦਾ ਪੱਤਰਕਾਰਾਂ ਨੂੰ ਲਾਭ ਹੋਇਆ। ਉਹ ਵਿਕਾਸ ਪ੍ਰਾਜੈਕਟਾਂ ਦੀ ਜਾਣਕਾਰੀ ਲੈਣ ਲਈ ਪ੍ਰਾਜੈਕਟਾਂ ਵਾਲੀ ਥਾਂ ’ਤੇ ਜਾ ਕੇ ਖ਼ਬਰ ਤੱਥਾਂ ਤੇ ਸਬੂਤਾਂ ਨਾਲ ਲਿਖਦੇ ਸਨ। ਉਹ ਮਹਿਜ਼ 23 ਸਾਲਾਂ ਦੀ ਉਮਰ ਵਿਚ ਦਾ ਸਬ ਐਡੀਟਰ ਬਣ ਗਏ ਸਨ ਤੇ 1997 ਵਿਚ ਬਿਊਰੋ ਚੀਫ ਸੇਵਾ ਮੁਕਤ ਹੋਏ। ਵੀਪੀ ਪ੍ਰਭਾਕਰ ਨੂੰ ਪੱਤਰਕਾਰੀ ਵਿਚ ਨੈਤਿਕਤਾ ’ਤੇ ਪਹਿਰਾ ਦੇਣ ਲਈ ਬਹੁਤ ਸਾਰੀਆਂ ਪੱਤਰਕਾਰ, ਆਰਟਿਸਟਾਂ ਅਤੇ ਸਵੈ-ਇੱਛਤ ਸੰਸਥਾਵਾਂ ਨੇ ਸਨਮਾਨਤ ਕੀਤਾ ਸੀ। ਉਨ੍ਹਾਂ ਨੂੰ ਹਰਿਆਣਾ ਪੱਤਰਕਾਰ ਸੰਘ ਨੇ ‘ਲਾਈਫਟਾਈਮ ਅਚੀਵਮੈਂਟ ਐਵਾਰਡ ਫਾਰ ਐਕਸੀਲੈਂਸ’ ਦਿੱਤਾ ਸੀ। ਇਸੇ ਤਰ੍ਹਾਂ ਜੋਸ਼ੀ ਫਾਊਂਡੇਸ਼ਨ, ਚੰਡੀਗੜ੍ਹ ਨੇ ਲਾਈਫਟਾਈਮ ਅਚੀਵਮੈਂਟ ਐਵਾਰਡ ਦਿੱਤਾ ਸੀ।
ਪ੍ਰਾਚੀਨ ਕਲਾ ਕੇਂਦਰ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਚੰਡੀਗੜ੍ਹ, ਆਲ ਇੰਡੀਆ ਆਰਟਿਸਟ ਐਸੋਸੀਏਸ਼ਨ ਸ਼ਿਮਲਾ ਨੇ ਬਲਰਾਜ ਸਾਹਨੀ ਐਵਾਰਡ ਫਾਰ ਐਕਸੀਲੈਂਸ ਇਨ ਜਰਨਲਿਜ਼ਮ, ਹਿਮਾਚਲ ਵਿਕਾਸ ਮੰਚ ਨੇ ਜਰਨਲਿਸਟ ਐਵਾਰਡ ਅਤੇ ਹਿਮਾਚਲ ਪ੍ਰਦੇਸ਼ ਜਰਨਲਿਸਟਸ ਫੈਡਰੇਸ਼ਨ ਬਿਲਾਸਪੁਰ ਨੇ ਬੋਲਡ ਜਰਨਲਿਜ਼ਮ ਲਈ ਐਵਾਰਡ ਦੇ ਕੇ ਸਨਮਾਨਤ ਕੀਤਾ ਸੀ। ਉਨ੍ਹਾਂ ਦਾ ਜਨਮ 19 ਮਾਰਚ 1937 ਨੂੰ ਪਿਤਾ ਅਮਰ ਚੰਦ ਪ੍ਰਭਾਕਰ ਦੇ ਘਰ ਮਾਤਾ ਕ੍ਰਿਸ਼ਨਾ ਪ੍ਰਭਾਕਰ ਦੀ ਕੁੱਖੋਂ ਸ਼ਿਮਲਾ ਵਿਖੇ ਹੋਇਆ ਸੀ।
ਉਨ੍ਹਾਂ ਨੇ ਦਸਵੀਂ ਤੱਕ ਦੀ ਪੜ੍ਹਾਈ ਡੀਏਵੀ ਸਕੂਲ ਲੱਕੜ ਬਾਜ਼ਾਰ ਸ਼ਿਮਲਾ, ਇੰਟਰਮੀਡੀਏਟ ਭਾਰਗਵਾ ਮਿਊਂਸੀਪਲ ਕਾਲਜ ਸ਼ਿਮਲਾ ਅਤੇ ਗ੍ਰੈਜੂਏਸ਼ਨ ਸਰਕਾਰੀ ਕਾਲਜ ਚੰਡੀਗੜ੍ਹ ਤੋਂ ਕੀਤੀ। ਪੋਸਟ ਗ੍ਰੈਜੂਏਸ਼ਨ ਡੀਏਵੀ ਕਾਲਜ ਚੰਡੀਗੜ੍ਹ ਅਤੇ ਜਰਨਲਿਜ਼ਮ ਦਿੱਲੀ ਤੋਂ ਕੀਤੀ। ਪ੍ਰਭਾਕਰ ਜੀ ਨੇ ਆਪਣੀ ਪੱਤਰਕਾਰੀ ਦਾ ਕਰੀਅਰ ਹਿੰਦੀ ਦੇ ਸਪਤਾਹਿਕ ‘ਸੇਵਾ ਗਰਾਮ’ ਤੋਂ ਸ਼ੁਰੂ ਕੀਤਾ ਸੀ। ਉਨ੍ਹਾਂ ਦਾ ਵਿਆਹ ਸ਼ਕੁੰਤਲਾ ਪ੍ਰਭਾਕਰ ਨਾਲ ਹੋਇਆ। ਉਨ੍ਹਾਂ ਦੇ ਦੋ ਲੜਕੇ ਅਤੇ ਇਕ ਲੜਕੀ ਹੈ। ਉਹ 89 ਸਾਲ ਦੀ ਉਮਰ ਵਿਚ 26 ਜਨਵਰੀ 2026 ਨੂੰ ਸਵਰਗਵਾਸ ਹੋ ਗਏ।
-ਉਜਾਗਰ ਸਿੰਘ
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ।
-ਮੋਬਾਈਲ : 94178-13072