ਸਾਰੇ ਅੰਗ ਇਸ ਦੇ ਖ਼ਰਾਬ ਹੋ ਚੁੱਕੇ ਹਨ ਅਤੇ ਕੇਵਲ ਇਸ ਦਾ ਦਿਲ ਧੜਕ ਰਿਹਾ ਹੈ ਪਰੰਤੂ ਉਸ ਨੇ ਫਿਰ ਵੀ ਉਸ ਨੂੰ ਤਿੰਨ ਦਿਨ ਪੀਜੀਆਈ ਵਿਖੇ ਦਾਖ਼ਲ ਰੱਖਿਆ। ਜਦੋਂ ਡਾਕਟਰਾਂ ਨੇ ਬਿਲਕੁਲ ਹੱਥ ਖੜ੍ਹੇ ਕਰ ਦਿੱਤੇ ਤਾਂ ਉਹ ਉਸ ਨੂੰ ਲੈ ਕੇ ਬਠਿੰਡੇ ਦੇ ਇਕ ਨਿੱਜੀ ਹਸਪਤਾਲ ਵਿਚ ਪੁੱਜ ਗਿਆ। ਜਦੋਂ ਇਸ ਹਸਪਤਾਲ ਵਾਲਿਆਂ ਵੱਲੋਂ ਵੀ ਉਸ ਨੂੰ ਕਿਹਾ ਗਿਆ ਕਿ ਇਸ ਦੀ ਸੇਵਾ ਕਰ ਲਵੋ, ਹੁਣ ਇਸ ਦੇ ਵਿਚ ਕੁਝ ਨਹੀਂ ਹੈ ਤਾਂ ਉਹ ਉਸ ਨੂੰ ਲੈ ਕੇ ਘਰ ਵਾਪਸ ਆਇਆ।

ਬੇਹੱਦ ਹੱਸਮੁੱਖ ਸੁਭਾਅ ਵਾਲੀ ਮੇਰੀ ਭੈਣ ਸਿਮਰਜੀਤ ਉਮਰ ਵਿਚ ਮੈਥੋਂ ਦੋ ਕੁ ਸਾਲ ਵੱਡੀ ਸੀ। ਉਸ ਦਾ ਕੱਚਾ ਨਾਮ ਬਿੰਬੋ ਅਤੇ ਕਾਗਜ਼ਾਂ ਵਿਚ ਉਸ ਦਾ ਨਾਮ ਬਿਮਲਾ ਦੇਵੀ ਦਰਜ ਸੀ। ਉਹ ਅਜੇ ਮਸਾਂ ਅਠਾਰਾਂ ਕੁ ਸਾਲ ਦੀ ਸੀ ਜਦੋਂ ਪੰਜਾਬੀ ਦਾ ਸਿਰਮੌਰ ਗੀਤਕਾਰ ਜਨਕ ਸ਼ਰਮੀਲਾ ਉਸ ਨੂੰ ਵੇਖਦੇ ਸਾਰ ਹੀ ਉਸ ਦਾ ਰਿਸ਼ਤਾ ਆਪਣੇ ਭਤੀਜੇ ਨਰਿੰਦਰ ਵਾਸਤੇ ਲੈ ਗਿਆ ਸੀ। ਸਹੁਰਿਆਂ ਨੇ ਬੜੀ ਮੁਹੱਬਤ ਨਾਲ ਉਸ ਦਾ ਨਾਮ ਸਿਮਰਜੀਤ ਰੱਖਿਆ ਸੀ। ਇਕ ਦਿਨ ਉਸ ਨੇ ਆਪਣੀ ਆਦਤ ਮੁਤਾਬਕ ਪੂਰਾ ਇਕ ਸੌ ਕੱਪੜਾ ਆਪਣੇ ਹੱਥੀਂ ਧੋਤਾ ਤੇ ਉਸ ਦੇ ਸਹੁਰੇ ਪਿੰਡ ਦੀਆਂ ਕੁਝ ਤ੍ਰੀਮਤਾਂ ਉਸ ਦੀ ਇਸ ਹਿੰਮਤ ਨੂੰ ਦਾਦ ਦੇਣ ਤੋਂ ਨਾ ਰਹਿ ਸਕੀਆਂ। ਉਸ ਨੂੰ ਇੰਜ ਕੰਮ ਕਰਦਿਆਂ ਵੇਖ ਸਹੁਰਾ ਪਰਿਵਾਰ ਉਸ ’ਤੇ ਬਾਗੋ-ਬਾਗ ਸੀ ਪਰ ਸਿਮਰਜੀਤ ਦੇ ਖ਼ੁਸ਼ੀਆਂ ਦੇ ਬਾਗ ਥੋੜੇ੍ਹ-ਥੋੜੇ੍ਹ ਤਦ ਕਮਲਾਉਣੇ ਸ਼ੁਰੂ ਹੋਏ ਜਦ ਉਹ ਵਿਆਹ ਤੋਂ ਕੁਝ ਸਮਾਂ ਬਾਅਦ ਅਚਾਨਕ ਸ਼ੂਗਰ ਦੀ ਬਿਮਾਰੀ ਦਾ ਸ਼ਿਕਾਰ ਹੋ ਗਈ ਪਰ ਭਰ ਜੋਬਨ ਉਮਰੇ ਉਸ ਨੇ ਇਸ ਬਿਮਾਰੀ ਨੂੰ ਤੁੱਛ ਕਰਕੇ ਜਾਣਿਆ ਅਤੇ ਆਪਣੇ ਨਿੱਤ ਦੇ ਜੀਵਨ ਵਿਚ ਉਹ ਬੇਪਰਵਾਹ ਰਾਹੀ ਵਾਂਗ ਅੱਗੇ ਵਧਦੀ ਗਈ। ਉਸ ਦੀ ਕੁੱਖ ’ਚੋਂ ਦੋ ਬੱਚਿਆਂ ਨੇ ਜਨਮ ਲਿਆ।
ਇਕ ਬੇਟੀ ਅਤੇ ਦੂਜਾ ਬੇਟਾ। ਬਿਮਾਰੀ ਨਾਲ ਦੋ-ਚਾਰ ਹੁੰਦੀ ਨੇ, ਉਸ ਨੇ ਆਪਣੇ ਬੱਚਿਆਂ ਵੱਲ ਇੰਨੀ ਤਵੱਜੋ ਦਿੱਤੀ ਕਿ ਉੁਹ ਆਪਣੀ ਬੇਟੀ ਨੂੰ ਮੁੰਬਈ ਵਿਖੇ ਇਕ ਬੈਂਕ ਵਿਚ ਮੈਨੇਜਰ ਦੇ ਅਹੁਦੇ ਤਕ ਪਹੁੰਚਾਉੁਣ ਵਿਚ ਕਾਮਯਾਬ ਹੋ ਗਈ। ਆਪਣੇ ਬੇਟੇ ਨੂੰ ਵੀ ਉਹ ਕਿਸੇ ਉੱਚੇ ਮੁਕਾਮ ’ਤੇ ਪੁੱਜਿਆ ਵੇਖਣਾ ਚਾਹੁੰਦੀ ਸੀ ਪਰ ਇਸ ਦੌਰਾਨ ਇਕ ਮੰਦਭਾਗੀ ਘਟਨਾ ਵਾਪਰੀ। ਅਚਾਨਕ ਉਸ ਦੇ ਸੋਹਣੇ-ਸੁਨੱਖੇ ਕੜੀ ਵਰਗੇ ਜਵਾਨ ਪੁੱਤ ਨੂੰ ਬਰੇਨ ਹੈਮਰੇਜ ਦੇ ਦੋ ਅਟੈਕ ਹੋ ਗਏ। ਪੀਜੀਆਈ ’ਚ ਬੱਚੇ ਦਾ ਇਲਾਜ ਕਰਵਾਇਆ ਪਰ ਉਹ ਤਕਰੀਬਨ ਸੱਤਰ ਪ੍ਰਤੀਸ਼ਤ ਹੈਂਡੀਕੈਪਡ ਹੋ ਗਿਆ ਜਿਸ ਦਾ ਸਿਮਰਜੀਤ ਨੂੰ ਆਖਰੀ ਦਮ ਤਕ ਡਾਹਢਾ ਝੋਰਾ ਰਿਹਾ। ਇਕ ਆਪਣੇ ਹੈਂਡੀਕੈਪਡ ਪੁੱਤਰ ਦੀ ਚਿੰਤਾ, ਦੂਜੀ ਉਸ ਦੀ ਆਪਣੀ ਬਿਮਾਰੀ ਦਿਨ-ਬ-ਦਿਨ ਆਪਣੇ ਤੇਵਰ ਤੇਜ਼ ਕਰਦੀ ਰਹੀ ਅਤੇ ਨੌਬਤ ਇੱਥੋਂ ਤਕ ਪੁੱਜ ਗਈ ਕਿ ਉਸ ਦੀਆਂ ਕਿਡਨੀਆਂ, ਸ਼ੂਗਰ ਦੀ ਲੰਬੀ ਬਿਮਾਰੀ ਨਾਲ ਅਤੇ ਖਾਧੀਆਂ ਦਵਾਈਆਂ ਨਾਲ ਖ਼ਰਾਬ ਹੋਣੀਆਂ ਸ਼ੁਰੂ ਹੋ ਗਈਆਂ। ਫਿਰ ਇਹ ਬਿਮਾਰੀ ਉਸ ਦੇ ਹੱਥਾਂ-ਪੈਰਾਂ ਦੀ ਦੁਸ਼ਮਣ ਬਣਨ ਲੱਗੀ ਜਿਸ ਕਰਕੇ ਉਸ ਨੂੰ ਆਪਣੇ ਹੱਥਾਂ-ਪੈਰਾਂ ਦੀਆਂ ਕਈ ਉਗਲਾਂ ਕਟਵਾਉਣੀਆਂ ਪਈਆਂ। ਸਿਮਰਜੀਤ ਦਾ ਇੰਨਾ ਨੁਕਸਾਨ ਕਰਕੇ ਬਿਮਾਰੀ ਬੜੀ ਤੀਬਰਤਾ ਨਾਲ ਉਸ ਦੇ ਸਰੀਰ ਵਿਚ ਵਧਦੀ ਜਾ ਰਹੀ ਸੀ ਅਤੇ ਉਸ ਦੇ ਡਾਇਲਿਸਿਸ ਹੋਣੇ ਸ਼ੁਰੂ ਹੋ ਗਏ। ਪਹਿਲਾਂ ਹਫ਼ਤੇ ਵਿਚ ਇਕ ਵਾਰ, ਫਿਰ ਦੋ ਵਾਰ ਅਤੇ ਫਿਰ ਤਿੰਨ ਵਾਰ, ਉਸ ਦੇ ਡਾਇਲਿਸਿਸ ਹੋਣ ਲੱਗੇ। ਕੱਟੇ ਹੋਏ ਅੰਗਾਂ ਦੀ ਅਸਹਿ ਪੀੜ ਉਸ ਨੂੰ ਡਾਹਢਾ ਸਤਾਉਂਦੀ ਤੇ ਉਹ ਤੁਰਨ-ਫਿਰਨ ਤੋਂ ਵੀ ਆਰੀ ਹੋ ਗਈ। ਕੋਈ ਚੀਜ਼-ਵਸਤ ਤਿਆਰ ਕਰਨੀ ਤਾਂ ਉਸ ਲਈ ਦੂਰ ਦੀ ਗੱਲ ਸੀ। ਓਧਰ ਬਿਮਾਰੀ ਦਾ ਦੈਂਤ ਜਿੰਨਾ ਆਪਣਾ ਵਿਕਰਾਲ ਰੂਪ ਧਾਰਨ ਕਰਦਾ ਜਾ ਰਿਹਾ ਸੀ, ਦੂਜੇ ਪਾਸੇ ਮੇਰਾ ਭਣੋਈਆ ਉਸ ਦੇ ਮੋਢੇ ਨਾਲ ਮੋਢਾ ਲਾ ਕੇ ਇਕ ਯੋਧੇ ਦੀ ਤਰ੍ਹਾਂ ਖੜ੍ਹਾ ਹੋਇਆ ਸੀ।
ਸੱਚ ਆਖਾਂ, ਇਸ ਕਲਯੁੱਗ ਵਿਚ ਨਰਿੰਦਰ ਨੇ ਵਾਕਈ ਇਹ ਸਾਬਿਤ ਕਰ ਦਿੱਤਾ ਕਿ ਆਦਮੀ ਦਾ ਆਪਣੀ ਪਤਨੀ ਪ੍ਰਤੀ ਕੀ ਕਰਤੱਵ ਹੁੰਦਾ ਹੈ? ਉਹ ਉਸ ਨੂੰ ਰੋਜ਼ਾਨਾ ਨਵ੍ਹਾਉਂਦਾ ਅਤੇ ਫਿਰ ਉਸ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਂਦਾ। ਕਈ ਵਾਰ ਉਹ ਰੋਟੀ-ਟੁੱਕ, ਚਾਹ-ਪਾਣੀ ਵੀ ਖ਼ੁਦ ਬਣਾਉਂਦਾ। ਸਿਮਰਜੀਤ ਅਤੇ ਬੱਚਿਆਂ ਨੂੰ ਰੋਟੀ-ਪਾਣੀ ਛਕਾ ਕੇ ਫਿਰ ਆਪ ਛਕਦਾ। ਜਦੋਂ ਬਠਿੰਡੇ ਡਾਇਲਿਸਿਸ ਕਰਵਾਉਣ ਲਈ ਜਾਣਾ ਹੁੰਦਾ ਤਾਂ ਉਹ ਇਕੱਲਾ ਬਿਨਾਂ ਕਿਸੇ ਦੀ ਮਦਦ ਲਿਆਂ, ਸਿਮਰਜੀਤ ਨੂੰ ਚੁੱਕ ਕੇ ਕਾਰ ਵਿਚ ਪਾਉਂਦਾ। ਫਿਰ ਹਸਪਤਾਲ ਪਹੁੰਚ ਕੇ ਵੀਲ੍ਹ ਚੇਅਰ ’ਤੇ ਉਸ ਨੂੰ ਬਿਠਾ ਕੇ ਡਾਇਲਿਸਿਸ ਯੂਨਿਟ ਵਿਚ ਜਾ ਦਾਖ਼ਲ ਕਰਵਾਉਂਦਾ। ਉਹ ਲਗਾਤਾਰ ਬਿਨਾਂ ਨਾਗਾ ਪਾਏ, ਬਿਨਾਂ ਕਿਸੇ ਘਬਰਾਹਟ ਦੇ ਆਪਣਾ ਫ਼ਰਜ਼ ਨਿਭਾਉਂਦਾ ਰਿਹਾ। ਅਸੀਂ ਸਿਮਰਜੀਤ ਦਾ ਕਿੰਨਾ ਪਤਾ ਲੈਣ ਜਾਂਦੇ ਸਾਂ ਜਾਂ ਨਹੀਂ ਜਾਂਦੇ ਸਾਂ, ਕੋਈ ਹੋਰ ਕਿਸੇ ਪ੍ਰਕਾਰ ਦੀ ਉਸ ਦੀ ਸਹਾਇਤਾ ਕਰਦੇ ਸਾਂ ਜਾਂ ਨਹੀਂ ਕਰਦੇ ਸਾਂ, ਇਹ ਸਭ ਗੱਲਾਂ ਨੂੰ ਪਰ੍ਹਾਂ ਕਰਕੇ ਉਹ ਕਿਸੇ ਦੇਵਤੇ ਦੀ ਤਰ੍ਹਾਂ ਸਿਮਰਜੀਤ ਦੀ ਸਾਂਭ-ਸੰਭਾਲ ਕਰਨ ਵਿਚ ਜੁਟਿਆ ਰਿਹਾ। ਫਿਰ ਅਚਾਨਕ ਇਕ ਹੋਰ ਅਣਹੋਣੀ ਹੋਈ ਕਿ ਸਿਮਰਜੀਤ ਨੂੰ ਬਰੇਨ ਹੈਮਰੇਜ ਦੇ ਤਿੰਨ ਅਟੈਕ ਹੋ ਗਏ। ਸਭ ਰਿਸ਼ਤੇਦਾਰਾਂ ਨੇ ਹਥਿਆਰ ਸੁੱਟ ਦਿੱਤੇ ਕਿ ਹੁਣ ਸਿਮਰਜੀਤ ਦਾ ਅਖ਼ੀਰੀ ਵਕਤ ਆ ਗਿਆ ਹੈ ਤੇ ਉਹ ਆਪਣਾ ਹੋਸ਼ੋ-ਹਵਾਸ ਗੁਆ ਬੈਠੀ ਹੈ। ਇਸ ਨੂੰ ਹੁਣ ਹੋਰ ਕਿਸੇ ਡਾਕਟਰ ਪਾਸੋਂ ਦਵਾਈ ਨਹੀਂ ਦਿਵਾਉਣੀ ਚਾਹੀਦੀ, ਸਗੋਂ ਘਰੇ ਹੀ ਇਸ ਦੀ ਸੇਵਾ ਕਰਨੀ ਚਾਹੀਦੀ ਹੈ ਪਰ ਨਰਿੰਦਰ ਇਸ ਔਖੀ ਘੜੀ ’ਚ ਵੀ ਕਦ ਸਿਮਰਜੀਤ ਦਾ ਸਾਥ ਛੱਡਣ ਵਾਲਾ ਸੀ? ਉਸ ਨੇ ਉਸ ਨੂੰ ਐਂਬੂਲੈਂਸ ’ਚ ਪਾਇਆ ਤੇ ਮੈਨੂੰ ਨਾਲ ਲੈ ਕੇ ਪੀਜੀਆਈ ਚੰਡੀਗੜ੍ਹ ਪਹੁੰਚ ਗਿਆ ਤੇ ਸਿਮਰਜੀਤ ਨੂੰ ਐਮਰਜੈਂਸੀ ਵਾਰਡ ’ਚ ਜਾ ਦਾਖ਼ਲ ਕਰਵਾਇਆ। ਉੱਥੇ ਪੂਰੇ 16 ਦਿਨ ਉਹ ਉਸ ਦਾ ਇਲਾਜ ਕਰਵਾਉਂਦਾ ਰਿਹਾ ਪਰ ਬੇਆਸ ਬਿਲਕੁਲ ਨਾ ਹੋਇਆ। ਅਖ਼ੀਰ ਡਾਕਟਰਾਂ ਨੇ ਆਪਣੀ ਪੂਰੀ ਵਾਹ ਲਾ ਕੇ ਇਕ ਦਿਨ ਉਸ ਨੂੰ ਕਿਹਾ ਕਿ ਇਸ ਨੂੰ ਘਰ ਲੈ ਜਾਓ, ਹੁਣ ਇਸ ਦੇ ਸਰੀਰ ਵਿਚ ਕੁਝ ਨਹੀਂ ਰਿਹਾ।
ਸਾਰੇ ਅੰਗ ਇਸ ਦੇ ਖ਼ਰਾਬ ਹੋ ਚੁੱਕੇ ਹਨ ਅਤੇ ਕੇਵਲ ਇਸ ਦਾ ਦਿਲ ਧੜਕ ਰਿਹਾ ਹੈ ਪਰੰਤੂ ਉਸ ਨੇ ਫਿਰ ਵੀ ਉਸ ਨੂੰ ਤਿੰਨ ਦਿਨ ਪੀਜੀਆਈ ਵਿਖੇ ਦਾਖ਼ਲ ਰੱਖਿਆ। ਜਦੋਂ ਡਾਕਟਰਾਂ ਨੇ ਬਿਲਕੁਲ ਹੱਥ ਖੜ੍ਹੇ ਕਰ ਦਿੱਤੇ ਤਾਂ ਉਹ ਉਸ ਨੂੰ ਲੈ ਕੇ ਬਠਿੰਡੇ ਦੇ ਇਕ ਨਿੱਜੀ ਹਸਪਤਾਲ ਵਿਚ ਪੁੱਜ ਗਿਆ। ਜਦੋਂ ਇਸ ਹਸਪਤਾਲ ਵਾਲਿਆਂ ਵੱਲੋਂ ਵੀ ਉਸ ਨੂੰ ਕਿਹਾ ਗਿਆ ਕਿ ਇਸ ਦੀ ਸੇਵਾ ਕਰ ਲਵੋ, ਹੁਣ ਇਸ ਦੇ ਵਿਚ ਕੁਝ ਨਹੀਂ ਹੈ ਤਾਂ ਉਹ ਉਸ ਨੂੰ ਲੈ ਕੇ ਘਰ ਵਾਪਸ ਆਇਆ। ਰਿਸ਼ਤੇਦਾਰ ਅਤੇ ਉਸ ਦੇ ਮਿਲਵਰਤਨ ਵਾਲੇ ਸਿਮਰਜੀਤ ਦਾ ਪਤਾ ਲੈਣ ਲਈ ਆਉਂਦੇ ਰਹੇ, ਜਿੰਨਾ ਕਿਸੇ ਤੋਂ ਸਰਿਆ ਨਰਿੰਦਰ ਨਾਲ ਦੁੱਖ ਵੰਡਾਉਂਦੇ ਰਹੇ। ਅਖ਼ੀਰ ਅੱਠ ਮਈ 2022 ਦਿਨ ਐਤਵਾਰ ਨੂੰ ਉਹ ਅਭਾਗੀ ਘੜੀ ਆ ਗਈ ਜੋ ਸਿਮਰਜੀਤ ਨੂੰ ਨਰਿੰਦਰ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਪਾਸੋਂ ਖੋਹ ਕੇ ਲੈ ਗਈ ਅਤੇ ਉਹ ਪੰਜ ਤੱਤਾਂ ਵਿਚ ਲੀਨ ਹੋ ਗਈ। ਅਠਤਾਲੀ ਸਾਲ ਦੀ ਉਮਰ ਵਿਚ ਉਸ ਦਾ ਇਸ ਜਹਾਨ ਤੋਂ ਤੁਰ ਜਾਣਾ ਉਦਾਸ ਤਾਂ ਜ਼ਰੂਰ ਕਰਦਾ ਹੈ ਪਰ ਜਿਸ ਬਹਾਦਰੀ ਨਾਲ ਉਸ ਨੇ ਲਗਪਗ ਤੀਹ ਸਾਲ ਬਿਮਾਰੀਆਂ ਨਾਲ ਸੰਘਰਸ਼ ਕਰਦੇ ਹੋਏ ਘਰ ਨੂੰ ਅੱਗੇ ਤੋਰਿਆ, ਉਸ ਨੂੰ ਸਿਜਦਾ ਕਰਨ ਨੂੰ ਵੀ ਜੀਅ ਕਰਦਾ ਹੈ ਅਤੇ ਨਰਿੰਦਰ ਨੇ ਜਿਸ ਹਿੰਮਤ ਨਾਲ ਉਸ ਦਾ ਸਾਥ ਦਿੱਤਾ, ਉਸ ਅੱਗੇ ਵੀ ਨਤਮਸਤਕ ਹੋਣ ਨੂੰ ਦਿਲ ਕਰਦੈ।
-ਦਿਲਜੀਤ ‘ਬੰਗੀ’
-ਮੋਬਾਈਲ : 88474-73354