ਚਾਰ ਅਗਸਤ 1982 ਨੂੰ ਧਰਮ ਯੁੱਧ ਮੋਰਚੇ ਵਿਚ ਬਾਦਲ ਸਾਬ੍ਹ ਨਾਲ ਜੇਲ੍ਹ ਜਾਣ ਦਾ ਮੌਕਾ ਮਿਲਿਆ। ਉਨ੍ਹਾਂ ਮੈਨੂੰ ਬੁਲਾ ਕੇ ਚੰਗਾ ਖਾਣਾ ਬਣਾਉਣ ਲਈ ਰਸੋਈਆ ਭਾਲਣ ਲਈ ਕਿਹਾ। ਜੱਥੇ ਵਿਚ ਹੀ ਮੇਰੇ ਪਿੰਡ ਦਾ ਗੁਰਦਿੱਤ ਸਿੰਘ ਸੀ ਜੋ ਖਾਣਾ ਬਣਾਉਣ ਵਿਚ ਮਾਹਰ ਸੀ।

95 ਸਾਲ ਦੀ ਲੰਬੀ ਉਮਰ ਭੋਗ ਕੇ ਰਾਜਨੀਤੀ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਭਾਵੇਂ ਸਰੀਰਕ ਤੌਰ ’ਤੇ ਸਾਡੇ ਸਾਰਿਆਂ ਤੋਂ ਵਿਛੜ ਗਏ ਹਨ ਪਰ ਭਾਈਚਾਰਕ ਸਾਂਝ ਦੇ ਜ਼ੋਰਦਾਰ ਮੁਦਈ, ਅਮਨ-ਸ਼ਾਂਤੀ ਦੇ ਪੁਜਾਰੀ ਇਸ ਦਰਵੇਸ਼, ਦੂਰਅੰਦੇਸ਼ ਸਿਆਸਤਦਾਨ ਵੱਲੋਂ ਰਾਜਨੀਤਕ ਖੇਤਰ ਅੰਦਰ ਪਾਈਆਂ ਗਈਆਂ ਨਿੱਗਰ ਪੈੜਾਂ ਪੰਜਾਬੀਆਂ ਤੇ ਸਿੱਖਾਂ ਦਾ ਰਾਹ ਦਸੇਰਾ ਬਣੀਆਂ ਰਹਿਣਗੀਆਂ। ਨਰਿੰਦਰ ਮੋਦੀ ਜਦੋਂ ਸੰਨ 2014 ’ਚ ਪ੍ਰਧਾਨ ਮੰਤਰੀ ਬਣੇ ਤਾਂ ਬਾਦਲ ਸਾਬ੍ਹ ਨੂੰ ‘ਭਾਰਤ ਦਾ ਨੈਲਸਨ ਮੰਡੇਲਾ’ ਦਾ ਤਖ਼ੱਲਸ, ਫਿਰ ਇਸੇ ਸਾਲ ‘ਪਦਮ ਵਿਭੂਸ਼ਣ’ ਜਿਹੇ ਦੇਸ਼ ਦੇ ਸਰਵੋਤਮ ਦੂਜੇ ਵੱਕਾਰੀ ਪੁਰਸਕਾਰ ਨਾਲ ਭਾਰਤ ਸਰਕਾਰ ਵੱਲੋਂ ਨਿਵਾਜਿਆ ਗਿਆ। ਅਕਾਲ-ਚਲਾਣੇ ਦਾ ਪਤਾ ਚੱਲਣ ’ਤੇ ਪ੍ਰਧਾਨ ਮੰਤਰੀ ਨੇ ਲਗਾਤਾਰ ਪੰਜ ਟਵੀਟ ਕੀਤੇ ਅਤੇ ਅਗਲੇ ਦਿਨ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਆ ਕੇ ਅੰਤਿਮ ਦਰਸ਼ਨ ਕੀਤੇ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਵਾਪਸ ਜਾ ਕੇ ਸਵੈ-ਲਿਖਤ ਜਜ਼ਬਾਤ ਨੂੰ ਦੇਸ਼ ਭਰ ਦੇ ਅਖ਼ਬਾਰਾਂ ਵਿਚ ਇਕ ਵੱਡੇ ਲੇਖ ਦਾ ਰੂਪ ਦੇ ਕੇ ਬਾਦਲ ਸਾਬ੍ਹ ਨੂੰ ਸ਼ਰਧਾਂਜਲੀ ਭੇਟ ਕੀਤੀ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਦੇ ਅਕਾਲ ਚਲਾਣੇ ’ਤੇ ਪੂਰੇ ਦੇਸ਼ ਅੰਦਰ 2 ਦਿਨ ਦਾ ਰਾਸ਼ਟਰੀ ਸੋਗ ਐਲਾਨਿਆ।
ਬਾਦਲ ਸਾਬ੍ਹ ਨੂੰ ਤਹਿਸੀਲਦਾਰ ਬਣਨ ਦਾ ਅੰਦਰੋਂ ਵਲਵਲਾ ਸੀ ਪਰ ਗਿਆਨੀ ਕਰਤਾਰ ਸਿੰਘ ਦੇ ਜ਼ੋਰ ਦੇਣ ’ਤੇ ਉਨ੍ਹਾਂ ਰਾਜਨੀਤੀ ’ਚ ਆਉਣ ਦਾ ਮਨ ਬਣਾਇਆ ਤੇ 20ਵੇਂ ਸਾਲ ’ਚ (1947) ਸਰਬਸੰਮਤੀ ਨਾਲ ਪਿੰਡ ਦੀ ਸਰਪੰਚੀ ਹਾਸਲ ਕੀਤੀ। ਸੰਨ 1952 ’ਚ ਬਲਾਕ ਸੰਮਤੀ (ਲੰਬੀ) ਦੇ ਚੇਅਰਮੈਨ ਅਤੇ 1957 ’ਚ ਮਲੋਟ ਤੋਂ ਵਿਧਾਇਕ ਬਣ ਕੇ ਵਿਧਾਨ ਸਭਾ ’ਚ ਪਹਿਲੀ ਵਾਰ ਪੈਰ ਧਰਿਆ। ਸੰਨ 1969 ’ਚ ਗਿੱਦੜਬਾਹਾ ਤੋਂ ਦੂਜੀ ਵਾਰ ਵਿਧਾਇਕ ਬਣਦਿਆਂ ਵਜ਼ਾਰਤ ’ਚ ਪੇਂਡੂ ਵਿਕਾਸ ਤੇ ਪਸ਼ੂ ਪਾਲਣ ਮੰਤਰੀ ਅਤੇ ਸਾਂਝੀ ਸਰਕਾਰ ਦੇ 1970 ’ਚ ਪਹਿਲੀ ਵਾਰ ਦੇਸ਼ ਦੇ ਸਭ ਤੋਂ ਘੱਟ ਉਮਰ (43 ਸਾਲ) ਦੇ ਨੌਜਵਾਨ ਮੁੱਖ ਮੰਤਰੀ ਬਣੇ। ਇਕ ਵਾਰ ਉਨ੍ਹਾਂ ਨੇ ਮੈਨੂੰ ਇਕ ਵੋਟ ਦੇ ਸਬੰਧ ਵਿਚ ਅੰਮ੍ਰਿਤਸਰ ਸਰਕਟ ਹਾਊਸ ਵਿਚ ਬੁਲਾਇਆ ਤੇ ਮੈਨੂੰ ਪਾਰਟੀ ਵਿਚ ਖੁੱਲ੍ਹ ਕੇ ਕੰਮ ਕਰਨ ਦੀ ਹੱਲਾਸ਼ੇਰੀ ਦਿੱਤੀ। ਚਾਰ ਅਗਸਤ 1982 ਨੂੰ ਧਰਮ ਯੁੱਧ ਮੋਰਚੇ ਵਿਚ ਬਾਦਲ ਸਾਬ੍ਹ ਨਾਲ ਜੇਲ੍ਹ ਜਾਣ ਦਾ ਮੌਕਾ ਮਿਲਿਆ। ਉਨ੍ਹਾਂ ਮੈਨੂੰ ਬੁਲਾ ਕੇ ਚੰਗਾ ਖਾਣਾ ਬਣਾਉਣ ਲਈ ਰਸੋਈਆ ਭਾਲਣ ਲਈ ਕਿਹਾ। ਜੱਥੇ ਵਿਚ ਹੀ ਮੇਰੇ ਪਿੰਡ ਦਾ ਗੁਰਦਿੱਤ ਸਿੰਘ ਸੀ ਜੋ ਖਾਣਾ ਬਣਾਉਣ ਵਿਚ ਮਾਹਰ ਸੀ। ਮੈਂ ਉਸ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਾ ਦਿੱਤਾ। ਜਿੰਨਾ ਸਮਾਂ ਅਸੀਂ ਜੇਲ੍ਹ ਵਿਚ ਰਹੇ, ਬਾਦਲ ਸਾਬ੍ਹ ਦਾ ਖਾਣਾ ਉਹੀ ਬਣਾਉਂਦੇ ਰਹੇ। ਕਦੇ-ਕਦੇ ਉਹ ਵੀ ਖਾਣਾ ਖਾਣ ਮੇਰੇ ਕੋਲ ਕਮਰੇ ਵਿਚ ਆ ਜਾਂਦੇ ਅਤੇ ਅਸੀਂ ਖਾਣਾ ਖਾਂਦੇ ਹੋਏ ਖੁੱਲ੍ਹੀਆਂ ਵਿਚਾਰਾਂ ਕਰਦੇ। ਚੱਲਦੇ ਸੰਘਰਸ਼ ਦੌਰਾਨ ਪ੍ਰਕਾਸ਼ ਸਿੰਘ ਬਾਦਲ ਜੇਲ੍ਹ ਵਿਚ ਸਨ ਜਦੋਂ ਉਨ੍ਹਾਂ ਦੀ ਇਕਲੌਤੀ ਬੇਟੀ ਦਾ ਵਿਆਹ ਸੀ। ਉਨ੍ਹਾਂ ਨੇ ਜ਼ਮਾਨਤ ਜਾਂ ਪੈਰੋਲ ’ਤੇ ਘਰ ਆਉਣਾ ਮੁਨਾਸਬ ਨਾ ਸਮਝਿਆ ਤਾਂ ਪਿਤਾ ਵਾਲੇ ਫ਼ਰਜ਼ ਉਨ੍ਹਾਂ ਦੇ ਜਿਗਰੀ ਯਾਰ ਚੌਧਰੀ ਦੇਵੀ ਲਾਲ ਨੇ ਨਿਭਾਏ ਸਨ। ਸੰਨ 1989 ਵਿਚ ਪੰਜਾਬ ਵਿਚ ਮਾਨ ਦਲ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਅਤੇ ਆਪਣੇ ਹੰਕਾਰ ਵਿਚ ਸਾਨੂੰ ਵਿਸਾਖੀ ਦੀ ਤਲਵੰਡੀ ਸਾਬੋ ਕਾਨਫਰੰਸ ਕਰਨ ਤੋਂ ਵਰਜਿਆ ਪਰ ਜਦੋਂ ਅਸੀਂ ਬਾਦਲ ਸਾਬ੍ਹ ਨਾਲ ਸਲਾਹ ਕੀਤੀ ਤਾਂ ਉਨ੍ਹਾਂ ਨੇ ਵੀ ਕਿਹਾ, ‘‘ਮਲੂਕਾ ਸਾਹਿਬ, ਪੰਜਾਬ ਵਿਚ ਅੱਤਵਾਦ ਅਤੇ ਮਾਨ ਦਲ ਦਾ ਜ਼ੋਰ ਹੈ। ਤੁਹਾਨੂੰ ਅਤੇ ਭੂੰਦੜ ਸਾਹਿਬ ਨੂੰ ਮਾਰ ਦੇਣਗੇ ਜਿਸ ਨਾਲ ਮੇਰਾ ਵੱਡਾ ਨੁਕਸਾਨ ਹੋਵੇਗਾ।’’ ਅਸੀਂ ਉਨ੍ਹਾਂ ਨੂੰ ਧਰਵਾਸਾ ਦਿੰਦਿਆਂ ਕਿਹਾ ਕਿ ਮਰਨਾ-ਜਿਊਣਾ ਰੱਬ ਦੇ ਹੱਥ ਹੈ ਪਰ ਪਾਰਟੀ ਨੂੰ ਜਿਊਂਦਾ ਰੱਖਣ ਲਈ ਕਾਨਫਰੰਸ ਕਰਨੀ ਬਹੁਤ ਜ਼ਰੂਰੀ ਹੈ। ਅਸੀਂ ਧਮਕੀਆਂ ਨੂੰ ਦਰਕਿਨਾਰ ਕਰ ਕੇ ਗੱਜ-ਵੱਜ ਕੇ ਕਾਨਫਰੰਸ ਕੀਤੀ ਜੋ ਬਹੁਤ ਸਫਲ ਰਹੀ।
ਸੰਨ 1995 ਵਿਚ ‘ਪੰਜਾਬ ਬਚਾਓ-ਕਾਂਗਰਸ ਭਜਾਓ’ ਮੋਰਚੇ ਦੀ ਸ਼ੁਰੂਆਤ ਬਾਦਲ ਜੀ ਦੀ ਇੱਛਾ ਮੁਤਾਬਕ ਮਲੂਕਾ ਪਿੰਡ ਤੋਂ ਰਿਕਾਰਡ ਇਕੱਠ ਨਾਲ ਹੋਈ ਜੋ ਬਾਅਦ ’ਚ ਪੂਰੇ ਜੋਸ਼ ਨਾਲ ਪੰਜਾਬ ਭਰ ’ਚ ਫੈਲੀ। ਇਹ ਗੱਲ ਮੇਰੇ ਚੇਤਿਆਂ ਵਿੱਚੋਂ ਕਦੇ ਨਹੀਂ ਕਿਰੇਗੀ ਜਦੋਂ 1997 ਵਿਚ ਮੈਂ ਪਹਿਲੀ ਵਾਰ ਵਜ਼ੀਰ ਬਣਿਆ ਤਾਂ ਬਾਦਲ ਸਾਬ੍ਹ ਨੇ ਪਹਿਲੀ ਹਦਾਇਤ ਇਹ ਦਿੱਤੀ ਕਿ ਸਰਕਾਰ ਸਾਰਿਆਂ ਦੀ ਸਾਂਝੀ ਹੁੰਦੀ ਹੈ, ਤੁਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਰੇਕ ਦਾ ਜਾਇਜ਼ ਕੰਮ ਕਰਨਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੀ ਧਰਮ ਪਤਨੀ ਸੁਰਿੰਦਰ ਕੌਰ ਬਾਦਲ ਅਤੇ ਪੁੱਤਰ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਦੇ ਕੇਸ ਦਰਜ ਕਰਵਾ ਕੇ ਜੇਲ੍ਹਾਂ ’ਚ ਸੁੱਟੀ ਰੱਖਣ ਦੇ ਅਸਫਲ ਯਤਨ ਕਰਦਿਆਂ ਕੁਝ ਕਰ ਵਿਖਾਉਣ ਦੀ ਥਾਂ ਬਦਲਾਖੋਰੀ ਦੀ ਸਿਆਸਤ ਚਮਕਾਉਣੀ ਚਾਹੀ ਸੀ। ਇਸ ਦੇ ਬਾਵਜੂਦ ਸਰਦਾਰ ਬਾਦਲ ਨੇ ਰਾਜਭਾਗ ’ਚ ਆਉਣ ’ਤੇ ਬਦਲਾਖੋਰੀ ਵਾਲੀ ਸਿਆਸਤ ਨੂੰ ਤਿਲਾਂਜਲੀ ਦਿੰਦਿਆਂ ਕੈਪਟਨ ਖ਼ਿਲਾਫ਼ ਦਰਜ ਮਾਣਹਾਨੀ ਦੇ ਕੇਸਾਂ ਨੂੰ ਵਿਧਾਨ ਸਭਾ ’ਚ ਵਾਪਸ ਲੈਣ ਦੇ ਐਲਾਨ ਕਰ ਕੇ ਫਰਾਖ਼ਦਿਲੀ ਦਿਖਾਈ। ਪਾਸ਼ (ਪ੍ਰਕਾਸ਼ ਬਾਦਲ) ਤੇ ਦਾਸ (ਗੁਰਦਾਸ ਬਾਦਲ) ਦੀ ਜੋੜੀ ਮਸ਼ਹੂਰ ਰਹੀ। ਆਪਣੇ ਪੁੱਤਰ ਦੇ ਕਹਿਣ ’ਤੇ ਭਾਵੇਂ ਦਾਸ ਜੀਆਂ ਨੂੰ 2012 ਦੀ ਵਿਧਾਨ ਸਭਾ ਚੋਣ ਆਪਣੇ ਵੱਡੇ ਭਰਾ (ਪਾਸ਼) ਖ਼ਿਲਾਫ਼ ਲੜਨੀ ਵੀ ਪਈ ਲੇਕਿਨ ਕੌਤਕ ਇਹ ਕਿ ਜੋੜੀ ਆਖ਼ਰੀ ਸਾਹਾਂ ਤਕ ਜੁੜੀ ਰਹੀ। ਮਈ 2020 ’ਚ ਉਮਰ ਦੇ 90 ਸਾਲ ਭੋਗਣ ਉਪਰੰਤ ਜਦ ਗੁਰਦਾਸ ਸਿੰਘ ਬਾਦਲ ਸਾਥ ਛੱਡ ਗਏ ਤਾਂ ਦਾਸ ਦੇ ਵਿਯੋਗ ਵਿਚ ਪਾਸ਼ ਦੇ ਹੰਝੂ ਰੋਕੇ ਨਹੀਂ ਸਨ ਰੁਕ ਰਹੇ। ਚੌਰਾਸੀਵੇਂ ਸਾਲ ’ਚ ਮੁੱਖ ਮੰਤਰੀ ਵਜੋਂ ਆਖ਼ਰੀ ਸ਼ਾਨਦਾਰ ਪਾਰੀ (2012-2017 ਦੌਰਾਨ) ਖੇਡੀ ਅਤੇ ਦੇਸ਼ ਅੰਦਰ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਵਜੋਂ ਪ੍ਰਸਿੱਧ ਹੋਏ। ਸੰਨ 2007 ’ਚ ਜਦ ਮੈਂ ਪੀਜੀਆਈ ’ਚੋਂ ਆਪਣਾ ਆਪ੍ਰੇਸ਼ਨ ਕਰਵਾਉਣ ਉਪਰੰਤ ਬੈੱਡ ’ਤੇ ਸਾਂ ਤਾਂ ਬਾਦਲ ਸਾਬ੍ਹ ਦਾ ਫੋਨ ਆਇਆ।
ਉਹ ਕਹਿਣ ਲੱਗੇ, ‘‘ਮਲੂਕਾ ਸਾਬ੍ਹ, ਕਿੱਥੇ ਓ? ਆਪਾਂ ਦੋ-ਚਾਰ ਵਰਕਰਾਂ ਦੇ ਘਰ ਚਾਹ-ਪਾਣੀ ਪੀ ਆਈਏ।’’ ਜਦ ਮੈਂ ਪੀਜੀਆਈ ’ਚ ਆਪ੍ਰੇਸ਼ਨ ਕਰਵਾਉਣ ਦੀ ਗੱਲ ਦੱਸੀ ਤਾਂ ਉਹ ਸਾਰੇ ਕੰਮ ਵਿੱਚੇ ਛੱਡ ਕੇ ਇਕ ਘੰਟੇ ਵਿਚ ਹੀ ਬਿਨਾਂ ਦੱਸੇ ਮੇਰੇ ਕਮਰੇ ਵਿਚ ਆ ਪਹੁੰਚੇ। ਇੱਥੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਆਪਣੇ ਵਰਕਰਾਂ ਤੇ ਆਗੂਆਂ ਨਾਲ ਕਿੰਨਾ ਪਿਆਰ ਹੁੰਦਾ ਸੀ। ਜਿੱਥੇ ਉਨ੍ਹਾਂ ਨੇ ਪੰਜਾਬ ਦੀ ਹਰ ਖੇਤਰ ਵਿਚ ਬੇਹੱਦ ਤਰੱਕੀ ਕਰਵਾਈ, ਪੰਜਾਬ ਵਿਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਪੱਕਿਆਂ ਕੀਤਾ, ਉੱਥੇ ਹੀ ਪੰਜਾਬ ਦੇ ਵੱਡਮੁੱਲੇ ਵਿਰਸੇ ਨੂੰ ਸੰਭਾਲਣ ਲਈ ਪੰਜਾਬ ਵਿਚ ਕਈ ਇਤਿਹਾਸਕ ਯਾਦਗਾਰਾਂ ਬਣਵਾਈਆਂ । ਉਹ ਚਾਹੁੰਦੇ ਤਾਂ ਆਪਣੀ ਸਵੈ-ਜੀਵਨੀ ਲਿਖ ਕੇ ਜਾਂ ਕਿਸੇ ਲਿਖਾਰੀ ਰਾਹੀਂ ਆਪਣੀ ਜੀਵਨੀ ਲਿਖਵਾ ਕੇ ਆਪਣੇ ਕੀਤੇ ਇਤਿਹਾਸਕ ਕੰਮਾਂ, ਯਾਦਗਾਰੀ ਪਲਾਂ/ਲਮਹਿਆਂ, ਨਸੀਹਤਾਂ, ਸਿੱਖਿਆਵਾਂ ਤੋਂ ਅਵਾਮ ਨੂੰ ਜਾਣੂ ਕਰਵਾ ਸਕਦੇ ਸਨ ਪਰ ਉਨ੍ਹਾਂ ਨੂੰ ਤਾਂ ਕੰਮ ਅਤੇ ਲੋਕ-ਹਿੱਤ ਵਿਚ ਕੰਮ ਕਰਨ ਦਾ ਚਾਅ ਰਹਿੰਦਾ ਸੀ। ਇਸੇ ਕਰਕੇ ਦਿਨ ’ਚ ਦੋ ਵਾਰ ਨਿੱਤਨੇਮ ਕਰਨਾ ਅਤੇ ਬਹੁਤ ਸੁਵਖਤੇ ਹੀ ਲੋਕ ਸੇਵਾ ਵਿਚ ਜੁਟ ਜਾਣਾ ਉਨ੍ਹਾਂ ਦੀ ਸਾਰੀ ਉਮਰ ਜੀਵਨਸ਼ੈਲੀ ਰਹੀ।
ਆਓ! ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਜੂਝੇ ਤੇ ਸਿੱਖਾਂ ਦਾ ਅਕਸ ਦੇਸ਼-ਦੁਨੀਆ ’ਚ ਚਮਕਾਉਣ ਵਾਲੇ ਪੰਜਾਬ ਦੇ ਉਸ ਮਹਾਨ ਸਪੂਤ ਨੂੰ ਨਮਨ ਕਰੀਏ ਤੇ ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਦਾ ਪ੍ਰਣ ਕਰੀਏ।
-ਸਿਕੰਦਰ ਸਿੰਘ ਮਲੂਕਾ
-(ਸਾਬਕਾ ਮੰਤਰੀ ਪੰਜਾਬ)।
-ਮੋਬਾਈਲ : 94644-00011