ਉਨ੍ਹਾਂ ਦੀਆਂ ਅਣਥੱਕ ਸੇਵਾਵਾਂ ਤੇ ਸਮਰਪਿਤ ਭਾਵਨਾ ਕਰਕੇ ਹੀ ਉਹ ਅਸਥਾਈ ਬੇਰੁਜ਼ਗਾਰ ਅਧਿਆਪਕ ਸੰਘ ਦੇ ਜਨਰਲ ਸਕੱਤਰ ਵਜੋਂ ਹਰਿਆਣਾ ਰਾਜ ਅਧਿਆਪਕ ਸੰਘ ਦੀ ਸੂਬਾ ਕਾਰਜਕਾਰਨੀ ਦੇ ਮੈਂਬਰ ਰਹੇ ਤੇ ਫਿਰ ਕੁਰੂਕਸ਼ੇਤਰ ਇਕਾਈ ਦੇ ਸਕੱਤਰ ਚੁਣ ਲਏ ਗਏ। ਬੇਰੁਜ਼ਗਾਰ ਅਧਿਆਪਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ 1985 ਵਿਚ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਮਿਲੇ ਵਫ਼ਦ ਵਿਚ ਵੀ ਸ਼ਾਮਲ ਸਨ।

ਹਰਿਆਣਾ ਵਿਚ ਤਰਕਸ਼ੀਲ ਲਹਿਰ ਦੇ ਸੰਸਥਾਪਕ ਮਾਸਟਰ ਬਲਵੰਤ ਸਿੰਘ ਅਜਿਹੇ ਨਾਮਵਰ ਆਗੂ ਸਨ ਜਿਨ੍ਹਾਂ ਨੇ ਸਮਾਜ ’ਚੋਂ ਅੰਧ-ਵਿਸ਼ਵਾਸਾਂ, ਵਹਿਮਾਂ-ਭਰਮਾਂ, ਰੂੜੀਵਾਦੀ ਮਾਨਤਾਵਾਂ, ਨਸ਼ਿਆਂ, ਮਾਨਸਿਕ ਸਮੱਸਿਆਵਾਂ, ਅਖੌਤੀ ਚਮਤਕਾਰਾਂ ਅਤੇ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਵਿਗਿਆਨਕ ਚੇਤਨਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਖ਼ਰੀ ਦਮ ਤੱਕ ਜਦੋਜਹਿਦ ਕੀਤੀ। ਉਨ੍ਹਾਂ ਦਾ ਜਨਮ 3 ਫਰਵਰੀ 1955 ਨੂੰ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿੰਡ ਸੰਘੋਲੀ (ਪਿਹੋਵਾ) ਵਿਖੇ ਹੋਇਆ ਸੀ।
ਸੰਨ 1981 ਵਿਚ ਉਹ ਛੇ ਮਹੀਨੇ ਦੇ ਅਸਥਾਈ ਆਧਾਰ ’ਤੇ ਪੰਜਾਬੀ ਦੇ ਅਧਿਆਪਕ ਨਿਯੁਕਤ ਹੋਏ ਪਰ ਇਸ ਦੌਰਾਨ ਗਿਆਨੀ ਅਤੇ ਪੋਸਟ ਗ੍ਰੈਜੂਏਸ਼ਨ ਕਰ ਕੇ ਉਨ੍ਹਾਂ ਨੇ ਪੱਕੇ ਤੌਰ ’ਤੇ ਪੰਜਾਬੀ ਅਧਿਆਪਕ ਬਣਨ ਦੀ ਚੋਣ ਕੀਤੀ। ਸੰਨ 1988 ਵਿਚ ਤਰਕਸ਼ੀਲ ਸੁਸਾਇਟੀ ਹਰਿਆਣਾ ਦੀ ਬੁਨਿਆਦ ਰੱਖਣ ਅਤੇ ਉਸ ਦਾ ਘੇਰਾ ਵਿਸ਼ਾਲ ਕਰਨ ਵਿਚ ਸੰਸਥਾਪਕ ਦੇ ਤੌਰ ’ਤੇ ਉਨ੍ਹਾਂ ਨੇ ਲਗਾਤਾਰ ਵੱਡੀ ਤੇ ਅਹਿਮ ਭੂਮਿਕਾ ਨਿਭਾਈ।
ਉਹ ਨਾ ਸਿਰਫ਼ ਤਰਕਸ਼ੀਲ ਲਹਿਰ ਦੇ ਸਿਰਕੱਢ ਤੇ ਹਰਮਨ ਪਿਆਰੇ ਆਗੂ ਸਨ ਬਲਕਿ ਬਹੁਤ ਹੀ ਸੰਜੀਦਾ ਮਨੁੱਖ, ਊਰਜਾਵਾਨ, ਮਿਲਣਸਾਰ ਤੇ ਗਿਆਨਵਾਨ ਅਧਿਆਪਕ ਸਨ। ਉਹ ਔਖੇ ਤੋਂ ਔਖੇ ਹਾਲਾਤ ਵਿਚ ਡਟਣ ਵਾਲੇ ਤਰਕਸ਼ੀਲ ਆਗੂ ਅਤੇ ਅਧਿਆਪਕ ਲਹਿਰ ਤੇ ਮੁਲਾਜ਼ਮ ਟਰੇਡ ਯੂਨੀਅਨਾਂ ’ਚ ਨਿਡਰਤਾ, ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਕੰਮ ਕਰਨ ਵਾਲੇ ਲੋਕ ਪੱਖੀ ਜਨਤਕ ਆਗੂ ਅਤੇ ਲੇਖਕ ਵੀ ਸਨ। ਉਨ੍ਹਾਂ ਨੂੰ ਇਨਕਲਾਬੀ ਤੇ ਤਰਕਸ਼ੀਲ ਸਾਹਿਤ ਪੜ੍ਹਨ ਦਾ ਬੜਾ ਸ਼ੌਕ ਸੀ ਤੇ ਇਸ ਦੀ ਪੂਰਤੀ ਲਈ ਉਨ੍ਹਾਂ ਨੇ ਆਪਣੇ ਘਰ ਵਿਚ ਇਕ ਲਾਇਬ੍ਰੇਰੀ ਵੀ ਸਥਾਪਤ ਕੀਤੀ ਹੋਈ ਸੀ। ਉਨ੍ਹਾਂ ਨੇ ਤਰਕਸ਼ੀਲ ਸੁਸਾਇਟੀ ਹਰਿਆਣਾ ਵਿਚ ਕਈ ਸਾਲਾਂ ਤੱਕ ਲਗਾਤਾਰ ਸੂਬਾ ਸਕੱਤਰ, ਪ੍ਰਧਾਨ ਅਤੇ ਵਿੱਤ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਸਕੂਲਾਂ, ਕਾਲਜਾਂ, ਪਿੰਡਾਂ, ਕਸਬਿਆਂ, ਕਾਰਖਾਨਿਆਂ ਅਤੇ ਸਮਾਜ ਦੇ ਸਾਰੇ ਵਰਗਾਂ ਵਿਚ ਅੰਧ ਵਿਸ਼ਵਾਸਾਂ ਅਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਵਿਗਿਆਨਕ ਚੇਤਨਾ ਦੀ ਜਾਗਰੂਕਤਾ ਮੁਹਿੰਮ ਚਲਾਈ।
ਉਨ੍ਹਾਂ ਨੇ ਤਰਕਸ਼ੀਲ ਲਹਿਰ ਦਾ ਘੇਰਾ ਵਿਸ਼ਾਲ ਕਰਦਿਆਂ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਰਾਜਸਥਾਨ, ਉਤਰਾਖੰਡ, ਪੰਜਾਬ ਤੇ ਕਈ ਹੋਰਨਾਂ ਸੂਬਿਆਂ ਵਿਚ ਵਿਗਿਆਨਕ ਚੇਤਨਾ ਦੇ ਪ੍ਰੋਗਰਾਮ ਪੇਸ਼ ਕੀਤੇ। ਫੈਡਰੇਸ਼ਨ ਆਫ ਇੰਡੀਅਨ ਰੈਸ਼ਨਲਿਸਟ ਐਸੋਸੀਏਸ਼ਨ ਦੀ ਸੰਨ 2004 ਵਿਚ ਬਠਿੰਡਾ ਵਿਖੇ ਹੋਈ ਕੌਮੀ ਕਾਨਫਰੰਸ ਵਿਚ ਉਨ੍ਹਾਂ ਨੇ ਆਪਣੇ ਹੱਥਾਂ ’ਚੋਂ ਲੋਹੇ ਦੀਆਂ ਸੂਈਆਂ ਲੰਘਾ ਕੇ ਹੈਰਾਨੀਜਨਕ ਮੈਜਿਕ ਟਰਿੱਕ ਪੇਸ਼ ਕੀਤੇ। ਆਪਣੇ ਆਖ਼ਰੀ ਵਕਤ ਵੀ ਉਹ ਹਿੰਦੀ ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਸਨ।
ਮਾਸਟਰ ਬਲਵੰਤ ਸਿੰਘ ਨੇ ਆਪਣੇ ਫਾਰਮ ਹਾਊਸ ਵਿਖੇ ਮਾਨਸਿਕ ਚੇਤਨਾ ਮਸ਼ਵਰਾ ਕੇਂਦਰ ਚਲਾਉਂਦੇ ਹੋਏ ਅੰਧ ਵਿਸ਼ਵਾਸਾਂ, ਭੂਤਾਂ-ਪ੍ਰੇਤਾਂ ਅਤੇ ਵੱਖ-ਵੱਖ ਮਨੋਵਿਗਿਆਨਕ ਸਮੱਸਿਆਵਾਂ ਦੇ ਸ਼ਿਕਾਰ ਹਜ਼ਾਰਾਂ ਹੀ ਮਾਨਸਿਕ ਰੋਗੀਆਂ ਨੂੰ ਮੁਫ਼ਤ ਵਿਗਿਆਨਕ ਕੌਂਸਲਿੰਗ ਰਾਹੀਂ ਸਿਹਤਯਾਬ ਕੀਤਾ ਅਤੇ ਉਨ੍ਹਾਂ ਨੂੰ ਤਰਕਸ਼ੀਲ ਸਾਹਿਤ ਪੜ੍ਹਨ ਅਤੇ ਜ਼ਿੰਦਗੀ ਵਿਚ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਉਣ ਲਈ ਪ੍ਰੇਰਿਤ ਕੀਤਾ। ਹਰਿਆਣੇ ’ਚ ਅਸਥਾਈ ਤੇ ਬੇਰੁਜ਼ਗਾਰ ਅਧਿਆਪਕ ਸੰਘ ਨੂੰ ਸਰਗਰਮ ਕਰਨ ਵਿਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ।
ਉਨ੍ਹਾਂ ਦੀਆਂ ਅਣਥੱਕ ਸੇਵਾਵਾਂ ਤੇ ਸਮਰਪਿਤ ਭਾਵਨਾ ਕਰਕੇ ਹੀ ਉਹ ਅਸਥਾਈ ਬੇਰੁਜ਼ਗਾਰ ਅਧਿਆਪਕ ਸੰਘ ਦੇ ਜਨਰਲ ਸਕੱਤਰ ਵਜੋਂ ਹਰਿਆਣਾ ਰਾਜ ਅਧਿਆਪਕ ਸੰਘ ਦੀ ਸੂਬਾ ਕਾਰਜਕਾਰਨੀ ਦੇ ਮੈਂਬਰ ਰਹੇ ਤੇ ਫਿਰ ਕੁਰੂਕਸ਼ੇਤਰ ਇਕਾਈ ਦੇ ਸਕੱਤਰ ਚੁਣ ਲਏ ਗਏ। ਬੇਰੁਜ਼ਗਾਰ ਅਧਿਆਪਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ 1985 ਵਿਚ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਮਿਲੇ ਵਫ਼ਦ ਵਿਚ ਵੀ ਸ਼ਾਮਲ ਸਨ।
ਉਨ੍ਹਾਂ ਨੇ 1991 ਵਿਚ ਹਰਿਆਣਾ ਸਾਖ਼ਰਤਾ ਮੁਹਿੰਮ ਵਿਚ ਵੀ ਸਰਗਰਮ ਭੂਮਿਕਾ ਨਿਭਾਈ ਤੇ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਲਈ ਕਈ ਸੰਘਰਸ਼ ਲੜੇ। ਉਹ 28 ਫਰਵਰੀ 2013 ਨੂੰ ਮੁੱਖ ਅਧਿਆਪਕ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ। ਉਨ੍ਹਾਂ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਸਮੇਤ ਹੋਰ ਕਈ ਸਮਾਜਿਕ ਸੰਸਥਾਵਾਂ ਵੱਲੋਂ ਸਨਮਾਨਤ ਕੀਤਾ ਗਿਆ ਸੀ।
ਉਹ 31 ਜਨਵਰੀ 2024 ਨੂੰ ਬ੍ਰੇਨ ਹੈਮਰੇਜ ਕਾਰਨ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੀ ਇੱਛਾ ਅਨੁਸਾਰ ਪਰਿਵਾਰ ਵੱਲੋਂ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਇਕ ਫਰਵਰੀ ਨੂੰ ਮੈਡੀਕਲ ਕਾਲਜ ਕੁਰੂਕਸ਼ੇਤਰ ਨੂੰ ਪ੍ਰਦਾਨ ਕਰ ਦਿੱਤਾ ਗਿਆ। ਉਨ੍ਹਾਂ ਨੇ ਆਪਣਾ ਮ੍ਰਿਤਕ ਸਰੀਰ ਡਾਕਟਰੀ ਖੋਜ ਕਾਰਜਾਂ ਲਈ ਪ੍ਰਦਾਨ ਕਰ ਕੇ ਲੋਕਾਈ ਨੂੰ ਵੱਡੀ ਸੇਧ ਦਿੱਤੀ।
-ਸੁਮੀਤ ਸਿੰਘ,
ਅੰਮ੍ਰਿਤਸਰ।-ਮੋਬਾਈਲ : 76960-30173