ਪੰਜਾਬੀ ਲੇਖਕ ਤੇ ਕਵੀ ਨੰਦ ਲਾਲ ਨੂਰਪੁਰੀ ਦਾ ਜਨਮ 1906 ਈ. ਵਿਚ ਪਿੰਡ ਨੂਰਪੁਰ, ਜ਼ਿਲ੍ਹਾ ਲਾਇਲਪੁਰ ਵਿਖੇ ਹੋਇਆ ਸੀ। ਉਨ੍ਹਾਂ ਦਾ ਜਨਮ ਪਿਤਾ ਬਿਸ਼ਨ ਸਿੰਘ ਤੇ ਮਾਤਾ ਹੁਕਮ ਦੇਵੀ ਦੇ ਘਰ ਹੋਇਆ ਸੀ। ਉਨ੍ਹਾਂ ਨੇ ਆਪਣੀ ਪੜ੍ਹਾਈ ਖ਼ਾਲਸਾ ਸਕੂਲ ਤੇ ਖ਼ਾਲਸਾ ਕਾਲਜ ਲਾਇਲਪੁਰ ਤੋਂ ਕੀਤੀ। ਨੰਦ ਲਾਲ ਨੂਰਪੁਰੀ ਦਾ ਵਿਆਹ ਸੁਮਿੱਤਰਾ ਦੇਵੀ ਨਾਲ ਹੋਇਆ ਸੀ ਤੇ ਦੇਸ਼ ਦੀ ਵੰਡ ਪਿੱਛੋਂ ਉਹ ਜਲੰਧਰ ਆ ਵਸੇ। ਨੂਰਪੁਰੀ ਨੇ 1940 ’ਚ ਪੁਲਿਸ ਦੀ ਨੌਕਰੀ ਛੱਡ ਦਿੱਤੀ ਸੀ।

ਪੰਜਾਬੀ ਲੇਖਕ ਤੇ ਕਵੀ ਨੰਦ ਲਾਲ ਨੂਰਪੁਰੀ ਦਾ ਜਨਮ 1906 ਈ. ਵਿਚ ਪਿੰਡ ਨੂਰਪੁਰ, ਜ਼ਿਲ੍ਹਾ ਲਾਇਲਪੁਰ ਵਿਖੇ ਹੋਇਆ ਸੀ। ਉਨ੍ਹਾਂ ਦਾ ਜਨਮ ਪਿਤਾ ਬਿਸ਼ਨ ਸਿੰਘ ਤੇ ਮਾਤਾ ਹੁਕਮ ਦੇਵੀ ਦੇ ਘਰ ਹੋਇਆ ਸੀ। ਉਨ੍ਹਾਂ ਨੇ ਆਪਣੀ ਪੜ੍ਹਾਈ ਖ਼ਾਲਸਾ ਸਕੂਲ ਤੇ ਖ਼ਾਲਸਾ ਕਾਲਜ ਲਾਇਲਪੁਰ ਤੋਂ ਕੀਤੀ। ਨੰਦ ਲਾਲ ਨੂਰਪੁਰੀ ਦਾ ਵਿਆਹ ਸੁਮਿੱਤਰਾ ਦੇਵੀ ਨਾਲ ਹੋਇਆ ਸੀ ਤੇ ਦੇਸ਼ ਦੀ ਵੰਡ ਪਿੱਛੋਂ ਉਹ ਜਲੰਧਰ ਆ ਵਸੇ। ਨੂਰਪੁਰੀ ਨੇ 1940 ’ਚ ਪੁਲਿਸ ਦੀ ਨੌਕਰੀ ਛੱਡ ਦਿੱਤੀ ਸੀ। ਉਸ ਨੇ ਪੰਜਾਬੀ ਫਿਲਮ ‘ਮੰਗਤੀ’ ਲਈ ਗੀਤ ਲਿਖੇ ਜਿਨ੍ਹਾਂ ਨੇ ਉਸ ਨੂੰ ਪੰਜਾਬ ’ਚ ਪਛਾਣ ਦਿਵਾਈ ਪਰ ਦੇਸ਼ ਦੀ ਵੰਡ ਨੇ ਉਸ ਲਈ ਸਭ ਕੁਝ ਬਦਲ ਦਿੱਤਾ। ਨੂਰਪੂਰੀ ਨੇ ਅਨੇਕਾਂ ਗੀਤ ਤੇ ਕਵਿਤਾਵਾਂ ਲਿਖੀਆਂ। ਉਸ ਨੇ ‘ਚੁੰਮ-ਚੁੰਮ ਰੱਖੋ ਨੀਂ ਇਹ ਕਲਗੀ ਜੁਝਾਰ ਦੀ’ ਜਾਂ ‘ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ’, ‘ਗੋਰੀ ਦੀਆਂ ਝਾਂਜਰਾਂ’ ਜਾਂ ‘ਜੁੱਤੀ ਕਸੂਰੀ ਪੈਰੀਂ ਨਾ ਪੂਰੀ’ ਵਰਗੇ ਮਕਬੂਲ ਗੀਤ ਲਿਖੇ। ਅੱਜ ਦੇ ਦਿਨ ਨੂਰਪੁਰੀ ਇਸ ਸੰਸਾਰ ਤੋਂ ਤੁਰ ਗਿਆ ਸੀ। ਸਿਹਤ ਦੀ ਖ਼ਰਾਬੀ ਤੇ ਆਰਥਿਕ ਮੰਦਹਾਲੀ ਤੋਂ ਤੰਗ ਆ ਕੇ ਉਸ ਨੇ 13 ਮਈ 1966 ਨੂੰ ਖੂਹ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ ਸੀ। ਉਸ ਦੀਆਂ ਰਚਨਾਵਾਂ ਹਨ : ‘ਵੰਗਾਂ’, ‘ਜਿਊਂਦਾ ਪੰਜਾਬ’, ‘ਨੂਰ ਪਰੀਆਂ’, ‘ਚੰਗਿਆੜੇ’, ‘ਨੂਰਪੁਰੀ ਦੇ ਗੀਤ’ ਅਤੇ ‘ਸੁਗਾਤ’ ਆਦਿ। ਉਸ ਦੇ ਗੀਤਾਂ ਨੂੰ ਹਰਚਰਨ ਗਰੇਵਾਲ, ਆਸਾ ਸਿੰਘ ਮਸਤਾਨਾ, ਪ੍ਰਕਾਸ਼ ਕੌਰ, ਸੁਰਿੰਦਰ ਕੌਰ ਨੇ ਆਪਣੀ ਆਵਾਜ਼ ਵਿਚ ਗਾਇਆ। ਨੂਰਪੁਰੀ ਦੇ ਕੁਝ ਮਸ਼ਹੂਰ ਗੀਤ ਇਸ ਤਰ੍ਹਾਂ ਹਨ : ‘ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ’, ‘ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ’, ‘ਚੰਨ ਵੇ ਕਿ ਸੌਂਕਣ ਮੇਲੇ ਦੀ’, ‘ਨੀ ਮੈਨੂੰ ਦਿਓਰ ਦੇ ਵਿਆਹ ਵਿਚ ਨੱਚ ਲੈਣ ਦੇ’, ‘ਚੁੰਮ-ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ’, ‘ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ’ ਅਤੇ ‘ਵੰਗਾਂ’। ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਕੁਰਬਾਨੀ ਨੂੰ ਚੇਤੇ ਕਰਦਿਆਂ ਨੂਰਪੁਰੀ ਨੇ ਇਹ ਕਵਿਤਾ ਲਿਖੀ : ‘ਕਿੱਥੇ ਮਾਤਾ ਤੋਰਿਆ, ਅਜੀਤ ਤੇ ਜੁਝਾਰ ਨੂੰ, ਵਿਹੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ।’ ਭਾਸ਼ਾ ਵਿਭਾਗ ਪੰਜਾਬ ਨੇ 1960 ਵਿਚ ਸੁਗਾਤ ਕਾਵਿ-ਸੰਗ੍ਰਹਿ ਦੇ ਖਰੜੇ ਨੂੰ ਸ਼੍ਰੋਮਣੀ ਕਾਵਿ ਕਰਾਰ ਦੇ ਕੇ ਨੂਰਪੁਰੀ ਨੂੰ ਉੱਤਮ ਕਵੀ ਦੇ ਤੌਰ ’ਤੇ ਸਨਮਾਨਤ ਕੀਤਾ ਸੀ। ਸੱਠਾਂ ਸਾਲਾਂ ਦੀ ਉਮਰ ’ਚ ਸਮਾਜਿਕ-ਆਰਥਿਕ ਵਿਵਸਥਾ ਤੇ ਰਾਜ ਤੋਂ ਸਤੇ, ਨਿਰਾਸ਼ ਹੋਏ ਨੂਰਪੁਰੀ ਨੇ ਘੋਰ ਗ਼ਰੀਬੀ ਦੀ ਹਾਲਤ ’ਚ ਜਲੰਧਰ ਵਿਖੇ ਖ਼ੁਦਕੁਸ਼ੀ ਕਰ ਲਈ ਸੀ। ਇਸ ਮਕਬੂਲ ਕਵੀ ਦੀ ਸਮੁੱਚੀ ਰਚਨਾ ਉਸ ਦੇ ਚਲਾਣੇ ਤੋਂ ਕਈ ਸਾਲਾਂ ਮਗਰੋਂ ‘ਪੰਜਾਬ ਬੋਲਿਆ’ ਦੇ ਨਾਂ ਹੇਠ ਕਿਤਾਬੀ ਰੂਪ ’ਚ ਸਾਹਮਣੇ ਆਈ। ਨੂਰਪੁਰੀ ਦੀ ਯਾਦ ’ਚ ਨੰਦ ਲਾਲ ਨੂਰਪੁਰੀ ਸੁਸਾਇਟੀ ਕੁਝ ਸਾਲ ਪਹਿਲਾਂ ਕੁਝ ਵਿਦਵਾਨਾਂ, ਕਵੀਆਂ ਨੇ ਰਲ ਕੇ ਬਣਾਈ ਜਿਸ ਦਾ ਮਕਸਦ ਸਵ: ਨੰਦ ਲਾਲ ਨੂਰਪੁਰੀ ਦੇ ਵਿਚਾਰਾਂ ਨੂੰ ਪ੍ਰਫੁੱਲਤ ਕਰਨਾ ਹੈ ਤੇ ਇਹ ਹਰ ਸਾਲ ਕਿਸੇ ਇਕ ਕਲਾਕਾਰ ਨੂੰ ਪੁਰਸਕਾਰ ਵੀ ਦਿੰਦੀ ਹੈ।-ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ।