ਆਪ ਧਾਰਮਿਕ ਦੀਵਾਨਾਂ ਵਿਚ ਸਫਲ ਬੁਲਾਰੇ ਵਜੋਂ ਸਤਿਕਾਰੇ ਜਾਂਦੇ ਸਨ। ਜਿਸ ਸਕੂਲ ਤੋਂ ਮੈਟ੍ਰਿਕ ਦਾ ਇਮਤਿਹਾਨ ਵਜ਼ੀਫੇ ਸਹਿਤ ਪਾਸ ਕੀਤਾ ਸੀ, ਇੱਥੋਂ ਹੀ ਐੱਫਏ ਦਾ ਇਮਤਿਹਾਨ ਪਾਸ ਕੀਤਾ। ਸੰਨ 1900 ਵਿਚ ਡਾਕਖਾਨੇ ਦੀ ਨੌਕਰੀ ਤੋਂ ਪਿੱਛੋਂ ਟਰਾਂਸਪੋਰਟ ਵਿਭਾਗ ਵਿਚ ਵੀ ਕਾਰਜਸ਼ੀਲ ਰਹੇ ਤੇ1902 ’ਚ ਸੁੰਦਰ ਸਿੰਘ ਮਜੀਠੀਆ ਨੇ ਭਾਈ ਜੋਧ ਸਿੰਘ ਨੂੰ ਆਪਣੇ ਬੱਚਿਆਂ ਦੇ ਅਧਿਆਪਕ ਵਜੋਂ ਨਿਯੁਕਤ ਕੀਤਾ।

ਅੱਸੀ ਵਰ੍ਹਿਆਂ ਦੀ ਵਡੇਰੀ ਉਮਰ ਵਿਚ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਬਣਨ ਵਾਲੇ ਸਰਦਾਰ ਬਹਾਦਰ ਤੇ ਪਦਮ ਭੂਸ਼ਣ ਦਾ ਸਨਮਾਨ ਪ੍ਰਾਪਤ ਕਰਨ ਵਾਲੇ ਭਾਈ ਜੋਧ ਸਿੰਘ (ਡਾ.) ਅਜਿਹੇ ਸਿੱਖ ਚਿੰਤਕ ਸਨ ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਅੱਜ ਵੀ ਉਸੇ ਸ਼ਿੱਦਤ ਨਾਲ ਪਿਆਰ ਤੇ ਸਨੇਹ ਦਿੰਦੇ ਹਨ ਜਿੰਨਾ ਉਨ੍ਹਾਂ ਨੂੰ ਆਪਣੇ ਜਿਊਂਦੇ ਜੀਅ ਮਿਲਦਾ ਰਿਹਾ। ਉਨ੍ਹਾਂ ਨੇ ਆਪਣੀ ਹਯਾਤੀ ਦੌਰਾਨ ਨਿਸ਼ਠਾਵਾਨ ਵਿਦਵਾਨ ਵਜੋਂ ਸਿੱਖ ਸੋਚ ਤੇ ਸਿੱਖ ਸੱਭਿਆਚਾਰ ਦੇ ਵਿਸਥਾਰ ਲਈ ਅਜਿਹੇ ਯਾਦਗਾਰੀ ਕਾਰਜ ਕੀਤੇ, ਜਿਹੜੇ ਬਹੁਤ ਸਾਰੀਆਂ ਸੰਸਥਾਵਾਂ ਇਕੱਠੀਆਂ ਹੋ ਕੇ ਵੀ ਨਹੀਂ ਕਰ ਸਕੀਆਂ।
ਇਸ ਉੱਘੀ ਸ਼ਖ਼ਸੀਅਤ ਦਾ ਜਨਮ 31 ਮਈ 1882 ਨੂੰ ਬਖਸ਼ੀ ਰਾਮ ਲਾਂਬਾ ਦੇ ਘਰ ਮਾਈ ਗੁਲਾਬ ਦੇਵੀ ਦੀ ਕੁੱਖ ਤੋਂ ਪਿੰਡ ਘੁੰਗਰੀਲਾ, ਤਹਿਸੀਲ ਗੁਜਰਖਾਨ, ਜ਼ਿਲ੍ਹਾ ਰਾਵਲਪਿੰਡੀ (ਲਹਿੰਦਾ ਪੰਜਾਬ) ਪਾਕਿਸਤਾਨ ਵਿਖੇ ਹੋਇਆ ਸੀ। ਅੰਮ੍ਰਿਤ ਛਕਣ ਤੋਂ ਪਹਿਲਾਂ ਆਪ ਦਾ ਨਾਂ ਸੰਤ ਸਿੰਘ ਸੀ। ਜਨਮ ਤੋਂ ਪਿੱਛੋਂ ਦੋ ਸਾਲ ਦੀ ਮਾਸੂਮੀਅਤ ਦੀ ਉਮਰ ਵਿਚ ਪਿਤਾ ਜੀ ਸਦੀਵੀ ਵਿਛੋੜਾ ਦੇ ਗਏ। ਇਨ੍ਹਾਂ ਦੀ ਪਰਵਰਿਸ਼ ਦਾਦਾ ਤੇਜਾ ਸਿੰਘ ਨੇ ਕੀਤੀ।
ਮੈਟ੍ਰਿਕ ਦਾ ਇਮਤਿਹਾਨ ਮਿਸ਼ਨ ਹਾਈ ਸਕੂਲ ਰਾਵਲਪਿੰਡੀ ਤੋਂ ਪਾਸ ਕੀਤਾ। ਇਸ ਤੋਂ ਪਹਿਲਾਂ ਮੁੱਢਲੀ ਤਾਲੀਮ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। ਜਦੋਂ 1898 ਵਿਚ ਪੰਜਾਬ ਯੂਨੀਵਰਸਿਟੀ ਤੋਂ ਮੈਟ੍ਰਿਕ ਵਿਚ ਸਕਾਲਰਸ਼ਿਪ ਪ੍ਰਾਪਤ ਕੀਤਾ ਤਾਂ ਸਾਰੇ ਪਰਿਵਾਰ ਵੱਲੋਂ ਭਰਪੂਰ ਪਿਆਰ ਮਿਲਿਆ। ਤੀਹ ਦਸੰਬਰ, 1897 ਨੂੰ ਗਿਆਨੀ ਠਾਕਰ ਸਿੰਘ ਦੀ ਅਗਵਾਈ ਵਿਚ ਪੰਜਾਂ ਪਿਆਰਿਆਂ ਤੋਂ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ ਤੇ ਸੰਤ ਸਿੰਘ ਤੋਂ ਜੋਧ ਸਿੰਘ ਨਾਂ ਪ੍ਰਾਪਤ ਹੋਇਆ।
ਸਿੰਘ ਸਭਾ ਲਹਿਰ ਉਸ ਸਮੇਂ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰ ਰਹੀ ਸੀ। ਸਾਂਝੇ ਪੰਜਾਬ ਦੇ ਉਸ ਸਮੇਂ ਦੇ ਪਿੰਡਾਂ-ਸ਼ਹਿਰਾਂ ਵਿਚ ਸਿੰਘ ਸਭਾ ਲਹਿਰ ਦਾ ਪ੍ਰਚਾਰ ਪਹੁੰਚ ਚੁੱਕਾ ਸੀ। ਇਸੇ ਪ੍ਰਭਾਵ ਅਧੀਨ ਆਪ ਨੇ ਸਿੱਖ ਧਰਮ ਦੇ ਗ੍ਰੰਥਾਂ ਅਤੇ ਸਿੱਖ ਇਤਿਹਾਸ ਦਾ ਡੂੰਘਾ ਅਧਿਐਨ ਕੀਤਾ। ਆਪ ਧਾਰਮਿਕ ਦੀਵਾਨਾਂ ਵਿਚ ਸਫਲ ਬੁਲਾਰੇ ਵਜੋਂ ਸਤਿਕਾਰੇ ਜਾਂਦੇ ਸਨ। ਜਿਸ ਸਕੂਲ ਤੋਂ ਮੈਟ੍ਰਿਕ ਦਾ ਇਮਤਿਹਾਨ ਵਜ਼ੀਫੇ ਸਹਿਤ ਪਾਸ ਕੀਤਾ ਸੀ, ਇੱਥੋਂ ਹੀ ਐੱਫਏ ਦਾ ਇਮਤਿਹਾਨ ਪਾਸ ਕੀਤਾ। ਸੰਨ 1900 ਵਿਚ ਡਾਕਖਾਨੇ ਦੀ ਨੌਕਰੀ ਤੋਂ ਪਿੱਛੋਂ ਟਰਾਂਸਪੋਰਟ ਵਿਭਾਗ ਵਿਚ ਵੀ ਕਾਰਜਸ਼ੀਲ ਰਹੇ ਤੇ1902 ’ਚ ਸੁੰਦਰ ਸਿੰਘ ਮਜੀਠੀਆ ਨੇ ਭਾਈ ਜੋਧ ਸਿੰਘ ਨੂੰ ਆਪਣੇ ਬੱਚਿਆਂ ਦੇ ਅਧਿਆਪਕ ਵਜੋਂ ਨਿਯੁਕਤ ਕੀਤਾ।
ਸੰਨ 1904 ’ਚ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਗ੍ਰੈਜੂਏਸ਼ਨ ਕਰਨ ਤੋਂ ਪਿੱਛੋਂ ਫਾਰਮਨ ਕ੍ਰਿਸਚੀਅਨ ਕਾਲਜ ਲਾਹੌਰ ਤੋਂ ਗਣਿਤ ਦੇ ਵਿਸ਼ੇ ਵਿਚ ਪੋਸਟ ਗ੍ਰੈਜੂਏਸ਼ਨ ਦੀ ਪ੍ਰੀਖਿਆ ਪਾਸ ਕੀਤੀ। ਇਨ੍ਹਾਂ ਦੋਵਾਂ ਇਮਤਿਹਾਨਾਂ ਵਿਚ ਪੰਜਾਬ ਯੂਨੀਵਰਸਿਟੀ ਵਿੱਚੋਂ ਅੱਵਲ ਰਹੇ ਅਤੇ ਗੋਲਡ ਮੈਡਲ ਪ੍ਰਾਪਤ ਕੀਤੇ।ਸੰਨ 1906 ’ਚ ਉਨ੍ਹਾਂ ਦੀ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਗਣਿਤ ਤੇ ਧਾਰਮਿਕ ਸਿੱਖਿਆ ਦੇ ਲੈਕਚਰਾਰ ਵਜੋਂ ਨਿਯੁਕਤੀ ਹੋਈ। ਉਨ੍ਹਾਂ ਦਿਨਾਂ ਵਿਚ ਖ਼ਾਲਸਾ ਕਾਲਜ ’ਤੇ ਅੰਗਰੇਜ਼ ਸਰਕਾਰ ਦਾ ਪੂਰਾ ਗਲਬਾ ਬਣ ਚੁੱਕਾ ਸੀ। ਅੰਗਰੇਜ਼ ਸਰਕਾਰ ਦੇ ਇਸ ਗਲਬੇ ਤੋਂ ਕਾਲਜ ਨੂੰ ਆਜ਼ਾਦ ਕਰਵਾਉਣ ਲਈ ਆਪ ਨੇ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਨਿਸ਼ਠਾਵਾਨ ਅਧਿਆਪਕਾਂ ਅਤੇ ਸਮਾਜ ਸੇਵੀਆਂ ਦੇ ਮਾਂ-ਬੋਲੀ ਨਾਲ ਪਿਆਰ ਕਰਨ ਵਾਲੇ ਪ੍ਰੋਫੈਸਰਾਂ ਦੇ ਗਰੁੱਪ ਵਿਚ ਸ਼ਾਮਲ ਹੋ ਕੇ ਵਧ-ਚੜ੍ਹ ਕੇ ਹਿੱਸਾ ਲਿਆ।
