ਅਜਿਹੇ ਨਾਅਰੇ ਅੱਜ ਵੀ ਦਿਖਾਈ ਦਿੰਦੇ ਹਨ ਕਿ ਦਾਜ ਲੈਣਾ ਤੇ ਦੇਣਾ ਅਪਰਾਧ ਹੈ, ਪਰ ਵਧਦੇ ਖ਼ਪਤ ਸੱਭਿਆਚਾਰ, ਦਿਖਾਵੇ ਦੀ ਇੱਛਾ ਤੇ ਦਿਖਾਵੇਬਾਜ਼ੀ ਵਾਲੇ ਵਿਆਹਾਂ ਦੀ ਮੰਗ ਨੇ ਦਾਜ ’ਚ ਕਈ ਗੁਣਾ ਵਾਧਾ ਕੀਤਾ ਹੈ। ਜਿਸ ਦਾ ਜਿੰਨਾ ਵੱਡਾ ਸਰਕਾਰੀ ਅਹੁਦਾ, ਉਸ ਨੂੰ ਓਨਾ ਹੀ ਵੱਧ ਦਾਜ।

ਦਾਜ ਨੂੰ ਲੈ ਕੇ ਬੀਤੇ ਦਿਨੀਂ ਇਕ ਹੀ ਦਿਨ ਦੋ ਖ਼ਬਰਾਂ ਛਪੀਆਂ। ਪਹਿਲੀ ਖ਼ਬਰ ’ਚ ਹਾਈ ਕੋਰਟ ਨੇ ਇਕ ਮਾਮਲੇ ਦੀ ਸੁਣਵਾਈ ’ਚ ਕਿਹਾ ਕਿ ਵਿਆਹ ਇਕ ਪਵਿੱਤਰ ਬੰਧਨ ਹੈ। ਇਹ ਆਪਸੀ ਵਿਸ਼ਵਾਸ ਤੇ ਆਪਸੀ ਸਨਮਾਨ ’ਤੇ ਟਿਕਿਆ ਹੈ, ਪਰ ਦੁੱਖ ਦੀ ਗੱਲ ਇਹ ਹੈ ਕਿ ਦਾਜ ਦੀ ਬੁਰਾਈ ਕਾਰਨ ਇਹ ਪਵਿੱਤਰ ਰਿਸ਼ਤਾ ਵਪਾਰਕ ਲੈਣ-ਦੇਣ ਬਣ ਕੇ ਰਹਿ ਗਿਆ ਹੈ। ਦੂਜੀ ਖ਼ਬਰ ਉਮੀਦ ਜਗਾਉਣ ਵਾਲੀ ਸੀ। ਇਸ ਖ਼ਬਰ ਮੁਤਾਬਕ ਇਕ ਮੁੰਡੇ ਨੇ ਵਿਆਹ ’ਚ ਮਿਲੇ 31 ਲੱਖ ਰੁਪਏ ਇਹ ਕਹਿੰਦੇ ਹੋਏ ਮੋੜ ਦਿੱਤੇ ਕਿ ਉਹ ਲੜਕੀ ਦੇ ਪਿਤਾ ਦੀ ਮਿਹਨਤ ਦੀ ਕਮਾਈ ਨੂੰ ਨਹੀਂ ਲੈ ਸਕਦਾ। ਅਜਿਹੀਆਂ ਖ਼ਬਰਾਂ ਉਮੀਦਾਂ ਵੀ ਜਗਾਉਂਦੀਆਂ ਹਨ।
ਹੋ ਸਕਦਾ ਹੈ ਕਿ ਇਕ ਦਿਨ ਅਜਿਹਾ ਆਵੇ ਜਦ ਦਾਜ ਬੀਤੀ ਦਿਨਾਂ ਦੀ ਗੱਲ ਹੋ ਜਾਵੇ, ਪਰ ਫ਼ਿਲਹਾਲ ਅਜਿਹਾ ਹੁੰਦਾ ਨਹੀਂ ਦਿਖਾਈ ਦਿੰਦਾ, ਕਿਉਂਕਿ ਸੁਪਰੀਮ ਕੋਰਟ ਨੇ ਆਪਣੇ ਸਾਹਮਣੇ ਪੇਸ਼ ਮਾਮਲੇ ’ਚ ਇਹ ਵੀ ਕਿਹਾ ਕਿ ਦਾਜ ਦੀ ਬੁਰਾਈ ਨੂੰ ਅਕਸਰ ਤੋਹਫ਼ਾ ਜਾਂ ਮਰਜ਼ੀ ਨਾਲ ਦਿੱਤੇ ਗਏ ਚੜ੍ਹਾਵੇ ਦੇ ਰੂਪ ’ਚ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਅਸਲ ’ਚ ਇਹ ਸਮਾਜਿਕ ਰੁਤਬਾ ਦਿਖਾਉਣ ਤੇ ਪੈਸੇ ਦੇ ਲਾਲਚ ਨੂੰ ਪੂਰਾ ਕਰਨ ਦਾ ਜ਼ਰੀਆ ਬਣ ਗਿਆ ਹੈ। ਅਦਾਲਤ ਨੇ ਇਹ ਟਿੱਪਣੀ ਇਕ ਅਜਿਹੇ ਵਿਅਕਤੀ ਦੀ ਜ਼ਮਾਨਤ ਪਟੀਸ਼ਨ ਰੱਦ ਕਰਦੇ ਹੋਏ ਕੀਤੀ, ਜਿਸ ’ਤੇ ਦੋਸ਼ ਸੀ ਕਿ ਉਸ ਨੇ ਪਤਨੀ ਨੂੰ ਵਿਆਹ ਦੇ ਚਾਰ ਮਹੀਨੇ ਬਾਅਦ ਦਾਜ ਲਈ ਜ਼ਹਿਰ ਦੇ ਦਿੱਤਾ। ਸੁਪਰੀਮ ਕੋਰਟ ਨੇ ਇਹ ਮੰਨਿਆ ਕਿ ਦਾਜ ਇਕ ਬਹੁਤ ਗੰਭੀਰ ਅਪਰਾਧ ਹੈ ਤੇ ਇਸ ਕਾਰਨ ਔਰਤਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ। ਦਾਜ ਦੀ ਮੰਗ ਕਾਰਨ ਜ਼ੁਲਮ ਵੀ ਵਧਦੇ ਜਾ ਰਹੇ ਹਨ। ਇਕ ਔਰਤ ਦੀ ਕੋਈ ਗ਼ਲਤੀ ਨਹੀਂ ਹੁੰਦੀ, ਪਰ ਦੂਜਿਆਂ ਦੇ ਲਾਲਚ ਕਾਰਨ ਉਸ ਦੀ ਜਾਨ ਚਲੀ ਜਾਂਦੀ ਹੈ।
ਸੁਪਰੀਮ ਕੋਰਟ ਦੀ ਟਿੱਪਣੀ ਪੜ੍ਹ ਕੇ ਕਰੀਬ ਚਾਰ ਦਹਾਕੇ ਪਹਿਲਾਂ ਦੂਰਦਰਸ਼ਨ ’ਤੇ ਪ੍ਰਸਾਰਿਤ ਇਕ ਪ੍ਰੋਗਰਾਮ ਯਾਦ ਆ ਗਿਆ। ਉਸ ’ਚ ਇਕ ਹਸਪਤਾਲ ਦੇ ਬਰਨ ਵਾਰਡ ਤੋਂ ਇਕ ਅਜਿਹੀ ਔਰਤ ਦਾ ਇੰਟਰਵਿਊ ਦਿਖਾਇਆ ਗਿਆ ਸੀ ਜਿਸ ਨੂੰ ਉਸ ਦੇ ਪਤੀ ਨੇ ਸਾੜ ਦਿੱਤਾ ਸੀ। ਜਦ ਦੂਰਦਰਸ਼ਨ ਲਈ ਇਹ ਪ੍ਰੋਗਰਾਮ ਬਣਾਉਣ ਵਾਲੇ ਲੋਕ ਇਸ ਔਰਤ ਦੇ ਪਤੀ ਦੇ ਕੋਲ ਪੁੱਜੇ ਸਨ ਤਾਂ ਉਹ ਪੂਰੀ ਗੱਲਬਾਤ ’ਚ ਮੁਸਕਰਾਉਂਦਾ ਰਿਹਾ ਸੀ, ਜਿਵੇਂ ਉਸ ਨੇ ਕੋਈ ਬਹੁਤ ਵੱਡਾ ਕੰਮ ਕੀਤਾ ਹੋਵੇ। ਉਸੇ ਦੌਰਾਨ ਇਕ ਔਰਤ ਦੀ ਧੀ ਨੂੰ ਦਾਜ ਲਈ ਸਾੜ ਕੇ ਮਾਰ ਦਿੱਤਾ ਗਿਆ ਸੀ। ਇਹ ਬੁੱਢੀ ਔਰਤ ਉਨ੍ਹੀਂ ਦਿਨੀਂ ਔਰਤ ਸੰਗਠਨਾਂ ਵੱਲੋਂ ਕਰਵਾਏ ਹਰ ਧਰਨੇ-ਪ੍ਰਦਰਸ਼ਨ ’ਚ ਆਉਂਦੀ ਸੀ ਤੇ ਆਪਣੀ ਧੀ ਦੇ ਨਾਲ ਹੋਈ ਬੇਇਨਸਾਫ਼ੀ ਨੂੰ ਦੱਸਦੀ ਸੀ। ਬਾਅਦ ’ਚ ਉਨ੍ਹਾਂ ਨੇ ਸ਼ਕਤੀ ਸ਼ਾਲਿਨੀ ਨਾਂ ਨਾਲ ਇਕ ਸੰਗਠਨ ਵੀ ਬਣਾਇਆ। ਕੁਝ ਸਮਾਂ ਪਹਿਲਾਂ ਆਮ ਤੌਰ ’ਤੇ ਅਖ਼ਬਾਰਾਂ ’ਚ ਅਜਿਹੀਆਂ ਖ਼ਬਰਾਂ ਆਉਂਦੀਆਂ ਸਨ ਕਿ ਸਟੋਵ ਫਟਣ ਕਾਰਨ ਨੂੰਹ ਦੀ ਸੜਨ ਕਾਰਨ ਮੌਤ ਹੋ ਗਈ। ਬਹੁਤ ਵਾਰ ਤਾਂ ਘਰਾਂ ’ਚ ਰਸੋਈ ਗੈਸ ਹੋਣ ਦੇ ਬਾਵਜੂਦ ਨੂੰਹ ਨੂੰ ਪਤਾ ਨਹੀਂ ਕਿਉਂ ਸਟੋਵ ’ਤੇ ਖਾਣਾ ਬਣਾਉਣਾ ਪੈਂਦਾ ਸੀ? ਸੱਚ ਇਹੀ ਹੈ ਕਿ ਕੋਈ ਸਟੋਵ ਫਟਦਾ ਨਹੀਂ ਸੀ, ਬਲਕਿ ਨੂੰਹ ’ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਦਿੱਤੀ ਜਾਂਦੀ ਤੇ ਉਸ ਨੂੰ ਹਾਦਸੇ ਦਾ ਰੂਪ ਦੇ ਦਿੱਤਾ ਜਾਂਦਾ ਸੀ। ਇਹ ਸਥਿਤੀ ਅਮੀਰ ਕਹੇ ਜਾਣ ਵਾਲੇ ਘਰਾਂ ਤੱਕ ਵੀ ਸੀ। ਇਹੀ ਕਾਰਨ ਹੈ ਕਿ ਦੇਸ਼ ’ਚ ਦਾਜ ਸਬੰਧੀ ਧਾਰਾ 498 ਏ ਕਾਫ਼ੀ ਸਖ਼ਤ ਹੈ। ਜੇ ਕਿਸੇ ਔਰਤ ਦੀ ਵਿਆਹ ਦੇ ਸੱਤ ਸਾਲ ਅੰਦਰ ਸੜਨ ਜਾਂ ਕਿਸੇ ਸੱਟ ਨਾਲ ਮੌਤ ਹੋ ਜਾਂਦੀ ਹੈ, ਤਾਂ ਉਸ ਨੂੰ ਨਿਆਂ ਜ਼ਾਬਤੇ ਦੀ ਧਾਰਾ 80 ਦੇ ਅੰਤਰਗਤ ਦਾਜ ਹੱਤਿਆ ਦੇ ਰੂਪ ’ਚ ਹੀ ਦੇਖਿਆ ਜਾਂਦਾ ਹੈ।
ਸਾਲ 1961 ’ਚ ਬਣਾਏ ਗਏ ਦਾਜ ਰੋਕੂ ਐਕਟ ਦੇ ਅੰਤਰਗਤ ਦਾਜ ਲੈਣਾ ਜਾਂ ਦੇਣਾ ਅਪਰਾਧ ਹੈ, ਪਰ ਦੇਖਿਆ ਇਹ ਗਿਆ ਹੈ ਕਿ ਕਾਨੂੰਨ ਇਕ ਪਾਸੇ ਹੈ ਤੇ ਸਮਾਜ ਆਪਣੀ ਰਫ਼ਤਾਰ ਨਾਲ ਚੱਲਦਾ ਹੈ। ਜਿਵੇਂ-ਜਿਵੇਂ ਉਪਭੋਗ ਵਾਲੀਆਂ ਚੀਜ਼ਾਂ ਦਾ ਬਾਜ਼ਾਰ ਵਧਿਆ ਹੈ, ਦਾਜ ਦੀ ਮੰਗ ਵੀ ਉਸੇ ਤਰ੍ਹਾਂ ਹੀ ਵਧਦੀ ਜਾ ਰਹੀ ਹੈ। ਪਹਿਲਾਂ ਤਾਂ ਕੰਮ ਸਾਈਕਿਲ ਨਾਲ ਚੱਲ ਜਾਂਦਾ ਸੀ, ਹੁਣ ਉਹ ਕਾਰ ਨਾਲ ਵੀ ਨਹੀਂ ਚੱਲਦਾ। ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜੋ ਦਾਜ ਦਾ ਇਸ ਰੂਪ ’ਚ ਸਮਰਥਨ ਕਰਦੇ ਹਨ ਕਿ ਨਵੀਂ ਗ੍ਰਹਿਸਥੀ ਸੁਚਾਰੂ ਰੂਪ ਨਾਲ ਚੱਲ ਸਕੇ, ਇਸ ਲਈ ਸਾਮਾਨ ਦੇ ਲੈਣ-ਦੇਣ ਦੀ ਰਵਾਇਤ ਸ਼ੁਰੂ ਕੀਤੀ ਗਈ। ਐੱਨਸੀਆਰਬੀ ਮੁਤਾਬਕ 2017 ਤੋਂ 2023 ਦੇ ਪੰਜ ਸਾਲਾਂ ’ਚ ਭਾਰਤ ’ਚ ਹਰ ਸਾਲ ਦਾਜ ਕਾਰਨ ਸੱਤ ਹਜ਼ਾਰ ਮੌਤਾਂ ਦਰਜ ਕੀਤੀਆਂ ਗਈਆਂ। ਐੱਨਸੀਆਰਬੀ ਦੇ ਅੰਕੜਿਆਂ ਮੁਤਾਬਕ 2023 ’ਚ ਦਾਜ ਨਾਲ ਸਬੰਧਤ ਅਪਰਾਧਾਂ ’ਚ 14 ਫ਼ੀਸਦੀ ਦਾ ਵਾਧਾ ਹੋਇਆ ਤੇ ਅਦਾਲਤਾਂ ’ਚ ਦਾਜ ਦੇ ਹਜ਼ਾਰਾਂ ਮਾਮਲੇ ਪੈਂਡਿੰਗ ਹਨ। ਸਪੱਸ਼ਟ ਹੈ ਕਿ ਦਾਜ ਹੁਣ ਵੀ ਇਕ ਗੰਭੀਰ ਸਮੱਸਿਆ ਹੈ। ਕੁਝ ਸਮਾਂ ਪਹਿਲਾਂ ਵਿਸ਼ਵ ਬੈਂਕ ਨੇ ਭਾਰਤ ਦੇ ਪੇਂਡੂ ਇਲਾਕਿਆਂ ’ਚ ਹੋਏ ਵਿਆਹਾਂ ਦਾ ਇਕ ਅਧਿਐਨ ਕੀਤਾ ਸੀ। ਇਸ ’ਚ ਪਾਇਆ ਗਿਆ ਕਿ 95 ਫ਼ੀਸਦੀ ਵਿਆਹਾਂ ’ਚ ਦਾਜ ਦਿੱਤਾ ਗਿਆ। ਇਸ ਅਧਿਐਨ ਨਾਲ ਇਹ ਵੀ ਪਤਾ ਲੱਗਾ ਕਿ ਪੰਜ ਸਾਲਾਂ ’ਚ ਛੇ ਹਜ਼ਾਰ ਤੋਂ ਵੱਧ ਹੱਤਿਆਵਾਂ ਦੇ ਪਿੱਛੇ ਸਿੱਧੇ ਤੌਰ ’ਤੇ ਦਾਜ ਦਾ ਹੱਥ ਸੀ।
