ਆਜ਼ਾਦੀ ਸੰਗਰਾਮ ਲਈ ਦਿੱਤੇ ਯੋਗਦਾਨ ਲਈ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਵੱਲੋਂ ਉਨ੍ਹਾਂ ਨੂੰ ਤਾਮਰ ਪੱਤਰ ਪੁਰਸਕਾਰ ਦਿੱਤਾ ਗਿਆ। ਉਨ੍ਹਾਂ ਸਾਰੀ ਉਮਰ ਇਮਾਨਦਾਰੀ ਨਾਲ ਆਜ਼ਾਦੀ ਘੁਲਾਟੀਏ, ਸਰਕਾਰੀ ਅਫ਼ਸਰ, ਪੱਤਰਕਾਰ ਅਤੇ ਸਮਾਜ ਸੇਵਕ ਵਜੋਂ ਦੇਸ਼ ਅਤੇ ਕੌਮ ਦੀ ਸੇਵਾ ਕੀਤੀ।

ਬਰਮਾ, ਰੰਗੂਨ ਅਤੇ ਮਲਾਇਆ ਦੇ ਜੰਗਲਾਂ ਅਤੇ ਸ਼ਹਿਰਾਂ ਵਿਚ ਭਾਰਤ ਦੀ ਆਜ਼ਾਦੀ ਲਈ ਲੜਨ ਵਾਲੇ ਅਜੀਤ ਸੈਣੀ ਦਾ ਜਨਮ ਪਿੰਡ ਬੋਲੇਵਾਲ, ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ (ਪੰਜਾਬ) ਵਿਚ 23 ਜੁਲਾਈ 1922 ਨੂੰ ਹੋਇਆ ਸੀ । ਉਨ੍ਹਾਂ ਨੇ ਆਪਣੇ ਹੱਥਾਂ ਨਾਲ ਖੇਤਾਂ ਵਿਚ ਹਲ ਵੀ ਵਾਹਿਆ ਸੀ। ਅਜੀਤ ਸੈਣੀ ਨੇ ਪ੍ਰਿੰਸੀਪਲ ਸੰਤ ਭਗਵੰਤ ਸਿੰਘ ਵਰਗੇ ਉੱਚ ਕੋਟੀ ਦੇ ਅਧਿਆਪਕ ਤੋਂ ਸਿੱਖਿਆ ਵੀ ਪ੍ਰਾਪਤ ਕੀਤੀ।
ਮਗਰੋਂ ਉਹ ਫ਼ੌਜ ਵਿਚ ਭਰਤੀ ਹੋ ਕੇ ਜਨਰਲ ਮੋਹਨ ਸਿੰਘ ਦੇ ਸੰਪਰਕ ਵਿਚ ਆਏ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਪੀਆਰਓ ਵੀ ਬਣ ਗਏ ਸਨ। ‘‘ਹਜ਼ਾਰੋਂ ਮੀਲ ਦੂਰ ਗੁਲਾਮੀ ਕੀ ਜੰਜ਼ੀਰੋਂ ਮੇਂ ਜਕੜੀ ਭਾਰਤ ਮਾਤਾ ਆਪ ਕੋ ਪੁਕਾਰ ਰਹੀ ਹੈ, ਆਪ ਮੁਝੇ ਖ਼ੂਨ ਦੋ ਮੈਂ ਆਪਕੋ ਆਜ਼ਾਦੀ ਦੂੰਗਾ... ਜੈ ਹਿੰਦ।’’ ਨੇਤਾਜੀ ਦੇ ਇਨ੍ਹਾਂ ਸ਼ਬਦਾਂ ਕਾਰਨ ਵਿਦੇਸ਼ਾਂ ਵਿਚ ਰਹਿੰਦੇ ਹੋਏ ਉਹ ਭਾਰਤ ਦੀ ਆਜ਼ਾਦੀ ਦੀ ਲਹਿਰ ਵਿਚ ‘ਤਨ, ਮਨ ਅਤੇ ਧਨ’ ਨਾਲ ਜੁੜ ਗਏ।
ਅਜੀਤ ਸੈਣੀ ਨੇ ਨੇਤਾਜੀ ਦਾ ਜੈ ਹਿੰਦ ਦਾ ਨਾਅਰਾ ਆਜ਼ਾਦ ਹਿੰਦ ਰੇਡੀਓ ਰਾਹੀਂ ਦੁਨੀਆ ਵਿਚ ਪ੍ਰਸਾਰਿਤ ਕੀਤਾ। ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਬੰਕਰਾਂ ਵਿਚ ਰਹਿ ਕੇ, ਅਸਮਾਨ ਤੋਂ ਬੰਬਾਰੀ ਕਰਦੇ ਜਹਾਜ਼ਾਂ ਅਤੇ ਗੋਲ਼ੀਆਂ ਦੀਆਂ ਬੁਛਾੜਾਂ ਦੌਰਾਨ ਅਰਦਾਸਾਂ ਕਰਦਿਆਂ ਰਾਤਾਂ ਬਿਤਾਈਆਂ। ਇਕ ਰਾਤ ਜਦੋਂ ਉਹ ਬੰਕਰ ਵਿਚ ਬੈਠੇ ਹੋਏ ਸਨ ਤਾਂ ਪੱਟ ’ਤੇ ਸੱਪ ਵੀ ਲੜ ਗਿਆ ਸੀ।
