ਮਾਂ-ਬੋਲੀ ਦਾ ਕਾਵਿਕ ਚਿਹਰਾ-ਮੋਹਰਾ ਦੂਜੀਆਂ ਭਾਸ਼ਾਵਾਂ ਦੇ ਹਾਣ ਦਾ ਬਣਾਉਣ ਦਾ ਉਨ੍ਹਾਂ ਨੂੰ ਤਜਰਬਾ ਸੀ। ਉਨ੍ਹਾਂ ਨੇ ਉੱਚ ਕੋਟੀ ਦੇ ਸੈਂਕੜੇ ਗੀਤ ਲਿਖੇ। ਧਾਰਮਿਕ ਗੀਤਾਂ ’ਤੇ ਵੀ ਕਲਮ ਚਲਾਈ।
ਗ਼ਜ਼ਲ ਦੇ ਬਾਬਾ ਬੋਹੜ-ਦੀਪਕ ਜੈਤੋਈ ਦਾ ਜਨਮ 26 ਅਪ੍ਰੈਲ 1919 ਨੂੰ ਮਾਤਾ ਵੀਰ ਕੌਰ ਦੀ ਕੁੱਖੋਂ ਪਿਤਾ ਇੰਦਰ ਸਿੰਘ ਦੇ ਘਰ ਇਤਿਹਾਸਕ ਕਸਬੇ ਜੈਤੋ ਵਿਖੇ ਹੋਇਆ ਸੀ। ਜੈਤੋਈ ਦਾ ਇਕ ਵੱਡਾ ਭਰਾ ਗੁਰਬਚਨ ਸਿੰਘ ‘ਪਤੰਗ’ ਅਤੇ ਭੈਣ ਗੁਰਚਰਨ ਕੌਰ (ਸਾਬਕਾ ਰਾਜ ਸਭਾ ਮੈਂਬਰ) ਸਨ । ਜੈਤੋਈ ਦਾ ਵਿਆਹ ਬਲਵੰਤ ਕੌਰ ਨਾਲ ਹੋਇਆ ਅਤੇ ਉਨ੍ਹਾਂ ਦੇ ਬੇਟੇ ਹਰਸ਼ਰਨ ਸਿੰਘ, ਬਲਕਰਨ ਸਿੰਘ ਸੂਫ਼ੀ ਤੇ ਸਤਵਰਨ ਦੀਪਕ ਅਤੇ ਪੰਜ ਧੀਆਂ ਕੈਲਾਸ਼ ਦੇਵੀ, ਰੂਪ ਰਾਣੀ, ਭੋਲੀ ਕੌਰ, ਬੀਨਾ ਕੌਰ ਤੇ ਸੁਖਵਰਸ਼ਾ ਕੌਰ ਹਨ। ਕਵੀ ਦਾ ਪਹਿਲਾ ਨਾਂ ਗੁਰਚਰਨ ਸਿੰਘ ਰੱਖਿਆ ਗਿਆ ਸੀ, ਪਿੱਛੋਂ ਦੀਪਕ ਜੈਤੋਈ ਨਾਂ ਨਾਲ ਪ੍ਰਸਿੱਧੀ ਖੱਟੀ।
ਤੀਜੀ ਜਮਾਤ ’ਚ ਕਵਿਤਾ ਦੇ ਰੂਪ ’ਚ ਚਿੱਠੀ ਲਿਖਣ ਵਾਲੇ ਨੂੰ ਛੋਟੀ ਉਮਰ ’ਚ ਹੀ ਲਿਖਣ ਦਾ ਚਸਕਾ ਪੈ ਗਿਆ ਸੀ। ਉਨ੍ਹਾਂ ਨੇ ਸ਼ਾਇਰੀ ਦੀਆਂ ਬਰੀਕੀਆਂ ਨੂੰ ਜਾਣਨ ਲਈ ‘ਮੁਜਰਮ ਦਸੂਹੀ’ ਨੂੰ ਆਪਣਾ ਉਸਤਾਦ ਧਾਰ ਲਿਆ। ਮਾਂ-ਬੋਲੀ ਦਾ ਕਾਵਿਕ ਚਿਹਰਾ-ਮੋਹਰਾ ਦੂਜੀਆਂ ਭਾਸ਼ਾਵਾਂ ਦੇ ਹਾਣ ਦਾ ਬਣਾਉਣ ਦਾ ਉਨ੍ਹਾਂ ਨੂੰ ਤਜਰਬਾ ਸੀ। ਉਨ੍ਹਾਂ ਨੇ ਉੱਚ ਕੋਟੀ ਦੇ ਸੈਂਕੜੇ ਗੀਤ ਲਿਖੇ। ਧਾਰਮਿਕ ਗੀਤਾਂ ’ਤੇ ਵੀ ਕਲਮ ਚਲਾਈ। ਪ੍ਰਸਿੱਧ ਗਾਇਕਾ ਮਰਹੂਮ ਨਰਿੰਦਰ ਬੀਬਾ ਦੀ ਸੁਰੀਲੀ ਆਵਾਜ਼ ’ਚ ਉਨ੍ਹਾਂ ਦੇ ਰਿਕਾਰਡ ਹੋਏ ਗੀਤ ‘ਆਹ ਲੈ ਮਾਏ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ’, ‘ਗੱਲ ਸੋਚ ਕੇ ਕਰੀਂ ਤੂੰ ਜੈਲਦਾਰਾ, ਵੇ ਅਸਾਂ ਨੀ ਕਨੌੜ ਝੱਲਣੀ’ ਤੇ ‘ਜੁੱਤੀ ਲੱਗਦੀ ਹਾਣੀਆ ਮੇਰੇ ਵੇ, ਪੁੱਟ ਨਾ ਪੁਲਾਂਘਾਂ ਲੰਮੀਆਂ’ ਇਨ੍ਹਾਂ ਗੀਤਾਂ ਦੀ ਆਪਣੇ ਜ਼ਮਾਨੇ ’ਚ ਬਹੁਤ ਚੜ੍ਹਤ ਰਹੀ। ‘ਸਾਕਾ ਚਾਂਦਨੀ ਚੌਕ’ ਤੇ ‘ਗੁਰੂ ਨਾਨਕ ਦੇਵ ਦੀਆਂ ਸਾਖੀਆਂ’ ਵੀ ਰਿਕਾਰਡ ਕਰਵਾਈਆਂ ਸਨ। ਜੈਤੋਈ ਸਾਹਿਬ ਦੀਆਂ ਇਕ ਦਰਜਨ ਤੋਂ ਵੱਧ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਹਨ ਮਸਲਨ ‘ਮਾਲਾ ਕਿਉਂ ਤਲਵਾਰ ਬਣੀ’ (ਮਹਾ-ਕਾਵਿ), ‘ਗ਼ਜ਼ਲ ਦੀ ਖੁਸ਼ਬੂ’, ‘ਗ਼ਜ਼ਲ ਦੀ ਅਦਾ’, ‘ਦੀਪਕ ਦੀ ਲੋਅ’, ‘ਮੇਰੀਆਂ ਚੋਣਵੀਆਂ ਗ਼ਜ਼ਲਾਂ’, ‘ਗ਼ਜ਼ਲ ਦਾ ਬਾਂਕਪਨ’’, ‘ਆਹ ਲੈ ਮਾਏ ਸਾਂਭ ਕੁੰਜੀਆਂ’, ‘ਗ਼ਜ਼ਲ ਕੀ ਹੈ’, ‘ਮਾਡਰਨ ਗ਼ਜ਼ਲ’, ‘ਭਰਥਰੀ ਹਰੀ’, ‘ਭੁਲੇਖਾ ਪੈ ਗਿਆ’, ‘ਸਮਾਂ ਜ਼ਰੂਰ ਆਵੇਗਾ’, ‘ਸਿਕੰਦ ਗੁਪਤ’ ਤੇ ‘ਦੀਵਾਨੇ ਦੀਪਕ’ ਆਦਿ। ਪੰਜਾਬੀ ਸ਼ਾਇਰੀ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਵਾਲੇ ਦੀਪਕ ਜੈਤੋਈ ਦੀ ਸਾਰੀ ਉਮਰ ਹੀ ਤੰਗੀਆਂ-ਤੁਰਸ਼ੀਆਂ ’ਚ ਲੰਘੀ। ਜਦ ਉਹ ਅਖ਼ੀਰਲੇ ਸਮੇਂ ਬਿਮਾਰ ਹੋ ਕੇ ਮੰਜੇ ’ਤੇ ਪੈ ਗਿਆ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੋਟੇ ਵਿੱਚੋਂ ਇਕ ਲੱਖ ਰੁਪਏ ਇਲਾਜ ਲਈ ਦਿੱਤੇ ਸਨ ਅਤੇ ਇਕ ਪਰਵਾਸੀ ਭਾਰਤੀ ਨੇ ਵੀ ਥੋੜ੍ਹੀ ਮਦਦ ਕੀਤੀ ਸੀ।
ਬਾਰਾਂ ਫਰਵਰੀ 2005 ਨੂੰ ਗ਼ਜ਼ਲ ਦਾ ਬਾਬਾ ਬੋਹੜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਭਾਵੇਂ ਇਹ ਹਰਮਨ ਪਿਆਰਾ ਗੀਤਕਾਰ, ਕਵੀ ਤੇ ਗ਼ਜ਼ਲਗੋ ਸਰੀਰਕ ਤੌਰ ’ਤੇ ਸਾਡੇ ਵਿਚਕਾਰ ਨਹੀਂ ਹੈ ਪਰ ਉਸ ਦੀਆਂ ਲਿਖਤਾਂ ਸਦਾ ਉਸ ਦੀਆਂ ਯਾਦਾਂ ਨੂੰ ਤਰੋ-ਤਾਜ਼ਾ ਰੱਖਣਗੀਆਂ।
-ਦਰਸ਼ਨ ਸਿੰਘ ਪ੍ਰੀਤੀਮਾਨ।
-ਮੋਬਾਈਲ : 97792-97682