ਅਜਿਹੇ ਨਾਅਰੇ ਅੱਜ ਵੀ ਦਿਖਾਈ ਦਿੰਦੇ ਹਨ ਕਿ ਦਾਜ ਲੈਣਾ ਤੇ ਦੇਣਾ ਅਪਰਾਧ ਹੈ, ਪਰ ਵਧਦੇ ਖ਼ਪਤ ਸੱਭਿਆਚਾਰ, ਦਿਖਾਵੇ ਦੀ ਇੱਛਾ ਤੇ ਦਿਖਾਵੇਬਾਜ਼ੀ ਵਾਲੇ ਵਿਆਹਾਂ ਦੀ ਮੰਗ ਨੇ ਦਾਜ ’ਚ ਕਈ ਗੁਣਾ ਵਾਧਾ ਕੀਤਾ ਹੈ। ਜਿਸ ਦਾ ਜਿੰਨਾ ਵੱਡਾ ਸਰਕਾਰੀ ਅਹੁਦਾ, ਉਸ ਨੂੰ ਓਨਾ ਹੀ ਵੱਧ ਦਾਜ। ਇਸ ’ਚ ਦਾਜ ਦੇਣ ਵਾਲੇ ਮਾਤਾ-ਪਿਤਾ ਦੀ ਭੂਮਿਕਾ ਵੀ ਹੁੰਦੀ ਹੈ। ਅਫ਼ਸੋਸ ਇਹ ਹੈ ਕਿ ਲੋਕ ਦੂਜਿਆਂ ਦੇ ਸਾਹਮਣੇ ਮਿਸਾਲ ਪੇਸ਼ ਕਰਦੇ ਹਨ ਕਿ ਦੇਖੋ ਉਸ ਵਿਆਹ ’ਚ ਇੰਨੀ ਨਕਦੀ ਤੇ ਇੰਨਾ ਸਾਮਾਨ ਮਿਲਿਆ, ਤਾਂ ਸਾਡਾ ਪੁੱਤਰ ਕੀ ਕਿਸੇ ਤੋਂ ਘੱਟ ਹੈ। ਕੁਝ ਸਾਲ ਪਹਿਲਾਂ ਇਕ ਔਰਤ ਨੇ ਦੱਸਿਆ ਸੀ ਕਿ ਉਸ ਦੇ ਇਕ ਰਿਸ਼ਤੇਦਾਰ ਦੀ ਯੂਪੀਐੱਸਸੀ ’ਚ ਚੋਣ ਹੋ ਗਈ ਤਾਂ ਅਗਲੇ ਹੀ ਦਿਨ ਇਕ ਵਿਅਕਤੀ ਸੂਟਕੇਸ ਭਰ ਕੇ ਨੋਟ ਲੈ ਕੇ ਉਨ੍ਹਾਂ ਦੇ ਘਰ ਪੁੱਜ ਗਿਆ।
ਅਸੀਂ ਅਕਸਰ ਔਰਤਾਂ ਦੇ ਹਾਲਾਤ ਸੁਧਾਰਨ ਦੀਆਂ ਗੱਲਾਂ ਕਰਦੇ ਹਾਂ, ਪਰ ਪਤਾ ਨਹੀਂ ਕਿਉਂ ਦਾਜ ਵਰਗੇ ਰਾਖਸ਼ਾਂ ਨਾਲ ਨਹੀਂ ਨਜਿੱਠ ਸਕਦੇ। ਅੱਜ ਦੇ ਦੌਰ ’ਚ ਜਦ ਵੱਡੀ ਗਿਣਤੀ ’ਚ ਕੁੜੀਆਂ ਪੜ੍ਹ-ਲਿਖ ਰਹੀਆਂ ਹਨ, ਆਪਣੇ ਪੈਰਾਂ ’ਤੇ ਖੜ੍ਹੀਆਂ ਹੋ ਰਹੀਆਂ ਹਨ, ਤਾਂ ਦਾਜ ਨੂੰ ਆਪਣੇ ਆਪ ਖ਼ਤਮ ਹੋ ਜਾਣਾ ਚਾਹੀਦਾ ਸੀ, ਪਰ ਅਜਿਹਾ ਹੋ ਨਹੀਂ ਰਿਹਾ ਹੈ। ਅਧਿਐਨ ਦੱਸਦੇ ਹਨ ਕਿ ਕੁੜੀਆਂ ਨੂੰ ਗਰਭ ’ਚ ਮਾਰ ਦੇਣ ਦੇ ਪਿੱਛੇ ਮੁੰਡੇ ਦੀ ਚਾਹਤ ਤੋਂ ਇਲਾਵਾ ਇਕ ਵੱਡਾ ਕਾਰਨ ਦਾਜ ਵੀ ਹੈ।
ਸ਼ਮਾ ਸ਼ਰਮਾ
(ਲੇਖਿਕਾ ਸਾਹਿਤਕਾਰ ਹੈ)
response@jagran.com।