ਉੱਪਰ ਜਰਮਨ ਫ਼ੌਜੀ ਸਟੇਨਗੰਨ ਲੈ ਕੇ ਉਨ੍ਹਾਂ ਨੂੰ ਲੱਭਣ ਲਈ ਬੈਠਾ ਸੀ। ਇਸ ਦੌਰਾਨ ਉਹ ਬਿਲਕੁਲ ਵੀ ਨਾ ਘਬਰਾਏ ਅਤੇ ਉਨ੍ਹਾਂ ਨੇ ਹੌਸਲਾ ਰੱਖਦਿਆਂ ਹੋਇਆਂ ਖੁਖਰੀ ਨਾਲ ਆਪਣੇ ਪੱਟ ਦਾ ਮਾਸ ਕੱਢ ਕੇ ਸੱਪ ਦਾ ਜ਼ਹਿਰ ਬਾਹਰ ਕੱਢਿਆ ਅਤੇ ਤਕਲੀਫ਼ ’ਚ ਰਾਤ ਲੰਘਾਈ। ਉਹ ਮਲਾਇਆ ਵਿਚ 1943 ਵਿਚ ਇੰਡੀਅਨ ਨੈਸ਼ਨਲ ਆਰਮੀ ਦੇ ਕਮਿਸ਼ਨਡ ਅਫ਼ਸਰ ਰਹੇ। ਉਹ ਸਿੰਗਾਪੁਰ ਵਿਚ ਆਜ਼ਾਦ ਹਿੰਦ ਫ਼ੌਜ ਦੇ ਸਰਕਾਰੀ ਬੁਲਾਰੇ ਰਹੇ। ਆਜ਼ਾਦ ਹਿੰਦ ਅਖ਼ਬਾਰ ਦੇ ਸਹਾਇਕ ਸੰਪਾਦਕ ਵੀ ਬਣੇ ਅਤੇ ਨੇਤਾਜੀ ਦੇ ਪੀਆਰਓ ਵਜੋਂ ਰੰਗੂਨ ਵਿਚ ਉਨ੍ਹਾਂ ਦੇ ਨਾਲ ਰਹੇ।
ਭਾਰਤ ਨੂੰ ਆਜ਼ਾਦ ਕਰਵਾਉਣ ਦੀ ਲੜਾਈ ਵਿਚ ਮੂਹਰਲੀ ਕਤਾਰ ਵਿਚ ਜੂਝਦੇ ਹੋਏ ਉਹ ਢਿੱਲੋਂ ਤੇ ਸ਼ਾਹ ਨਵਾਜ਼ ਨਾਲ ਲਾਲ ਕਿਲ੍ਹੇ ਅਤੇ ਜੈਗਰਗਚਾ ਘਾਟ ਕੱਲਕਤਾ ਜੇਲ੍ਹ ਵਿਚ ਕੈਦੀ ਰਹੇ। ਭਾਰਤ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਉਹ 1947 ਤੋਂ 1952 ਤੱਕ ਪ੍ਰਭਾਤ ਉਰਦੂ ਜਲੰਧਰ ਅਤੇ 1952 ਤੋਂ 1956 ਤੱਕ ਮਿਲਾਪ ਉਰਦੂ ’ਚ ਰਹੇ। ਅਜੀਤ ਸੈਣੀ ਨੇ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲਿਆਂ ਵਿਚ ਸੀਆਈਐੱਸ ਅਧਿਕਾਰੀ ਵਜੋਂ ਵੀ ਸੇਭਾ ਨਿਭਾਈ। ਉਹ 1956 ਤੋਂ 1979 ਤੱਕ ਆਲ ਇੰਡੀਆ ਰੇਡੀਓ ਨਵੀਂ ਦਿੱਲੀ ’ਚ ਨਿਊਜ਼ ਐਡੀਟਰ ਵੀ ਰਹੇ।
ਉਹ ਦੱਖਣ ਪੂਰਬੀ ਏਸ਼ੀਆ ਦੀਆਂ ਸਮੱਸਿਆਵਾਂ ਸਮੇਤ ਵੱਖ-ਵੱਖ ਵਿਸ਼ਿਆਂ ’ਤੇ ਅਖ਼ਬਾਰਾਂ ਵਿਚ ਲਿਖਦੇ ਰਹੇ ਅਤੇ ਇਸ ਖਿੱਤੇ ’ਚ ਭੁੱਖਮਰੀ, ਸਿਹਤ, ਭ੍ਰਿਸ਼ਟਾਚਾਰ ਅਤੇ ਅੱਤਵਾਦ ਆਦਿ ਸਮੱਸਿਆਵਾਂ ਨੂੰ ਉਜਾਗਰ ਕਰਦੇ ਰਹੇ। ਉਹ ਆਪਸੀ ਭਾਈਚਾਰਾ ਕਾਇਮ ਰੱਖਣ ਲਈ ਲੋਕਾਂ ਦੇ ਬਹੁਤ ਹਮਦਰਦ ਬਣੇ ਰਹੇ। ਉਨ੍ਹਾਂ ਦੀਆਂ 23 ਕਿਤਾਬਾਂ ਪੰਜਾਬੀ, ਹਿੰਦੀ, ਉਰਦੂ, ਅੰਗਰੇਜ਼ੀ, ਮਰਾਠੀ ਅਤੇ ਬੰਗਲਾ ਭਾਸ਼ਾਵਾਂ ਵਿਚ ਛਪੀਆਂ ਜੋ ਪਾਠਕਾਂ ’ਚ ਬਹੁਤ ਪ੍ਰਚਲਿਤ ਹੋਈਆਂ।