ਇਸੇ ਕਾਰਨ ਹੀ ਅੰਗਰੇਜ਼ ਹਕੂਮਤ ਵੱਲੋਂ ਖ਼ਾਲਸਾ ਕਾਲਜ ਦੇ ਪ੍ਰਬੰਧ ਵਿਚ ਦਖ਼ਲ ਤੋਂ ਦੁਖੀ ਹੋ ਕੇ 1913 ’ਚ ਨੌਕਰੀ ਤੋਂ ਤਿਆਗ ਪੱਤਰ ਦੇ ਦਿੱਤਾ। ਜਦੋਂ ਇਸ ਲੰਬੀ ਲੜਾਈ ਤੋਂ ਪਿੱਛੋਂ 1924 ਵਿਚ ਅੰਗਰੇਜ਼ ਸਰਕਾਰ ਨੇ ਕਾਲਜ ਦੇ ਪ੍ਰਬੰਧ ਵਿਚ ਆਪਣੀ ਦਖ਼ਲ-ਅੰਦਾਜ਼ੀ ਖ਼ਤਮ ਕੀਤੀ, ਤਾਂ ਉਨ੍ਹਾਂ ਨੂੰ ਮੁੜ ਇਸੇ ਕਾਲਜ ਵਿਚ ਲੈਕਚਰਾਰ ਰੱਖ ਲਿਆ ਗਿਆ।
ਆਪ ਨੇ ਅੰਗਰੇਜ਼ੀ ਭਾਸ਼ਾ ਵਿਚ ‘ਜਪੁਜੀ’, ‘ਲਾਈਫ ਆਫ ਸ੍ਰੀ ਗੁਰੂ ਅਮਰਦਾਸ ਜੀ’, ‘33 ਸਵੱਯੇ’, ‘ਸਮ ਸਟੱਡੀਜ਼ ਇਨ ਸਿੱਖਇਜ਼ਮ’, ਗੋਸਪਾਲ ਆਫ ਗੁਰੂ ਨਾਨਕ ਇਨ ਹਿਜ਼ ਓਨ ਵਰਡਜ਼’ ਅਤੇ ‘ਕਬੀਰ’ ਆਦਿ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਜੋ ਉਸ ਸਮੇਂ ਦੇ ਵਿਦਵਾਨਾਂ ਤੇ ਪਾਠਕਾਂ ਵਿਚ ਦੁਨੀਆ ਭਰ ਵਿਚ ਸਲਾਹੀਆਂ ਗਈਆਂ। ਇਸ ਵੱਡੇ ਕਾਰਜ ਤੋਂ ਇਲਾਵਾ ਕਈ ਵਿਸ਼ਵ ਕੋਸ਼ਾਂ ਅਤੇ ਪੁਸਤਕਾਂ ਵਿਚ ਉਨ੍ਹਾਂ ਵੱਲੋਂ ਕੀਤੇ ਗਏ ਇੰਦਰਾਜ ਅਤੇ ਵੱਖ-ਵੱਖ ਵਿਸ਼ਿਆਂ ’ਤੇ ਲਿਖੇ ਲੇਖ ਵੀ ਯਾਦਗਾਰੀ ਕੰਮ ਵਜੋਂ ਸਤਿਕਾਰੇ ਜਾਂਦੇ ਹਨ।
ਡਾ. ਭਾਈ ਜੋਧ ਸਿੰਘ ਨੇ ਆਪਣੇ ਜੀਵਨ ਦੇ ਅੰਤਿਮ ਦਿਨ ਲੁਧਿਆਣਾ ਵਿਖੇ ਆਪਣੀ ਰਿਹਾਇਸ਼ ਵਿਚ ਬਿਤਾਏ। ਇਸ ਸਮੇਂ ਦੌਰਾਨ ਉਨ੍ਹਾਂ ਪ੍ਰੋ. ਗੁਰਬਚਨ ਸਿੰਘ ਤਾਲਿਬ ਵੱਲੋਂ ਤਿਆਰ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਰੇਜ਼ੀ ਅਨੁਵਾਦ ਦੀ ਸੋਧ-ਸੁਧਾਈ ਦਾ ਕਾਰਜ ਕੀਤਾ। ਸੌਵੇਂ ਵਰ੍ਹੇ ਵਿਚ ਉਨ੍ਹਾਂ ਚਾਰ ਦਸੰਬਰ 1981 ਨੂੰ ਲੁਧਿਆਣਾ ਵਿਖੇ ਆਖ਼ਰੀ ਸਾਹ ਲਿਆ। ਉਹ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੂਰਾ ਜੀਵਨ ਸਮਰਪਿਤ ਰਹੇ।
-ਭਗਵਾਨ ਸਿੰਘ ਜੌਹਲ