ਆਜ਼ਾਦੀ ਸੰਗਰਾਮ ਲਈ ਦਿੱਤੇ ਯੋਗਦਾਨ ਲਈ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਵੱਲੋਂ ਉਨ੍ਹਾਂ ਨੂੰ ਤਾਮਰ ਪੱਤਰ ਪੁਰਸਕਾਰ ਦਿੱਤਾ ਗਿਆ। ਉਨ੍ਹਾਂ ਸਾਰੀ ਉਮਰ ਇਮਾਨਦਾਰੀ ਨਾਲ ਆਜ਼ਾਦੀ ਘੁਲਾਟੀਏ, ਸਰਕਾਰੀ ਅਫ਼ਸਰ, ਪੱਤਰਕਾਰ ਅਤੇ ਸਮਾਜ ਸੇਵਕ ਵਜੋਂ ਦੇਸ਼ ਅਤੇ ਕੌਮ ਦੀ ਸੇਵਾ ਕੀਤੀ।
ਅਜੀਤ ਸੈਣੀ 10 ਦਸੰਬਰ 2007 ਨੂੰ ਆਖ਼ਰੀ ਸਾਹਾਂ ਤੱਕ ਅਖ਼ਬਾਰਾਂ ਲਈ ਲਿਖਦੇ ਰਹੇ। ਇਸ ਆਜ਼ਾਦੀ ਘੁਲਾਟੀਏ ਦੇ ਸਸਕਾਰ ’ਤੇ ਸਨਮਾਨ ਵਜੋਂ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਵੀ ਦਿੱਤੀ ਗਈ। ਸਰਕਾਰ ਨੇ ਉਨ੍ਹਾਂ ਦੀਆਂ ਦੇਸ਼ ਅਤੇ ਕੌਮ ਨੂੰ ਦਿੱਤੀਆਂ ਸੇਵਾਵਾਂ ਨੂੰ ਸਿਜਦਾ ਕਰਨ ਲਈ ਉਨ੍ਹਾਂ ਦੇ ਨਾਂ ’ਤੇ ਜਲੰਧਰ ਵਿਚ ਅਜੀਤ ਸੈਣੀ ਚੌਕ, ਅਜੀਤ ਸੈਣੀ ਮਾਰਗ, ਅਲਾਸਕਾ ਚੌਕ ’ਚ ਉਨ੍ਹਾਂ ਦਾ ਬੁੱਤ, ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਅਜੀਤ ਸੈਣੀ ਲਾਇਬ੍ਰੇਰੀ ਅਤੇ ਅਜੀਤ ਸੈਣੀ ਕਲਚਰਲ ਥਿਏਟਰ ਬਣਾਇਆ। ਉਨ੍ਹਾਂ ਦੇ ਨਾਂ ’ਤੇ ਹੀ ਸੜਕ ਦੁਰਘਟਨਾਵਾਂ ਵਿਚ ਜ਼ਖ਼ਮੀ ਲੋਕਾਂ ਦੀ ਮਦਦ ਲਈ ਅਜੀਤ ਸੈਣੀ ਐਂਬੂਲੈਂਸ ਪੀਏਪੀ ਚੌਕ ਵਿਖੇ ਤਾਇਨਾਤ ਕੀਤੀ ਗਈ। ਉਨ੍ਹਾਂ ਦੇ ਆਜ਼ਾਦੀ ਸੰਗਰਾਮ ਦੇ ਯੋਗਦਾਨ ਨੂੰ ਬਿਆਨ ਕਰਦੀ ਇਕ ਲਘੂ ਫ਼ਿਲਮ ਵੀ ਤਿਆਰ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਸਨਮਾਨ ਹਿੱਤ ਇਕ ਸਕੂਲ ਦਾ ਨਾਂ ਅਜੀਤ ਸੈਣੀ ਗੌਰਮਿੰਟ ਮਾਡਲ ਸਹਿ ਸਿੱਖਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਲੰਧਰ ਰੱਖਿਆ ਹੋਇਆ ਹੈ।
-ਸੁਰਿੰਦਰ ਸੈਣੀ।
-ਮੋਬਾਈਲ : 98141-03944